ਕਹਾਉਤਾਂ 12:1-28
12 ਅਨੁਸ਼ਾਸਨ ਨਾਲ ਪਿਆਰ ਕਰਨ ਵਾਲਾ ਗਿਆਨ ਨਾਲ ਪਿਆਰ ਕਰਦਾ ਹੈ,+ਪਰ ਜਿਹੜਾ ਤਾੜਨਾ ਨਾਲ ਨਫ਼ਰਤ ਕਰਦਾ ਹੈ, ਉਹ ਬੇਅਕਲ ਹੈ।*+
2 ਚੰਗੇ ਇਨਸਾਨ ’ਤੇ ਯਹੋਵਾਹ ਮਿਹਰ ਕਰਦਾ ਹੈ,ਪਰ ਬੁਰੀਆਂ ਸਾਜ਼ਸ਼ਾਂ ਘੜਨ ਵਾਲੇ ਦੀ ਉਹ ਨਿੰਦਿਆ ਕਰਦਾ ਹੈ।+
3 ਬੁਰਾਈ ਕਰ ਕੇ ਕੋਈ ਵੀ ਇਨਸਾਨ ਟਿਕਿਆ ਨਹੀਂ ਰਹਿੰਦਾ,+ਪਰ ਧਰਮੀ ਕਦੇ ਵੀ ਜੜ੍ਹੋਂ ਨਹੀਂ ਪੁੱਟਿਆ ਜਾਵੇਗਾ।
4 ਗੁਣਵਾਨ ਪਤਨੀ ਆਪਣੇ ਪਤੀ ਦੇ ਸਿਰ ਦਾ ਤਾਜ ਹੈ,+ਪਰ ਜਿਹੜੀ ਪਤਨੀ ਸ਼ਰਮਿੰਦਾ ਕਰਨ ਵਾਲੇ ਕੰਮ ਕਰਦੀ ਹੈ, ਮਾਨੋ ਉਹ ਉਸ ਦੀਆਂ ਹੱਡੀਆਂ ਨੂੰ ਗਾਲ਼ਦੀ ਹੈ।+
5 ਧਰਮੀ ਦੇ ਵਿਚਾਰਾਂ ਤੋਂ ਇਨਸਾਫ਼ ਝਲਕਦਾ ਹੈ,ਪਰ ਦੁਸ਼ਟ ਦੀ ਸੇਧ ਧੋਖੇ ਭਰੀ ਹੈ।
6 ਦੁਸ਼ਟਾਂ ਦੀਆਂ ਗੱਲਾਂ ਜਾਨਲੇਵਾ ਫੰਦਾ* ਹਨ,+ਪਰ ਨੇਕ ਇਨਸਾਨਾਂ ਦਾ ਮੂੰਹ ਉਨ੍ਹਾਂ ਨੂੰ ਬਚਾ ਲੈਂਦਾ ਹੈ।+
7 ਜਦੋਂ ਦੁਸ਼ਟਾਂ ਨੂੰ ਡੇਗਿਆ ਜਾਂਦਾ ਹੈ, ਤਾਂ ਉਹ ਨਾਸ਼ ਹੋ ਜਾਂਦੇ ਹਨ,ਪਰ ਧਰਮੀਆਂ ਦਾ ਘਰ ਖੜ੍ਹਾ ਰਹੇਗਾ।+
8 ਸਮਝਦਾਰੀ ਨਾਲ ਮੂੰਹ ਖੋਲ੍ਹਣ ਵਾਲੇ ਦੀ ਵਡਿਆਈ ਹੁੰਦੀ ਹੈ,+ਪਰ ਜਿਸ ਦੇ ਦਿਲ ਵਿਚ ਛਲ-ਕਪਟ ਹੈ, ਉਸ ਨਾਲ ਘਿਰਣਾ ਕੀਤੀ ਜਾਵੇਗੀ।+
9 ਇਕ ਆਮ ਇਨਸਾਨ ਜਿਸ ਕੋਲ ਇੱਕੋ ਨੌਕਰ ਹੈ,ਉਸ ਫੜ੍ਹਾਂ ਮਾਰਨ ਵਾਲੇ ਨਾਲੋਂ ਚੰਗਾ ਹੈ ਜੋ ਰੋਟੀ ਲਈ ਤਰਸਦਾ ਹੈ।+
10 ਧਰਮੀ ਆਪਣੇ ਪਾਲਤੂ ਜਾਨਵਰਾਂ* ਦਾ ਖ਼ਿਆਲ ਰੱਖਦਾ ਹੈ,+ਪਰ ਦੁਸ਼ਟ ਦਾ ਤਾਂ ਰਹਿਮ ਵੀ ਬੇਰਹਿਮ ਹੁੰਦਾ ਹੈ।
