ਲੂਕਾ ਮੁਤਾਬਕ ਖ਼ੁਸ਼ ਖ਼ਬਰੀ 1:1-80

  • ਥਿਉਫ਼ਿਲੁਸ ਦੇ ਨਾਂ (1-4)

  • ਜਬਰਾਏਲ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਦੀ ਭਵਿੱਖਬਾਣੀ ਕੀਤੀ (5-25)

  • ਜਬਰਾਏਲ ਨੇ ਯਿਸੂ ਦੇ ਜਨਮ ਦੀ ਭਵਿੱਖਬਾਣੀ ਕੀਤੀ (26-38)

  • ਮਰੀਅਮ ਇਲੀਸਬਤ ਨੂੰ ਮਿਲਣ ਗਈ (39-45)

  • ਮਰੀਅਮ ਨੇ ਯਹੋਵਾਹ ਦਾ ਗੁਣਗਾਨ ਕੀਤਾ (46-56)

  • ਯੂਹੰਨਾ ਦਾ ਜਨਮ ਤੇ ਉਸ ਦਾ ਨਾਂ ਰੱਖਣਾ (57-66)

  • ਜ਼ਕਰਯਾਹ ਦੀ ਭਵਿੱਖਬਾਣੀ (67-80)

1  ਸਤਿਕਾਰਯੋਗ ਥਿਉਫ਼ਿਲੁਸ, ਜਿਨ੍ਹਾਂ ਗੱਲਾਂ ’ਤੇ ਸਾਨੂੰ ਪੂਰਾ ਭਰੋਸਾ ਹੈ, ਉਨ੍ਹਾਂ ਬਾਰੇ ਬਹੁਤ ਸਾਰੇ ਲੋਕਾਂ ਨੇ ਜਾਣਕਾਰੀ ਇਕੱਠੀ ਕਰ ਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ।+  ਉਸੇ ਤਰ੍ਹਾਂ ਜਿਨ੍ਹਾਂ ਨੇ ਇਹ ਗੱਲਾਂ ਸ਼ੁਰੂ ਤੋਂ ਆਪਣੀ ਅੱਖੀਂ ਦੇਖੀਆਂ ਸਨ+ ਅਤੇ ਇਨ੍ਹਾਂ ਦਾ ਸੰਦੇਸ਼ ਸੁਣਾਇਆ ਸੀ, ਉਨ੍ਹਾਂ ਨੇ ਸਾਡੇ ਤਕ ਇਹ ਗੱਲਾਂ ਪਹੁੰਚਾਈਆਂ।+  ਇਸ ਲਈ ਮੈਂ ਵੀ ਫ਼ੈਸਲਾ ਕੀਤਾ ਹੈ ਕਿ ਤੇਰੇ ਲਈ ਇਹ ਗੱਲਾਂ ਉਵੇਂ ਹੀ ਲਿਖਾਂ ਜਿਵੇਂ ਇਹ ਹੋਈਆਂ ਸਨ ਕਿਉਂਕਿ ਮੈਂ ਬੜੇ ਧਿਆਨ ਨਾਲ ਸ਼ੁਰੂ ਤੋਂ ਸਾਰੀਆਂ ਗੱਲਾਂ ਦੀ ਛਾਣਬੀਣ ਕੀਤੀ ਹੈ ਅਤੇ ਸਹੀ ਜਾਣਕਾਰੀ ਇਕੱਠੀ ਕੀਤੀ ਹੈ+  ਤਾਂਕਿ ਤੈਨੂੰ ਪੱਕਾ ਪਤਾ ਲੱਗ ਜਾਵੇ ਕਿ ਤੈਨੂੰ ਜੋ ਕੁਝ ਵੀ ਜ਼ਬਾਨੀ ਸਿਖਾਇਆ ਗਿਆ ਹੈ, ਉਹ ਸਭ ਸਹੀ ਹੈ।+  ਯਹੂਦਿਯਾ ਦੇ ਰਾਜਾ ਹੇਰੋਦੇਸ*+ ਦੇ ਦਿਨਾਂ ਵਿਚ ਜ਼ਕਰਯਾਹ ਨਾਂ ਦਾ ਇਕ ਪੁਜਾਰੀ ਸੀ ਜੋ ਅਬੀਯਾਹ ਦੇ ਪੁਜਾਰੀ ਦਲ ਵਿੱਚੋਂ ਸੀ।+ ਉਸ ਦੀ ਪਤਨੀ ਇਲੀਸਬਤ ਹਾਰੂਨ ਦੀ ਪੀੜ੍ਹੀ ਵਿੱਚੋਂ ਸੀ।  ਯਹੋਵਾਹ* ਦੇ ਸਾਰੇ ਹੁਕਮਾਂ ਅਤੇ ਕਾਨੂੰਨਾਂ ਉੱਤੇ ਚੱਲਣ ਕਰਕੇ ਉਹ ਦੋਵੇਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਅਤੇ ਨਿਰਦੋਸ਼ ਸਨ।  