ਉਤਪਤ 46:1-34

  • ਯਾਕੂਬ ਅਤੇ ਉਸ ਦਾ ਘਰਾਣਾ ਮਿਸਰ ਆਇਆ (1-7)

  • ਮਿਸਰ ਜਾਣ ਵਾਲਿਆਂ ਦੇ ਨਾਂ (8-27)

  • ਯੂਸੁਫ਼ ਯਾਕੂਬ ਨੂੰ ਗੋਸ਼ਨ ਵਿਚ ਮਿਲਿਆ (28-34)

46  ਇਸ ਲਈ ਇਜ਼ਰਾਈਲ ਆਪਣਾ ਪੂਰਾ ਪਰਿਵਾਰ ਅਤੇ ਆਪਣਾ ਸਾਰਾ ਕੁਝ ਲੈ ਕੇ ਤੁਰ ਪਿਆ। ਜਦੋਂ ਉਹ ਬਏਰ-ਸ਼ਬਾ+ ਪਹੁੰਚਿਆ, ਤਾਂ ਉੱਥੇ ਉਸ ਨੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ+ ਨੂੰ ਬਲ਼ੀਆਂ ਚੜ੍ਹਾਈਆਂ।  ਫਿਰ ਪਰਮੇਸ਼ੁਰ ਨੇ ਰਾਤ ਨੂੰ ਇਕ ਦਰਸ਼ਣ ਵਿਚ ਇਜ਼ਰਾਈਲ ਨਾਲ ਗੱਲ ਕੀਤੀ ਅਤੇ ਕਿਹਾ: “ਯਾਕੂਬ, ਯਾਕੂਬ!” ਉਸ ਨੇ ਕਿਹਾ: “ਪ੍ਰਭੂ, ਮੈਂ ਹਾਜ਼ਰ ਹਾਂ!”  ਪਰਮੇਸ਼ੁਰ ਨੇ ਕਿਹਾ: “ਮੈਂ ਸੱਚਾ ਪਰਮੇਸ਼ੁਰ, ਹਾਂ, ਤੇਰੇ ਪਿਤਾ ਦਾ ਪਰਮੇਸ਼ੁਰ ਹਾਂ।+ ਤੂੰ ਮਿਸਰ ਜਾਣ ਤੋਂ ਨਾ ਡਰ ਕਿਉਂਕਿ ਉੱਥੇ ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।+  ਮੈਂ ਵੀ ਤੇਰੇ ਨਾਲ ਮਿਸਰ ਨੂੰ ਜਾਵਾਂਗਾ ਅਤੇ ਮੈਂ ਹੀ ਤੈਨੂੰ ਉੱਥੋਂ ਵਾਪਸ ਲੈ ਕੇ ਆਵਾਂਗਾ।+ ਯੂਸੁਫ਼ ਤੇਰੀਆਂ ਅੱਖਾਂ ’ਤੇ ਆਪਣਾ ਹੱਥ ਰੱਖੇਗਾ।”*+  ਇਸ ਤੋਂ ਬਾਅਦ ਯਾਕੂਬ ਬਏਰ-ਸ਼ਬਾ ਤੋਂ ਤੁਰ ਪਿਆ। ਫ਼ਿਰਊਨ ਨੇ ਉਸ ਨੂੰ ਲਿਆਉਣ ਲਈ ਜੋ ਗੱਡੇ ਘੱਲੇ ਸਨ, ਉਸ ਦੇ ਪੁੱਤਰ ਉਨ੍ਹਾਂ ਗੱਡਿਆਂ ’ਤੇ ਉਸ* ਨੂੰ, ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਬਿਠਾ ਕੇ ਲੈ ਗਏ।  ਉਹ ਕਨਾਨ ਦੇਸ਼ ਵਿਚ ਇਕੱਠੇ ਕੀਤੇ ਸਾਰੇ ਪਾਲਤੂ ਜਾਨਵਰ ਅਤੇ ਸਾਮਾਨ ਆਪਣੇ ਨਾਲ ਲੈ ਗਏ। ਉਹ ਯਾਕੂਬ ਅਤੇ ਆਪਣੇ ਸਾਰੇ ਬੱਚਿਆਂ ਨੂੰ ਲੈ ਕੇ ਮਿਸਰ ਪਹੁੰਚ ਗਏ।  