ਅਧਿਆਇ 18
‘ਪਰਮੇਸ਼ੁਰ ਦੀ ਤਲਾਸ਼ ਕਰੋ ਅਤੇ ਉਸ ਨੂੰ ਲੱਭ ਲਓ’
ਪੌਲੁਸ ਲੋਕਾਂ ਦੇ ਵਿਸ਼ਵਾਸਾਂ ਮੁਤਾਬਕ ਆਪਣੀ ਗੱਲਬਾਤ ਢਾਲ਼ ਕੇ ਉਨ੍ਹਾਂ ਦੀ ਦਿਲਚਸਪੀ ਜਗਾਉਂਦਾ ਹੈ
ਰਸੂਲਾਂ ਦੇ ਕੰਮ 17:16-34 ਵਿੱਚੋਂ
1-3. (ੳ) ਐਥਿਨਜ਼ ਵਿਚ ਪੌਲੁਸ ਰਸੂਲ ਕਿਉਂ ਖਿਝਿਆ ਹੋਇਆ ਸੀ? (ਅ) ਪੌਲੁਸ ਦੀ ਮਿਸਾਲ ʼਤੇ ਗੌਰ ਕਰ ਕੇ ਅਸੀਂ ਕੀ ਸਿੱਖ ਸਕਦੇ ਹਾਂ?
ਪੌਲੁਸ ਬਹੁਤ ਖਿਝਿਆ ਹੋਇਆ ਹੈ। ਉਹ ਯੂਨਾਨ ਦੇ ਸ਼ਹਿਰ ਐਥਿਨਜ਼ ਵਿਚ ਹੈ ਜਿੱਥੇ ਸੁਕਰਾਤ, ਪਲੈਟੋ ਅਤੇ ਅਰਸਤੂ ਨਾਂ ਦੇ ਗਿਆਨੀਆਂ-ਧਿਆਨੀਆਂ ਨੇ ਸਿੱਖਿਆ ਦਿੱਤੀ ਸੀ। ਐਥਿਨਜ਼ ਦੇ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ। ਇਸ ਲਈ ਪੌਲੁਸ ਜਿੱਧਰ ਵੀ ਦੇਖਦਾ ਹੈ, ਉਸ ਨੂੰ ਮੰਦਰਾਂ, ਚੌਂਕਾਂ ਤੇ ਗਲੀਆਂ ਵਿਚ ਮੂਰਤੀਆਂ ਹੀ ਮੂਰਤੀਆਂ ਨਜ਼ਰ ਆਉਂਦੀਆਂ ਹਨ। ਉਹ ਜਾਣਦਾ ਹੈ ਕਿ ਸੱਚਾ ਪਰਮੇਸ਼ੁਰ ਯਹੋਵਾਹ ਮੂਰਤੀ-ਪੂਜਾ ਨਾਲ ਘਿਰਣਾ ਕਰਦਾ ਹੈ। (ਕੂਚ 20:4, 5) ਪੌਲੁਸ ਰਸੂਲ ਵੀ ਮੂਰਤੀਆਂ ਨਾਲ ਘਿਰਣਾ ਕਰਦਾ ਹੈ।
2 ਬਾਜ਼ਾਰ ਵਿਚ ਪਹੁੰਚਦਿਆਂ ਹੀ ਪੌਲੁਸ ਜੋ ਦੇਖਦਾ ਹੈ, ਉਸ ਕਾਰਨ ਉਸ ਨੂੰ ਧੱਕਾ ਲੱਗਦਾ ਹੈ। ਬਾਜ਼ਾਰ ਦੇ ਮੁੱਖ ਲਾਂਘੇ ਦੇ ਨੇੜੇ ਉੱਤਰ-ਪੱਛਮੀ ਕੋਨੇ ਵਿਚ ਹਰਮੇਸ ਦੇਵਤੇ ਦਾ ਲਿੰਗ ਦਿਖਾਉਣ ਵਾਲੇ ਬਹੁਤ ਸਾਰੇ ਬੁੱਤ ਹਨ। ਬਾਜ਼ਾਰ ਵਿਚ ਛੋਟੇ-ਛੋਟੇ ਮੰਦਰਾਂ ਦੀ ਭਰਮਾਰ ਹੈ। ਮੂਰਤੀ-ਪੂਜਾ ਵਿਚ ਡੁੱਬੇ ਇਨ੍ਹਾਂ ਲੋਕਾਂ ਨੂੰ ਪੌਲੁਸ ਕਿਵੇਂ ਪ੍ਰਚਾਰ ਕਰੇਗਾ? ਕੀ ਉਹ ਆਪਣੇ ਜਜ਼ਬਾਤਾਂ ʼਤੇ ਕਾਬੂ ਰੱਖੇਗਾ? ਉਹ ਉਨ੍ਹਾਂ ਦੀ ਦਿਲਚਸਪੀ ਜਗਾਉਣ ਲਈ ਕਿਹੜੇ ਵਿਸ਼ੇ ʼਤੇ ਗੱਲ ਕਰੇਗਾ? ਕੀ ਉਹ ਸੱਚੇ ਪਰਮੇਸ਼ੁਰ ਦੀ ਤਲਾਸ਼ ਕਰਨ ਅਤੇ ਉਸ ਨੂੰ ਲੱਭ ਲੈਣ ਵਿਚ ਕਿਸੇ ਦੀ ਮਦਦ ਕਰ ਸਕੇਗਾ?
3 ਪੌਲੁਸ ਨੇ ਐਥਿਨਜ਼ ਦੇ ਗਿਆਨੀਆਂ-ਧਿਆਨੀਆਂ ਨੂੰ ਜੋ ਭਾਸ਼ਣ ਦਿੱਤਾ ਸੀ, ਉਹ ਰਸੂਲਾਂ ਦੇ ਕੰਮ 17:22-31 ਵਿਚ ਦਰਜ ਹੈ। ਇਹ ਭਾਸ਼ਣ ਇਸ ਗੱਲ ਦੀ ਵਧੀਆ ਮਿਸਾਲ ਹੈ ਕਿ ਸਾਨੂੰ ਦੂਸਰਿਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦੇ ਹੋਏ ਸਮਝਦਾਰੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਗਵਾਹੀ ਦੇਣੀ ਚਾਹੀਦੀ ਹੈ। ਪੌਲੁਸ ਦੀ ਮਿਸਾਲ ʼਤੇ ਗੌਰ ਕਰ ਕੇ ਅਸੀਂ ਇਸ ਸੰਬੰਧੀ ਕਾਫ਼ੀ ਕੁਝ ਸਿੱਖ ਸਕਦੇ ਹਾਂ ਕਿ ਲੋਕਾਂ ਨਾਲ ਉਨ੍ਹਾਂ ਦੀ ਦਿਲਚਸਪੀ ਮੁਤਾਬਕ ਕਿਵੇਂ ਗੱਲ ਕਰਨੀ ਹੈ ਤਾਂਕਿ ਉਹ ਆਪਣੇ ਵਿਸ਼ਵਾਸਾਂ ਬਾਰੇ ਸੋਚ-ਵਿਚਾਰ ਕਰਨ ਲਈ ਮਜਬੂਰ ਹੋਣ।
“ਬਾਜ਼ਾਰ ਵਿਚ” ਪ੍ਰਚਾਰ ਕਰਨਾ (ਰਸੂ. 17:16-21)
4, 5. ਐਥਿਨਜ਼ ਵਿਚ ਪੌਲੁਸ ਨੇ ਕਿੱਥੇ ਪ੍ਰਚਾਰ ਕੀਤਾ ਅਤੇ ਉੱਥੇ ਉਸ ਨੂੰ ਕਿਹੋ ਜਿਹੇ ਲੋਕ ਮਿਲੇ?