ਪਰ ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਬੁੱਢੇ ਸਨ।  ਹੁਣ ਉਸ ਦੇ ਦਲ ਦੀ ਜ਼ਿੰਮੇਵਾਰੀ ਹੋਣ ਕਰਕੇ ਉਹ ਪਰਮੇਸ਼ੁਰ ਸਾਮ੍ਹਣੇ ਪੁਜਾਰੀ ਵਜੋਂ ਸੇਵਾ ਕਰ ਰਿਹਾ ਸੀ।+  ਪੁਜਾਰੀਆਂ ਦੀ ਰੀਤ ਅਨੁਸਾਰ ਉਸ ਦੀ ਵਾਰੀ ਹੋਣ ਕਰਕੇ ਉਹ ਯਹੋਵਾਹ* ਦੇ ਮੰਦਰ ਦੇ ਪਵਿੱਤਰ ਕਮਰੇ ਵਿਚ+ ਧੂਪ ਧੁਖਾਉਣ ਗਿਆ।+ 10  ਉਸ ਸਮੇਂ ਬਹੁਤ ਸਾਰੇ ਲੋਕ ਬਾਹਰ ਖੜ੍ਹੇ ਪ੍ਰਾਰਥਨਾ ਕਰ ਰਹੇ ਸਨ। 11  ਉਸ ਨੂੰ ਯਹੋਵਾਹ* ਦਾ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖੜ੍ਹਾ ਦਿਖਾਈ ਦਿੱਤਾ। 12  ਜ਼ਕਰਯਾਹ ਉਸ ਨੂੰ ਦੇਖ ਕੇ ਚੌਂਕ ਗਿਆ ਅਤੇ ਬਹੁਤ ਡਰ ਗਿਆ। 13  ਪਰ ਦੂਤ ਨੇ ਉਸ ਨੂੰ ਕਿਹਾ: “ਜ਼ਕਰਯਾਹ ਡਰ ਨਾ ਕਿਉਂਕਿ ਤੇਰੀ ਫ਼ਰਿਆਦ ਸੁਣ ਲਈ ਗਈ ਹੈ ਅਤੇ ਤੇਰੀ ਪਤਨੀ ਇਲੀਸਬਤ ਤੇਰੇ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਂ ਯੂਹੰਨਾ ਰੱਖੀਂ।+ 14  ਤੇਰੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਜਾਵੇਗੀ ਅਤੇ ਬਹੁਤ ਸਾਰੇ ਲੋਕ ਉਸ ਦੇ ਜੰਮਣ ’ਤੇ ਖ਼ੁਸ਼ ਹੋਣਗੇ+ 15  ਕਿਉਂਕਿ ਉਹ ਯਹੋਵਾਹ* ਦੀਆਂ ਨਜ਼ਰਾਂ ਵਿਚ ਮਹਾਨ ਹੋਵੇਗਾ।+ ਪਰ ਉਹ ਦਾਖਰਸ ਜਾਂ ਸ਼ਰਾਬ ਬਿਲਕੁਲ ਨਾ ਪੀਵੇ।+ ਉਹ ਆਪਣੇ ਜਨਮ ਤੋਂ ਪਹਿਲਾਂ ਹੀ* ਪਵਿੱਤਰ ਸ਼ਕਤੀ ਨਾਲ ਭਰਪੂਰ ਹੋਵੇਗਾ+ 16  ਅਤੇ ਕਈ ਇਜ਼ਰਾਈਲੀ ਲੋਕਾਂ ਨੂੰ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ* ਵੱਲ ਮੋੜੇਗਾ।+ 17  ਨਾਲੇ ਉਹ ਪਰਮੇਸ਼ੁਰ ਦੇ ਅੱਗੇ ਏਲੀਯਾਹ ਨਬੀ ਵਰਗੇ ਜੋਸ਼* ਅਤੇ ਤਾਕਤ ਨਾਲ ਜਾਵੇਗਾ+ ਤਾਂਕਿ ਉਹ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਦੇ ਦਿਲਾਂ ਵਰਗਾ ਬਣਾਵੇ*+ ਅਤੇ ਅਣਆਗਿਆਕਾਰ ਲੋਕਾਂ ਦੇ ਦਿਲਾਂ ਨੂੰ ਬਦਲ ਕੇ ਉਨ੍ਹਾਂ ਨੂੰ ਧਰਮੀ ਲੋਕਾਂ ਵਾਂਗ ਬੁੱਧੀਮਾਨ ਬਣਾਵੇ। ਇਸ ਤਰ੍ਹਾਂ ਕਰ ਕੇ ਉਹ ਯਹੋਵਾਹ* ਲਈ ਲੋਕਾਂ ਨੂੰ ਤਿਆਰ ਕਰੇਗਾ।”