ਯਾਕੂਬ ਆਪਣੇ ਸਾਰੇ ਧੀਆਂ-ਪੁੱਤਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਨਾਲ ਮਿਸਰ ਲੈ ਆਇਆ।  ਇਹ ਇਜ਼ਰਾਈਲ ਯਾਨੀ ਯਾਕੂਬ ਦੇ ਪੁੱਤਰਾਂ ਦੇ ਨਾਂ ਹਨ ਜੋ ਮਿਸਰ ਆਏ ਸਨ:+ ਰਊਬੇਨ ਯਾਕੂਬ ਦਾ ਜੇਠਾ ਪੁੱਤਰ ਸੀ।+  ਰਊਬੇਨ ਦੇ ਪੁੱਤਰ ਸਨ ਹਾਨੋਕ, ਪੱਲੂ, ਹਸਰੋਨ ਅਤੇ ਕਰਮੀ।+ 10  ਸ਼ਿਮਓਨ+ ਦੇ ਪੁੱਤਰ ਸਨ ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ+ ਜੋ ਇਕ ਕਨਾਨੀ ਤੀਵੀਂ ਦਾ ਪੁੱਤਰ ਸੀ। 11  ਲੇਵੀ+ ਦੇ ਪੁੱਤਰ ਸਨ ਗੇਰਸ਼ੋਨ, ਕਹਾਥ ਅਤੇ ਮਰਾਰੀ।+ 12  ਯਹੂਦਾਹ+ ਦੇ ਪੁੱਤਰ ਸਨ ਏਰ, ਓਨਾਨ, ਸ਼ੇਲਾਹ,+ ਪਰਸ+ ਅਤੇ ਜ਼ਰਾਹ।+ ਪਰ ਏਰ ਅਤੇ ਓਨਾਨ ਕਨਾਨ ਦੇਸ਼ ਵਿਚ ਮਰ ਗਏ ਸਨ।+ ਪਰਸ ਦੇ ਪੁੱਤਰ ਸਨ ਹਸਰੋਨ ਅਤੇ ਹਾਮੂਲ।+ 13  ਯਿਸਾਕਾਰ ਦੇ ਪੁੱਤਰ ਸਨ ਤੋਲਾ, ਪੁੱਵਾਹ, ਯੋਬ ਅਤੇ ਸ਼ਿਮਰੋਨ।+ 14  ਜ਼ਬੂਲੁਨ+ ਦੇ ਪੁੱਤਰ ਸਨ ਸਿਰੇਦ, ਏਲੋਨ ਅਤੇ ਯਹਲਏਲ।+ 15  ਪਦਨ-ਅਰਾਮ ਵਿਚ ਲੇਆਹ ਨੇ ਯਾਕੂਬ ਦੇ ਇਨ੍ਹਾਂ ਸਾਰੇ ਪੁੱਤਰਾਂ ਅਤੇ ਉਸ ਦੀ ਧੀ ਦੀਨਾਹ+ ਨੂੰ ਜਨਮ ਦਿੱਤਾ ਸੀ। ਯਾਕੂਬ ਦੇ ਧੀਆਂ-ਪੁੱਤਰਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਕੁੱਲ ਗਿਣਤੀ 33 ਸੀ। 16  ਗਾਦ+ ਦੇ ਪੁੱਤਰ ਸਨ ਸਿਫਯੋਨ, ਹੱਗੀ, ਸ਼ੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ।+ 17  ਆਸ਼ੇਰ+ ਦੇ ਪੁੱਤਰ ਸਨ ਯਿਮਨਾਹ, ਯਿਸ਼ਵਾਹ, ਯਿਸ਼ਵੀ ਅਤੇ ਬਰੀਆਹ ਤੇ ਉਨ੍ਹਾਂ ਦੀ ਭੈਣ ਦਾ ਨਾਂ ਸਰਹ ਸੀ। ਬਰੀਆਹ ਦੇ ਪੁੱਤਰ ਸਨ ਹੇਬਰ ਅਤੇ ਮਲਕੀਏਲ।