ਨਹਮਯਾਹ 10:1-39

  • ਲੋਕ ਕਾਨੂੰਨ ਦੀ ਪਾਲਣਾ ਕਰਨ ਲਈ ਰਾਜ਼ੀ ਹੋਏ (1-39)

    • “ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਪ੍ਰਤੀ ਲਾਪਰਵਾਹੀ ਨਹੀਂ ਦਿਖਾਵਾਂਗੇ” (39)

10  ਇਸ ਉੱਤੇ ਆਪਣੀ ਮੁਹਰ ਲਗਾ ਕੇ ਤਸਦੀਕ ਕਰਨ ਵਾਲੇ+ ਇਹ ਸਨ: ਹਕਲਯਾਹ ਦਾ ਪੁੱਤਰ ਰਾਜਪਾਲ* ਨਹਮਯਾਹਅਤੇ ਸਿਦਕੀਯਾਹ,  ਸਰਾਯਾਹ, ਅਜ਼ਰਯਾਹ, ਯਿਰਮਿਯਾਹ,  ਪਸ਼ਹੂਰ, ਅਮਰਯਾਹ, ਮਲਕੀਯਾਹ,  ਹਟੂਸ਼, ਸ਼ਬਨਯਾਹ, ਮੱਲੂਕ,  ਹਾਰੀਮ,+ ਮਰੇਮੋਥ, ਓਬਦਯਾਹ,  ਦਾਨੀਏਲ,+ ਗਿਨਥੋਨ, ਬਾਰੂਕ,  ਮਸ਼ੂਲਾਮ, ਅਬੀਯਾਹ, ਮੀਯਾਮੀਨ,  ਮਾਜ਼ਯਾਹ, ਬਿਲਗਈ ਅਤੇ ਸ਼ਮਾਯਾਹ; ਇਹ ਪੁਜਾਰੀ ਹਨ।  ਨਾਲੇ ਲੇਵੀ: ਅਜ਼ਨਯਾਹ ਦਾ ਪੁੱਤਰ ਯੇਸ਼ੂਆ, ਹੇਨਾਦਾਦ ਦੇ ਪੁੱਤਰਾਂ ਵਿੱਚੋਂ ਬਿਨੂਈ, ਕਦਮੀਏਲ+ 10  ਅਤੇ ਉਨ੍ਹਾਂ ਦੇ ਭਰਾ ਸ਼ਬਨਯਾਹ, ਹੋਦੀਯਾਹ, ਕਲੀਟਾ, ਪਲਾਯਾਹ, ਹਨਾਨ, 11  ਮੀਕਾ, ਰਹੋਬ, ਹਸ਼ਬਯਾਹ, 12  ਜ਼ਕੂਰ, ਸ਼ੇਰੇਬਯਾਹ,+ ਸ਼ਬਨਯਾਹ, 13  ਹੋਦੀਯਾਹ, ਬਾਨੀ ਅਤੇ ਬਨੀਨੂ। 14  ਲੋਕਾਂ ਦੇ ਮੁਖੀ: ਪਰੋਸ਼, ਪਹਥ-ਮੋਆਬ,+ ਏਲਾਮ, ਜ਼ੱਤੂ, ਬਾਨੀ, 15  ਬੁੰਨੀ, ਅਜ਼ਗਾਦ, ਬੇਬਈ, 16  ਅਦੋਨੀਯਾਹ, ਬਿਗਵਈ, ਆਦੀਨ, 17  ਆਟੇਰ, ਹਿਜ਼ਕੀਯਾਹ, ਅੱਜ਼ੂਰ, 18  ਹੋਦੀਯਾਹ, ਹਾਸ਼ੁਮ, ਬੇਸਾਈ, 19  ਹਾਰੀਫ, ਅਨਾਥੋਥ, ਨੇਬਾਈ, 20  ਮਗਪੀਆਸ਼, ਮਸ਼ੂਲਾਮ, ਹੇਜ਼ੀਰ, 21  ਮਸ਼ੇਜ਼ਬੇਲ, ਸਾਦੋਕ, ਯੱਦੂਆ, 22  ਪਲਟਯਾਹ, ਹਨਾਨ, ਅਨਾਯਾਹ, 23  ਹੋਸ਼ੇਆ, ਹਨਨਯਾਹ, ਹਸ਼ੂਬ, 24  ਹੱਲੋਹੇਸ਼, ਪਿਲਹਾ, ਸ਼ੋਬੇਕ, 25  ਰਹੂਮ, ਹਸ਼ਬਨਾਹ, ਮਾਸੇਯਾਹ, 26  ਅਹੀਯਾਹ, ਹਨਾਨ, ਆਨਾਨ, 27  ਮੱਲੂਕ, ਹਾਰੀਮ ਅਤੇ ਬਆਨਾਹ। 