+ 18  ਜ਼ਕਰਯਾਹ ਨੇ ਦੂਤ ਨੂੰ ਕਿਹਾ: “ਮੈਂ ਇਸ ਗੱਲ ’ਤੇ ਯਕੀਨ ਕਿਵੇਂ ਕਰਾਂ? ਮੈਂ ਤਾਂ ਬੁੱਢਾ ਹੋ ਗਿਆ ਹਾਂ ਅਤੇ ਮੇਰੀ ਪਤਨੀ ਦੀ ਵੀ ਕਾਫ਼ੀ ਉਮਰ ਹੋ ਚੁੱਕੀ ਹੈ।” 19  ਦੂਤ ਨੇ ਉਸ ਨੂੰ ਜਵਾਬ ਦਿੱਤਾ: “ਮੈਂ ਜਬਰਾਏਲ+ ਹਾਂ ਅਤੇ ਪਰਮੇਸ਼ੁਰ ਦੀ ਹਜ਼ੂਰੀ ਵਿਚ ਖੜ੍ਹਦਾ ਹਾਂ।+ ਪਰਮੇਸ਼ੁਰ ਨੇ ਮੈਨੂੰ ਘੱਲਿਆ ਹੈ ਕਿ ਮੈਂ ਤੇਰੇ ਨਾਲ ਗੱਲ ਕਰਾਂ ਅਤੇ ਤੈਨੂੰ ਇਹ ਖ਼ੁਸ਼ ਖ਼ਬਰੀ ਸੁਣਾਵਾਂ। 20  ਪਰ ਕਿਉਂਕਿ ਤੂੰ ਮੇਰੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਆਪਣੇ ਮਿਥੇ ਹੋਏ ਸਮੇਂ ਤੇ ਪੂਰੀਆਂ ਹੋਣਗੀਆਂ, ਇਸ ਲਈ ਤੂੰ ਗੁੰਗਾ ਹੋ ਜਾਵੇਂਗਾ ਅਤੇ ਜਿੰਨਾ ਚਿਰ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਬੋਲ ਨਹੀਂ ਸਕੇਂਗਾ।” 21  ਉਸ ਵੇਲੇ ਲੋਕ ਜ਼ਕਰਯਾਹ ਦਾ ਬਾਹਰ ਇੰਤਜ਼ਾਰ ਕਰ ਰਹੇ ਸਨ ਅਤੇ ਉਹ ਸੋਚਣ ਲੱਗ ਪਏ ਕਿ ਉਹ ਪਵਿੱਤਰ ਸਥਾਨ ਵਿਚ ਇੰਨੀ ਦੇਰ ਕਿਉਂ ਲਾ ਰਿਹਾ ਸੀ। 22  ਜਦੋਂ ਉਹ ਬਾਹਰ ਆਇਆ, ਤਾਂ ਉਹ ਉਨ੍ਹਾਂ ਨਾਲ ਬੋਲ ਨਹੀਂ ਸਕਿਆ ਅਤੇ ਉਹ ਸਮਝ ਗਏ ਕਿ ਉਸ ਨੇ ਪਵਿੱਤਰ ਸਥਾਨ ਅੰਦਰ ਜ਼ਰੂਰ ਕੋਈ ਦਰਸ਼ਣ ਦੇਖਿਆ ਹੋਣਾ। ਗੁੰਗਾ ਹੋਣ ਕਰਕੇ ਉਹ ਉਨ੍ਹਾਂ ਨਾਲ ਇਸ਼ਾਰਿਆਂ ਨਾਲ ਗੱਲਾਂ ਕਰਦਾ ਰਿਹਾ। 23  ਫਿਰ ਉਸ ਦੇ ਪਵਿੱਤਰ ਸੇਵਾ ਕਰਨ ਦੇ ਦਿਨ ਪੂਰੇ ਹੋ ਜਾਣ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ। 24  ਕੁਝ ਦਿਨਾਂ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋ ਗਈ ਅਤੇ ਪੰਜ ਮਹੀਨੇ ਘਰੋਂ ਬਾਹਰ ਨਾ ਨਿਕਲੀ। ਉਸ ਨੇ ਕਿਹਾ: 25  “ਯਹੋਵਾਹ* ਨੇ ਇਨ੍ਹਾਂ ਦਿਨਾਂ ਵਿਚ ਮੇਰੇ ਉੱਤੇ ਮਿਹਰ ਕੀਤੀ ਹੈ ਅਤੇ ਲੋਕਾਂ ਵਿਚ ਮੇਰਾ ਕਲੰਕ* ਮਿਟਾਉਣ ਲਈ ਮੇਰੇ ਵੱਲ ਧਿਆਨ ਦਿੱਤਾ ਹੈ।”