4 ਪੌਲੁਸ ਆਪਣੇ ਦੂਸਰੇ ਮਿਸ਼ਨਰੀ ਦੌਰੇ ਦੌਰਾਨ ਲਗਭਗ 50 ਈਸਵੀ ਵਿਚ ਐਥਿਨਜ਼ ਗਿਆ ਸੀ। a ਜਦੋਂ ਉਹ ਬਰੀਆ ਤੋਂ ਸੀਲਾਸ ਤੇ ਤਿਮੋਥਿਉਸ ਦੇ ਆਉਣ ਦੀ ਉਡੀਕ ਕਰ ਰਿਹਾ ਸੀ, ਤਾਂ ਉਸ ਵੇਲੇ ਉਹ ਆਪਣੀ ਰੀਤ ਅਨੁਸਾਰ ‘ਸਭਾ ਘਰ ਵਿਚ ਯਹੂਦੀਆਂ ਨਾਲ ਚਰਚਾ ਕਰਨ ਲੱਗਾ।’ ਉਹ “ਬਾਜ਼ਾਰ ਵਿਚ” ਵੀ ਗਿਆ ਜਿੱਥੇ ਉਹ ਐਥਿਨਜ਼ ਦੇ ਗ਼ੈਰ-ਯਹੂਦੀ ਲੋਕਾਂ ਨਾਲ ਵੀ ਗੱਲ ਕਰ ਸਕਦਾ ਸੀ। (ਰਸੂ. 17:17) ਐਕਰੋਪੁਲਿਸ ਕਿਲੇ ਦੇ ਉੱਤਰ-ਪੱਛਮ ਵੱਲ ਐਥਿਨਜ਼ ਦਾ ਬਾਜ਼ਾਰ 12 ਏਕੜ ਜ਼ਮੀਨ ʼਤੇ ਫੈਲਿਆ ਹੋਇਆ ਸੀ। ਬਾਜ਼ਾਰ ਵਿਚ ਸਿਰਫ਼ ਖ਼ਰੀਦੋ-ਫ਼ਰੋਖਤ ਹੀ ਨਹੀਂ ਹੁੰਦੀ ਸੀ, ਸਗੋਂ ਐਥਿਨਜ਼ ਦੇ ਲੋਕਾਂ ਨੂੰ ਇੱਥੇ ਇਕੱਠੇ ਹੋ ਕੇ ਡੂੰਘੀਆਂ-ਡੂੰਘੀਆਂ ਗੱਲਾਂ ʼਤੇ ਚਰਚਾ ਕਰਨੀ ਬਹੁਤ ਚੰਗੀ ਲੱਗਦੀ ਸੀ। ਇਕ ਕਿਤਾਬ ਦੱਸਦੀ ਹੈ ਕਿ ਇਹ ਜਗ੍ਹਾ “ਸ਼ਹਿਰ ਦਾ ਆਰਥਿਕ, ਰਾਜਨੀਤਿਕ ਤੇ ਸਭਿਆਚਾਰਕ ਕੇਂਦਰ ਸੀ।”
5 ਪੌਲੁਸ ਨੂੰ ਬਾਜ਼ਾਰ ਵਿਚ ਅਜਿਹੇ ਲੋਕ ਮਿਲੇ ਜਿਨ੍ਹਾਂ ਨੂੰ ਕਾਇਲ ਕਰਨਾ ਇੰਨਾ ਸੌਖਾ ਨਹੀਂ ਸੀ। ਉਨ੍ਹਾਂ ਲੋਕਾਂ ਵਿਚ ਐਪੀਕਿਊਰੀ ਤੇ ਸਤੋਇਕੀ ਵੀ ਸਨ ਜੋ ਦੋ ਵੱਖੋ-ਵੱਖਰੇ ਫ਼ਲਸਫ਼ਿਆਂ ʼਤੇ ਚੱਲਦੇ ਸਨ। b ਐਪੀਕਿਊਰੀ ਮੰਨਦੇ ਸਨ ਕਿ ਜ਼ਿੰਦਗੀ ਆਪਣੇ ਆਪ ਹੋਂਦ ਵਿਚ ਆ ਗਈ ਸੀ। ਜ਼ਿੰਦਗੀ ਬਾਰੇ ਉਨ੍ਹਾਂ ਦਾ ਇਹ ਨਜ਼ਰੀਆ ਸੀ: “ਰੱਬ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ; ਮੌਤ ਵੇਲੇ ਕੋਈ ਤਕਲੀਫ਼ ਨਹੀਂ ਹੁੰਦੀ; ਜ਼ਿੰਦਗੀ ਦਾ ਭਰਪੂਰ ਮਜ਼ਾ ਲਿਆ ਜਾ ਸਕਦਾ ਹੈ; ਬੁਰਾਈ ਸਹਿਣ ਕੀਤੀ ਜਾ ਸਕਦੀ ਹੈ।” ਸਤੋਇਕੀ ਸੋਚ-ਸਮਝ ਕੇ ਜ਼ਿੰਦਗੀ ਜੀਉਣ ਉੱਤੇ ਜ਼ੋਰ ਦਿੰਦੇ ਸਨ ਅਤੇ ਮੰਨਦੇ ਸਨ ਕਿ ਰੱਬ ਇਕ ਸ਼ਕਤੀ ਹੈ ਤੇ ਉਸ ਵਿਚ ਭਾਵਨਾਵਾਂ ਨਹੀਂ ਹਨ। ਐਪੀਕਿਊਰੀ ਅਤੇ ਸਤੋਇਕੀ ਦੋਵੇਂ ਇਹ ਨਹੀਂ ਮੰਨਦੇ ਸਨ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਹੋਣਗੇ ਜਿਸ ਦੀ ਸਿੱਖਿਆ ਮਸੀਹ ਦੇ ਚੇਲਿਆਂ ਨੇ ਦਿੱਤੀ ਸੀ। ਇਸ ਤੋਂ ਜ਼ਾਹਰ ਹੈ ਕਿ ਇਨ੍ਹਾਂ ਦੋਹਾਂ ਸਮੂਹਾਂ ਦੇ ਵਿਚਾਰ ਸੱਚੇ ਮਸੀਹੀ ਧਰਮ ਦੀਆਂ ਉੱਚੀਆਂ-ਸੁੱਚੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦੇ ਸਨ ਜਿਨ੍ਹਾਂ ਦਾ ਪੌਲੁਸ ਪ੍ਰਚਾਰ ਕਰ ਰਿਹਾ ਸੀ।
6, 7. ਪੌਲੁਸ ਦੀ ਸਿੱਖਿਆ ਪ੍ਰਤੀ ਕੁਝ ਗਿਆਨੀਆਂ-ਧਿਆਨੀਆਂ ਨੇ ਕੀ ਰਵੱਈਆ ਦਿਖਾਇਆ ਅਤੇ ਅੱਜ ਵੀ ਸ਼ਾਇਦ ਲੋਕ ਕੀ ਸਮਝਣ?
6 ਪੌਲੁਸ ਦੀ ਸਿੱਖਿਆ ਪ੍ਰਤੀ ਇਨ੍ਹਾਂ ਗਿਆਨੀਆਂ-ਧਿਆਨੀਆਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ? ਕੁਝ ਲੋਕਾਂ ਨੇ ਉਸ ਨੂੰ “ਬਕਵਾਸ ਕਰਨ ਵਾਲਾ” ਕਿਹਾ। ਉਨ੍ਹਾਂ ਨੇ ਜੋ ਯੂਨਾਨੀ ਸ਼ਬਦ ਵਰਤਿਆ ਸੀ, ਉਸ ਦਾ ਮਤਲਬ ਹੈ “ਦਾਣੇ ਚੁਗਣ ਵਾਲਾ।” (ਅੰਗ੍ਰੇਜ਼ੀ ਦੀ ਸਟੱਡੀ ਬਾਈਬਲ ਵਿੱਚੋਂ ਰਸੂਲਾਂ ਦੇ ਕੰਮ 17:18 ਦਾ ਸਟੱਡੀ ਨੋਟ ਦੇਖੋ।) ਇਸ ਸ਼ਬਦ ਬਾਰੇ ਇਕ ਵਿਦਵਾਨ ਨੇ ਦੱਸਿਆ: “ਇਹ ਸ਼ਬਦ ਪਹਿਲਾਂ-ਪਹਿਲਾਂ ਛੋਟੇ ਜਿਹੇ ਪੰਛੀ ਲਈ ਵਰਤਿਆ ਜਾਂਦਾ ਸੀ ਜੋ ਇੱਧਰੋਂ-ਉੱਧਰੋਂ ਦਾਣੇ ਚੁਗਦਾ ਸੀ। ਬਾਅਦ ਵਿਚ ਇਹ ਸ਼ਬਦ ਉਨ੍ਹਾਂ ਲੋਕਾਂ ਲਈ ਵਰਤਿਆ ਜਾਣ ਲੱਗਾ ਜੋ ਬਾਜ਼ਾਰ ਵਿਚ ਖਾਣ ਵਾਲੀਆਂ ਚੀਜ਼ਾਂ ਦੀ ਰਹਿੰਦ-ਖੂੰਦ ਤੇ ਰੱਦੀ ਚੀਜ਼ਾਂ ਇਕੱਠੀਆਂ ਕਰਦੇ ਸਨ। ਅੱਗੇ ਚੱਲ ਕੇ ਇਹ ਸ਼ਬਦ ਉਸ ਇਨਸਾਨ ਲਈ ਵਰਤਿਆ ਜਾਣ ਲੱਗਾ ਜੋ ਇੱਧਰੋਂ-ਉੱਧਰੋਂ ਅੱਧ-ਪਚੱਧੀ ਜਾਣਕਾਰੀ ਇਕੱਠੀ ਕਰਦਾ ਸੀ। ਇਹ ਸ਼ਬਦ ਖ਼ਾਸ ਤੌਰ ਤੇ ਉਸ ਇਨਸਾਨ ਲਈ ਵਰਤਿਆ ਜਾਂਦਾ ਸੀ ਜਿਹੜਾ ਖ਼ੁਦ ਇਕੱਠੀ ਕੀਤੀ ਜਾਣਕਾਰੀ ਨੂੰ ਸਮਝ ਨਹੀਂ ਸਕਦਾ ਸੀ।” ਅਸਲ ਵਿਚ ਉਹ ਗਿਆਨੀ-ਧਿਆਨੀ ਆਦਮੀ ਕਹਿ ਰਹੇ ਸਨ ਕਿ ਪੌਲੁਸ ਅਨਪੜ੍ਹ-ਗਵਾਰ ਸੀ ਜੋ ਸੁਣੀਆਂ-ਸੁਣਾਈਆਂ ਗੱਲਾਂ ਦੱਸ ਰਿਹਾ ਸੀ। ਪਰ ਜਿਵੇਂ ਅਸੀਂ ਦੇਖਾਂਗੇ, ਇੰਨੀ ਬੇਇੱਜ਼ਤੀ ਹੋਣ ਤੇ ਵੀ ਪੌਲੁਸ ਉਨ੍ਹਾਂ ਤੋਂ ਡਰਿਆ ਨਹੀਂ।
7 ਅੱਜ ਵੀ ਲੋਕ ਇਸੇ ਤਰ੍ਹਾਂ ਕਰਦੇ ਹਨ। ਯਹੋਵਾਹ ਦੇ ਗਵਾਹਾਂ ਵਜੋਂ ਬਾਈਬਲ ਦੀ ਸਿੱਖਿਆ ʼਤੇ ਵਿਸ਼ਵਾਸ ਕਰਨ ਕਰਕੇ ਲੋਕ ਸਾਨੂੰ ਮੂਰਖ ਜਾਂ ਗਵਾਰ ਕਹਿੰਦੇ ਹਨ। ਮਿਸਾਲ ਲਈ, ਕੁਝ ਟੀਚਰ ਸਿਖਾਉਂਦੇ ਹਨ ਕਿ ਵਿਕਾਸਵਾਦ ਦੀ ਥਿਊਰੀ ਸਹੀ ਹੈ ਤੇ ਕਹਿੰਦੇ ਹਨ ਕਿ ਜੇ ਤੁਸੀਂ ਪੜ੍ਹਨ ਵਿਚ ਹੁਸ਼ਿਆਰ ਹੋ, ਤਾਂ ਤੁਹਾਨੂੰ ਇਸ ਥਿਊਰੀ ਨੂੰ ਸੱਚ ਮੰਨਣਾ ਚਾਹੀਦਾ ਹੈ। ਉਹ ਉਨ੍ਹਾਂ ਲੋਕਾਂ ਨੂੰ ਗਵਾਰ ਸਮਝਦੇ ਹਨ ਜੋ ਇਸ ਥਿਊਰੀ ਨੂੰ ਸਹੀ ਨਹੀਂ ਮੰਨਦੇ। ਜਦੋਂ ਅਸੀਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਸ੍ਰਿਸ਼ਟੀ ਅਤੇ ਜੀਵ-ਜੰਤੂਆਂ ਦੇ ਡੀਜ਼ਾਈਨ ਬਾਰੇ ਦੱਸ ਕੇ ਪਰਮੇਸ਼ੁਰ ਦੀ ਹੋਂਦ ਦੇ ਸਬੂਤ ਦਿੰਦੇ ਹਾਂ, ਤਾਂ ਉਹ ਕਹਿੰਦੇ ਹਨ ਕਿ ਇਹ ਸਭ ਬਕਵਾਸ ਹੈ। ਇਹ ਗਿਆਨੀ-ਧਿਆਨੀ ਚਾਹੁੰਦੇ ਹਨ ਕਿ ਲੋਕ ਸਾਨੂੰ ‘ਦਾਣੇ ਚੁਗਣ ਵਾਲੇ’ ਸਮਝਣ। ਪਰ ਅਸੀਂ ਇਸ ਬੇਇੱਜ਼ਤੀ ਤੋਂ ਡਰਦੇ ਨਹੀਂ। ਇਸ ਦੀ ਬਜਾਇ, ਅਸੀਂ ਦਲੇਰੀ ਨਾਲ ਆਪਣੀ ਨਿਹਚਾ ਦੇ ਪੱਖ ਵਿਚ ਬੋਲਦੇ ਹਾਂ ਕਿ ਧਰਤੀ ਉੱਤੇ ਹਰ ਜੀਉਂਦੀ ਚੀਜ਼ ਬੁੱਧੀਮਾਨ ਕਾਰੀਗਰ ਯਾਨੀ ਯਹੋਵਾਹ ਪਰਮੇਸ਼ੁਰ ਨੇ ਬਣਾਈ ਹੈ।—ਪ੍ਰਕਾ. 4:11.
