ਜਦੋਂ ਸਭ ਕੁਝ ਵੱਸੋਂ ਬਾਹਰ ਹੋ ਜਾਵੇ
ਕੀ ਤੁਹਾਡੀ ਜ਼ਿੰਦਗੀ ਵਿਚ ਵੀ ਇਹ ਦੌਰ ਆਇਆ ਜਦੋਂ ਤੁਹਾਡੇ ਅੰਦਰ ਜੀਉਣ ਦੀ ਇੱਛਾ ਹੀ ਖ਼ਤਮ ਹੋ ਗਈ? ਜੇ ਹਾਂ, ਤਾਂ ਤੁਸੀਂ ਅਡ੍ਰੀਆਨਾ ਦੇ ਦੁੱਖ ਨੂੰ ਸਮਝ ਸਕਦੇ ਹੋ।
ਜਪਾਨ ਵਿਚ ਰਹਿਣ ਵਾਲਾ ਕਾਓਰੂ ਆਪਣੇ ਬੀਮਾਰ ਅਤੇ ਬੁੱਢੇ ਮਾਂ-ਬਾਪ ਦੀ ਦੇਖ-ਭਾਲ ਕਰਦਾ ਹੈ। ਉਹ ਦੱਸਦਾ ਹੈ: “ਕੰਮ ʼਤੇ ਹੱਦੋਂ ਵੱਧ ਦਬਾਅ ਹੋਣ ਕਰਕੇ ਮੈਂ ਥੱਕ ਕੇ ਚੂਰ ਹੋ ਜਾਂਦਾ ਸੀ। ਹੌਲੀ-ਹੌਲੀ ਮੈਨੂੰ ਭੁੱਖ ਲੱਗਣੀ ਬੰਦ ਹੋ ਗਈ ਅਤੇ ਮੈਨੂੰ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਉਂਦੀ ਸੀ। ਮੈਂ ਸੋਚਣ ਲੱਗ ਪਿਆ ਕਿ ਮੈਨੂੰ ਮਰ ਕੇ ਹੀ ਸੁੱਖ ਦਾ ਸਾਹ ਆਉਣਾ।”
ਨਾਈਜੀਰੀਆ ਵਿਚ ਰਹਿਣ ਵਾਲਾ ਔਜੇਬੋਡੀ ਨਾਂ ਦਾ ਆਦਮੀ ਕਹਿੰਦਾ ਹੈ: “ਮੈਂ ਹਮੇਸ਼ਾ ਨਿਰਾਸ਼ ਰਹਿੰਦਾ ਸੀ ਤੇ ਰੋਂਦਾ ਰਹਿੰਦਾ ਸੀ। ਮੈਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਦੇ ਤਰੀਕੇ ਲੱਭਣ ਲੱਗ ਪਿਆ।” ਸਾਨੂੰ ਖ਼ੁਸ਼ੀ ਹੈ ਕਿ ਔਜੇਬੋਡੀ, ਕਾਓਰੂ ਅਤੇ ਅਡ੍ਰੀਆਨਾ ਨੇ ਆਪਣੀ ਜਾਨ ਨਹੀਂ ਲਈ। ਪਰ ਹਰ ਸਾਲ ਲੱਖਾਂ ਹੀ ਲੋਕ ਆਤਮ-ਹੱਤਿਆ ਕਰਦੇ ਹਨ।
ਮਦਦ ਕਿੱਥੋਂ ਲਈਏ?
ਆਤਮ-ਹੱਤਿਆ ਕਰਨ ਵਾਲੇ ਲੋਕਾਂ ਵਿੱਚੋਂ ਜ਼ਿਆਦਾਤਰ ਆਦਮੀ ਹੁੰਦੇ ਹਨ। ਇਨ੍ਹਾਂ ਆਦਮੀਆਂ ਵਿੱਚੋਂ ਕਈਆਂ ਨੇ ਸ਼ਰਮ ਦੇ ਮਾਰੇ ਕਿਸੇ ਤੋਂ ਮਦਦ ਨਹੀਂ ਲਈ। ਯਿਸੂ ਨੇ ਕਿਹਾ ਸੀ ਕਿ ਬੀਮਾਰ ਲੋਕਾਂ ਨੂੰ ਹਕੀਮ ਦੀ ਲੋੜ ਹੁੰਦੀ ਹੈ। (ਲੂਕਾ 5:31) ਜੇ ਤੁਹਾਨੂੰ ਵੀ ਲੱਗਦਾ ਕਿ ਸਭ ਕੁਝ ਤੁਹਾਡੇ ਵੱਸੋਂ ਬਾਹਰ ਹੈ, ਤਾਂ ਕਿਸੇ ਦੀ ਮਦਦ ਲੈਣ ਤੋਂ ਸ਼ਰਮਾਓ ਨਾ। ਡਿਪਰੈਸ਼ਨ ਦੇ ਸ਼ਿਕਾਰ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ ਕਿ ਸਹੀ ਇਲਾਜ ਮਿਲਣ ਕਰਕੇ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ। ਔਜੇਬੋਡੀ, ਕਾਓਰੂ ਅਤੇ ਅਡ੍ਰੀਆਨਾ ਨੂੰ ਡਾਕਟਰੀ ਇਲਾਜ ਮਿਲਿਆ ਅਤੇ ਹੁਣ ਉਹ ਪਹਿਲਾਂ ਨਾਲੋਂ ਠੀਕ ਹਨ।