+ 18  ਇਹ ਸਾਰੇ ਜਿਲਫਾਹ+ ਦੇ ਪੁੱਤਰ ਸਨ। ਜਿਲਫਾਹ ਲੇਆਹ ਦੀ ਨੌਕਰਾਣੀ ਸੀ ਜੋ ਉਸ ਦੇ ਪਿਤਾ ਲਾਬਾਨ ਨੇ ਉਸ ਨੂੰ ਦਿੱਤੀ ਸੀ। ਉਸ ਨੇ ਯਾਕੂਬ ਲਈ ਜੋ ਬੱਚੇ ਪੈਦਾ ਕੀਤੇ, ਉਨ੍ਹਾਂ ਦੀ ਕੁੱਲ ਗਿਣਤੀ 16 ਸੀ। 19  ਯਾਕੂਬ ਦੀ ਪਤਨੀ ਰਾਕੇਲ ਦੇ ਪੁੱਤਰ ਸਨ ਯੂਸੁਫ਼+ ਅਤੇ ਬਿਨਯਾਮੀਨ।+ 20  ਮਿਸਰ ਵਿਚ ਯੂਸੁਫ਼ ਦੇ ਘਰ ਦੋ ਪੁੱਤਰ ਮਨੱਸ਼ਹ+ ਅਤੇ ਇਫ਼ਰਾਈਮ+ ਪੈਦਾ ਹੋਏ ਜਿਨ੍ਹਾਂ ਨੂੰ ਓਨ* ਸ਼ਹਿਰ ਦੇ ਪੁਜਾਰੀ ਪੋਟੀਫਰਾ ਦੀ ਧੀ ਆਸਨਥ+ ਨੇ ਜਨਮ ਦਿੱਤਾ ਸੀ। 21  ਬਿਨਯਾਮੀਨ ਦੇ ਪੁੱਤਰ+ ਸਨ ਬੇਲਾ, ਬਕਰ, ਅਸ਼ਬੇਲ, ਗੇਰਾ,+ ਨਾਮਾਨ, ਏਹੀ, ਰੋਸ਼, ਮੁਫੀਮ, ਹੁੱਪੀਮ+ ਅਤੇ ਅਰਦ।+ 22  ਯਾਕੂਬ ਦੇ ਇਹ ਪੁੱਤਰ ਰਾਕੇਲ ਦੀ ਕੁੱਖੋਂ ਪੈਦਾ ਹੋਏ ਸਨ। ਇਨ੍ਹਾਂ ਦੀ ਕੁੱਲ ਗਿਣਤੀ 14 ਸੀ। 23  ਦਾਨ+ ਦਾ ਪੁੱਤਰ ਹੁਸ਼ੀਮ+ ਸੀ। 24  ਨਫ਼ਤਾਲੀ+ ਦੇ ਪੁੱਤਰ ਸਨ ਯਹਸਏਲ, ਗੂਨੀ, ਯੇਸਰ ਅਤੇ ਸ਼ਿਲੇਮ।+ 25  ਇਹ ਸਾਰੇ ਬਿਲਹਾਹ ਦੇ ਪੁੱਤਰ ਸਨ। ਬਿਲਹਾਹ ਰਾਕੇਲ ਦੀ ਨੌਕਰਾਣੀ ਸੀ ਜੋ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਸੀ। ਉਸ ਨੇ ਯਾਕੂਬ ਲਈ ਜੋ ਬੱਚੇ ਪੈਦਾ ਕੀਤੇ, ਉਨ੍ਹਾਂ ਦੀ ਕੁੱਲ ਗਿਣਤੀ ਸੱਤ ਸੀ। 26  ਯਾਕੂਬ ਦੇ ਪੁੱਤਰਾਂ ਦੀਆਂ ਪਤਨੀਆਂ ਤੋਂ ਇਲਾਵਾ ਯਾਕੂਬ ਦੀ ਪੂਰੀ ਔਲਾਦ ਦੀ ਗਿਣਤੀ 66 ਸੀ ਜੋ ਉਸ ਨਾਲ ਮਿਸਰ ਗਏ ਸਨ।+ 27  ਮਿਸਰ ਵਿਚ ਯੂਸੁਫ਼ ਦੇ ਦੋ ਪੁੱਤਰ ਹੋਏ ਸਨ। ਯਾਕੂਬ ਦੇ ਪਰਿਵਾਰ ਦੇ 70 ਜੀਅ ਮਿਸਰ ਆਏ ਸਨ।