ਖ਼ਰਚਾ ਕਿਵੇਂ ਚਲਾਈਏ?
ਬਹੁਤ ਸਾਰੇ ਲੋਕਾਂ ਨੇ ਬਾਈਬਲ ਦੇ ਅਸੂਲ ਲਾਗੂ ਕਰ ਕੇ ਪੈਸੇ ਸੰਬੰਧੀ ਆਪਣੀਆਂ ਸਮੱਸਿਆਵਾਂ ਘਟਾਈਆਂ ਹਨ।
ਚੰਗੀ ਯੋਜਨਾ ਬਣਾਓ
ਬਾਈਬਲ ਦਾ ਅਸੂਲ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ। ਛੇਤੀ ਕਰਨ ਵਾਲੇ ਦੇ ਹੱਥ ਕੁਝ ਨਹੀਂ ਆਉਂਦਾ।”—ਕਹਾਉਤਾਂ 21:5, CL.
ਇਸ ਦਾ ਕੀ ਮਤਲਬ ਹੈ? ਯੋਜਨਾ ਮੁਤਾਬਕ ਚੱਲਣ ਨਾਲ ਸਫ਼ਲਤਾ ਮਿਲਦੀ ਹੈ। ਇਸ ਲਈ ਪੈਸੇ ਖ਼ਰਚਣ ਤੋਂ ਪਹਿਲਾਂ ਯੋਜਨਾ ਬਣਾਓ। ਯਾਦ ਰੱਖੋ ਕਿ ਤੁਸੀਂ ਉਹ ਹਰ ਚੀਜ਼ ਨਹੀਂ ਖ਼ਰੀਦ ਸਕਦੇ ਜੋ ਤੁਸੀਂ ਚਾਹੁੰਦੇ ਹੋ। ਇਸ ਲਈ ਸਮਝਦਾਰੀ ਨਾਲ ਪੈਸੇ ਖ਼ਰਚੋ।
ਤੁਸੀਂ ਕੀ ਕਰ ਸਕਦੇ ਹੋ?
-
ਬਜਟ ਬਣਾਓ ਅਤੇ ਉਸੇ ਮੁਤਾਬਕ ਪੈਸੇ ਖ਼ਰਚੋ। ਸਾਰੇ ਖ਼ਰਚੇ ਲਿਖੋ ਅਤੇ ਇਨ੍ਹਾਂ ਨੂੰ ਵੱਖ-ਵੱਖ ਭਾਗਾਂ ਵਿਚ ਵੰਡੋ ਜਿਵੇਂ ਖਾਣ-ਪੀਣ ਦੀਆਂ ਚੀਜ਼ਾਂ, ਕੱਪੜਿਆਂ ਅਤੇ ਮਕਾਨ ਦਾ ਖ਼ਰਚਾ। ਫਿਰ ਫ਼ੈਸਲਾ ਕਰੋ ਕਿ ਤੁਸੀਂ ਕਿਸ ਚੀਜ਼ ’ਤੇ ਕਿੰਨੇ ਪੈਸੇ ਖ਼ਰਚੋਗੇ। ਜੇ ਇਕ ਚੀਜ਼ ’ਤੇ ਜ਼ਿਆਦਾ ਖ਼ਰਚਾ ਹੁੰਦਾ ਹੈ, ਤਾਂ ਦੂਸਰੀ ਚੀਜ਼ ਲਈ ਰੱਖੇ ਪੈਸਿਆਂ ਵਿੱਚੋਂ ਲੈ ਲਓ। ਮਿਸਾਲ ਲਈ, ਜੇ ਤੁਸੀਂ ਪੈਟਰੋਲ ’ਤੇ ਤੈਅ ਕੀਤੇ ਪੈਸਿਆਂ ਨਾਲੋਂ ਜ਼ਿਆਦਾ ਖ਼ਰਚਾ ਕਰ ਲਿਆ ਹੈ, ਤਾਂ ਤੁਸੀਂ ਘੱਟ ਜ਼ਰੂਰੀ ਚੀਜ਼ ਲਈ ਰੱਖੇ ਪੈਸਿਆਂ ਵਿੱਚੋਂ ਪੈਸੇ ਲੈ ਸਕਦੇ ਹੋ, ਜਿਵੇਂ ਰੈਸਟੋਰੈਂਟ ਵਿਚ ਖਾਣਾ ਖਾਣ ਲਈ।
-
ਬੇਲੋੜਾ ਕਰਜ਼ਾ ਨਾ ਚੁੱਕੋ। ਜਿੰਨਾ ਹੋ ਸਕੇ, ਕਰਜ਼ਾ ਲੈਣ ਤੋਂ ਬਚੋ। ਇਸ ਦੀ ਬਜਾਇ, ਜ਼ਰੂਰੀ ਚੀਜ਼ਾਂ ਲੈਣ ਲਈ ਪੈਸੇ ਜੋੜੋ। ਜੇ ਤੁਸੀਂ ਕ੍ਰੈਡਿਟ ਕਾਰਡ ਵਰਤਦੇ ਹੋ, ਤਾਂ ਮਹੀਨੇ ਦੇ ਅਖ਼ੀਰ ਤਕ ਪੂਰੇ ਪੈਸੇ ਭਰ ਦਿਓ ਤਾਂਕਿ ਤੁਹਾਨੂੰ ਵਿਆਜ ਨਾ ਚੁਕਾਉਣਾ ਪਵੇ। ਜੇ ਤੁਸੀਂ ਕਰਜ਼ਾ ਲਿਆ ਹੈ, ਤਾਂ ਪੂਰਾ ਕਰਜ਼ਾ ਚੁਕਾਏ ਜਾਣ ਤਕ ਹਰ ਮਹੀਨੇ ਲਈ ਇਕ ਰਕਮ ਤੈਅ ਕਰੋ ਅਤੇ ਇਹ ਰਕਮ ਚੁਕਾਓ ਵੀ।
ਇਕ ਰਿਪੋਰਟ ਦੱਸਦੀ ਹੈ ਕਿ ਕ੍ਰੈਡਿਟ ਕਾਰਡ ਨਾਲ ਖ਼ਰੀਦਦਾਰੀ ਕਰਨ ਵਾਲੇ ਦਾ ਝੁਕਾਅ ਆਮ ਨਾਲੋਂ ਜ਼ਿਆਦਾ ਖ਼ਰਚਾ ਕਰਨ ਦਾ ਹੁੰਦਾ ਹੈ। ਸੋ ਜੇ ਤੁਸੀਂ ਕ੍ਰੈਡਿਟ ਕਾਰਡ ਵਰਤਦੇ ਹੋ, ਤਾਂ ਇਸ ਨੂੰ ਸਮਝਦਾਰੀ ਨਾਲ ਵਰਤੋ।
ਨੁਕਸਾਨਦੇਹ ਰਵੱਈਏ ਤੋਂ ਬਚੋ
ਬਾਈਬਲ ਦਾ ਅਸੂਲ: “ਆਲਸੀ ਪਾਲੇ ਦੇ ਮਾਰੇ ਹਲ ਨਹੀਂ ਵਾਹੁੰਦਾ, ਉਹ ਵਾਢੀਆਂ ਦੇ ਦਿਨੀਂ ਮੰਗਿਆ ਕਰੇਗਾ ਪਰ ਲੱਭੇਗਾ ਕੁਝ ਨਹੀਂ।”—ਕਹਾਉਤਾਂ 20:4.