8. (ੳ) ਪੌਲੁਸ ਦੀ ਗੱਲ ਸੁਣਨ ਵਾਲੇ ਕੁਝ ਲੋਕਾਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ? (ਅ) ਪੌਲੁਸ ਨੂੰ ਐਰੀਆਪਗਸ ਲਿਜਾਏ ਜਾਣ ਦਾ ਕੀ ਮਤਲਬ ਸੀ? (ਫੁਟਨੋਟ ਦੇਖੋ।)
8 ਬਾਜ਼ਾਰ ਵਿਚ ਪੌਲੁਸ ਦੀ ਗੱਲ ਸੁਣ ਰਹੇ ਹੋਰਨਾਂ ਲੋਕਾਂ ਨੇ ਵੱਖਰਾ ਰਵੱਈਆ ਦਿਖਾਇਆ ਸੀ। ਉਨ੍ਹਾਂ ਨੇ ਕਿਹਾ: “ਲੱਗਦਾ ਇਹ ਪਰਾਏ ਦੇਵੀ-ਦੇਵਤਿਆਂ ਦਾ ਪ੍ਰਚਾਰ ਕਰ ਰਿਹਾ ਹੈ।” (ਰਸੂ. 17:18) ਕੀ ਪੌਲੁਸ ਸੱਚ-ਮੁੱਚ ਐਥਿਨਜ਼ ਦੇ ਲੋਕਾਂ ਨੂੰ ਨਵੇਂ ਦੇਵੀ-ਦੇਵਤਿਆਂ ਬਾਰੇ ਦੱਸ ਰਿਹਾ ਸੀ? ਇਹ ਗੰਭੀਰ ਮਸਲਾ ਸੀ ਕਿਉਂਕਿ ਇਸ ਤਰ੍ਹਾਂ ਦਾ ਦੋਸ਼ ਸਦੀਆਂ ਪਹਿਲਾਂ ਸੁਕਰਾਤ ਉੱਤੇ ਲਾਇਆ ਗਿਆ ਸੀ ਜਿਸ ਕਰਕੇ ਉਸ ਉੱਤੇ ਮੁਕੱਦਮਾ ਚਲਾ ਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪੌਲੁਸ ਨੂੰ ਐਰੀਆਪਗਸ ਲਿਜਾਇਆ ਗਿਆ ਅਤੇ ਉਸ ਨੂੰ ਆਪਣੀਆਂ ਸਿੱਖਿਆਵਾਂ ਸਮਝਾਉਣ ਲਈ ਕਿਹਾ ਗਿਆ ਜੋ ਐਥਿਨਜ਼ ਦੇ ਲੋਕਾਂ ਨੂੰ ਅਜੀਬ ਲੱਗਦੀਆਂ ਸਨ। c ਉਨ੍ਹਾਂ ਲੋਕਾਂ ਨੂੰ ਧਰਮ-ਗ੍ਰੰਥ ਦਾ ਗਿਆਨ ਨਹੀਂ ਸੀ, ਇਸ ਲਈ ਪੌਲੁਸ ਉਨ੍ਹਾਂ ਨੂੰ ਕਿਵੇਂ ਯਕੀਨ ਦਿਵਾਏਗਾ ਕਿ ਉਹ ਸੱਚਾਈ ਸਿਖਾ ਰਿਹਾ ਸੀ?
“ਐਥਿਨਜ਼ ਦੇ ਵਾਸੀਓ, ਮੈਂ ਦੇਖਿਆ ਹੈ” (ਰਸੂ. 17:22, 23)
9-11. (ੳ) ਪੌਲੁਸ ਨੇ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਕਿਵੇਂ ਗੱਲ ਕੀਤੀ? (ਅ) ਪ੍ਰਚਾਰ ਵਿਚ ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
9 ਯਾਦ ਕਰੋ ਕਿ ਪੌਲੁਸ ਹਰ ਪਾਸੇ ਮੂਰਤੀਆਂ ਦੇਖ ਕੇ ਖਿਝਿਆ ਹੋਇਆ ਸੀ। ਪਰ ਉਸ ਨੇ ਗੁੱਸੇ ਵਿਚ ਆ ਕੇ ਮੂਰਤੀ-ਪੂਜਾ ਦੀ ਭੰਡੀ ਨਹੀਂ ਕੀਤੀ, ਸਗੋਂ ਸ਼ਾਂਤ ਰਿਹਾ। ਉਸ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਲੋਕਾਂ ਦੀ ਦਿਲਚਸਪੀ ਜਗਾਉਣ ਲਈ ਇਸ ਤਰ੍ਹਾਂ ਆਪਣੀ ਗੱਲ ਸ਼ੁਰੂ ਕੀਤੀ: “ਐਥਿਨਜ਼ ਦੇ ਵਾਸੀਓ, ਮੈਂ ਦੇਖਿਆ ਹੈ ਕਿ ਤੁਸੀਂ ਹਰ ਗੱਲ ਵਿਚ ਦੂਸਰੇ ਲੋਕਾਂ ਨਾਲੋਂ ਦੇਵੀ-ਦੇਵਤਿਆਂ ਦਾ ਜ਼ਿਆਦਾ ਡਰ ਮੰਨਦੇ ਹੋ।” (ਰਸੂ. 17:22) ਪੌਲੁਸ ਇਕ ਅਰਥ ਵਿਚ ਕਹਿ ਰਿਹਾ ਸੀ, ‘ਮੈਂ ਦੇਖਿਆ ਹੈ ਕਿ ਤੁਸੀਂ ਰੱਬ ਨੂੰ ਬਹੁਤ ਮੰਨਦੇ ਹੋ।’ ਉਸ ਨੇ ਅਕਲਮੰਦੀ ਨਾਲ ਉਨ੍ਹਾਂ ਦੀ ਧਾਰਮਿਕ ਸ਼ਰਧਾ ਲਈ ਤਾਰੀਫ਼ ਕੀਤੀ। ਭਾਵੇਂ ਉਨ੍ਹਾਂ ਦੀਆਂ ਅੱਖਾਂ ʼਤੇ ਝੂਠੀਆਂ ਧਾਰਮਿਕ ਸਿੱਖਿਆਵਾਂ ਦਾ ਪਰਦਾ ਪਿਆ ਹੋਇਆ ਸੀ, ਪਰ ਉਹ ਜਾਣਦਾ ਸੀ ਕਿ ਉਨ੍ਹਾਂ ਵਿੱਚੋਂ ਕੁਝ ਲੋਕ ਸ਼ਾਇਦ ਉਸ ਦੀ ਗੱਲ ਸੁਣਨ। ਪੌਲੁਸ ਨੂੰ ਇਸ ਗੱਲ ਦਾ ਪੱਕਾ ਯਕੀਨ ਸੀ ਕਿਉਂਕਿ ਉਹ ਆਪ ਵੀ ਪਹਿਲਾਂ ਮਸੀਹੀ ਨਾ ਹੋਣ ਕਰਕੇ ਸੱਚਾਈ ਤੋਂ ‘ਅਣਜਾਣ ਸੀ ਅਤੇ ਨਿਹਚਾ ਨਹੀਂ ਕਰਦਾ ਸੀ।’—1 ਤਿਮੋ. 1:13.