11 ਜਿਹੜਾ ਆਪਣੀ ਜ਼ਮੀਨ ਦੱਬ ਕੇ ਵਾਹੁੰਦਾ ਹੈ, ਉਹ ਰੱਜ ਕੇ ਖਾਵੇਗਾ,+ਪਰ ਨਿਕੰਮੀਆਂ ਚੀਜ਼ਾਂ ਪਿੱਛੇ ਭੱਜਣ ਵਾਲਾ ਬੇਅਕਲ* ਹੈ।
12 ਦੁਸ਼ਟ ਆਦਮੀ ਹੋਰਨਾਂ ਬੁਰੇ ਆਦਮੀਆਂ ਦੀ ਲੁੱਟ ਤੋਂ ਜਲ਼ਦਾ ਹੈ,ਪਰ ਧਰਮੀ ਦੀ ਜੜ੍ਹ ਫਲ ਪੈਦਾ ਕਰਦੀ ਹੈ।
13 ਬੁਰਾ ਆਦਮੀ ਆਪਣੀਆਂ ਹੀ ਬੁਰੀਆਂ ਗੱਲਾਂ ਦੇ ਜਾਲ਼ ਵਿਚ ਫਸ ਜਾਂਦਾ ਹੈ,+ਪਰ ਧਰਮੀ ਆਦਮੀ ਬਿਪਤਾ ਤੋਂ ਬਚ ਜਾਂਦਾ ਹੈ।
14 ਆਦਮੀ ਆਪਣੀਆਂ ਗੱਲਾਂ* ਦੇ ਫਲ ਕਾਰਨ ਭਲਾਈ ਨਾਲ ਰੱਜਦਾ ਹੈ+ਅਤੇ ਉਸ ਦੇ ਹੱਥਾਂ ਦੀ ਕਰਨੀ ਦਾ ਉਸ ਨੂੰ ਫਲ ਮਿਲੇਗਾ।
15 ਮੂਰਖ ਦਾ ਰਾਹ ਉਸ ਦੀਆਂ ਆਪਣੀਆਂ ਨਜ਼ਰਾਂ ਵਿਚ ਸਹੀ ਹੁੰਦਾ ਹੈ,+ਪਰ ਬੁੱਧੀਮਾਨ ਇਨਸਾਨ ਸਲਾਹ ਨੂੰ ਮੰਨਦਾ ਹੈ।+
16 ਮੂਰਖ ਝੱਟ* ਚਿੜ ਜਾਂਦਾ ਹੈ,+ਪਰ ਸਮਝਦਾਰ ਆਦਮੀ ਬੇਇੱਜ਼ਤੀ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।*
17 ਵਫ਼ਾਦਾਰ ਗਵਾਹ ਸੱਚ* ਦੱਸੇਗਾ,ਪਰ ਝੂਠੇ ਗਵਾਹ ਦੀਆਂ ਗੱਲਾਂ ਵਿਚ ਧੋਖਾ ਹੁੰਦਾ ਹੈ।
18 ਬਿਨਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਦੀਆਂ ਹਨ,ਪਰ ਬੁੱਧੀਮਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।+
19 ਸੱਚ ਬੋਲਣ ਵਾਲੇ ਬੁੱਲ੍ਹ ਸਦਾ ਰਹਿਣਗੇ,+ਪਰ ਝੂਠੀ ਜੀਭ ਸਿਰਫ਼ ਇਕ ਪਲ ਲਈ ਰਹੇਗੀ।+
20 ਸਾਜ਼ਸ਼ ਘੜਨ ਵਾਲਿਆਂ ਦੇ ਦਿਲ ਵਿਚ ਧੋਖਾ ਹੁੰਦਾ ਹੈ,ਪਰ ਸ਼ਾਂਤੀ ਵਧਾਉਣ ਵਾਲੇ* ਖ਼ੁਸ਼ ਹਨ।+