ਡਾਕਟਰ ਸ਼ਾਇਦ ਦਵਾਈਆਂ ਦੇ ਕੇ ਜਾਂ ਗੱਲ ਕਰ ਕੇ ਜਾਂ ਦੋਵੇਂ ਤਰੀਕੇ ਅਪਣਾ ਕੇ ਡਿਪਰੈਸ਼ਨ ਦਾ ਇਲਾਜ ਕਰਨ। ਡਿਪਰੈਸ਼ਨ ਦੇ ਸ਼ਿਕਾਰ ਲੋਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੀ ਹਾਲਤ ਸਮਝਣ, ਉਨ੍ਹਾਂ ਨਾਲ ਧੀਰਜ ਰੱਖਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ। ਯਾਦ ਰੱਖੋ, ਯਹੋਵਾਹ ਪਰਮੇਸ਼ੁਰ ਸਾਰਿਆਂ ਦਾ ਸਭ ਤੋਂ ਵਧੀਆ ਦੋਸਤ ਹੈ। ਉਹ ਆਪਣੇ ਬਚਨ ਬਾਈਬਲ ਰਾਹੀਂ ਮਦਦ ਕਰਦਾ ਹੈ।
ਕੀ ਕੋਈ ਪੱਕਾ ਇਲਾਜ ਹੈ?
ਡਿਪਰੈਸ਼ਨ ਦੀ ਮਾਰ ਝੱਲ ਰਹੇ ਲੋਕਾਂ ਨੂੰ ਅਕਸਰ ਲੰਬਾ ਇਲਾਜ ਕਰਾਉਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਕੁਝ ਆਦਤਾਂ ਬਦਲੀਆਂ ਪੈਂਦੀਆਂ ਹਨ। ਜੇ ਤੁਹਾਨੂੰ ਵੀ ਡਿਪਰੈਸ਼ਨ ਹੈ, ਤਾਂ ਤੁਸੀਂ ਵੀ ਔਜੇਬੋਡੀ ਵਾਂਗ ਵਧੀਆ ਭਵਿੱਖ ਦੀ ਉਮੀਦ ਰੱਖ ਸਕਦੇ ਹੋ। ਉਹ ਕਹਿੰਦਾ ਹੈ: “ਮੈਂ ਯਸਾਯਾਹ 33:24 ਦੀ ਭਵਿੱਖਬਾਣੀ ਪੂਰੀ ਹੁੰਦੀ ਦੇਖਣੀ ਚਾਹੁੰਦਾ ਹੈ, ਜਿੱਥੇ ਲਿਖਿਆ ਹੈ ਕਿ ਕੋਈ ਵੀ ਇਨਸਾਨ ਇਹ ਨਹੀਂ ਕਹੇਗਾ ਕਿ ‘ਮੈਂ ਬਿਮਾਰ ਹਾਂ।’” ਔਜੇਬੋਡੀ ਵਾਂਗ ਤੁਸੀਂ ਵੀ ਰੱਬ ਦੇ ਇਸ ਵਾਅਦੇ ਤੋਂ ਦਿਲਾਸਾ ਪਾਓ ਜਦੋਂ “ਨਵੀਂ ਧਰਤੀ” ਵਿਚ “ਦੁੱਖ-ਦਰਦ” ਖ਼ਤਮ ਹੋ ਜਾਣਗੇ। (ਪ੍ਰਕਾਸ਼ ਦੀ ਕਿਤਾਬ 21:1, 4) ਇਸ ਵਾਅਦੇ ਦਾ ਮਤਲਬ ਹੈ ਕਿ ਉਸ ਵੇਲੇ ਨਾ ਤਾਂ ਮਾਨਸਿਕ ਤੇ ਨਾ ਹੀ ਸਰੀਰਕ ਪੀੜਾ ਰਹੇਗੀ। ਤੁਹਾਡੇ ਦੁੱਖ ਹਮੇਸ਼ਾ ਲਈ ਖ਼ਤਮ ਹੋ ਜਾਣਗੇ। ਤੁਹਾਡੇ ਦਰਦ ਤੁਹਾਨੂੰ ਦੁਬਾਰਾ ਕਦੇ ਵੀ ‘ਚੇਤੇ ਨਾ ਆਉਣਗੇ, ਨਾ ਤੁਹਾਡੇ ਮਨ ਉੱਤੇ ਹੀ ਚੜ੍ਹਨਗੇ।’—ਯਸਾਯਾਹ 65:17.