ਮੁੱਖ ਪੰਨੇ ਤੋਂ | ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ
ਵਿਛੋੜੇ ਦਾ ਗਮ ਸਹਿ ਰਹੇ ਲੋਕਾਂ ਨੂੰ ਦਿਲਾਸਾ ਦਿਓ
ਕੀ ਤੁਸੀਂ ਕਦੇ ਲਾਚਾਰ ਮਹਿਸੂਸ ਕੀਤਾ ਜਦੋਂ ਤੁਹਾਡਾ ਕੋਈ ਨਜ਼ਦੀਕੀ ਰਿਸ਼ਤੇਦਾਰ ਜਾਂ ਦੋਸਤ ਆਪਣੇ ਕਿਸੇ ਪਿਆਰੇ ਦੇ ਗੁਜ਼ਰ ਜਾਣ ਤੇ ਸੋਗ ਮਨਾ ਰਿਹਾ ਸੀ? ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਹੀਏ ਜਾਂ ਕਰੀਏ, ਇਸ ਲਈ ਅਸੀਂ ਕੁਝ ਵੀ ਕਹਿੰਦੇ ਜਾਂ ਕਰਦੇ ਨਹੀਂ। ਪਰ ਅਸੀਂ ਉਨ੍ਹਾਂ ਲਈ ਕੁਝ ਫ਼ਾਇਦੇਮੰਦ ਕੰਮ ਕਰ ਸਕਦੇ ਹਾਂ।
ਕਈ ਵਾਰ ਤੁਹਾਡਾ ਸਿਰਫ਼ ਉੱਥੇ ਹੋਣਾ ਤੇ ਬਸ ਇੰਨਾ ਕਹਿਣਾ ਕਾਫ਼ੀ ਹੁੰਦਾ ਹੈ ਕਿ “ਮੈਨੂੰ ਬੜਾ ਦੁੱਖ ਹੋਇਆ।” ਕਈ ਸਭਿਆਚਾਰਾਂ ਵਿਚ ਗਲ਼ੇ ਲਾਉਣ ਜਾਂ ਬਾਂਹ ਨੂੰ ਹਲਕਾ ਜਿਹਾ ਦਬਾਉਣ ਨਾਲ ਦਿਖਾਇਆ ਜਾਂਦਾ ਹੈ ਕਿ ਤੁਸੀਂ ਪਰਵਾਹ ਕਰਦੇ ਹੋ। ਜੇ ਸੋਗ ਕਰ ਰਿਹਾ ਵਿਅਕਤੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ, ਤਾਂ ਹਮਦਰਦੀ ਨਾਲ ਉਸ ਦੀ ਗੱਲ ਸੁਣੋ। ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਸੋਗ ਮਨਾ ਰਹੇ ਪਰਿਵਾਰ ਲਈ ਕੁਝ ਕਰੋ। ਉਸ ਵੇਲੇ ਸ਼ਾਇਦ ਤੁਸੀਂ ਉਹ ਕੰਮ ਕਰ ਸਕਦੇ ਹੋ ਜੋ ਉਨ੍ਹਾਂ ਲਈ ਕਰਨੇ ਔਖੇ ਹੁੰਦੇ ਹਨ ਜਿਵੇਂ ਕਿ ਰੋਟੀ ਬਣਾਉਣੀ, ਬੱਚਿਆਂ ਦੀ ਦੇਖ-ਭਾਲ ਕਰਨੀ ਜਾਂ ਜੇ ਉਹ ਚਾਹੁਣ, ਤਾਂ ਸੰਸਕਾਰ ਦਾ ਪ੍ਰਬੰਧ ਕਰਨ ਵਿਚ ਮਦਦ ਕਰਨੀ। ਜਿੰਨਾ ਅਸਰ ਇਨ੍ਹਾਂ ਕੰਮਾਂ ਦਾ ਪੈਂਦਾ ਹੈ, ਉੱਨਾ ਅਸਰ ਸ਼ਾਇਦ ਸਾਡੀਆਂ ਗੱਲਾਂ ਦਾ ਨਾ ਪਵੇ।
