ਬਦਲੀ ਕੈਦੀਆਂ ਦੀ ਜ਼ਿੰਦਗੀ
ਯਹੋਵਾਹ ਦੇ ਗਵਾਹ ਸਪੇਨ ਵਿਚ 68 ਜੇਲ੍ਹਾਂ ਵਿਚ ਪ੍ਰਚਾਰ ਕਰਦੇ ਹਨ ਤੇ ਲਗਭਗ 600 ਕੈਦੀ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਦੇ ਹਨ।
ਮਿਗੈਲ ਨਾਂ ਦਾ ਗਵਾਹ ਜੇਲ੍ਹਾਂ ਵਿਚ ਪ੍ਰਚਾਰ ਕਰਨ ਜਾਂਦਾ ਹੈ। ਉਸ ਨੇ ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਖ਼ੁਦ 12 ਸਾਲ ਜੇਲ੍ਹ ਦੀ ਹਵਾ ਖਾਧੀ ਸੀ। ਹੁਣ ਉਹ ਹਰ ਹਫ਼ਤੇ ਜੇਲ੍ਹ ਵਿਚ ਜਾਂਦਾ ਹੈ। ਕਿਉਂ? ਜਿਵੇਂ ਕਿਸੇ ਨੇ ਉਸ ਦੀ ਜ਼ਿੰਦਗੀ ਨੂੰ ਸੁਧਾਰਨ ਵਿਚ ਮਦਦ ਕੀਤੀ ਸੀ, ਉਹ ਵੀ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ।
ਪਿਛਲੇ ਅੱਠ ਸਾਲਾਂ ਤੋਂ ਮਿਗੈਲ ਨੇ ਬਹੁਤ ਸਾਰੇ ਕੈਦੀਆਂ ਨਾਲ ਬਾਈਬਲ ਸਟੱਡੀ ਕੀਤੀ ਹੈ। ਉਹ ਦੱਸਦਾ ਹੈ: “ਜਿਸ ਜੇਲ੍ਹ ਵਿਚ ਮੈਂ ਸੀ, ਉੱਥੇ ਮੈਨੂੰ ਹੋਰ ਕੈਦੀਆਂ ਦੀ ਮਦਦ ਕਰਨ ਵਿਚ ਬਹੁਤ ਖ਼ੁਸ਼ੀ ਮਿਲਦੀ ਹੈ। ਜਦੋਂ ਉਹ ਅਪਰਾਧ ਦੀ ਦੁਨੀਆਂ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਹ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ।”
ਜਦੋਂ ਮਿਗੈਲ ਚਾਰ ਸਾਲਾਂ ਦਾ ਸੀ, ਤਾਂ ਇਕ ਸ਼ਰਾਬੀ ਨੇ ਉਸ ਦੇ ਪਿਤਾ ਨੂੰ ਟੱਕਰ ਮਾਰੀ ਤੇ ਉਸ ਦਾ ਪਿਤਾ ਮਰ ਗਿਆ। ਇਸ ਲਈ ਉਸ ਦੀ ਮਾਂ ਨੂੰ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਕਾਫ਼ੀ ਘੰਟੇ ਕੰਮ ਕਰਨਾ ਪੈਂਦਾ ਸੀ।
ਮਿਗੈਲ ਤੇ ਉਸ ਦਾ ਵੱਡਾ ਭਰਾ ਸਕੂਲੇ ਜਾਣ ਦੀ ਬਜਾਇ ਲੋਕਾਂ ਦੇ ਘਰਾਂ ਤੇ ਕਾਰਾਂ ਵਿਚ ਚੋਰੀ ਕਰਨ ਲੱਗ ਪਏ। 12 ਸਾਲ ਦੀ ਉਮਰ ਵਿਚ ਉਹ ਛੋਟੇ-ਮੋਟੇ ਅਪਰਾਧ ਕਰਦਾ ਸੀ। 15 ਸਾਲ ਦੀ ਉਮਰ ਉਹ ਡ੍ਰੱਗ ਡੀਲਰ ਬਣ ਗਿਆ ਤੇ ਕਾਫ਼ੀ ਪੈਸਾ ਕਮਾਉਣ ਲੱਗ ਪਿਆ। ਪਰ ਖ਼ੁਦ ਅਫ਼ੀਮ ਤੇ ਕੋਕੀਨ ਦਾ ਆਦਿ ਹੋਣ ਕਰਕੇ ਉਹ ਜ਼ਿਆਦਾ ਤੋਂ ਜ਼ਿਆਦਾ ਚੋਰੀਆਂ ਕਰਨ ਲੱਗ ਪਿਆ। 16 ਸਾਲ ਦੀ ਉਮਰ ਤੋਂ ਉਹ ਜੇਲ੍ਹ ਆਉਣ-ਜਾਣ ਲੱਗ ਪਿਆ ਤੇ ਜਲਦੀ ਹੀ ਉਹ ਵੱਡਾ ਅਪਰਾਧੀ ਬਣ ਗਿਆ। ਮਿਗੈਲ ਦੱਸਦਾ ਹੈ: “ਮੈਨੂੰ ਯਕੀਨ ਸੀ ਕਿ ਮੈਂ ਜਾਂ ਤਾਂ ਜੇਲ੍ਹ ਵਿਚ ਮਰਨਾ ਜਾਂ ਜ਼ਿਆਦਾ ਨਸ਼ੇ ਕਰਕੇ। ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਮੱਕੜੀ ਦੇ ਜਾਲ਼ ਵਿਚ ਫੱਸਿਆ ਹੋਵਾਂ।”