28  ਬਾਕੀ ਲੋਕਾਂ ਯਾਨੀ ਪੁਜਾਰੀਆਂ, ਲੇਵੀਆਂ, ਦਰਬਾਨਾਂ, ਗਾਇਕਾਂ, ਮੰਦਰ ਦੇ ਸੇਵਾਦਾਰਾਂ* ਅਤੇ ਜਿਨ੍ਹਾਂ ਨੇ ਵੀ ਸੱਚੇ ਪਰਮੇਸ਼ੁਰ ਦੇ ਕਾਨੂੰਨ ਦੀ ਪਾਲਣਾ ਕਰਨ ਲਈ ਆਪਣੇ ਆਪ ਨੂੰ ਦੇਸ਼ਾਂ ਦੀਆਂ ਕੌਮਾਂ ਤੋਂ ਵੱਖ ਕੀਤਾ ਸੀ,+ ਉਨ੍ਹਾਂ ਨੇ ਆਪਣੀਆਂ ਪਤਨੀਆਂ, ਆਪਣੇ ਪੁੱਤਰਾਂ, ਆਪਣੀਆਂ ਧੀਆਂ ਸਣੇ ਅਤੇ ਉਨ੍ਹਾਂ ਸਾਰਿਆਂ ਨੇ ਜਿਨ੍ਹਾਂ ਨੂੰ ਗਿਆਨ ਅਤੇ ਸਮਝ ਸੀ,* 29  ਆਪਣੇ ਭਰਾਵਾਂ, ਆਪਣੇ ਮੰਨੇ-ਪ੍ਰਮੰਨੇ ਆਦਮੀਆਂ ਨਾਲ ਮਿਲ ਕੇ ਸਹੁੰ ਖਾਧੀ ਅਤੇ ਕਿਹਾ ਕਿ ਜੇ ਉਨ੍ਹਾਂ ਨੇ ਇਹ ਸਹੁੰ ਪੂਰੀ ਨਾ ਕੀਤੀ, ਤਾਂ ਉਨ੍ਹਾਂ ’ਤੇ ਸਰਾਪ ਪਵੇ। ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਸੱਚੇ ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਚੱਲਣਗੇ ਜੋ ਉਸ ਨੇ ਆਪਣੇ ਸੇਵਕ ਮੂਸਾ ਰਾਹੀਂ ਦਿੱਤਾ ਸੀ ਅਤੇ ਸਾਡੇ ਪ੍ਰਭੂ ਯਹੋਵਾਹ ਦੇ ਸਾਰੇ ਹੁਕਮਾਂ, ਉਸ ਦੇ ਨਿਆਵਾਂ ਅਤੇ ਉਸ ਦੇ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰਨਗੇ। 30  ਅਸੀਂ ਆਪਣੀਆਂ ਧੀਆਂ ਦੇਸ਼ ਦੀਆਂ ਕੌਮਾਂ ਨੂੰ ਨਹੀਂ ਦਿਆਂਗੇ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਨਹੀਂ ਲਵਾਂਗੇ।+ 31  ਜੇ ਦੇਸ਼ ਦੀਆਂ ਕੌਮਾਂ ਸਬਤ ਵਾਲੇ ਦਿਨ ਆਪਣਾ ਮਾਲ ਅਤੇ ਤਰ੍ਹਾਂ-ਤਰ੍ਹਾਂ ਦਾ ਅਨਾਜ ਵੇਚਣ ਨੂੰ ਲਿਆਈਆਂ, ਤਾਂ ਅਸੀਂ ਸਬਤ ਵਾਲੇ ਦਿਨ ਜਾਂ ਕਿਸੇ ਹੋਰ ਪਵਿੱਤਰ ਦਿਨ ’ਤੇ ਉਨ੍ਹਾਂ ਤੋਂ ਕੋਈ ਚੀਜ਼ ਨਹੀਂ ਖ਼ਰੀਦਾਂਗੇ।+ ਅਸੀਂ ਸੱਤਵੇਂ ਸਾਲ ਦੀ ਪੈਦਾਵਾਰ ਅਤੇ ਹਰ ਤਰ੍ਹਾਂ ਦਾ ਕਰਜ਼ਾ ਵੀ ਛੱਡ ਦਿਆਂਗੇ।