ਸਮੇਂ ਦੇ ਬੀਤਣ ਨਾਲ ਤੁਸੀਂ ਸ਼ਾਇਦ ਗੁਜ਼ਰ ਚੁੱਕੇ ਵਿਅਕਤੀ ਬਾਰੇ ਗੱਲ ਕਰਨੀ ਚਾਹੋ, ਸ਼ਾਇਦ ਤੁਸੀਂ ਉਸ ਦੇ ਚੰਗੇ ਗੁਣਾਂ ਜਾਂ ਤਜਰਬਿਆਂ ਬਾਰੇ ਗੱਲ ਕਰੋ। ਅਜਿਹੀ ਗੱਲਬਾਤ ਨਾਲ ਸ਼ਾਇਦ ਸੋਗ ਕਰਨ ਵਾਲੇ ਦੇ ਚਿਹਰੇ ’ਤੇ ਮੁਸਕਾਨ ਆ ਜਾਵੇ। ਮਿਸਾਲ ਲਈ, ਪੈਮ ਜਿਸ ਦੇ ਪਤੀ ਈਅਨ ਦੀ ਛੇ ਸਾਲ ਪਹਿਲਾਂ ਮੌਤ ਹੋ ਗਈ ਸੀ, ਕਹਿੰਦੀ ਹੈ: “ਕਦੇ-ਕਦੇ ਲੋਕ ਮੈਨੂੰ ਈਅਨ ਦੇ ਚੰਗੇ ਕੰਮਾਂ ਬਾਰੇ ਦੱਸਦੇ ਹਨ ਜਿਨ੍ਹਾਂ ਬਾਰੇ ਮੈਨੂੰ
ਪਹਿਲਾਂ ਕਦੇ ਨਹੀਂ ਪਤਾ ਸੀ। ਇਹ ਸਭ ਸੁਣ ਕੇ ਮੇਰਾ ਦਿਲ ਖ਼ੁਸ਼ ਹੋ ਜਾਂਦਾ ਹੈ।”ਖੋਜਕਾਰ ਕਹਿੰਦੇ ਹਨ ਕਿ ਸੋਗ ਕਰ ਰਹੇ ਲੋਕਾਂ ਨੂੰ ਪਹਿਲਾਂ-ਪਹਿਲਾਂ ਤਾਂ ਬਹੁਤ ਮਦਦ ਮਿਲਦੀ ਹੈ, ਪਰ ਛੇਤੀ ਹੀ ਉਨ੍ਹਾਂ ਦੀਆਂ ਲੋੜਾਂ ਨੂੰ ਭੁਲਾ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਦੋਸਤ ਦੁਬਾਰਾ ਆਪਣੇ ਕੰਮਾਂ-ਕਾਰਾਂ ਵਿਚ ਰੁੱਝ ਜਾਂਦੇ ਹਨ। ਇਸ ਲਈ ਸੋਗ ਕਰ ਰਹੇ ਆਪਣੇ ਦੋਸਤ ਨਾਲ ਬਾਕਾਇਦਾ ਸੰਪਰਕ ਕਰਨ ਦੀ ਕੋਸ਼ਿਸ਼ ਕਰੋ। * ਬਹੁਤ ਸਾਰੇ ਲੋਕ ਇਸ ਗੱਲ ਦੀ ਕਦਰ ਕਰਦੇ ਹਨ ਕਿ ਤੁਸੀਂ ਉਨ੍ਹਾਂ ਦਾ ਮਨ ਹਲਕਾ ਕਰਨ ਵਿਚ ਮਦਦ ਕੀਤੀ।