10 ਪੌਲੁਸ ਨੇ ਗੱਲ ਅੱਗੇ ਤੋਰਦਿਆਂ ਕਿਹਾ ਕਿ ਉਸ ਨੇ ਐਥਿਨਜ਼ ਦੇ ਲੋਕਾਂ ਦੀ ਧਾਰਮਿਕ ਸ਼ਰਧਾ ਦਾ ਇਕ ਠੋਸ ਸਬੂਤ ਦੇਖਿਆ ਸੀ। ਉਹ ਸੀ ਇਕ ਵੇਦੀ ਜੋ “ਅਣਜਾਣ ਪਰਮੇਸ਼ੁਰ ਲਈ” ਬਣਾਈ ਗਈ ਸੀ। ਇਕ ਕਿਤਾਬ ਮੁਤਾਬਕ “ਯੂਨਾਨੀ ਅਤੇ ਹੋਰ ਲੋਕ ਆਪਣੀ ਰੀਤ ਮੁਤਾਬਕ ‘ਅਣਜਾਣ ਦੇਵੀ-ਦੇਵਤਿਆਂ ਲਈ’ ਵੇਦੀਆਂ ਬਣਾਉਂਦੇ ਸਨ। ਉਨ੍ਹਾਂ ਨੂੰ ਡਰ ਹੁੰਦਾ ਸੀ ਕਿ ਉਹ ਭਗਤੀ ਕਰਦਿਆਂ ਕਿਸੇ ਦੇਵੀ-ਦੇਵਤੇ ਨੂੰ ਭੁੱਲ ਨਾ ਗਏ ਹੋਣ ਜਿਸ ਕਰਕੇ ਉਹ ਸ਼ਾਇਦ ਉਨ੍ਹਾਂ ਨਾਲ ਗੁੱਸੇ ਹੋ ਜਾਵੇ।” ਇਹ ਵੇਦੀ ਬਣਾ ਕੇ ਐਥਿਨਜ਼ ਦੇ ਲੋਕਾਂ ਨੇ ਕਬੂਲ ਕੀਤਾ ਸੀ ਕਿ ਅਜਿਹਾ ਵੀ ਰੱਬ ਸੀ ਜਿਸ ਨੂੰ ਉਹ ਨਹੀਂ ਜਾਣਦੇ ਸਨ। ਪੌਲੁਸ ਨੇ ਇਸ ਵੇਦੀ ਬਾਰੇ ਗੱਲ ਕਰਦਿਆਂ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ। ਉਸ ਨੇ ਕਿਹਾ: “ਤੁਸੀਂ ਜਿਸ ਪਰਮੇਸ਼ੁਰ ਦੀ ਅਣਜਾਣੇ ਵਿਚ ਭਗਤੀ ਕਰ ਰਹੇ ਹੋ, ਮੈਂ ਉਸ ਬਾਰੇ ਤੁਹਾਨੂੰ ਦੱਸ ਰਿਹਾ ਹਾਂ।” (ਰਸੂ. 17:23) ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ਨੇ ਬੜੀ ਹੁਸ਼ਿਆਰੀ ਨਾਲ ਵਧੀਆ ਦਲੀਲਾਂ ਦੇ ਕੇ ਪਰਮੇਸ਼ੁਰ ਬਾਰੇ ਗੱਲ ਕੀਤੀ। ਉਹ ਕਿਸੇ ਨਵੇਂ ਜਾਂ ਅਜੀਬ ਦੇਵੀ-ਦੇਵਤੇ ਦਾ ਪ੍ਰਚਾਰ ਨਹੀਂ ਕਰ ਰਿਹਾ ਸੀ, ਜਿਵੇਂ ਕੁਝ ਲੋਕਾਂ ਨੇ ਦੋਸ਼ ਲਾਇਆ ਸੀ। ਉਹ ਉਸ ਸੱਚੇ ਪਰਮੇਸ਼ੁਰ ਬਾਰੇ ਸਮਝਾ ਰਿਹਾ ਸੀ ਜਿਸ ਤੋਂ ਉਹ ਅਣਜਾਣ ਸਨ।
11 ਅਸੀਂ ਪ੍ਰਚਾਰ ਵਿਚ ਪੌਲੁਸ ਦੀ ਰੀਸ ਕਿੱਦਾਂ ਕਰ ਸਕਦੇ ਹਾਂ? ਧਿਆਨ ਨਾਲ ਦੇਖਣ ਤੇ ਸ਼ਾਇਦ ਸਾਨੂੰ ਪਤਾ ਲੱਗੇ ਕਿ ਘਰ-ਮਾਲਕ ਨੇ ਕੋਈ ਧਾਰਮਿਕ ਚੀਜ਼ ਪਾਈ ਹੋਈ ਹੈ ਜਾਂ ਆਪਣੇ ਘਰ ਜਾਂ ਵਿਹੜੇ ਵਿਚ ਲਗਾਈ ਹੋਈ ਹੈ ਜਿਸ ਤੋਂ ਸਾਨੂੰ ਉਸ ਦੇ ਧਰਮ ਬਾਰੇ ਪਤਾ ਲੱਗੇ। ਫਿਰ ਅਸੀਂ ਸ਼ਾਇਦ ਕਹਿ ਸਕਦੇ ਹਾਂ: ‘ਤੁਸੀਂ ਰੱਬ ਨੂੰ ਬਹੁਤ ਮੰਨਦੇ ਹੋ। ਇਹ ਬਹੁਤ ਚੰਗੀ ਗੱਲ ਹੈ। ਅੱਜ-ਕੱਲ੍ਹ ਲੋਕੀ ਰੱਬ ਵੱਲ ਬਹੁਤਾ ਧਿਆਨ ਨਹੀਂ ਦਿੰਦੇ।’ ਇਸ ਤਰ੍ਹਾਂ ਸਮਝਦਾਰੀ ਨਾਲ ਵਿਅਕਤੀ ਦੀ ਧਾਰਮਿਕ ਸ਼ਰਧਾ ਬਾਰੇ ਕੁਝ ਕਹਿ ਕੇ ਅਸੀਂ ਆਪਣੀ ਗੱਲ ਅੱਗੇ ਤੋਰ ਸਕਦੇ ਹਾਂ। ਪਰ ਯਾਦ ਰੱਖੋ ਕਿ ਸਾਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਕਰਕੇ ਉਨ੍ਹਾਂ ਬਾਰੇ ਪਹਿਲਾਂ ਤੋਂ ਰਾਇ ਕਾਇਮ ਨਹੀਂ ਕਰ ਲੈਣੀ ਚਾਹੀਦੀ। ਸਾਡੇ ਕਈ ਭੈਣ-ਭਰਾ ਸੱਚਾਈ ਵਿਚ ਆਉਣ ਤੋਂ ਪਹਿਲਾਂ ਇਕ ਸਮੇਂ ਤੇ ਝੂਠੀਆਂ ਧਾਰਮਿਕ ਸਿੱਖਿਆਵਾਂ ਉੱਤੇ ਸੱਚੇ ਦਿਲੋਂ ਚੱਲਦੇ ਸਨ।
ਪਰਮੇਸ਼ੁਰ “ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ” (ਰਸੂ. 17:24-28)
12. ਪੌਲੁਸ ਨੇ ਲੋਕਾਂ ਦੀ ਦਿਲਚਸਪੀ ਮੁਤਾਬਕ ਆਪਣੀ ਗੱਲਬਾਤ ਕਿਵੇਂ ਢਾਲ਼ੀ?
12 ਪੌਲੁਸ ਨੇ ਵਧੀਆ ਤਰੀਕੇ ਨਾਲ ਗੱਲ ਸ਼ੁਰੂ ਕਰ ਕੇ ਉਨ੍ਹਾਂ ਦਾ ਧਿਆਨ ਖਿੱਚ ਲਿਆ ਹੈ, ਪਰ ਗਵਾਹੀ ਦਿੰਦਿਆਂ ਉਹ ਉਨ੍ਹਾਂ ਦਾ ਧਿਆਨ ਕਿਵੇਂ ਬੰਨ੍ਹੀ ਰੱਖੇਗਾ? ਉਹ ਜਾਣਦਾ ਸੀ ਕਿ ਉਸ ਦੀ ਗੱਲ ਸੁਣ ਰਹੇ ਲੋਕਾਂ ਨੇ ਯੂਨਾਨੀ ਫ਼ਲਸਫ਼ੇ ਦੀ ਪੜ੍ਹਾਈ ਕੀਤੀ ਸੀ ਅਤੇ ਉਨ੍ਹਾਂ ਨੂੰ ਧਰਮ-ਗ੍ਰੰਥ ਦਾ ਗਿਆਨ ਨਹੀਂ ਸੀ, ਇਸ ਲਈ ਉਸ ਨੇ ਲੋਕਾਂ ਦੀ ਦਿਲਚਸਪੀ ਮੁਤਾਬਕ ਕਈ ਤਰੀਕਿਆਂ ਨਾਲ ਆਪਣੀ ਗੱਲਬਾਤ ਢਾਲ਼ੀ। ਪਹਿਲਾ, ਉਸ ਨੇ ਕੋਈ ਹਵਾਲਾ ਦਿੱਤੇ ਬਗੈਰ ਬਾਈਬਲ ਦੀਆਂ ਸਿੱਖਿਆਵਾਂ ਦਿੱਤੀਆਂ। ਦੂਸਰਾ, ਉਸ ਨੇ ਗੱਲਬਾਤ ਦੌਰਾਨ “ਅਸੀਂ” ਤੇ “ਸਾਨੂੰ” ਸ਼ਬਦ ਵਰਤ ਕੇ ਦਿਖਾਇਆ ਕਿ ਕਈ ਗੱਲਾਂ ਵਿਚ ਉਹ ਉਨ੍ਹਾਂ ਨਾਲ ਸਹਿਮਤ ਸੀ। ਤੀਸਰਾ, ਉਸ ਨੇ ਯੂਨਾਨੀ ਸਾਹਿੱਤ ਵਿੱਚੋਂ ਹਵਾਲੇ ਦੇ ਕੇ ਦੱਸਿਆ ਕਿ ਜਿਹੜੀਆਂ ਗੱਲਾਂ ਉਹ ਸਿਖਾ ਰਿਹਾ ਸੀ, ਉਹ ਉਨ੍ਹਾਂ ਦੇ ਸਾਹਿੱਤ ਵਿਚ ਵੀ ਦੱਸੀਆਂ ਗਈਆਂ ਸਨ। ਆਓ ਹੁਣ ਆਪਾਂ ਪੌਲੁਸ ਦੁਆਰਾ ਦਿੱਤੇ ਜ਼ਬਰਦਸਤ ਭਾਸ਼ਣ ਉੱਤੇ ਗੌਰ ਕਰੀਏ। ਉਸ ਨੇ ਐਥਿਨਜ਼ ਦੇ ਲੋਕਾਂ ਨੂੰ ਅਣਜਾਣ ਪਰਮੇਸ਼ੁਰ ਬਾਰੇ ਕਿਹੜੀਆਂ ਅਹਿਮ ਸੱਚਾਈਆਂ ਦੱਸੀਆਂ?
13. ਪੌਲੁਸ ਨੇ ਬ੍ਰਹਿਮੰਡ ਦੀ ਸ਼ੁਰੂਆਤ ਬਾਰੇ ਕੀ ਸਮਝਾਇਆ ਅਤੇ ਉਸ ਦੇ ਸ਼ਬਦਾਂ ਦਾ ਕੀ ਮਤਲਬ ਸੀ?