ਇਸ ਦਾ ਕੀ ਮਤਲਬ ਹੈ? ਆਲਸ ਕਾਰਨ ਗ਼ਰੀਬੀ ਆ ਸਕਦੀ ਹੈ। ਇਸ ਲਈ ਮਿਹਨਤੀ ਬਣੋ ਅਤੇ ਸਮਝਦਾਰੀ ਨਾਲ ਪੈਸੇ ਖ਼ਰਚੋ ਤਾਂਕਿ ਆਉਣ ਵਾਲੇ ਸਮੇਂ ਵਿਚ ਤੁਹਾਡੇ ਕੋਲ ਕੁਝ ਹੋਵੇ।
ਤੁਸੀਂ ਕੀ ਕਰ ਸਕਦੇ ਹੋ?
-
ਮਿਹਨਤ ਕਰੋ। ਜੇ ਤੁਸੀਂ ਮਿਹਨਤ ਕਰਦੇ ਹੋ ਅਤੇ ਜ਼ਿੰਮੇਵਾਰ ਬਣਦੇ ਹੋ, ਤਾਂ ਕੰਮ ’ਤੇ ਤੁਹਾਡਾ ਮਾਲਕ ਤੁਹਾਨੂੰ ਪਸੰਦ ਕਰੇਗਾ ਅਤੇ ਤੁਹਾਨੂੰ ਕੰਮ ’ਤੇ ਰੱਖਣਾ ਚਾਹੇਗਾ।
-
ਈਮਾਨਦਾਰ ਬਣੋ। ਕੰਮ ’ਤੇ ਕੋਈ ਚੀਜ਼ ਚੋਰੀ ਨਾ ਕਰੋ। ਬੇਈਮਾਨੀ ਕਰਨ ਨਾਲ ਤੁਹਾਡਾ ਨਾਂ ਬਦਨਾਮ ਹੋ ਸਕਦਾ ਹੈ ਅਤੇ ਬਾਅਦ ਵਿਚ ਤੁਹਾਨੂੰ ਹੋਰ ਕਿਤੇ ਕੰਮ ਮਿਲਣਾ ਵੀ ਔਖਾ ਹੋਵੇਗਾ।
-
ਲਾਲਚ ਨਾ ਕਰੋ। ਹਮੇਸ਼ਾ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਦੀ ਕੋਸ਼ਿਸ਼ ਕਰਨ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ ਅਤੇ ਦੂਸਰਿਆਂ ਨਾਲ ਤੁਹਾਡੇ ਰਿਸ਼ਤੇ ਵਿਗੜ ਸਕਦੇ ਹਨ। ਯਾਦ ਰੱਖੋ ਕਿ ਜ਼ਿੰਦਗੀ ਵਿਚ ਪੈਸਿਆਂ ਨਾਲੋਂ ਹੋਰ ਚੀਜ਼ਾਂ ਜ਼ਰੂਰੀ ਹਨ।
ਬਾਈਬਲ ਦੇ ਹੋਰ ਅਸੂਲ
ਬੁਰੀਆਂ ਆਦਤਾਂ ’ਤੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਨਾ ਕਰੋ।
“ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦਰ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।”—ਕਹਾਉਤਾਂ 23:21.
ਬਿਨਾਂ ਵਜ੍ਹਾ ਚਿੰਤਾ ਨਾ ਕਰੋ।
“ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ ਕਿ ਤੁਸੀਂ ਕੀ ਖਾਓਗੇ ਜਾਂ ਕੀ ਪੀਓਗੇ, ਜਾਂ ਆਪਣੇ ਸਰੀਰ ਦੀ ਕਿ ਤੁਸੀਂ ਕੀ ਪਹਿਨੋਗੇ।”—ਮੱਤੀ 6:25.
ਈਰਖਾ ਨਾ ਕਰੋ।
“ਲੋਭੀ [ਈਰਖਾਲੂ, NW] ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ, ਅਤੇ ਨਹੀਂ ਜਾਣਦਾ ਭਈ ਗਰੀਬੀ ਉਹ ਦੇ ਉੱਤੇ ਆ ਪਵੇਗੀ।”—ਕਹਾਉਤਾਂ 28:22.