ਪਰ 1994 ਵਿਚ ਮਿਗੈਲ ਦੇ ਇਕ ਦੋਸਤ ਨੇ ਇਕ ਗਵਾਹ ਨੂੰ ਮਿਗੈਲ ਨੂੰ ਚਿੱਠੀ ਲਿਖਣ ਲਈ ਕਿਹਾ। ਉਸ ਸਮੇਂ ਮਿਗੈਲ ਜੇਲ੍ਹ ਵਿਚ ਸੀ। ਉਸ ਚਿੱਠੀ ਤੋਂ ਮਿਗੈਲ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਨੇ ਧਰਤੀ ਨੂੰ ਸੋਹਣਾ ਬਣਾਉਣਾ ਹੈ। ਗਵਾਹ ਨੇ ਮਿਗੈਲ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰੇ ਤਾਂਕਿ ਉਹ ਵੀ ਪਰਮੇਸ਼ੁਰ ਦੇ ਵਾਅਦੇ ਪੂਰੇ ਹੁੰਦੇ ਦੇਖ ਸਕੇ ਤੇ ਜ਼ਿੰਦਗੀ ਦਾ ਮਜ਼ਾ ਲੈ ਸਕੇ। ਮਿਗੈਲ ਦੱਸਦਾ ਹੈ: “ਉਸ ਦੇ ਸ਼ਬਦ ਮੇਰੇ ਦਿਲ ਨੂੰ ਛੂਹ ਗਏ। ਉਸ ਦਿਨ ਸਾਰਾ ਕੁਝ ਮੇਰੇ ਲਈ ਬਦਲ ਗਿਆ ਤੇ ਮੈਂ ਬਾਈਬਲ ਦੀ ਸਟੱਡੀ ਕਰਨ ਦਾ ਫ਼ੈਸਲਾ ਕੀਤਾ, ਪਰ ਮੈਂ ਜਾਣਦਾ ਸੀ ਕਿ ਇਹ ਮੇਰੇ ਲਈ ਸੌਖਾ ਨਹੀਂ ਹੋਵੇਗਾ।”
ਮਿਗੈਲ ਇਹ ਗੱਲ ਇਸ ਲਈ ਜਾਣਦਾ ਸੀ ਕਿਉਂਕਿ ਉਹ ਡ੍ਰੱਗਜ਼ ਤੇ ਤਮਾਖੂ ਦਾ ਆਦਿ ਸੀ। ਇਹ ਹਰ ਜਗ੍ਹਾ ਮਿਲਦੇ ਸਨ। ਉਸ ਦੇ ਨਾਲ ਰਹਿਣ ਵਾਲਾ ਕੈਦੀ ਉਸ ਨੂੰ ਹਰ ਰੋਜ਼ ਡ੍ਰੱਗਜ਼ ਦੇਣ ਦੀ ਕੋਸ਼ਿਸ਼ ਕਰਦਾ ਸੀ। ਮਿਗੈਲ ਲਗਾਤਾਰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਸੀ ਤਾਂਕਿ ਉਹ ਇਸ ਲੱਤ ਤੋਂ ਛੁਟਕਾਰਾ ਪਾ ਸਕੇ ਤੇ ਅਖ਼ੀਰ ਉਹ ਇਸ ਵਿਚ ਸਫ਼ਲ ਵੀ ਹੋਇਆ।
ਤਿੰਨ ਮਹੀਨਿਆਂ ਬਾਅਦ ਉਹ ਜੇਲ੍ਹ ਵਿਚ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸਣ ਲੱਗ ਪਿਆ। ਅਗਲੇ ਸਾਲ ਉਹ ਜੇਲ੍ਹ ਤੋਂ ਰਿਹਾ ਹੋ ਗਿਆ ਤੇ ਉਸ ਨੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ। ਉਸ ਨੇ ਵਿਆਹ ਦੀਆਂ ਤਿਆਰੀਆਂ ਵੀ ਕਰ ਲਈਆਂ ਸਨ, ਪਰ ਫਿਰ ਇਕ ਸਮੱਸਿਆ ਖੜ੍ਹੀ ਹੋ ਗਈ। ਵਿਆਹ ਤੋਂ ਇਕ ਮਹੀਨੇ ਪਹਿਲਾਂ ਕੋਰਟ ਨੇ ਉਸ ਦੇ ਪੁਰਾਣੇ ਕੁਝ ਮੁਕੱਦਮਿਆਂ ਕਰਕੇ ਉਸ ਨੂੰ 10 ਸਾਲਾਂ ਦੀ ਸਜ਼ਾ ਸੁਣਾ ਦਿੱਤੀ। ਪਰ ਉਸ ਦੇ ਵਧੀਆ ਵਿਵਹਾਰ ਕਰਕੇ ਉਸ ਨੂੰ ਸਾਢੇ ਤਿੰਨ ਸਾਲਾਂ ਬਾਅਦ ਹੀ ਛੱਡ ਦਿੱਤਾ ਗਿਆ। ਅਖ਼ੀਰ ਉਸ ਦਾ ਵਿਆਹ ਹੋ ਗਿਆ। ਮਿਗੈਲ ਦੁਬਾਰਾ ਉਸ ਅਪਰਾਧ ਦੀ ਦੁਨੀਆਂ ਵਿਚ ਵਾਪਸ ਨਹੀਂ ਗਿਆ।