+ 28  ਯਾਕੂਬ ਨੇ ਯਹੂਦਾਹ+ ਨੂੰ ਅੱਗੇ-ਅੱਗੇ ਘੱਲਿਆ ਕਿ ਉਹ ਯੂਸੁਫ਼ ਨੂੰ ਜਾ ਕੇ ਦੱਸੇ ਕਿ ਯਾਕੂਬ ਗੋਸ਼ਨ ਨੂੰ ਆ ਰਿਹਾ ਸੀ। ਜਦੋਂ ਉਹ ਸਾਰੇ ਗੋਸ਼ਨ ਦੇ ਇਲਾਕੇ+ ਵਿਚ ਪਹੁੰਚ ਗਏ, 29  ਤਾਂ ਯੂਸੁਫ਼ ਆਪਣੇ ਰਥ ਵਿਚ ਬੈਠ ਕੇ ਆਪਣੇ ਪਿਤਾ ਇਜ਼ਰਾਈਲ ਨੂੰ ਮਿਲਣ ਗੋਸ਼ਨ ਗਿਆ। ਜਦੋਂ ਉਹ ਆਪਣੇ ਪਿਤਾ ਕੋਲ ਆਇਆ, ਤਾਂ ਉਹ ਝੱਟ ਉਸ ਦੇ ਗਲ਼ ਲੱਗਾ ਅਤੇ ਕੁਝ ਸਮਾਂ ਰੋਂਦਾ ਰਿਹਾ। 30  ਫਿਰ ਇਜ਼ਰਾਈਲ ਨੇ ਯੂਸੁਫ਼ ਨੂੰ ਕਿਹਾ: “ਮੈਂ ਹੁਣ ਤੈਨੂੰ ਦੇਖ ਲਿਆ ਹੈ ਅਤੇ ਜਾਣ ਗਿਆ ਹਾਂ ਕਿ ਤੂੰ ਜੀਉਂਦਾ ਹੈਂ, ਇਸ ਲਈ ਹੁਣ ਮੈਂ ਸ਼ਾਂਤੀ ਨਾਲ ਮਰ ਸਕਦਾ ਹਾਂ।” 31  ਫਿਰ ਯੂਸੁਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰਾਣੇ ਨੂੰ ਕਿਹਾ: “ਮੈਨੂੰ ਇਜਾਜ਼ਤ ਦਿਓ ਕਿ ਮੈਂ ਜਾ ਕੇ ਫ਼ਿਰਊਨ ਨੂੰ ਦੱਸਾਂ+ ਕਿ ‘ਕਨਾਨ ਦੇਸ਼ ਤੋਂ ਮੇਰੇ ਭਰਾ ਅਤੇ ਮੇਰੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਮੇਰੇ ਕੋਲ ਆਏ ਹਨ।+ 32  ਉਹ ਚਰਵਾਹੇ ਹਨ+ ਅਤੇ ਪਸ਼ੂ ਪਾਲਦੇ ਹਨ।+ ਉਹ ਆਪਣੇ ਨਾਲ ਭੇਡਾਂ-ਬੱਕਰੀਆਂ, ਹੋਰ ਪਾਲਤੂ ਪਸ਼ੂ ਅਤੇ ਆਪਣਾ ਸਾਰਾ ਸਾਮਾਨ ਲੈ ਕੇ ਆਏ ਹਨ।’+ 33  ਜਦੋਂ ਫ਼ਿਰਊਨ ਤੁਹਾਨੂੰ ਬੁਲਾ ਕੇ ਪੁੱਛੇਗਾ, ‘ਤੁਸੀਂ ਕੀ ਕੰਮ ਕਰਦੇ ਹੋ?’ 34  ਤਾਂ ਤੁਸੀਂ ਕਹਿਣਾ, ‘ਤੁਹਾਡੇ ਸੇਵਕ ਆਪਣੇ ਪਿਉ-ਦਾਦਿਆਂ ਵਾਂਗ ਜਵਾਨੀ ਤੋਂ ਹੀ ਪਸ਼ੂ ਪਾਲਣ ਦਾ ਕੰਮ ਕਰਦੇ ਆਏ ਹਨ।’+ ਇਸ ਕਰਕੇ ਫ਼ਿਰਊਨ ਸ਼ਾਇਦ ਤੁਹਾਨੂੰ ਗੋਸ਼ਨ ਦੇ ਇਲਾਕੇ ਵਿਚ ਰਹਿਣ ਦੀ ਇਜਾਜ਼ਤ ਦੇ ਦੇਵੇ+ ਕਿਉਂਕਿ ਮਿਸਰ ਦੇ ਲੋਕ ਭੇਡਾਂ ਚਾਰਨ ਵਾਲਿਆਂ ਨਾਲ ਨਫ਼ਰਤ ਕਰਦੇ ਹਨ।”+

ਫੁਟਨੋਟ

ਯਾਨੀ, ਯਾਕੂਬ ਦੀ ਮੌਤ ਹੋਣ ’ਤੇ ਉਸ ਦੀਆਂ ਅੱਖਾਂ ਬੰਦ ਕਰਨੀਆਂ।
ਇਬ, “ਇਜ਼ਰਾਈਲ।”
ਯਾਨੀ, ਹੀਲੀਓਪੁਲਿਸ।