+ 26  ਜਦੋਂ ਇਲੀਸਬਤ ਦੇ ਗਰਭ ਦਾ ਛੇਵਾਂ ਮਹੀਨਾ ਚੱਲ ਰਿਹਾ ਸੀ, ਤਾਂ ਪਰਮੇਸ਼ੁਰ ਨੇ ਜਬਰਾਏਲ ਦੂਤ+ ਨੂੰ ਗਲੀਲ ਦੇ ਨਾਸਰਤ ਸ਼ਹਿਰ ਨੂੰ ਘੱਲਿਆ। 27  ਉੱਥੇ ਉਹ ਮਰੀਅਮ ਨਾਂ ਦੀ ਕੁਆਰੀ+ ਕੁੜੀ ਨੂੰ ਮਿਲਿਆ ਜਿਸ ਦੀ ਕੁੜਮਾਈ ਦਾਊਦ ਦੇ ਘਰਾਣੇ ਵਿਚ ਯੂਸੁਫ਼ ਨਾਂ ਦੇ ਆਦਮੀ ਨਾਲ ਹੋਈ ਸੀ।+ 28  ਜਬਰਾਏਲ ਨੇ ਅੰਦਰ ਜਾ ਕੇ ਮਰੀਅਮ ਨੂੰ ਕਿਹਾ: “ਵਧਾਈ ਹੋਵੇ, ਯਹੋਵਾਹ* ਤੇਰੇ ਉੱਤੇ ਮਿਹਰਬਾਨ ਹੈ ਅਤੇ ਤੇਰੇ ਨਾਲ ਹੈ।” 29  ਪਰ ਉਹ ਇਹ ਸੁਣ ਕੇ ਬਹੁਤ ਘਬਰਾ ਗਈ ਅਤੇ ਸੋਚਣ ਲੱਗ ਪਈ ਕਿ ਦੂਤ ਨੇ ਉਸ ਨੂੰ ਵਧਾਈ ਕਿਉਂ ਦਿੱਤੀ ਸੀ। 30  ਇਸ ਲਈ ਦੂਤ ਨੇ ਉਸ ਨੂੰ ਕਿਹਾ: “ਮਰੀਅਮ, ਨਾ ਡਰ। ਤੇਰੇ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਹੈ। 31  ਦੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇਕ ਪੁੱਤਰ ਨੂੰ ਜਨਮ ਦੇਵੇਂਗੀ।+ ਤੂੰ ਉਸ ਦਾ ਨਾਂ ਯਿਸੂ ਰੱਖੀਂ।+ 32  ਉਹ ਮਹਾਨ ਹੋਵੇਗਾ+ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ+ ਅਤੇ ਯਹੋਵਾਹ* ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ+ 33  ਅਤੇ ਉਹ ਯਾਕੂਬ ਦੇ ਘਰਾਣੇ ਉੱਤੇ ਹਮੇਸ਼ਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੀ ਵੀ ਅੰਤ ਨਹੀਂ ਹੋਵੇਗਾ।”+ 34  ਪਰ ਮਰੀਅਮ ਨੇ ਦੂਤ ਨੂੰ ਕਿਹਾ: “ਇਹ ਕਿਵੇਂ ਹੋ ਸਕਦਾ ਹੈ? ਮੈਂ ਤਾਂ ਅਜੇ ਕੁਆਰੀ ਹਾਂ।”*+ 35  ਦੂਤ ਨੇ ਉਸ ਨੂੰ ਜਵਾਬ ਦਿੱਤਾ: “ਪਵਿੱਤਰ ਸ਼ਕਤੀ ਤੇਰੇ ਉੱਤੇ ਆਵੇਗੀ+ ਅਤੇ ਅੱਤ ਮਹਾਨ ਦੀ ਤਾਕਤ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਪੈਦਾ ਹੋਣ ਵਾਲਾ ਬੱਚਾ ਪਵਿੱਤਰ ਹੋਵੇਗਾ+ ਅਤੇ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ।+ 36  ਨਾਲੇ ਸੁਣ, ਤੇਰੀ ਰਿਸ਼ਤੇਦਾਰ ਇਲੀਸਬਤ, ਜਿਸ ਨੂੰ ਸਾਰੇ ਬਾਂਝ ਕਹਿੰਦੇ ਹਨ, ਬੁਢਾਪੇ ਵਿਚ ਗਰਭਵਤੀ ਹੋਈ ਹੈ। ਉਸ ਦਾ ਛੇਵਾਂ ਮਹੀਨਾ ਚੱਲ ਰਿਹਾ ਹੈ ਅਤੇ ਉਸ ਦੀ ਕੁੱਖ ਵਿਚ ਇਕ ਮੁੰਡਾ ਪਲ਼ ਰਿਹਾ ਹੈ; 37  ਇਹ ਇਸ ਕਰਕੇ ਹੋਇਆ ਹੈ ਕਿਉਂਕਿ ਪਰਮੇਸ਼ੁਰ ਦੀ ਕਹੀ ਹਰ ਗੱਲ ਪੂਰੀ ਹੋ ਕੇ ਹੀ ਰਹਿੰਦੀ ਹੈ।”*+ 38  ਫਿਰ ਮਰੀਅਮ ਨੇ ਕਿਹਾ: “ਦੇਖ, ਮੈਂ ਯਹੋਵਾਹ* ਦੀ ਦਾਸੀ ਹਾਂ! ਜਿਵੇਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ।” ਇਸ ਤੋਂ ਬਾਅਦ ਦੂਤ ਉਸ ਕੋਲੋਂ ਚਲਾ ਗਿਆ। 39  ਇਸ ਲਈ ਉਨ੍ਹੀਂ ਦਿਨੀਂ ਮਰੀਅਮ ਫ਼ੌਰਨ ਪਹਾੜੀ ਇਲਾਕੇ ਵਿਚ ਯਹੂਦਾਹ ਦੇ ਇਕ ਸ਼ਹਿਰ ਵਿਚ ਗਈ। 40  ਉੱਥੇ ਉਸ ਨੇ ਜ਼ਕਰਯਾਹ ਦੇ ਘਰ ਜਾ ਕੇ ਇਲੀਸਬਤ ਨੂੰ ਨਮਸਕਾਰ ਕੀਤਾ। 41  ਜਿਉਂ ਹੀ ਇਲੀਸਬਤ ਦੇ ਕੰਨੀਂ ਮਰੀਅਮ ਦੀ ਆਵਾਜ਼ ਪਈ, ਤਾਂ ਇਲੀਸਬਤ ਦੀ ਕੁੱਖ ਵਿਚ ਬੱਚਾ ਉੱਛਲ਼ ਪਿਆ ਅਤੇ ਇਲੀਸਬਤ ਪਵਿੱਤਰ ਸ਼ਕਤੀ ਨਾਲ ਭਰ ਗਈ 42  ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਧੰਨ ਹੈਂ ਤੂੰ ਸਾਰੀਆਂ ਔਰਤਾਂ ਵਿੱਚੋਂ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ! 43  ਇਹ ਮਾਣ ਮੈਨੂੰ ਕਿਵੇਂ ਮਿਲ ਗਿਆ ਕਿ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ? 44  ਦੇਖ, ਜਦ ਤੇਰੀ ਆਵਾਜ਼ ਮੇਰੇ ਕੰਨੀਂ ਪਈ, ਤਾਂ ਮੇਰੀ ਕੁੱਖ ਵਿਚ ਬੱਚਾ ਖ਼ੁਸ਼ੀ ਨਾਲ ਉੱਛਲ਼ ਪਿਆ। 45  ਖ਼ੁਸ਼ ਹੈਂ ਤੂੰ ਕਿਉਂਕਿ ਜੋ ਗੱਲਾਂ ਤੈਨੂੰ ਦੱਸੀਆਂ ਗਈਆਂ ਸਨ, ਤੂੰ ਉਨ੍ਹਾਂ ’ਤੇ ਯਕੀਨ ਕੀਤਾ। ਯਹੋਵਾਹ* ਇਹ ਸਾਰੀਆਂ ਗੱਲਾਂ ਪੂਰੀਆਂ ਕਰੇਗਾ।” 46  ਮਰੀਅਮ ਨੇ ਕਿਹਾ: “ਮੈਂ* ਯਹੋਵਾਹ* ਦਾ ਗੁਣਗਾਨ ਕਰਦੀ ਹਾਂ+ 47  ਅਤੇ ਮੇਰਾ ਦਿਲ ਮੁਕਤੀ ਦੇਣ ਵਾਲੇ ਪਰਮੇਸ਼ੁਰ ਉੱਤੇ ਬਾਗ਼-ਬਾਗ਼ ਹੋ ਰਿਹਾ ਹੈ+ 48  ਕਿਉਂਕਿ ਉਸ ਨੇ ਆਪਣੀ ਇਸ ਮਾਮੂਲੀ ਜਿਹੀ ਦਾਸੀ ਵੱਲ ਧਿਆਨ ਦਿੱਤਾ ਹੈ।