ਪਾਠ 20
ਅੱਜ ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ?
ਪਹਿਲੀ ਸਦੀ ਵਿਚ “ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ” ਦਾ ਛੋਟਾ ਜਿਹਾ ਸਮੂਹ ਪ੍ਰਬੰਧਕ ਸਭਾ ਵਜੋਂ ਸੇਵਾ ਕਰਦਾ ਸੀ ਤੇ ਸਾਰੇ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਲਈ ਅਹਿਮ ਫ਼ੈਸਲੇ ਕਰਦਾ ਸੀ। (ਰਸੂਲਾਂ ਦੇ ਕੰਮ 15:2) ਇਸ ਪ੍ਰਬੰਧਕ ਸਭਾ ਦੇ ਮੈਂਬਰ ਧਰਮ-ਗ੍ਰੰਥ ਦੇ ਹਵਾਲਿਆਂ ਉੱਤੇ ਚਰਚਾ ਕਰ ਕੇ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਸਹਿਮਤੀ ਨਾਲ ਫ਼ੈਸਲੇ ਕਰਦੇ ਸਨ। (ਰਸੂਲਾਂ ਦੇ ਕੰਮ 15:25) ਅੱਜ ਵੀ ਇਸੇ ਤਰ੍ਹਾਂ ਕੀਤਾ ਜਾਂਦਾ ਹੈ।
ਇਸ ਨੂੰ ਪਰਮੇਸ਼ੁਰ ਆਪਣੀ ਇੱਛਾ ਪੂਰੀ ਕਰਨ ਲਈ ਵਰਤਦਾ ਹੈ। ਜਿਹੜੇ ਭਰਾ ਪ੍ਰਬੰਧਕ ਸਭਾ ਵਜੋਂ ਸੇਵਾ ਕਰਦੇ ਹਨ, ਉਹ ਪਰਮੇਸ਼ੁਰ ਦੇ ਬਚਨ ਵਿਚ ਗਹਿਰੀ ਦਿਲਚਸਪੀ ਰੱਖਦੇ ਹਨ ਅਤੇ ਉਨ੍ਹਾਂ ਕੋਲ ਪ੍ਰਚਾਰ ਕੰਮ ਸੰਬੰਧੀ ਫ਼ੈਸਲੇ ਕਰਨ ਤੇ ਪਰਮੇਸ਼ੁਰ ਦੀ ਸੇਵਾ ਨਾਲ ਸੰਬੰਧਿਤ ਮਾਮਲਿਆਂ ਨੂੰ ਨਜਿੱਠਣ ਦਾ ਕਾਫ਼ੀ ਤਜਰਬਾ ਹੈ। ਪ੍ਰਬੰਧਕ ਸਭਾ ਦੇ ਮੈਂਬਰ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਦੀਆਂ ਲੋੜਾਂ ਬਾਰੇ ਗੱਲਬਾਤ ਕਰਨ ਲਈ ਹਰ ਹਫ਼ਤੇ ਮੀਟਿੰਗ ਕਰਦੇ ਹਨ। ਨਾਲੇ ਉਹ ਪਹਿਲੀ ਸਦੀ ਦੀ ਤਰ੍ਹਾਂ ਚਿੱਠੀਆਂ, ਸਰਕਟ ਨਿਗਾਹਬਾਨਾਂ ਅਤੇ ਹੋਰਨਾਂ ਦੇ ਜ਼ਰੀਏ ਬਾਈਬਲ ਤੋਂ ਹਿਦਾਇਤਾਂ ਦਿੰਦੇ ਹਨ। ਇਸ ਕਾਰਨ ਪਰਮੇਸ਼ੁਰ ਦੇ ਲੋਕਾਂ ਦੀ ਇੱਕੋ ਸੋਚ ਹੁੰਦੀ ਹੈ ਅਤੇ ਉਨ੍ਹਾਂ ਦੀ ਏਕਤਾ ਵਧਦੀ ਹੈ। (ਰਸੂਲਾਂ ਦੇ ਕੰਮ 16:4, 5) ਪ੍ਰਬੰਧਕ ਸਭਾ ਧਿਆਨ ਰੱਖਦੀ ਹੈ ਕਿ ਸਾਨੂੰ ਪਰਮੇਸ਼ੁਰ ਦਾ ਜੋ ਵੀ ਗਿਆਨ ਦਿੱਤਾ ਜਾਂਦਾ ਹੈ ਉਹ ਸਹੀ ਹੋਵੇ। ਇਸ ਦੇ ਨਾਲ-ਨਾਲ ਉਹ ਸਾਰਿਆਂ ਨੂੰ ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣ ਦੀ ਹੱਲਾਸ਼ੇਰੀ ਦਿੰਦੀ ਹੈ। ਨਾਲੇ ਉਹ ਭਰਾਵਾਂ ਨੂੰ ਜ਼ਿੰਮੇਵਾਰੀ ਦੇ ਅਹੁਦੇ ’ਤੇ ਨਿਯੁਕਤ ਕਰਨ ਦੇ ਕੰਮ ਦੀ ਦੇਖ-ਰੇਖ ਕਰਦੀ ਹੈ।
ਇਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਦੀ ਹੈ। ਪ੍ਰਬੰਧਕ ਸਭਾ ਸਾਰੇ ਜਹਾਨ ਦੇ ਮਾਲਕ ਯਹੋਵਾਹ ਪਰਮੇਸ਼ੁਰ ਅਤੇ ਮੰਡਲੀ ਦੇ ਮੁਖੀ ਯਿਸੂ ਤੋਂ ਸੇਧ ਲੈਂਦੀ ਹੈ। (1 ਕੁਰਿੰਥੀਆਂ 11:3; ਅਫ਼ਸੀਆਂ 5:23) ਪ੍ਰਬੰਧਕ ਸਭਾ ਦੇ ਮੈਂਬਰ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੋਕਾਂ ਦੇ ਆਗੂ ਨਹੀਂ ਸਮਝਦੇ। ਉਹ ਬਾਕੀ ਚੁਣੇ ਹੋਏ ਮਸੀਹੀਆਂ ਦੇ ਨਾਲ “ਲੇਲੇ [ਯਿਸੂ] ਦੇ ਪਿੱਛੇ-ਪਿੱਛੇ ਜਾਂਦੇ ਹਨ।” (ਪ੍ਰਕਾਸ਼ ਦੀ ਕਿਤਾਬ 14:4) ਪ੍ਰਬੰਧਕ ਸਭਾ ਇਸ ਗੱਲ ਦੀ ਕਦਰ ਕਰਦੀ ਹੈ ਕਿ ਅਸੀਂ ਉਸ ਲਈ ਪ੍ਰਾਰਥਨਾਵਾਂ ਕਰਦੇ ਹਾਂ।
-
ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਕੌਣ ਸਨ?
-
ਅੱਜ ਪ੍ਰਬੰਧਕ ਸਭਾ ਕਿਸੇ ਗੱਲ ਬਾਰੇ ਪਰਮੇਸ਼ੁਰ ਦੇ ਵਿਚਾਰ ਜਾਣਨ ਦੀ ਕਿਵੇਂ ਕੋਸ਼ਿਸ਼ ਕਰਦੀ ਹੈ?