+ 32  ਨਾਲੇ ਅਸੀਂ ਆਪਣੇ ਸਿਰ ਇਹ ਜ਼ਿੰਮੇਵਾਰੀ ਲਈ ਕਿ ਸਾਡੇ ਵਿੱਚੋਂ ਹਰੇਕ ਜਣਾ ਸਾਡੇ ਪਰਮੇਸ਼ੁਰ ਦੇ ਭਵਨ* ਦੀ ਸੇਵਾ ਲਈ ਹਰ ਸਾਲ ਇਕ-ਤਿਹਾਈ ਸ਼ੇਕੇਲ* ਦੇਵੇਗਾ+ 33  ਜੋ ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ*+ ਲਈ, ਬਾਕਾਇਦਾ ਚੜ੍ਹਾਏ ਜਾਂਦੇ ਅਨਾਜ ਦੇ ਚੜ੍ਹਾਵੇ,+ ਸਬਤਾਂ ਅਤੇ ਮੱਸਿਆ* ਵੇਲੇ ਬਾਕਾਇਦਾ ਚੜ੍ਹਾਈ ਜਾਂਦੀ ਹੋਮ-ਬਲ਼ੀ+ ਅਤੇ ਠਹਿਰਾਈਆਂ ਹੋਈਆਂ ਦਾਅਵਤਾਂ ਲਈ,+ ਪਵਿੱਤਰ ਚੀਜ਼ਾਂ ਲਈ, ਇਜ਼ਰਾਈਲ ਦੇ ਪਾਪਾਂ ਦੇ ਪ੍ਰਾਸਚਿਤ ਲਈ ਚੜ੍ਹਾਈਆਂ ਜਾਂਦੀਆਂ ਪਾਪ-ਬਲ਼ੀਆਂ+ ਵਾਸਤੇ ਅਤੇ ਸਾਡੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਕੰਮਾਂ ਲਈ ਹੋਵੇਗਾ। 34  ਨਾਲੇ ਅਸੀਂ ਗੁਣੇ ਪਾ ਕੇ ਤੈਅ ਕੀਤਾ ਕਿ ਸਾਡੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਪੁਜਾਰੀ, ਲੇਵੀ ਅਤੇ ਲੋਕ ਹਰ ਸਾਲ ਠਹਿਰਾਏ ਹੋਏ ਸਮਿਆਂ ’ਤੇ ਸਾਡੇ ਪਰਮੇਸ਼ੁਰ ਦੇ ਭਵਨ ਵਿਚ ਸਾਡੇ ਪਰਮੇਸ਼ੁਰ ਯਹੋਵਾਹ ਦੀ ਵੇਦੀ ਉੱਤੇ ਬਾਲ਼ਣ ਲਈ ਲੱਕੜ ਲਿਆਉਣਗੇ ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ।+ 35  ਅਸੀਂ ਹਰ ਸਾਲ ਯਹੋਵਾਹ ਦੇ ਭਵਨ ਵਿਚ ਆਪਣੀ ਜ਼ਮੀਨ ਦੀ ਪਹਿਲੀ ਪੈਦਾਵਾਰ ਦਾ ਪੱਕਿਆ ਹੋਇਆ ਫਲ ਅਤੇ ਹਰ ਤਰ੍ਹਾਂ ਦੇ ਫਲਦਾਰ ਦਰਖ਼ਤ ਦੇ ਪਹਿਲੇ ਪੱਕੇ ਫਲ ਵੀ ਲਿਆਵਾਂਗੇ,+ 36  ਨਾਲੇ ਆਪਣੇ ਪੁੱਤਰਾਂ ਵਿੱਚੋਂ ਜੇਠੇ, ਆਪਣੇ ਪਸ਼ੂਆਂ ਵਿੱਚੋਂ ਜੇਠੇ, ਆਪਣੇ ਗਾਂਵਾਂ-ਬਲਦਾਂ ਵਿੱਚੋਂ ਜੇਠੇ ਅਤੇ ਭੇਡਾਂ-ਬੱਕਰੀਆਂ ਵਿੱਚੋਂ ਜੇਠੇ,+ ਠੀਕ ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੈ। ਅਸੀਂ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੇ ਭਵਨ ਵਿਚ ਪੁਜਾਰੀਆਂ ਕੋਲ ਲਿਆਵਾਂਗੇ ਜੋ ਸਾਡੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਕਰਦੇ ਹਨ।+ 37  ਨਾਲੇ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਦੇ ਭੰਡਾਰਾਂ*+ ਵਿਚ ਪੁਜਾਰੀਆਂ ਕੋਲ ਆਪਣੀ ਪਹਿਲੀ ਫ਼ਸਲ ਦੇ ਦਾਣਿਆਂ ਦਾ ਮੋਟਾ ਆਟਾ,+ ਆਪਣੇ ਦਾਨ, ਹਰ ਤਰ੍ਹਾਂ ਦੇ ਦਰਖ਼ਤ ਦਾ ਫਲ,+ ਨਵਾਂ ਦਾਖਰਸ ਅਤੇ ਤੇਲ+ ਲਿਆਵਾਂਗੇ। ਅਸੀਂ ਆਪਣੀ ਜ਼ਮੀਨ ਦਾ ਦਸਵਾਂ ਹਿੱਸਾ ਵੀ ਲੇਵੀਆਂ ਲਈ ਲਿਆਵਾਂਗੇ+ ਕਿਉਂਕਿ ਲੇਵੀ ਸਾਡੇ ਖੇਤੀਬਾੜੀ ਵਾਲੇ ਸਾਰੇ ਸ਼ਹਿਰਾਂ ਵਿੱਚੋਂ ਦਸਵਾਂ ਹਿੱਸਾ ਇਕੱਠਾ ਕਰਦੇ ਹਨ। 38  ਜਦੋਂ ਲੇਵੀ ਦਸਵਾਂ ਹਿੱਸਾ ਇਕੱਠਾ ਕਰਨ, ਤਾਂ ਉਸ ਸਮੇਂ ਪੁਜਾਰੀ ਯਾਨੀ ਹਾਰੂਨ ਦਾ ਪੁੱਤਰ ਲੇਵੀਆਂ ਦੇ ਨਾਲ ਹੋਵੇ; ਲੇਵੀ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਸਾਡੇ ਪਰਮੇਸ਼ੁਰ ਦੇ ਭਵਨ ਦੇ ਭੰਡਾਰ ਦੇ ਕਮਰਿਆਂ* ਵਿਚ ਦੇਣ।+ 39  ਇਜ਼ਰਾਈਲੀ ਅਤੇ ਲੇਵੀਆਂ ਦੇ ਪੁੱਤਰ ਅਨਾਜ ਦਾ ਦਾਨ, ਨਵਾਂ ਦਾਖਰਸ ਅਤੇ ਤੇਲ+ ਭੰਡਾਰਾਂ* ਵਿਚ ਲਿਆਉਣ।+ ਉੱਥੇ ਹੀ ਪਵਿੱਤਰ ਸਥਾਨ ਦੇ ਭਾਂਡੇ ਹਨ, ਨਾਲੇ ਉੱਥੇ ਹੀ ਸੇਵਾ ਕਰਨ ਵਾਲੇ ਪੁਜਾਰੀ, ਦਰਬਾਨ ਤੇ ਗਾਇਕ ਹਨ। ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਪ੍ਰਤੀ ਲਾਪਰਵਾਹੀ ਨਹੀਂ ਦਿਖਾਵਾਂਗੇ।+

ਫੁਟਨੋਟ

ਜਾਂ, “ਤਿਰਸ਼ਾਥਾ,” ਕਿਸੇ ਜ਼ਿਲ੍ਹੇ ਦੇ ਰਾਜਪਾਲ ਨੂੰ ਦਿੱਤਾ ਗਿਆ ਇਕ ਫਾਰਸੀ ਖ਼ਿਤਾਬ।
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਜਾਂ ਸੰਭਵ ਹੈ, “ਜਿਨ੍ਹਾਂ ਦੀ ਇੰਨੀ ਉਮਰ ਸੀ ਕਿ ਉਹ ਸਮਝ ਸਕਦੇ ਸਨ।”
ਜਾਂ, “ਮੰਦਰ।”
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”