13 ਪਰਮੇਸ਼ੁਰ ਨੇ ਬ੍ਰਹਿਮੰਡ ਰਚਿਆ ਹੈ। ਪੌਲੁਸ ਨੇ ਕਿਹਾ: “ਪਰਮੇਸ਼ੁਰ ਜਿਸ ਨੇ ਸਾਰੀ ਦੁਨੀਆਂ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ, ਉਹੀ ਸਵਰਗ ਅਤੇ ਧਰਤੀ ਦਾ ਮਾਲਕ ਹੈ ਅਤੇ ਉਹ ਇਨਸਾਨ ਦੇ ਹੱਥਾਂ ਦੇ ਬਣਾਏ ਮੰਦਰਾਂ ਵਿਚ ਨਹੀਂ ਰਹਿੰਦਾ।” d (ਰਸੂ. 17:24) ਬ੍ਰਹਿਮੰਡ ਆਪਣੇ ਆਪ ਹੋਂਦ ਵਿਚ ਨਹੀਂ ਆਇਆ, ਸਗੋਂ ਸੱਚੇ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ। (ਜ਼ਬੂ. 146:6) ਅਥੀਨਾ ਦੇਵੀ ਜਾਂ ਹੋਰ ਦੇਵੀ-ਦੇਵਤਿਆਂ ਦੀ ਮਹਿਮਾ ਲਈ ਮੰਦਰਾਂ ਤੇ ਵੇਦੀਆਂ ਦੀ ਲੋੜ ਹੁੰਦੀ ਸੀ, ਪਰ ਸਵਰਗ ਤੇ ਧਰਤੀ ਦਾ ਮਾਲਕ ਇਨਸਾਨੀ ਹੱਥਾਂ ਨਾਲ ਬਣਾਏ ਮੰਦਰਾਂ ਵਿਚ ਸਮਾ ਨਹੀਂ ਸਕਦਾ। (1 ਰਾਜ. 8:27) ਪੌਲੁਸ ਦੇ ਸ਼ਬਦਾਂ ਦਾ ਮਤਲਬ ਸਾਫ਼ ਸੀ: ਸੱਚਾ ਪਰਮੇਸ਼ੁਰ ਇਨਸਾਨ ਦੇ ਬਣਾਏ ਮੰਦਰਾਂ ਵਿਚ ਰੱਖੀਆਂ ਮੂਰਤੀਆਂ ਤੋਂ ਕਿਤੇ ਮਹਾਨ ਹੈ।—ਯਸਾ. 40:18-26.
14. ਪੌਲੁਸ ਨੇ ਕਿਵੇਂ ਦਿਖਾਇਆ ਕਿ ਪਰਮੇਸ਼ੁਰ ਇਨਸਾਨਾਂ ਉੱਤੇ ਨਿਰਭਰ ਨਹੀਂ ਹੈ?
14 ਪਰਮੇਸ਼ੁਰ ਇਨਸਾਨਾਂ ਉੱਤੇ ਨਿਰਭਰ ਨਹੀਂ ਕਰਦਾ। ਲੋਕ ਆਪਣੀਆਂ ਮੂਰਤੀਆਂ ਨੂੰ ਮਹਿੰਗੇ-ਮਹਿੰਗੇ ਕੱਪੜੇ ਪਹਿਨਾਉਂਦੇ ਸਨ, ਉਨ੍ਹਾਂ ਲਈ ਮਹਿੰਗੀਆਂ-ਮਹਿੰਗੀਆਂ ਭੇਟਾਂ ਤੇ ਖਾਣ-ਪੀਣ ਦੀਆਂ ਚੀਜ਼ਾਂ ਲਿਆਉਂਦੇ ਸਨ, ਜਿਵੇਂ ਕਿ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੋਵੇ। ਪਰ ਪੌਲੁਸ ਦੀ ਗੱਲ ਸੁਣ ਰਹੇ ਕੁਝ ਯੂਨਾਨੀ ਫ਼ਿਲਾਸਫ਼ਰ ਵੀ ਮੰਨਦੇ ਹੋਣੇ ਕਿ ਰੱਬ ਨੂੰ ਇਨਸਾਨਾਂ ਤੋਂ ਕਿਸੇ ਚੀਜ਼ ਦੀ ਲੋੜ ਨਹੀਂ। ਇਸ ਕਰਕੇ ਉਹ ਸ਼ਾਇਦ ਪੌਲੁਸ ਦੀ ਇਸ ਗੱਲ ਨਾਲ ਸਹਿਮਤ ਸਨ ਕਿ ਪਰਮੇਸ਼ੁਰ ‘ਇਨਸਾਨਾਂ ਦੇ ਹੱਥੋਂ ਆਪਣੀ ਸੇਵਾ-ਟਹਿਲ ਨਹੀਂ ਕਰਾਉਂਦਾ ਹੈ ਜਿਵੇਂ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜ ਹੋਵੇ।’ ਅਸਲ ਵਿਚ, ਇਨਸਾਨ ਸਿਰਜਣਹਾਰ ਨੂੰ ਕੋਈ ਖਾਣ-ਪੀਣ ਦੀਆਂ ਜਾਂ ਹੋਰ ਚੀਜ਼ਾਂ ਨਹੀਂ ਦੇ ਸਕਦੇ। ਇਸ ਦੀ ਬਜਾਇ, ਉਹ ਇਨਸਾਨਾਂ ਨੂੰ “ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ” ਦਿੰਦਾ ਹੈ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ ਜਿਵੇਂ ਧੁੱਪ, ਮੀਂਹ ਤੇ ਉਪਜਾਊ ਜ਼ਮੀਨ। (ਰਸੂ. 17:25; ਉਤ. 2:7) ਇਸ ਲਈ ਪਰਮੇਸ਼ੁਰ ਇਨਸਾਨਾਂ ʼਤੇ ਨਹੀਂ, ਸਗੋਂ ਇਨਸਾਨ ਉਸ ਉੱਤੇ ਨਿਰਭਰ ਕਰਦੇ ਹਨ। ਉਹ ਉਨ੍ਹਾਂ ਨੂੰ ਦਿੰਦਾ ਹੈ, ਲੈਂਦਾ ਨਹੀਂ।
15. ਪੌਲੁਸ ਨੇ ਕਿਵੇਂ ਦਿਖਾਇਆ ਕਿ ਐਥਿਨਜ਼ ਦੇ ਲੋਕਾਂ ਦੀ ਸੋਚ ਗ਼ਲਤ ਸੀ ਅਤੇ ਅਸੀਂ ਉਸ ਦੀ ਮਿਸਾਲ ਤੋਂ ਕਿਹੜਾ ਅਹਿਮ ਸਬਕ ਸਿੱਖਦੇ ਹਾਂ?
15 ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ। ਐਥਿਨਜ਼ ਦੇ ਲੋਕ ਮੰਨਦੇ ਸਨ ਕਿ ਉਹ ਗ਼ੈਰ-ਯੂਨਾਨੀਆਂ ਤੋਂ ਉੱਤਮ ਸਨ। ਪਰ ਆਪਣੀ ਕੌਮ ਜਾਂ ਨਸਲ ਦਾ ਘਮੰਡ ਕਰਨਾ ਬਾਈਬਲ ਦੀ ਸਿੱਖਿਆ ਦੇ ਖ਼ਿਲਾਫ਼ ਹੈ। (ਬਿਵ. 10:17) ਪੌਲੁਸ ਨੇ ਬੜੀ ਸਮਝਦਾਰੀ ਤੇ ਕੁਸ਼ਲਤਾ ਨਾਲ ਇਸ ਨਾਜ਼ੁਕ ਮਸਲੇ ਬਾਰੇ ਗੱਲ ਕੀਤੀ। ਜਦੋਂ ਪੌਲੁਸ ਨੇ ਇਹ ਕਿਹਾ ਕਿ “[ਪਰਮੇਸ਼ੁਰ] ਨੇ ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ,” ਤਾਂ ਇਸ ਗੱਲ ਨੇ ਜ਼ਰੂਰ ਉਨ੍ਹਾਂ ਨੂੰ ਇਸ ਬਾਰੇ ਸੋਚਣ ਲਈ ਮਜਬੂਰ ਕੀਤਾ ਹੋਣਾ। (ਰਸੂ. 17:26) ਉਹ ਉਤਪਤ ਦੀ ਕਿਤਾਬ ਵਿਚ ਜ਼ਿਕਰ ਕੀਤੇ ਆਦਮ ਬਾਰੇ ਗੱਲ ਕਰ ਰਿਹਾ ਸੀ ਜਿਸ ਤੋਂ ਸਾਰੀ ਮਨੁੱਖਜਾਤੀ ਆਈ ਹੈ। (ਉਤ. 1:26-28) ਸਾਰੇ ਇਨਸਾਨਾਂ ਦਾ ਇੱਕੋ ਪੂਰਵਜ ਹੈ, ਇਸ ਲਈ ਕੋਈ ਵੀ ਨਸਲ ਜਾਂ ਕੌਮ ਕਿਸੇ ਦੂਸਰੀ ਨਸਲ ਜਾਂ ਕੌਮ ਨਾਲੋਂ ਉੱਤਮ ਨਹੀਂ ਹੈ। ਪੌਲੁਸ ਦੀ ਇਹ ਗੱਲ ਉਨ੍ਹਾਂ ਵਾਸਤੇ ਸਮਝਣੀ ਔਖੀ ਨਹੀਂ ਸੀ। ਉਸ ਦੀ ਮਿਸਾਲ ਤੋਂ ਅਸੀਂ ਇਕ ਅਹਿਮ ਸਬਕ ਸਿੱਖਦੇ ਹਾਂ। ਹਾਲਾਂਕਿ ਅਸੀਂ ਪ੍ਰਚਾਰ ਕਰਦਿਆਂ ਸਮਝਦਾਰੀ ਨਾਲ ਗੱਲ ਕਰਨੀ ਚਾਹੁੰਦੇ ਹਾਂ, ਪਰ ਅਸੀਂ ਲੋਕਾਂ ਨੂੰ ਸਾਫ਼-ਸਾਫ਼ ਦੱਸਾਂਗੇ ਕਿ ਉਨ੍ਹਾਂ ਨੂੰ ਬਾਈਬਲ ਦੀ ਸਿੱਖਿਆ ਮੁਤਾਬਕ ਕੀ ਕਰਨ ਦੀ ਲੋੜ ਹੈ। ਅਸੀਂ ਉਨ੍ਹਾਂ ਨੂੰ ਨਾਰਾਜ਼ ਕਰਨ ਦੇ ਡਰੋਂ ਗੱਲ ਗੋਲ-ਮੋਲ ਕਰ ਕੇ ਨਹੀਂ ਦੱਸਾਂਗੇ।
16. ਇਨਸਾਨਾਂ ਲਈ ਸਿਰਜਣਹਾਰ ਦਾ ਮਕਸਦ ਕੀ ਹੈ?
16 ਪਰਮੇਸ਼ੁਰ ਦਾ ਮਕਸਦ ਹੈ ਕਿ ਇਨਸਾਨ ਉਸ ਨਾਲ ਕਰੀਬੀ ਰਿਸ਼ਤਾ ਕਾਇਮ ਕਰਨ। ਭਾਵੇਂ ਕਿ ਪੌਲੁਸ ਦੀ ਗੱਲ ਸੁਣ ਰਹੇ ਫ਼ਿਲਾਸਫ਼ਰ ਲੰਬੇ ਸਮੇਂ ਤੋਂ ਇਨਸਾਨਾਂ ਦੀ ਜ਼ਿੰਦਗੀ ਦੇ ਮਕਸਦ ਬਾਰੇ ਬਹਿਸ ਕਰਦੇ ਹੋਣੇ, ਪਰ ਉਹ ਕਦੇ ਵੀ ਦੂਸਰਿਆਂ ਨੂੰ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਦੇ ਸਨ। ਪਰ ਪੌਲੁਸ ਨੇ ਇਨਸਾਨਾਂ ਲਈ ਸਿਰਜਣਹਾਰ ਦੇ ਮਕਸਦ ਬਾਰੇ ਸਮਝਾਉਂਦੇ ਹੋਏ ਕਿਹਾ: “ਉਹ ਪਰਮੇਸ਼ੁਰ ਦੀ ਤਲਾਸ਼ ਕਰਨ ਅਤੇ ਪੂਰਾ ਜਤਨ ਕਰ ਕੇ ਉਸ ਦੀ ਭਾਲ ਕਰਨ ਅਤੇ ਉਸ ਨੂੰ ਲੱਭ ਲੈਣ ਕਿਉਂਕਿ ਸੱਚ ਤਾਂ ਇਹ ਹੈ ਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂ. 17:27) ਐਥਿਨਜ਼ ਦੇ ਲੋਕ ਸੱਚੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਸਨ, ਪਰ ਉਸ ਬਾਰੇ ਜਾਣਨਾ ਅਸੰਭਵ ਨਹੀਂ। ਉਹ ਉਨ੍ਹਾਂ ਲੋਕਾਂ ਤੋਂ ਦੂਰ ਨਹੀਂ ਹੈ ਜੋ ਸੱਚੇ ਦਿਲੋਂ ਉਸ ਨੂੰ ਲੱਭ ਰਹੇ ਹਨ ਅਤੇ ਉਸ ਬਾਰੇ ਜਾਣਨਾ ਚਾਹੁੰਦੇ ਹਨ। (ਜ਼ਬੂ. 145:18) ਧਿਆਨ ਦਿਓ ਕਿ ਪੌਲੁਸ ਨੇ “ਸਾਡੇ” ਸ਼ਬਦ ਵਰਤ ਕੇ ਆਪਣੇ ਆਪ ਨੂੰ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਕੀਤਾ ਜਿਨ੍ਹਾਂ ਨੂੰ ਪਰਮੇਸ਼ੁਰ ਦੀ “ਤਲਾਸ਼ ਕਰਨ” ਅਤੇ “ਪੂਰਾ ਜਤਨ ਕਰ ਕੇ ਉਸ ਦੀ ਭਾਲ ਕਰਨ” ਦੀ ਲੋੜ ਸੀ।
17, 18. ਇਨਸਾਨਾਂ ਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਬਾਰੇ ਅਹਿਸਾਸ ਕਿਉਂ ਹੋਣਾ ਚਾਹੀਦਾ ਹੈ ਅਤੇ ਪੌਲੁਸ ਨੇ ਜਿਸ ਤਰੀਕੇ ਨਾਲ ਲੋਕਾਂ ਦੇ ਦਿਲਾਂ ਨੂੰ ਛੂਹਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
17 ਇਨਸਾਨਾਂ ਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦਾ ਅਹਿਸਾਸ ਹੋਣਾ ਚਾਹੀਦਾ ਹੈ। ਪੌਲੁਸ ਨੇ ਕਿਹਾ ਕਿ “ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।” ਕੁਝ ਵਿਦਵਾਨ ਕਹਿੰਦੇ ਹਨ ਕਿ ਪੌਲੁਸ ਛੇਵੀਂ ਸਦੀ ਈਸਵੀ ਪੂਰਵ ਵਿਚ ਕ੍ਰੀਟ ਦੇ ਕਵੀ ਐਪੀਮੈਨੀਡੀਸ ਦੇ ਸ਼ਬਦਾਂ ਦਾ ਹਵਾਲਾ ਦੇ ਰਿਹਾ ਸੀ ਜਿਸ ਦੀ “ਐਥਿਨਜ਼ ਦੇ ਲੋਕਾਂ ਦੀ ਧਾਰਮਿਕ ਪਰੰਪਰਾ ਵਿਚ ਖ਼ਾਸ ਥਾਂ ਸੀ।” ਪੌਲੁਸ ਨੇ ਇਕ ਹੋਰ ਕਾਰਨ ਦੱਸਿਆ ਜਿਸ ਕਰਕੇ ਇਨਸਾਨਾਂ ਨੂੰ ਪਰਮੇਸ਼ੁਰ ਦੇ ਨੇੜੇ ਆਉਣਾ ਚਾਹੀਦਾ ਹੈ: “ਤੁਹਾਡੇ ਵੀ ਕੁਝ ਕਵੀਆਂ ਨੇ ਕਿਹਾ ਹੈ: ‘ਅਸੀਂ ਸਾਰੇ ਉਸ ਦੇ ਬੱਚੇ ਹਾਂ।’” (ਰਸੂ. 17:28) ਪਰਮੇਸ਼ੁਰ ਨੇ ਇਕ ਇਨਸਾਨ ਨੂੰ ਬਣਾਇਆ ਸੀ ਜਿਸ ਤੋਂ ਸਾਰੇ ਇਨਸਾਨ ਆਏ ਹਨ, ਇਸ ਕਰਕੇ ਸਾਰਿਆਂ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਹੈ। ਲੋਕਾਂ ਦੇ ਦਿਲਾਂ ਨੂੰ ਛੂਹਣ ਲਈ ਪੌਲੁਸ ਨੇ ਸਮਝਦਾਰੀ ਨਾਲ ਯੂਨਾਨੀ ਸਾਹਿੱਤ ਵਿੱਚੋਂ ਹਵਾਲੇ ਦਿੱਤੇ ਜਿਸ ਦਾ ਲੋਕਾਂ ਨੂੰ ਗਿਆਨ ਸੀ। e ਪੌਲੁਸ ਦੀ ਮਿਸਾਲ ਉੱਤੇ ਚੱਲਦਿਆਂ ਅਸੀਂ ਕਦੇ-ਕਦੇ ਇਤਿਹਾਸ, ਐਨਸਾਈਕਲੋਪੀਡੀਆ ਜਾਂ ਹੋਰ ਜਾਣੀਆਂ-ਮਾਣੀਆਂ ਕਿਤਾਬਾਂ ਵਿੱਚੋਂ ਥੋੜ੍ਹੇ-ਬਹੁਤੇ ਹਵਾਲੇ ਦੇ ਸਕਦੇ ਹਾਂ। ਮਿਸਾਲ ਲਈ, ਅਸੀਂ ਕਿਸੇ ਨੂੰ ਯਕੀਨ ਦਿਵਾਉਣ ਲਈ ਕਿਸੇ ਜਾਣੀ-ਮਾਣੀ ਕਿਤਾਬ ਵਿੱਚੋਂ ਢੁਕਵਾਂ ਹਵਾਲਾ ਦੇ ਸਕਦੇ ਹਾਂ ਕਿ ਕਿਸੇ ਝੂਠੀ ਧਾਰਮਿਕ ਸਿੱਖਿਆ ਜਾਂ ਤਿਉਹਾਰ ਦੀ ਸ਼ੁਰੂਆਤ ਕਿਵੇਂ ਹੋਈ ਸੀ।
18 ਹੁਣ ਤਕ ਪੌਲੁਸ ਨੇ ਆਪਣੇ ਭਾਸ਼ਣ ਵਿਚ ਬੜੀ ਕੁਸ਼ਲਤਾ ਨਾਲ ਲੋਕਾਂ ਦੀ ਦਿਲਚਸਪੀ ਮੁਤਾਬਕ ਆਪਣੇ ਸ਼ਬਦਾਂ ਨੂੰ ਢਾਲ਼ਿਆ ਅਤੇ ਪਰਮੇਸ਼ੁਰ ਬਾਰੇ ਮੁੱਖ ਸੱਚਾਈਆਂ ਦੱਸੀਆਂ ਸਨ। ਇਹ ਜ਼ਰੂਰੀ ਜਾਣਕਾਰੀ ਦੇਣ ਤੋਂ ਬਾਅਦ ਉਸ ਨੇ ਐਥਿਨਜ਼ ਦੇ ਲੋਕਾਂ ਤੋਂ ਕੀ ਉਮੀਦ ਰੱਖੀ? ਪੌਲੁਸ ਨੇ ਬਿਨਾਂ ਦੇਰ ਕੀਤਿਆਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ।
‘ਸਾਰੀ ਦੁਨੀਆਂ ਤੋਬਾ ਕਰੇ’ (ਰਸੂ. 17:29-31)
19, 20. (ੳ) ਪੌਲੁਸ ਨੇ ਕਿਵੇਂ ਸਮਝਦਾਰੀ ਨਾਲ ਜ਼ਾਹਰ ਕੀਤਾ ਕਿ ਮੂਰਤੀਆਂ ਦੀ ਪੂਜਾ ਕਰਨੀ ਮੂਰਖਤਾ ਸੀ? (ਅ) ਪੌਲੁਸ ਦੀ ਗੱਲ ਸੁਣ ਰਹੇ ਲੋਕਾਂ ਨੂੰ ਕੀ ਕਰਨ ਦੀ ਲੋੜ ਸੀ?
