ਫਰਾਂਸ ਵਿਚ ਬਾਈਬਲ ਦੀ ਅਨੋਖੀ ਪ੍ਰਦਰਸ਼ਨੀ
ਹਜ਼ਾਰਾਂ ਹੀ ਲੋਕ ਉੱਤਰੀ ਫਰਾਂਸ ਦੇ ਰੂਅਨ ਸ਼ਹਿਰ ਦਾ ਸਾਲ 2014 ਦਾ ਅੰਤਰ-ਰਾਸ਼ਟਰੀ ਮੇਲਾ ਦੇਖਣ ਆਏ ਜਿੱਥੇ ਇਕ ਬੂਥ ਨੇ ਉਨ੍ਹਾਂ ਦਾ ਧਿਆਨ ਖਿੱਚ ਲਿਆ। ਇਸ ਉੱਤੇ ਲਿਖਿਆ ਸੀ: “ਬਾਈਬਲ—ਕੱਲ੍ਹ, ਅੱਜ ਅਤੇ ਆਉਣ ਵਾਲਾ ਕੱਲ੍ਹ।”
ਬੂਥ ਦੇ ਬਾਹਰ ਲੱਗੀਆਂ ਫਲੈਟ ਸਕ੍ਰੀਨਾਂ ʼਤੇ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਬਾਰੇ ਵੀਡੀਓ ਦਿਖਾਇਆ ਜਾ ਰਿਹਾ ਸੀ ਜਿਸ ਵੱਲ ਕਈ ਲੋਕਾਂ ਦਾ ਧਿਆਨ ਖਿੱਚਿਆ ਗਿਆ। ਬੂਥ ਦੇ ਅੰਦਰ ਜਾ ਕੇ ਲੋਕ ਜਾਣ ਸਕਦੇ ਸਨ ਕਿ ਬਾਈਬਲ ਦੀ ਸਲਾਹ ਕਿੰਨੀ ਫ਼ਾਇਦੇਮੰਦ ਹੈ, ਇਹ ਇਤਿਹਾਸਕ ਤੇ ਵਿਗਿਆਨਕ ਪੱਖੋਂ ਸਹੀ ਹੈ ਅਤੇ ਇਸ ਨੂੰ ਕਿੰਨੇ ਵੱਡੇ ਪੱਧਰ ʼਤੇ ਵੰਡਿਆ ਗਿਆ ਹੈ।
ਪ੍ਰਦਰਸ਼ਨੀ ਵਿਚ ਇਹ ਵੀ ਦਿਖਾਇਆ ਗਿਆ ਕਿ ਸਦੀਆਂ ਤਾਈਂ ਬਾਈਬਲ ਦਾ ਨਾਮੋ-ਨਿਸ਼ਾਨ ਮਿਟਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਕਿਵੇਂ ਬਚੀ ਰਹੀ। ਬਾਈਬਲ ਹੁਣ ਵੱਖੋ-ਵੱਖਰੇ ਆਕਾਰਾਂ ਵਿਚ ਛਪ ਚੁੱਕੀ ਹੈ ਤੇ ਇੰਟਰਨੈੱਟ ਉੱਤੇ ਵੀ ਲੋਕ ਇਸ ਨੂੰ ਪੜ੍ਹ ਜਾਂ ਡਾਊਨਲੋਡ ਕਰ ਸਕਦੇ ਹਨ। ਪ੍ਰਦਰਸ਼ਨੀ ਦੇਖਣ ਆਏ ਲੋਕਾਂ ਨੇ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲਾਂ ਮੁਫ਼ਤ ਲਈਆਂ ਜਿਸ ਨੂੰ ਯਹੋਵਾਹ ਦੇ ਗਵਾਹਾਂ ਨੇ 120 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਛਾਪਿਆ ਹੈ।
ਬਹੁਤ ਸਾਰੇ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਲੋਕਾਂ ਤਕ ਬਾਈਬਲ ਪਹੁੰਚਾਉਣ ਵਿਚ ਪਹਿਲ ਕੀਤੀ ਹੈ। ਨੌਜਵਾਨਾਂ ਦੀ ਮਦਦ ਕਰਨ ਵਾਲੀ ਇਕ ਤੀਵੀਂ, ਨੌਜਵਾਨਾਂ ਦੇ ਇਕ ਗਰੁੱਪ ਨਾਲ ਪ੍ਰਦਰਸ਼ਨੀ ਦੇਖਣ ਆਈ। ਉਸ ਨੇ ਕਿਹਾ: “ਬਾਈਬਲ ਸਾਡੀ ਵਿਰਾਸਤ ਦਾ ਹਿੱਸਾ ਹੈ। ਇਹ ਜੀਉਂਦੀ-ਜਾਗਦੀ ਕਿਤਾਬ ਹੈ। ਮੈਂ ਜਦੋਂ ਵੀ ਇਸ ਨੂੰ ਪੜ੍ਹਦੀ ਹਾਂ, ਤਾਂ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਆਪਣੀਆਂ ਸਮੱਸਿਆਵਾਂ ਕਿਵੇਂ ਸੁਲਝਾ ਸਕਦੀ ਹਾਂ।”
60 ਸਾਲ ਦੀ ਇਕ ਦਾਦੀ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਉਸ ਨੂੰ ਮੁਫ਼ਤ ਵਿਚ ਬਾਈਬਲ ਮਿਲ ਸਕਦੀ ਹੈ। ਉਸ ਨੇ ਕਿਹਾ: “ਸਾਨੂੰ ਸਾਰਿਆਂ ਨੂੰ ਫਿਰ ਤੋਂ ਬਾਈਬਲ ਪੜ੍ਹਨੀ ਚਾਹੀਦੀ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਇਸ ਦੀ ਲੋੜ ਹੈ!”