ਜਪਾਨ ਦੀ ਨੌਜਵਾਨ ਔਰਤ ਕਾਓਰੀ ਦੀ ਮਿਸਾਲ ਵੱਲ ਧਿਆਨ ਦਿਓ, ਜਿਸ ਦੀ ਮਾਤਾ ਦੀ ਮੌਤ ਤੋਂ 15 ਮਹੀਨਿਆਂ ਬਾਅਦ ਵੱਡੀ ਭੈਣ ਦੀ ਵੀ ਮੌਤ ਹੋ ਗਈ ਜਿਸ ਕਰਕੇ ਉਹ ਬੁਰੀ ਤਰ੍ਹਾਂ ਟੁੱਟ ਗਈ। ਚੰਗੀ ਗੱਲ ਹੈ ਕਿ ਕਾਓਰੀ ਨੂੰ ਉਸ ਦੇ ਦੋਸਤਾਂ ਤੋਂ ਲਗਾਤਾਰ ਮਦਦ ਮਿਲੀ। ਉਨ੍ਹਾਂ ਵਿੱਚੋਂ ਇਕ ਰਿਤਸੂਕੋ ਸੀ ਜੋ ਕਾਓਰੀ ਤੋਂ ਉਮਰ ਵਿਚ ਕਾਫ਼ੀ ਵੱਡੀ ਸੀ। ਰਿਤਸੂਕੋ ਨੇ ਕਾਓਰੀ ਨੂੰ ਕਿਹਾ ਕਿ ਉਹ ਉਸ ਦੀ ਪੱਕੀ ਸਹੇਲੀ ਬਣਨਾ ਚਾਹੁੰਦੀ ਸੀ। ਕਾਓਰੀ ਦੱਸਦੀ ਹੈ: “ਸੱਚੀਂ ਦੱਸਾਂ ਤਾਂ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਾ। ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਮੇਰੀ ਮੰਮੀ ਦੀ ਜਗ੍ਹਾ ਲਵੇ ਤੇ ਨਾ ਹੀ ਮੈਨੂੰ ਲੱਗਦਾ ਸੀ ਕਿ ਕੋਈ ਇਹ ਜਗ੍ਹਾ ਲੈ ਸਕਦਾ ਸੀ। ਪਰ ਜਿਸ ਤਰੀਕੇ ਨਾਲ ਮਾਮਾ ਰਿਤਸੂਕੋ ਮੇਰੇ ਨਾਲ ਪੇਸ਼ ਆਈ, ਮੇਰਾ ਉਸ ਨਾਲ ਪਿਆਰ ਵਧ ਗਿਆ। ਅਸੀਂ ਹਰ ਹਫ਼ਤੇ ਇਕੱਠੀਆਂ ਪਰਮੇਸ਼ੁਰ ਬਾਰੇ ਪ੍ਰਚਾਰ ਕਰਨ ਤੇ ਮਸੀਹੀ ਸਭਾਵਾਂ ਵਿਚ ਜਾਂਦੀਆਂ ਸੀ। ਉਹ ਮੈਨੂੰ ਆਪਣੇ ਘਰ ਚਾਹ ’ਤੇ ਬੁਲਾਉਂਦੀ ਸੀ, ਮੇਰੇ ਲਈ ਖਾਣਾ ਲੈ ਕੇ ਆਉਂਦੀ ਸੀ ਅਤੇ ਕਾਫ਼ੀ ਵਾਰ ਮੈਨੂੰ ਚਿੱਠੀਆਂ ਤੇ ਕਾਰਡ ਲਿਖਦੀ ਸੀ। ਮਾਮਾ ਰਿਤਸੂਕੋ ਦੇ ਸਹੀ ਰਵੱਈਏ ਦਾ ਮੇਰੇ ’ਤੇ ਬਹੁਤ ਚੰਗਾ ਅਸਰ ਪਿਆ।”