19 ਪੌਲੁਸ ਨੇ ਹੁਣ ਲੋਕਾਂ ਨੂੰ ਕੁਝ ਕਦਮ ਚੁੱਕਣ ਦੀ ਹੱਲਾਸ਼ੇਰੀ ਦਿੱਤੀ। ਯੂਨਾਨੀ ਸਾਹਿੱਤ ਦੇ ਸ਼ਬਦਾਂ ਦਾ ਦੁਬਾਰਾ ਜ਼ਿਕਰ ਕਰਦਿਆਂ ਉਸ ਨੇ ਕਿਹਾ: “ਇਸ ਲਈ ਪਰਮੇਸ਼ੁਰ ਦੇ ਬੱਚੇ ਹੋਣ ਕਰਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸੋਨੇ, ਚਾਂਦੀ ਜਾਂ ਪੱਥਰ ਦੀ ਕਿਸੇ ਚੀਜ਼ ਵਰਗਾ ਹੈ ਜਿਹੜੀ ਇਨਸਾਨਾਂ ਨੇ ਆਪਣੀ ਕਲਪਨਾ ਅਨੁਸਾਰ ਆਪਣੇ ਹੱਥੀਂ ਘੜੀ ਹੈ।” (ਰਸੂ. 17:29) ਜੇ ਇਨਸਾਨ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ ਹਨ, ਤਾਂ ਫਿਰ ਇਨਸਾਨ ਦੇ ਹੱਥਾਂ ਦੀਆਂ ਬਣਾਈਆਂ ਮੂਰਤਾਂ ਪਰਮੇਸ਼ੁਰ ਕਿੱਦਾਂ ਹੋ ਸਕਦੀਆਂ ਹਨ? ਪੌਲੁਸ ਦੀਆਂ ਸਮਝਦਾਰੀ ਨਾਲ ਦਿੱਤੀਆਂ ਦਲੀਲਾਂ ਨੇ ਜ਼ਾਹਰ ਕੀਤਾ ਕਿ ਇਨਸਾਨੀ ਹੱਥਾਂ ਨਾਲ ਬਣਾਈਆਂ ਮੂਰਤੀਆਂ ਦੀ ਪੂਜਾ ਕਰਨੀ ਮੂਰਖਤਾ ਹੈ। (ਜ਼ਬੂ. 115:4-8; ਯਸਾ. 44:9-20) ਪੌਲੁਸ ਨਹੀਂ ਚਾਹੁੰਦਾ ਸੀ ਕਿ ਲੋਕਾਂ ਨੂੰ ਉਸ ਦੀ ਗੱਲ ਬੁਰੀ ਲੱਗੇ, ਇਸ ਲਈ ਉਸ ਨੇ “ਤੁਹਾਨੂੰ” ਸ਼ਬਦ ਵਰਤਣ ਦੀ ਬਜਾਇ ਕਿਹਾ ਕਿ “ਸਾਨੂੰ ਇਹ ਨਹੀਂ ਸੋਚਣਾ ਚਾਹੀਦਾ . . .।”
20 ਪੌਲੁਸ ਨੇ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ: “ਪਰਮੇਸ਼ੁਰ ਨੇ ਉਨ੍ਹਾਂ ਸਮਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਜਦੋਂ ਲੋਕ ਅਣਜਾਣ ਹੁੰਦੇ ਸਨ [ਯਾਨੀ ਸੋਚਦੇ ਸਨ ਕਿ ਮੂਰਤੀਆਂ ਦੀ ਪੂਜਾ ਕਰ ਕੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ ਜਾ ਸਕਦਾ ਸੀ], ਪਰ ਹੁਣ ਉਹ ਸਾਰੀ ਦੁਨੀਆਂ ਨੂੰ ਤੋਬਾ ਕਰਨ ਲਈ ਕਹਿ ਰਿਹਾ ਹੈ।” (ਰਸੂ. 17:30) ਉੱਥੇ ਬੈਠੇ ਕੁਝ ਲੋਕਾਂ ਨੂੰ ਇਹ ਸੁਣ ਕੇ ਝਟਕਾ ਲੱਗਾ ਹੋਣਾ ਕਿ ਉਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਸੀ। ਪਰ ਪੌਲੁਸ ਦੇ ਜ਼ਬਰਦਸਤ ਭਾਸ਼ਣ ਤੋਂ ਇਹ ਸਾਫ਼ ਜ਼ਾਹਰ ਸੀ ਕਿ ਉਹ ਆਪਣੀ ਜ਼ਿੰਦਗੀ ਲਈ ਪਰਮੇਸ਼ੁਰ ਦੇ ਕਰਜ਼ਦਾਰ ਸਨ ਜਿਸ ਕਰਕੇ ਉਹ ਉਸ ਨੂੰ ਜਵਾਬਦੇਹ ਸਨ। ਉਨ੍ਹਾਂ ਨੂੰ ਪਰਮੇਸ਼ੁਰ ਦੀ ਤਲਾਸ਼ ਕਰਨ, ਉਸ ਬਾਰੇ ਸੱਚਾਈ ਜਾਣਨ ਅਤੇ ਉਸ ਸੱਚਾਈ ਮੁਤਾਬਕ ਆਪਣੀ ਜ਼ਿੰਦਗੀ ਜੀਉਣ ਦੀ ਲੋੜ ਸੀ। ਇਸ ਤਰ੍ਹਾਂ ਕਰਨ ਲਈ ਐਥਿਨਜ਼ ਦੇ ਲੋਕਾਂ ਨੂੰ ਕਬੂਲ ਕਰਨਾ ਪੈਣਾ ਸੀ ਕਿ ਮੂਰਤੀ-ਪੂਜਾ ਪਾਪ ਸੀ ਤੇ ਇਸ ਨੂੰ ਛੱਡਣ ਦੀ ਲੋੜ ਸੀ।
21, 22. ਪੌਲੁਸ ਨੇ ਆਪਣੀ ਗੱਲ ਦੇ ਅਖ਼ੀਰ ਵਿਚ ਕਿਹੜੇ ਜ਼ਬਰਦਸਤ ਸ਼ਬਦ ਕਹੇ ਅਤੇ ਇਹ ਸਾਡੇ ਲਈ ਕੀ ਮਾਅਨੇ ਰੱਖਦੇ ਹਨ?
21 ਪੌਲੁਸ ਨੇ ਆਪਣੀ ਗੱਲਬਾਤ ਦੇ ਅਖ਼ੀਰ ਵਿਚ ਜ਼ਬਰਦਸਤ ਸ਼ਬਦ ਕਹੇ: “[ਪਰਮੇਸ਼ੁਰ] ਨੇ ਇਕ ਦਿਨ ਮਿਥਿਆ ਹੈ ਜਦੋਂ ਉਹ ਇਕ ਆਦਮੀ ਰਾਹੀਂ, ਜਿਸ ਨੂੰ ਉਸ ਨੇ ਚੁਣਿਆ ਹੈ, ਸਾਰੀ ਦੁਨੀਆਂ ਦਾ ਸਹੀ ਨਿਆਂ ਕਰੇਗਾ ਅਤੇ ਉਸ ਨੇ ਉਸ ਆਦਮੀ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਸਾਰਿਆਂ ਨੂੰ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਉਹ ਦਿਨ ਜ਼ਰੂਰ ਆਵੇਗਾ।” (ਰਸੂ. 17:31) ਨਿਆਂ ਦਾ ਦਿਨ ਆ ਰਿਹਾ ਹੈ—ਜੀ ਹਾਂ, ਇਸ ਕਾਰਨ ਸੱਚੇ ਪਰਮੇਸ਼ੁਰ ਦੀ ਤਲਾਸ਼ ਕਰ ਕੇ ਉਸ ਨੂੰ ਲੱਭਣਾ ਕਿੰਨਾ ਜ਼ਰੂਰੀ ਹੈ! ਭਾਵੇਂ ਪੌਲੁਸ ਨੇ ਉਸ ਨਿਆਂਕਾਰ ਦਾ ਨਾਂ ਨਹੀਂ ਦੱਸਿਆ, ਪਰ ਉਸ ਨੇ ਇਸ ਨਿਆਂਕਾਰ ਬਾਰੇ ਇਕ ਹੈਰਾਨ ਕਰਨ ਵਾਲੀ ਗੱਲ ਕਹੀ: ਉਹ ਇਨਸਾਨ ਦੇ ਰੂਪ ਵਿਚ ਧਰਤੀ ਉੱਤੇ ਰਿਹਾ ਸੀ ਅਤੇ ਮਰਨ ਤੋਂ ਬਾਅਦ ਉਸ ਨੂੰ ਪਰਮੇਸ਼ੁਰ ਨੇ ਦੁਬਾਰਾ ਜੀਉਂਦਾ ਕੀਤਾ।
22 ਉਨ੍ਹਾਂ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਹ ਗੱਲ ਅੱਜ ਸਾਡੇ ਲਈ ਵੀ ਬਹੁਤ ਮਾਅਨੇ ਰੱਖਦੀ ਹੈ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਚੁਣਿਆ ਹੋਇਆ ਨਿਆਂਕਾਰ ਯਿਸੂ ਮਸੀਹ ਹੈ ਜਿਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਹੈ। (ਯੂਹੰ. 5:22) ਅਸੀਂ ਇਹ ਵੀ ਜਾਣਦੇ ਹਾਂ ਕਿ ਨਿਆਂ ਦਾ ਦਿਨ ਹਜ਼ਾਰ ਸਾਲ ਦਾ ਹੋਵੇਗਾ ਅਤੇ ਇਹ ਤੇਜ਼ੀ ਨਾਲ ਨੇੜੇ ਆ ਰਿਹਾ ਹੈ। (ਪ੍ਰਕਾ. 20:4, 6) ਅਸੀਂ ਨਿਆਂ ਦੇ ਦਿਨ ਤੋਂ ਡਰਦੇ ਨਹੀਂ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਉਸ ਦਿਨ ਜਿਹੜੇ ਲੋਕ ਵਫ਼ਾਦਾਰ ਸਾਬਤ ਹੋਣਗੇ, ਉਨ੍ਹਾਂ ਨੂੰ ਢੇਰ ਸਾਰੀਆਂ ਬਰਕਤਾਂ ਮਿਲਣਗੀਆਂ। ਉਸ ਸੁਨਹਿਰੇ ਭਵਿੱਖ ਦੀ ਸਾਡੀ ਉਮੀਦ ਜ਼ਰੂਰ ਪੂਰੀ ਹੋਵੇਗੀ ਕਿਉਂਕਿ ਪਰਮੇਸ਼ੁਰ ਨੇ ਇਸ ਗੱਲ ਦੀ ਗਾਰੰਟੀ ਦੇਣ ਲਈ ਸਭ ਤੋਂ ਵੱਡਾ ਚਮਤਕਾਰ ਕੀਤਾ ਯਾਨੀ ਯਿਸੂ ਮਸੀਹ ਨੂੰ ਜੀਉਂਦਾ ਕੀਤਾ।
“ਕੁਝ . . . ਨਿਹਚਾ ਕਰਨ ਲੱਗ ਪਏ” (ਰਸੂ. 17:32-34)
23. ਪੌਲੁਸ ਦਾ ਭਾਸ਼ਣ ਸੁਣ ਕੇ ਲੋਕਾਂ ਨੇ ਕਿਹੜਾ ਵੱਖੋ-ਵੱਖਰਾ ਰਵੱਈਆ ਦਿਖਾਇਆ?