+ ਦੇਖੋ, ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਮੁਬਾਰਕ ਕਹਿਣਗੀਆਂ+ 49  ਕਿਉਂਕਿ ਸ਼ਕਤੀਸ਼ਾਲੀ ਪਰਮੇਸ਼ੁਰ ਨੇ ਮੇਰੇ ਲਈ ਵੱਡੇ-ਵੱਡੇ ਕੰਮ ਕੀਤੇ ਹਨ ਅਤੇ ਉਸ ਦਾ ਨਾਂ ਪਵਿੱਤਰ ਹੈ।+ 50  ਜਿਹੜੇ ਉਸ ਤੋਂ ਡਰਦੇ ਹਨ, ਉਹ ਉਨ੍ਹਾਂ ਉੱਤੇ ਪੀੜ੍ਹੀਓ-ਪੀੜ੍ਹੀ ਦਇਆ ਕਰਦਾ ਹੈ।+ 51  ਉਸ ਨੇ ਆਪਣੀ ਬਾਂਹ ਦੇ ਜ਼ੋਰ ਨਾਲ ਵੱਡੇ-ਵੱਡੇ ਕੰਮ ਕੀਤੇ ਹਨ; ਉਸ ਨੇ ਮਨ ਵਿਚ ਘਮੰਡੀ ਸੋਚ ਰੱਖਣ ਵਾਲਿਆਂ ਨੂੰ ਖਿੰਡਾਇਆ ਹੈ।+ 52  ਉਸ ਨੇ ਸ਼ਕਤੀਸ਼ਾਲੀ ਲੋਕਾਂ ਦੇ ਸਿੰਘਾਸਣ ਉਲਟਾਏ ਹਨ+ ਅਤੇ ਮਾਮੂਲੀ ਲੋਕਾਂ ਨੂੰ ਉੱਚਾ ਕੀਤਾ ਹੈ;+ 53  ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਹੈ+ ਅਤੇ ਅਮੀਰਾਂ ਨੂੰ ਖਾਲੀ ਹੱਥ ਤੋਰਿਆ ਹੈ। 54  ਉਹ ਆਪਣੇ ਸੇਵਕ ਇਜ਼ਰਾਈਲ ਦੀ ਮਦਦ ਕਰਨ ਆਇਆ ਹੈ ਅਤੇ ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਵਾਅਦਾ ਕੀਤਾ ਸੀ,+ 55  ਉਹ ਅਬਰਾਹਾਮ ਅਤੇ ਉਸ ਦੀ ਸੰਤਾਨ* ਉੱਤੇ ਹਮੇਸ਼ਾ ਦਇਆ ਕਰਦਾ ਰਹੇਗਾ।”+ 56  ਮਰੀਅਮ ਤਿੰਨ ਮਹੀਨੇ ਉਸ ਨਾਲ ਰਹੀ ਅਤੇ ਫਿਰ ਉਹ ਆਪਣੇ ਘਰ ਚਲੀ ਗਈ। 57  ਹੁਣ ਇਲੀਸਬਤ ਦੇ ਦਿਨ ਪੂਰੇ ਹੋ ਗਏ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। 58  ਉਸ ਦੇ ਆਂਢੀਆਂ-ਗੁਆਂਢੀਆਂ ਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਯਹੋਵਾਹ* ਦੀ ਮਿਹਰ ਉਸ ਉੱਤੇ ਹੋਈ ਹੈ ਅਤੇ ਉਹ ਉਸ ਨਾਲ ਖ਼ੁਸ਼ੀਆਂ ਮਨਾਉਣ ਲੱਗ ਪਏ।+ 59  ਉਹ ਅੱਠਵੇਂ ਦਿਨ ਬੱਚੇ ਦੀ ਸੁੰਨਤ ਵੇਲੇ ਆਏ+ ਅਤੇ ਉਹ ਉਸ ਦਾ ਨਾਂ ਉਸ ਦੇ ਪਿਤਾ ਜ਼ਕਰਯਾਹ ਦੇ ਨਾਂ ਉੱਤੇ ਰੱਖਣ ਲੱਗੇ ਸਨ। 60  ਪਰ ਉਸ ਦੀ ਮਾਂ ਨੇ ਕਿਹਾ: “ਨਹੀਂ, ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ।” 61  ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਕਿਹਾ: “ਤੇਰੇ ਰਿਸ਼ਤੇਦਾਰਾਂ ਵਿਚ ਤਾਂ ਕਿਸੇ ਦਾ ਵੀ ਇਹ ਨਾਂ ਨਹੀਂ ਹੈ।” 