ਪਾਠ 92
ਯਿਸੂ ਮਛੇਰਿਆਂ ਸਾਮ੍ਹਣੇ ਪ੍ਰਗਟ ਹੋਇਆ
ਯਿਸੂ ਨੂੰ ਰਸੂਲਾਂ ਸਾਮ੍ਹਣੇ ਪ੍ਰਗਟ ਹੋਇਆਂ ਨੂੰ ਕੁਝ ਸਮਾਂ ਹੀ ਹੋਇਆ ਸੀ। ਇਸ ਤੋਂ ਬਾਅਦ ਪਤਰਸ ਗਲੀਲ ਦੀ ਝੀਲ ʼਤੇ ਮੱਛੀਆਂ ਫੜਨ ਗਿਆ। ਥੋਮਾ, ਯਾਕੂਬ, ਯੂਹੰਨਾ ਅਤੇ ਕੁਝ ਹੋਰ ਚੇਲੇ ਉਸ ਦੇ ਨਾਲ ਗਏ। ਉਨ੍ਹਾਂ ਨੇ ਸਾਰੀ ਰਾਤ ਮੱਛੀਆਂ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਕ ਵੀ ਮੱਛੀ ਨਾ ਫੜ ਸਕੇ।
ਅਗਲੇ ਦਿਨ ਸਵੇਰੇ-ਸਵੇਰੇ, ਉਨ੍ਹਾਂ ਨੇ ਕੰਢੇ ʼਤੇ ਇਕ ਆਦਮੀ ਖੜ੍ਹਾ ਦੇਖਿਆ। ਉਸ ਨੇ ਉਨ੍ਹਾਂ ਨੂੰ ਆਵਾਜ਼ ਮਾਰ ਕੇ ਕਿਹਾ: ‘ਕੀ ਤੁਸੀਂ ਕੋਈ ਮੱਛੀ ਫੜੀ?’ ਉਨ੍ਹਾਂ ਨੇ ਉਸ ਨੂੰ ਕਿਹਾ: “ਨਹੀਂ!” ਆਦਮੀ ਨੇ ਕਿਹਾ: “ਕਿਸ਼ਤੀ ਦੇ ਸੱਜੇ ਪਾਸੇ ਜਾਲ਼ ਪਾਓ।” ਜਦੋਂ ਉਨ੍ਹਾਂ ਨੇ ਇੱਦਾਂ ਕੀਤਾ, ਤਾਂ ਜਾਲ਼ ਵਿਚ ਇੰਨੀਆਂ ਮੱਛੀਆਂ ਫਸ ਗਈਆਂ ਕਿ ਉਹ ਜਾਲ਼ ਨੂੰ ਖਿੱਚ ਨਾ ਸਕੇ। ਯੂਹੰਨਾ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਹ ਆਦਮੀ ਤਾਂ ਯਿਸੂ ਹੈ ਅਤੇ ਉਸ ਨੇ ਕਿਹਾ: “ਇਹ ਤਾਂ ਪ੍ਰਭੂ ਹੈ!” ਪਤਰਸ ਨੇ ਇਕਦਮ ਝੀਲ ਵਿਚ ਛਾਲ ਮਾਰ ਦਿੱਤੀ ਅਤੇ ਕੰਢੇ ਤਕ ਤੈਰ ਕੇ ਗਿਆ। ਹੋਰ ਚੇਲੇ ਕਿਸ਼ਤੀ ਵਿਚ ਉਸ ਦੇ ਪਿੱਛੇ ਗਏ।
ਕੰਢੇ ʼਤੇ ਪਹੁੰਚ ਕੇ ਉਨ੍ਹਾਂ ਨੇ ਦੇਖਿਆ ਕਿ ਅੱਗ ʼਤੇ ਰੋਟੀਆਂ ਅਤੇ ਮੱਛੀਆਂ ਪਈਆਂ ਹੋਈਆਂ ਸਨ। ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਜਿਹੜੀਆਂ ਮੱਛੀਆਂ ਉਨ੍ਹਾਂ ਨੇ ਫੜੀਆਂ ਸਨ, ਉਨ੍ਹਾਂ ਵਿੱਚੋਂ ਕੁਝ ਲਿਆਉਣ। ਫਿਰ ਉਸ ਨੇ ਕਿਹਾ: ‘ਆਓ, ਨਾਸ਼ਤਾ ਕਰੋ।’
ਨਾਸ਼ਤਾ ਕਰਨ ਤੋਂ ਬਾਅਦ ਯਿਸੂ ਨੇ ਪਤਰਸ ਨੂੰ ਪੁੱਛਿਆ: ‘ਕੀ ਤੂੰ ਮੈਨੂੰ ਮੱਛੀਆਂ ਦੇ ਕਾਰੋਬਾਰ ਨਾਲੋਂ ਜ਼ਿਆਦਾ ਪਿਆਰ ਕਰਦਾ ਹੈਂ?’ ਪਤਰਸ ਨੇ ਕਿਹਾ: ‘ਹਾਂ ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਜ਼ਿਆਦਾ ਪਿਆਰ ਕਰਦਾ ਹਾਂ।’ ਯਿਸੂ ਨੇ ਕਿਹਾ: ‘ਫਿਰ ਚਰਵਾਹੇ ਵਾਂਗ ਮੇਰੇ ਲੇਲਿਆਂ ਦੀ ਦੇਖ-ਭਾਲ ਕਰ।’ ਯਿਸੂ ਨੇ ਦੁਬਾਰਾ ਪੁੱਛਿਆ: ‘ਪਤਰਸ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?’ ਪਤਰਸ ਨੇ ਕਿਹਾ: ‘ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।’ ਯਿਸੂ ਨੇ ਕਿਹਾ: “ਮੇਰੇ ਲੇਲਿਆਂ ਨੂੰ ਚਾਰ।” ਯਿਸੂ ਨੇ ਤੀਸਰੀ ਵਾਰ ਉਸ ਨੂੰ ਪੁੱਛਿਆ। ਪਤਰਸ ਬਹੁਤ ਦੁਖੀ ਹੋਇਆ। ਉਸ ਨੇ ਕਿਹਾ: ‘ਪ੍ਰਭੂ, ਤੂੰ ਸਾਰਾ ਕੁਝ ਜਾਣਦਾ ਹੈਂ। ਤੈਨੂੰ ਪਤਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।’ ਯਿਸੂ ਨੇ ਕਿਹਾ: “ਮੇਰੇ ਲੇਲਿਆਂ ਨੂੰ ਚਾਰ।” ਫਿਰ ਉਸ ਨੇ ਪਤਰਸ ਨੂੰ ਕਿਹਾ: “ਮੇਰੇ ਪਿੱਛੇ-ਪਿੱਛੇ ਚੱਲਦਾ ਰਹਿ।”
“[ਯਿਸੂ] ਨੇ ਉਨ੍ਹਾਂ ਨੂੰ ਕਿਹਾ: ‘ਮੇਰੇ ਮਗਰ ਆਓ ਅਤੇ ਮੈਂ ਤੁਹਾਨੂੰ ਇਨਸਾਨਾਂ ਨੂੰ ਫੜਨਾ ਸਿਖਾਵਾਂਗਾ ਜਿਵੇਂ ਤੁਸੀਂ ਮੱਛੀਆਂ ਫੜਦੇ ਹੋ।’ ਉਹ ਉਸੇ ਵੇਲੇ ਆਪਣੇ ਜਾਲ਼ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ।”—ਮੱਤੀ 4:19, 20