ਭਾਗ 5
ਮਹਾਂ ਜਲ-ਪਰਲੋ—ਕਿਨ੍ਹਾਂ ਨੇ ਰੱਬ ਦੀ ਸੁਣੀ? ਕਿਨ੍ਹਾਂ ਨੇ ਨਹੀਂ ਸੁਣੀ?
ਨੂਹ ਦੇ ਜ਼ਮਾਨੇ ਵਿਚ ਜ਼ਿਆਦਾਤਰ ਲੋਕਾਂ ਨੇ ਉਹ ਕੀਤਾ ਜੋ ਬੁਰਾ ਸੀ। ਉਤਪਤ 6:5
ਆਦਮ ਅਤੇ ਹੱਵਾਹ ਦੇ ਬੱਚੇ ਹੋਏ ਅਤੇ ਧਰਤੀ ਉੱਤੇ ਲੋਕਾਂ ਦੀ ਆਬਾਦੀ ਵਧ ਗਈ। ਸਮੇਂ ਦੇ ਬੀਤਣ ਨਾਲ ਦੂਸਰੇ ਫ਼ਰਿਸ਼ਤੇ ਵੀ ਸ਼ੈਤਾਨ ਨਾਲ ਰਲ਼ ਕੇ ਪਰਮੇਸ਼ੁਰ ਦੇ ਖ਼ਿਲਾਫ਼ ਹੋ ਗਏ।
ਉਨ੍ਹਾਂ ਨੇ ਧਰਤੀ ਉੱਤੇ ਆ ਕੇ ਇਨਸਾਨੀ ਦੇਹਾਂ ਧਾਰੀਆਂ ਤਾਂ ਜੋ ਉਹ ਤੀਵੀਆਂ ਨਾਲ ਵਿਆਹ ਕਰਾ ਸਕਣ। ਇਨ੍ਹਾਂ ਤੀਵੀਆਂ ਦੇ ਅਜਿਹੇ ਬੱਚੇ ਪੈਦਾ ਹੋਏ ਜੋ ਆਮ ਇਨਸਾਨਾਂ ਵਰਗੇ ਨਹੀਂ ਸਨ, ਸਗੋਂ ਉਹ ਬਹੁਤ ਵਹਿਸ਼ੀ ਅਤੇ ਤਾਕਤਵਰ ਸਨ।
ਪੂਰੀ ਦੁਨੀਆਂ ਬੁਰੇ ਲੋਕਾਂ ਨਾਲ ਭਰੀ ਪਈ ਸੀ। ਬਾਈਬਲ ਕਹਿੰਦੀ ਹੈ: “ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।”
ਉਤਪਤ 6:13, 14, 18, 19, 22
ਨੂਹ ਨੇ ਪਰਮੇਸ਼ੁਰ ਦੀ ਸੁਣੀ ਅਤੇ ਕਿਸ਼ਤੀ ਬਣਾਈ।ਨੂਹ ਇਕ ਚੰਗਾ ਆਦਮੀ ਸੀ। ਯਹੋਵਾਹ ਨੇ ਉਸ ਨੂੰ ਕਿਹਾ ਕਿ ‘ਮੈਂ ਜਲ-ਪਰਲੋ ਲਿਆ ਕੇ ਭੈੜੇ ਲੋਕਾਂ ਨੂੰ ਖ਼ਤਮ ਕਰਨ ਜਾ ਰਿਹਾ ਹਾਂ।’
ਪਰਮੇਸ਼ੁਰ ਨੇ ਨੂਹ ਨੂੰ ਇਕ ਵੱਡੀ ਕਿਸ਼ਤੀ ਬਣਾਉਣ ਅਤੇ ਉਸ ਅੰਦਰ ਆਪਣੇ ਪਰਿਵਾਰ ਸਣੇ ਹਰ ਕਿਸਮ ਦਾ ਜਾਨਵਰ ਲੈ ਜਾਣ ਲਈ ਕਿਹਾ।
ਨੂਹ ਨੇ ਲੋਕਾਂ ਨੂੰ ਆਉਣ ਵਾਲੀ ਪਰਲੋ ਬਾਰੇ ਚੇਤਾਵਨੀ ਦਿੱਤੀ, ਪਰ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ। ਕਈ ਲੋਕ ਨੂਹ ’ਤੇ ਹੱਸੇ ਅਤੇ ਕਈ ਉਸ ਨਾਲ ਨਫ਼ਰਤ ਕਰਨ ਲੱਗੇ।
ਜਦੋਂ ਨੂਹ ਕਿਸ਼ਤੀ ਬਣਾ ਹਟਿਆ, ਤਾਂ ਉਸ ਨੇ ਜਾਨਵਰਾਂ ਨੂੰ ਅੰਦਰ ਲਿਆਂਦਾ।