ਕਾਓਰੀ ਦੀ ਮਾਤਾ ਜੀ ਨੂੰ ਗੁਜ਼ਰਿਆਂ 12 ਸਾਲ ਹੋ ਗਏ ਹਨ ਤੇ ਅੱਜ ਉਹ ਅਤੇ ਉਸ ਦਾ ਪਤੀ ਹਰ ਮਹੀਨੇ 70 ਘੰਟੇ ਪਰਮੇਸ਼ੁਰ ਬਾਰੇ ਪ੍ਰਚਾਰ ਕਰਦੇ ਹਨ। ਕਾਓਰੀ ਕਹਿੰਦੀ ਹੈ: “ਮਾਮਾ ਰਿਤਸੂਕੋ ਹਾਲੇ ਵੀ ਮੇਰੀ ਪਰਵਾਹ ਕਰਦੀ ਹੈ। ਜਦੋਂ ਮੈਂ ਆਪਣੇ ਜੱਦੀ ਸ਼ਹਿਰ ਜਾਂਦੀ ਹਾਂ, ਤਾਂ ਮੈਂ ਹਮੇਸ਼ਾ ਉਸ ਨੂੰ ਮਿਲਦੀ ਹਾਂ ਤੇ ਉਸ ਤੋਂ ਮੈਨੂੰ ਬਹੁਤ ਹੌਸਲਾ ਮਿਲਦਾ ਹੈ।”
ਇਕ ਹੋਰ ਮਿਸਾਲ ਪੋਲੀ ਦੀ ਹੈ ਜੋ ਸਾਈਪ੍ਰਸ ਵਿਚ ਯਹੋਵਾਹ ਦੀ ਗਵਾਹ ਹੈ। ਉਸ ਨੂੰ ਵੀ ਦੂਸਰਿਆਂ ਦੀ ਮਦਦ ਤੋਂ ਬਹੁਤ ਫ਼ਾਇਦਾ ਹੋਇਆ। ਪੋਲੀ ਦਾ ਪਤੀ ਸੋਜ਼ੋਸ ਬਹੁਤ ਚੰਗਾ ਸੀ ਅਤੇ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਵਿਚ ਬਜ਼ੁਰਗ ਦੇ ਤੌਰ ਤੇ ਅਗਵਾਈ ਕਰਦਾ ਸੀ। ਉਹ ਅਕਸਰ ਅਨਾਥ ਬੱਚਿਆਂ ਅਤੇ ਵਿਧਵਾਵਾਂ ਨੂੰ ਆਪਣੇ ਘਰ ਖਾਣੇ ’ਤੇ ਬੁਲਾਉਂਦਾ ਸੀ। (ਯਾਕੂਬ 1:27) ਦੁੱਖ ਦੀ ਗੱਲ ਹੈ ਕਿ 53 ਸਾਲਾਂ ਦੀ ਉਮਰ ਵਿਚ ਸੋਜ਼ੋਸ ਦਿਮਾਗ਼ ਦੇ ਟਿਊਮਰ ਕਰਕੇ ਗੁਜ਼ਰ ਗਿਆ। ਪੋਲੀ ਦੱਸਦੀ ਹੈ: “ਮੇਰਾ ਪਤੀ, ਜਿਸ ਨਾਲ ਮੈਂ 33 ਸਾਲ ਗੁਜ਼ਾਰੇ, ਮੌਤ ਦੀ ਨੀਂਦ ਸੌਂ ਗਿਆ।”
ਸੰਸਕਾਰ ਤੋਂ ਬਾਅਦ ਪੋਲੀ ਆਪਣੇ 15 ਸਾਲਾਂ ਦੇ ਛੋਟੇ ਮੁੰਡੇ ਡੈਨੀਏਲ ਨਾਲ ਕੈਨੇਡਾ ਚਲੀ ਗਈ। ਉੱਥੇ ਉਹ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਵਿਚ ਜਾਣ ਲੱਗ ਪਏ। ਪੋਲੀ ਯਾਦ ਕਰਦੀ ਹੈ: “ਮੇਰੀ ਨਵੀਂ ਮੰਡਲੀ ਦੇ ਦੋਸਤਾਂ ਨੂੰ ਮੇਰੇ ਅਤੀਤ ਬਾਰੇ ਕੁਝ ਨਹੀਂ ਪਤਾ ਸੀ ਤੇ ਨਾ ਹੀ ਉਹ ਜਾਣਦੇ ਸਨ ਕਿ ਅਸੀਂ ਕਿਹੜੇ ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰੇ ਸਾਂ। ਪਰ ਇਸ ਕਰਕੇ ਉਹ ਸਾਡੇ ਕੋਲ ਆਉਣ ਤੋਂ ਹਿਚਕਿਚਾਏ ਨਹੀਂ। ਉਨ੍ਹਾਂ ਨੇ ਪਿਆਰ ਭਰੀਆਂ ਗੱਲਾਂ ਨਾਲ ਸਾਨੂੰ ਦਿਲਾਸਾ ਦਿੱਤਾ ਅਤੇ ਸਾਡੀ ਮਦਦ ਕੀਤੀ। ਮੈਂ ਇਸ ਮਦਦ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਸ ਵਕਤ ਮੇਰੇ ਪੁੱਤਰ ਨੂੰ ਆਪਣੇ ਪਿਤਾ ਦੀ ਬਹੁਤ ਜ਼ਿਆਦਾ ਲੋੜ ਸੀ! ਮੰਡਲੀ ਵਿਚ ਅਗਵਾਈ ਲੈਣ ਵਾਲਿਆਂ ਨੇ ਮੇਰੇ ਮੁੰਡੇ ਡੈਨੀਏਲ ਵਿਚ ਗਹਿਰੀ ਦਿਲਚਸਪੀ ਦਿਖਾਈ। ਉਨ੍ਹਾਂ ਵਿੱਚੋਂ ਇਕ ਜਣਾ ਆਪਣੇ ਦੋਸਤਾਂ ਨੂੰ ਮਿਲਣ ਜਾਂ ਫੁਟਬਾਲ ਖੇਡਣ ਜਾਣ ਸਮੇਂ ਡੈਨੀਏਲ ਨੂੰ ਜ਼ਰੂਰ ਨਾਲ ਲੈ ਕੇ ਜਾਂਦਾ ਸੀ।” ਅੱਜ ਦੋਵੇਂ ਮਾਂ-ਪੁੱਤ ਵਧੀਆ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ।
ਇਹ ਗੱਲ ਤਾਂ ਪੱਕੀ ਹੈ ਕਿ ਸੋਗ ਕਰਨ ਵਾਲਿਆਂ ਨੂੰ ਅਸੀਂ ਬਹੁਤ ਸਾਰੇ ਤਰੀਕਿਆਂ ਨਾਲ ਦਿਲਾਸਾ ਅਤੇ ਮਦਦ ਦੇ ਸਕਦੇ ਹਾਂ। ਬਾਈਬਲ ਵੀ ਸਾਨੂੰ ਸੁਨਹਿਰੇ ਭਵਿੱਖ ਦੀ ਸ਼ਾਨਦਾਰ ਉਮੀਦ ਦੇ ਕੇ ਦਿਲਾਸਾ ਦਿੰਦੀ ਹੈ। ▪ (w16-E No. 3)
^ ਪੈਰਾ 6 ਕਈਆਂ ਨੇ ਆਪਣੇ ਕਲੰਡਰ ’ਤੇ ਗੁਜ਼ਰੇ ਵਿਅਕਤੀ ਦੀ ਮੌਤ ਦੀ ਤਾਰੀਖ਼ ਨੂੰ ਲਿਖਿਆ ਹੈ ਤਾਂਕਿ ਉਹ ਉਸ ਤਾਰੀਖ਼ ਨੂੰ ਜਾਂ ਉਸ ਦੇ ਤਾਰੀਖ਼ ਦੇ ਲਾਗੇ-ਛਾਗੇ ਦੇ ਦਿਨਾਂ ਵਿਚ ਵਿਅਕਤੀ ਨੂੰ ਦਿਲਾਸਾ ਦੇ ਸਕਣ ਕਿਉਂਕਿ ਇਹੀ ਸਮਾਂ ਹੁੰਦਾ ਹੈ ਜਦੋਂ ਉਸ ਨੂੰ ਦਿਲਾਸੇ ਦੀ ਜ਼ਿਆਦਾ ਲੋੜ ਹੁੰਦੀ ਹੈ।