62  ਫਿਰ ਉਨ੍ਹਾਂ ਨੇ ਇਸ਼ਾਰਿਆਂ ਨਾਲ ਬੱਚੇ ਦੇ ਪਿਤਾ ਨੂੰ ਪੁੱਛਿਆ ਕਿ ਉਹ ਉਸ ਦਾ ਕੀ ਨਾਂ ਰੱਖਣਾ ਚਾਹੁੰਦਾ ਸੀ। 63  ਇਸ ਲਈ ਉਸ ਨੇ ਇਕ ਫੱਟੀ ਮੰਗਵਾਈ ਅਤੇ ਉਸ ਉੱਤੇ ਲਿਖਿਆ: “ਇਸ ਦਾ ਨਾਂ ਯੂਹੰਨਾ ਹੈ।”+ ਇਹ ਦੇਖ ਕੇ ਸਭ ਹੈਰਾਨ ਹੋਏ। 64  ਉਸੇ ਵੇਲੇ ਜ਼ਕਰਯਾਹ ਦੀ ਜ਼ਬਾਨ ਖੁੱਲ੍ਹ ਗਈ ਅਤੇ ਉਹ ਬੋਲਣ ਲੱਗ ਪਿਆ+ ਅਤੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗ ਪਿਆ। 65  ਉਨ੍ਹਾਂ ਦੇ ਆਂਢ-ਗੁਆਂਢ ਵਿਚ ਰਹਿਣ ਵਾਲੇ ਲੋਕਾਂ ਵਿਚ ਡਰ ਫੈਲ ਗਿਆ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਇਲਾਕਿਆਂ ਵਿਚ ਇਨ੍ਹਾਂ ਸਾਰੀਆਂ ਗੱਲਾਂ ਦੀ ਚਰਚਾ ਹੋਣ ਲੱਗੀ। 66  ਜਿਨ੍ਹਾਂ ਨੇ ਵੀ ਇਹ ਗੱਲਾਂ ਸੁਣੀਆਂ, ਉਨ੍ਹਾਂ ਨੇ ਆਪਣੇ ਦਿਲ ਵਿਚ ਰੱਖੀਆਂ ਅਤੇ ਕਿਹਾ: “ਇਹ ਮੁੰਡਾ ਵੱਡਾ ਹੋ ਕੇ ਕੀ ਬਣੇਗਾ?” ਉਨ੍ਹਾਂ ਨੇ ਇਹ ਇਸ ਲਈ ਕਿਹਾ ਕਿਉਂਕਿ ਯਹੋਵਾਹ* ਦਾ ਹੱਥ ਬੱਚੇ ’ਤੇ ਸੀ। 67  ਫਿਰ ਉਸ ਦਾ ਪਿਤਾ ਜ਼ਕਰਯਾਹ ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਉਹ ਭਵਿੱਖਬਾਣੀ ਕਰਦੇ ਹੋਏ ਕਹਿਣ ਲੱਗਾ: 68  “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ* ਦੀ ਮਹਿਮਾ ਹੋਵੇ+ ਕਿਉਂਕਿ ਉਸ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਵੱਲ ਧਿਆਨ ਦਿੱਤਾ ਹੈ।+ 69  ਉਸ ਨੇ ਆਪਣੇ ਸੇਵਕ ਦਾਊਦ ਦੀ ਪੀੜ੍ਹੀ ਵਿੱਚੋਂ+ ਸਾਡੇ ਲਈ ਸ਼ਕਤੀਸ਼ਾਲੀ ਮੁਕਤੀਦਾਤਾ ਪੈਦਾ ਕੀਤਾ ਹੈ,*+ 70  ਜਿਵੇਂ ਉਸ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੀ ਕਿਹਾ ਸੀ+ ਕਿ 71  ਉਹ ਸਾਨੂੰ ਸਾਡੇ ਦੁਸ਼ਮਣਾਂ ਅਤੇ ਸਾਡੇ ਨਾਲ ਨਫ਼ਰਤ ਕਰਨ ਵਾਲੇ ਸਾਰੇ ਲੋਕਾਂ ਦੇ ਹੱਥੋਂ ਬਚਾਵੇਗਾ;+ 72  ਉਹ ਸਾਡੇ ਪਿਉ-ਦਾਦਿਆਂ ਨਾਲ ਕੀਤੇ ਵਾਅਦੇ ਅਨੁਸਾਰ ਸਾਡੇ ਉੱਤੇ ਦਇਆ ਕਰੇਗਾ ਅਤੇ ਆਪਣੇ ਪਵਿੱਤਰ ਇਕਰਾਰ ਨੂੰ ਯਾਦ ਕਰੇਗਾ+ 73  ਯਾਨੀ ਉਹ ਸਹੁੰ ਜਿਹੜੀ ਉਸ ਨੇ ਸਾਡੇ ਪੂਰਵਜ ਅਬਰਾਹਾਮ ਨਾਲ ਖਾਧੀ ਸੀ+ 74  ਕਿ ਉਹ ਸਾਨੂੰ ਦੁਸ਼ਮਣਾਂ ਦੇ ਹੱਥੋਂ ਬਚਾ ਕੇ ਉਸ ਦੀ ਭਗਤੀ ਨਿਡਰਤਾ ਨਾਲ ਕਰਨ ਦਾ ਸਨਮਾਨ ਬਖ਼ਸ਼ੇਗਾ 75  ਤਾਂਕਿ ਅਸੀਂ ਆਪਣੀ ਪੂਰੀ ਜ਼ਿੰਦਗੀ ਉਸ ਦੀਆਂ ਨਜ਼ਰਾਂ ਵਿਚ ਵਫ਼ਾਦਾਰ ਅਤੇ ਧਰਮੀ ਰਹੀਏ। 76  ਪਰ ਤੂੰ, ਮੇਰੇ ਬੱਚੇ, ਅੱਤ ਮਹਾਨ ਦਾ ਨਬੀ ਕਹਾਏਂਗਾ ਅਤੇ ਤੂੰ ਯਹੋਵਾਹ* ਦੇ ਅੱਗੇ-ਅੱਗੇ ਜਾ ਕੇ ਉਸ ਦੇ ਰਾਹਾਂ ਨੂੰ ਤਿਆਰ ਕਰੇਂਗਾ+ 77  ਅਤੇ ਉਸ ਦੇ ਲੋਕਾਂ ਨੂੰ ਇਹ ਗਿਆਨ ਦੇਵੇਂਗਾ ਕਿ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਪਾ ਕੇ ਮੁਕਤੀ ਮਿਲੇਗੀ।+ 78  ਇਹ ਸਾਡੇ ਪਰਮੇਸ਼ੁਰ ਦੀ ਦਇਆ ਸਦਕਾ ਹੋਵੇਗਾ। ਇਹ ਦਇਆ ਸਵੇਰ ਦੇ ਚਾਨਣ ਵਾਂਗ ਸਾਡੇ ਉੱਤੇ ਸਵਰਗੋਂ ਚਮਕੇਗੀ 79  ਤਾਂਕਿ ਹਨੇਰੇ ਵਿਚ ਅਤੇ ਮੌਤ ਦੇ ਸਾਏ ਹੇਠ ਬੈਠੇ ਲੋਕਾਂ ਉੱਤੇ ਚਾਨਣ ਹੋਵੇ।+ ਇਹ ਚਾਨਣ ਸਾਨੂੰ ਦਿਖਾਵੇਗਾ ਕਿ ਸ਼ਾਂਤੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ।” 80  ਉਹ ਬੱਚਾ ਵੱਡਾ ਹੁੰਦਾ ਗਿਆ ਅਤੇ ਸਮਝਦਾਰ ਤੇ ਦਮਦਾਰ ਸੁਭਾਅ ਵਾਲਾ ਬਣਦਾ ਗਿਆ ਅਤੇ ਇਜ਼ਰਾਈਲੀਆਂ ਦੇ ਸਾਮ੍ਹਣੇ ਆਉਣ ਦੇ ਦਿਨ ਤਕ ਉਹ ਉਜਾੜ ਥਾਵਾਂ ਵਿਚ ਰਿਹਾ।

ਫੁਟਨੋਟ

ਜਾਂ, “ਆਪਣੀ ਮਾਂ ਦੀ ਕੁੱਖ ਤੋਂ ਹੀ।”
ਜਾਂ, “ਪਿਤਾਵਾਂ ਦੇ ਦਿਲ ਬੱਚਿਆਂ ਵੱਲ ਮੋੜੇ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਬਾਂਝ ਹੋਣ ਦਾ ਕਲੰਕ।
ਜਾਂ, “ਮੈਂ ਤਾਂ ਕਦੇ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਕਾਇਮ ਨਹੀਂ ਕੀਤੇ।”
ਜਾਂ, “ਪਰਮੇਸ਼ੁਰ ਲਈ ਕੁਝ ਵੀ ਨਾਮੁਮਕਿਨ ਨਹੀਂ।”
ਜਾਂ, “ਮੇਰਾ ਰੋਮ-ਰੋਮ।”
ਯੂਨਾ, “ਬੀ।”
ਯੂਨਾ, “ਮੁਕਤੀ ਦਾ ਸਿੰਗ ਖੜ੍ਹਾ ਕੀਤਾ ਹੈ।”