21 ਧਰਮੀ ਦਾ ਕੋਈ ਨੁਕਸਾਨ ਨਹੀਂ ਹੋਵੇਗਾ,+ਪਰ ਦੁਸ਼ਟ ਬਿਪਤਾ ਨਾਲ ਘਿਰੇ ਰਹਿਣਗੇ।+
22 ਝੂਠੇ ਬੁੱਲ੍ਹਾਂ ਤੋਂ ਯਹੋਵਾਹ ਨੂੰ ਘਿਣ ਹੈ,+ਪਰ ਵਫ਼ਾਦਾਰੀ ਨਾਲ ਕੰਮ ਕਰਨ ਵਾਲਿਆਂ ਤੋਂ ਉਹ ਖ਼ੁਸ਼ ਹੁੰਦਾ ਹੈ।
23 ਸਮਝਦਾਰ ਇਨਸਾਨ ਗੱਲਾਂ ਨੂੰ ਲੁਕੋ ਰੱਖਦਾ ਹੈ,ਪਰ ਮੂਰਖ ਦਾ ਦਿਲ ਉਸ ਦੀ ਮੂਰਖਤਾ ਨੂੰ ਉਗਲ਼ ਦਿੰਦਾ ਹੈ।+
24 ਮਿਹਨਤੀਆਂ ਦੇ ਹੱਥ ਰਾਜ ਕਰਨਗੇ,+ਪਰ ਆਲਸੀ ਹੱਥਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਵੇਗੀ।+
25 ਚਿੰਤਾ ਮਨੁੱਖ ਦੇ ਦਿਲ ਨੂੰ ਝੁਕਾ ਦਿੰਦੀ ਹੈ,*+ਪਰ ਚੰਗੀ ਗੱਲ ਇਸ ਨੂੰ ਖ਼ੁਸ਼ ਕਰ ਦਿੰਦੀ ਹੈ।+
26 ਧਰਮੀ ਆਪਣੀਆਂ ਚਰਾਂਦਾਂ ਦੀ ਜਾਂਚ ਕਰਦਾ ਹੈ,ਪਰ ਦੁਸ਼ਟਾਂ ਦਾ ਰਾਹ ਉਨ੍ਹਾਂ ਨੂੰ ਭਟਕਾ ਦਿੰਦਾ ਹੈ।
27 ਆਲਸੀ ਸ਼ਿਕਾਰ ਦੇ ਪਿੱਛੇ ਨਹੀਂ ਭੱਜਦੇ,+ਪਰ ਮਿਹਨਤ ਇਕ ਆਦਮੀ ਦਾ ਕੀਮਤੀ ਖ਼ਜ਼ਾਨਾ ਹੈ।
28 ਨੇਕੀ ਦਾ ਰਾਹ ਜ਼ਿੰਦਗੀ ਵੱਲ ਲੈ ਜਾਂਦਾ ਹੈ;+ਇਸ ਦੇ ਰਾਹ ਵਿਚ ਮੌਤ ਨਹੀਂ ਹੈ।
ਫੁਟਨੋਟ
^ ਜਾਂ, “ਉਸ ਨੂੰ ਸਮਝ ਨਹੀਂ ਹੈ।”
^ ਇਬ, “ਖ਼ੂਨ ਕਰਨ ਲਈ ਤਾਕ ਵਿਚ ਬੈਠੀਆਂ ਹਨ।”
^ ਜਾਂ, “ਆਪਣੇ ਪਾਲਤੂ ਜਾਨਵਰ ਦੀ ਜਾਨ।”
^ ਇਬ, “ਵਿਚ ਦਿਲ ਦੀ ਕਮੀ।”
^ ਇਬ, “ਮੂੰਹ।”
^ ਜਾਂ, “ਉਸੇ ਦਿਨ।”
^ ਇਬ, “ਢਕ ਲੈਂਦਾ ਹੈ।”
^ ਇਬ, “ਧਰਮ ਦੀਆਂ ਗੱਲਾਂ।”
^ ਇਬ, “ਦੀ ਸਲਾਹ ਦੇਣ ਵਾਲੇ।”
^ ਜਾਂ, “ਉਸ ਨੂੰ ਨਿਰਾਸ਼ ਕਰ ਦਿੰਦੀ ਹੈ।”