23 ਪੌਲੁਸ ਦਾ ਭਾਸ਼ਣ ਸੁਣ ਕੇ ਲੋਕਾਂ ਨੇ ਵੱਖੋ-ਵੱਖਰਾ ਰਵੱਈਆ ਦਿਖਾਇਆ। “ਕੁਝ ਲੋਕ ਮਜ਼ਾਕ ਉਡਾਉਣ ਲੱਗ ਪਏ” ਜਦੋਂ ਉਨ੍ਹਾਂ ਨੇ ਇਕ ਮਰੇ ਹੋਏ ਇਨਸਾਨ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਸੁਣਿਆ। ਦੂਸਰੇ ਲੋਕਾਂ ਨੇ ਬੱਸ ਇੰਨਾ ਹੀ ਕਿਹਾ: “ਅਸੀਂ ਫੇਰ ਕਦੇ ਤੇਰੀ ਗੱਲ ਸੁਣਾਂਗੇ।” (ਰਸੂ. 17:32) ਪਰ ਕੁਝ ਲੋਕਾਂ ਨੇ ਸਹੀ ਕਦਮ ਉਠਾਇਆ: “ਕੁਝ ਆਦਮੀ ਉਸ ਨਾਲ ਰਲ਼ ਗਏ ਅਤੇ ਨਿਹਚਾ ਕਰਨ ਲੱਗ ਪਏ ਜਿਨ੍ਹਾਂ ਵਿਚ ਐਰੀਆਪਗਸ ਦੀ ਅਦਾਲਤ ਦਾ ਇਕ ਜੱਜ ਦਿਆਨੀਸੀਉਸ, ਦਾਮਰਿਸ ਨਾਂ ਦੀ ਇਕ ਤੀਵੀਂ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਲੋਕ ਸਨ।” (ਰਸੂ. 17:34) ਅੱਜ ਵੀ ਪ੍ਰਚਾਰ ਵਿਚ ਲੋਕ ਇਸੇ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹਨ। ਕੁਝ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਕਈ ਲੋਕ ਆਦਰ ਨਾਲ ਗੱਲ ਕਰਦੇ ਹਨ, ਪਰ ਕੋਈ ਦਿਲਚਸਪੀ ਨਹੀਂ ਲੈਂਦੇ। ਸਾਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਕੁਝ ਲੋਕ ਰਾਜ ਦਾ ਸੰਦੇਸ਼ ਕਬੂਲ ਕਰ ਕੇ ਮਸੀਹੀ ਬਣਦੇ ਹਨ।
24. ਪੌਲੁਸ ਦੇ ਭਾਸ਼ਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
24 ਪੌਲੁਸ ਦੇ ਭਾਸ਼ਣ ਉੱਤੇ ਗੌਰ ਕਰ ਕੇ ਅਸੀਂ ਸਿੱਖ ਸਕਦੇ ਹਾਂ ਕਿ ਦਲੀਲਾਂ ਦੇ ਕੇ ਲੋਕਾਂ ਨੂੰ ਕਿਵੇਂ ਕਾਇਲ ਕਰਨਾ ਹੈ ਅਤੇ ਉਨ੍ਹਾਂ ਦੀ ਦਿਲਚਸਪੀ ਮੁਤਾਬਕ ਆਪਣੀ ਗੱਲਬਾਤ ਕਿਵੇਂ ਢਾਲ਼ਣੀ ਹੈ। ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਲੋਕਾਂ ਨਾਲ ਧੀਰਜ ਤੇ ਸਮਝਦਾਰੀ ਨਾਲ ਪੇਸ਼ ਆਉਣਾ ਸਿੱਖਦੇ ਹਾਂ ਜਿਨ੍ਹਾਂ ਦੀਆਂ ਅੱਖਾਂ ਉੱਤੇ ਝੂਠੀਆਂ ਧਾਰਮਿਕ ਸਿੱਖਿਆਵਾਂ ਦਾ ਪਰਦਾ ਪਿਆ ਹੋਇਆ ਹੈ। ਅਸੀਂ ਇਹ ਵੀ ਅਹਿਮ ਸਬਕ ਸਿੱਖਦੇ ਹਾਂ: ਅਸੀਂ ਲੋਕਾਂ ਨੂੰ ਨਾਰਾਜ਼ ਕਰਨ ਦੇ ਡਰੋਂ ਗੱਲ ਗੋਲ-ਮੋਲ ਕਰਨ ਦੀ ਬਜਾਇ ਸਾਫ਼-ਸਾਫ਼ ਦੱਸਾਂਗੇ ਕਿ ਉਨ੍ਹਾਂ ਨੂੰ ਬਾਈਬਲ ਦੀ ਸਿੱਖਿਆ ਮੁਤਾਬਕ ਕੀ ਕਰਨ ਦੀ ਲੋੜ ਹੈ। ਇਸ ਤਰ੍ਹਾਂ ਪੌਲੁਸ ਦੀ ਮਿਸਾਲ ਉੱਤੇ ਚੱਲ ਕੇ ਅਸੀਂ ਪ੍ਰਚਾਰ ਦੌਰਾਨ ਸਿਖਾਉਣ ਦੀ ਕਲਾ ਨੂੰ ਹੋਰ ਨਿਖਾਰਾਂਗੇ। ਇਸ ਦੇ ਨਾਲ-ਨਾਲ, ਨਿਗਾਹਬਾਨ ਵੀ ਮੰਡਲੀ ਵਿਚ ਬਿਹਤਰ ਤਰੀਕੇ ਨਾਲ ਸਿਖਾਉਣ ਦੇ ਕਾਬਲ ਬਣ ਸਕਦੇ ਹਨ। ਇਸ ਤਰ੍ਹਾਂ, ਅਸੀਂ ਦੂਸਰਿਆਂ ਦੀ “ਪਰਮੇਸ਼ੁਰ ਦੀ ਤਲਾਸ਼ ਕਰਨ . . . ਅਤੇ ਉਸ ਨੂੰ ਲੱਭ ਲੈਣ” ਵਿਚ ਮਦਦ ਕਰਨ ਲਈ ਤਿਆਰ-ਬਰ-ਤਿਆਰ ਹੋਵਾਂਗੇ।—ਰਸੂ. 17:27.
a “ ਐਥਿਨਜ਼—ਪੁਰਾਣੇ ਜ਼ਮਾਨੇ ਦਾ ਸਭਿਆਚਾਰਕ ਕੇਂਦਰ” ਨਾਂ ਦੀ ਡੱਬੀ ਦੇਖੋ।
b “ ਐਪੀਕਿਊਰੀ ਅਤੇ ਸਤੋਇਕੀ ਫ਼ਿਲਾਸਫ਼ਰ” ਨਾਂ ਦੀ ਡੱਬੀ ਦੇਖੋ।
c ਐਕਰੋਪੁਲਿਸ ਦੇ ਉੱਤਰ-ਪੱਛਮ ਵੱਲ ਐਰੀਆਪਗਸ ਉਹ ਜਗ੍ਹਾ ਸੀ ਜਿੱਥੇ ਐਥਿਨਜ਼ ਦੀ ਮੁੱਖ ਅਦਾਲਤ ਲੱਗਦੀ ਸੀ। “ਐਰੀਆਪਗਸ” ਜਾਂ ਤਾਂ ਅਦਾਲਤ ਦਾ ਨਾਂ ਸੀ ਜਾਂ ਫਿਰ ਉਸ ਪਹਾੜੀ ਦਾ ਨਾਂ ਜਿੱਥੇ ਅਦਾਲਤ ਲੱਗਦੀ ਸੀ। ਇਸ ਲਈ ਵਿਦਵਾਨਾਂ ਦੇ ਵੱਖੋ-ਵੱਖਰੇ ਵਿਚਾਰ ਹਨ ਕਿ ਉਸ ਨੂੰ ਕਿੱਥੇ ਲਿਜਾਇਆ ਗਿਆ ਸੀ। ਕਈ ਕਹਿੰਦੇ ਹਨ ਕਿ ਉਸ ਨੂੰ ਇਸ ਪਹਾੜੀ ʼਤੇ ਲਿਜਾਇਆ ਗਿਆ ਸੀ, ਕੁਝ ਕਹਿੰਦੇ ਹਨ ਕਿ ਇਸ ਦੇ ਨੇੜੇ ਜਾਂ ਕਿਤੇ ਹੋਰ ਲਿਜਾਇਆ ਗਿਆ ਸੀ ਜਿੱਥੇ ਨਿਆਂਕਾਰਾਂ ਦੀ ਸਭਾ ਹੋਈ ਸੀ, ਸ਼ਾਇਦ ਬਾਜ਼ਾਰ ਵਿਚ।
d ਯੂਨਾਨੀ ਸ਼ਬਦ ਕੋਸਮੋਸ ਦਾ ਅਨੁਵਾਦ “ਦੁਨੀਆਂ” ਕੀਤਾ ਗਿਆ ਹੈ। ਯੂਨਾਨੀ ਲੋਕ ਇਹ ਸ਼ਬਦ ਬ੍ਰਹਿਮੰਡ ਲਈ ਇਸਤੇਮਾਲ ਕਰਦੇ ਸਨ। ਇਸ ਲਈ ਮੁਮਕਿਨ ਹੈ ਕਿ ਪੌਲੁਸ ਨੇ ਬ੍ਰਹਿਮੰਡ ਦੇ ਅਰਥ ਵਿਚ ਇਹ ਸ਼ਬਦ ਵਰਤ ਕੇ ਉਨ੍ਹਾਂ ਦੀ ਦਿਲਚਸਪੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ।
e ਪੌਲੁਸ ਨੇ ਸਤੋਇਕੀ ਕਵੀ ਅਰਾਟੱਸ ਦੀ ਕਵਿਤਾ ਫੀਨੋਮੀਨਾ ਵਿੱਚੋਂ ਹਵਾਲਾ ਦਿੱਤਾ ਸੀ। ਅਜਿਹੇ ਸ਼ਬਦ ਸਤੋਇਕੀ ਲੇਖਕ ਕਲੀਆਨਤੀਸ ਦੁਆਰਾ ਲਿਖੇ ਜ਼ੂਸ ਦਾ ਭਜਨ (ਅੰਗ੍ਰੇਜ਼ੀ) ਅਤੇ ਹੋਰ ਯੂਨਾਨੀ ਕਿਤਾਬਾਂ ਵਿਚ ਵੀ ਪਾਏ ਜਾਂਦੇ ਹਨ।