ਕੀ ਤੁਸੀਂ ਕਲਪਨਾ ਕਰਨ ਦੀ ਕਾਬਲੀਅਤ ਨੂੰ ਸਹੀ ਤਰੀਕੇ ਨਾਲ ਵਰਤਦੇ ਹੋ?
ਉਹ ਕਿਹੜੀ ਚੀਜ਼ ਹੈ ਜਿਸ ਦਾ ਭਾਰ ਸਿਰਫ਼ 1.4 ਕਿਲੋਗ੍ਰਾਮ ਹੈ, ਪਰ ਉਸ ਨੂੰ “ਕਾਇਨਾਤ ਦੀ ਸਭ ਤੋਂ ਗੁੰਝਲਦਾਰ ਚੀਜ਼ ਕਿਹਾ ਗਿਆ ਹੈ”? ਉਹ ਹੈ, ਸਾਡਾ ਦਿਮਾਗ਼। ਇਹ ਸੱਚ-ਮੁੱਚ ਕਮਾਲ ਦਾ ਹੈ! ਅਸੀਂ ਜਿੰਨਾ ਜ਼ਿਆਦਾ ਦਿਮਾਗ਼ ਬਾਰੇ ਸਿੱਖਦੇ ਹਾਂ, ਉੱਨੀ ਜ਼ਿਆਦਾ ਯਹੋਵਾਹ ਦੇ “ਅਚਰਜ” ਕੰਮਾਂ ਲਈ ਸਾਡੀ ਕਦਰ ਵਧਦੀ ਹੈ। (ਜ਼ਬੂ. 139:14) ਆਓ ਆਪਾਂ ਇਸ ਦੀ ਇਕ ਖ਼ਾਸੀਅਤ ’ਤੇ ਗੌਰ ਕਰੀਏ, ਉਹ ਹੈ ਕਲਪਨਾ ਕਰਨ ਦੀ ਕਾਬਲੀਅਤ।
ਕਲਪਨਾ ਕਰਨ ਦੀ ਕਾਬਲੀਅਤ ਕੀ ਹੈ? ਇਕ ਸ਼ਬਦ-ਕੋਸ਼ ਮੁਤਾਬਕ ਇਹ ਉਹ “ਕਾਬਲੀਅਤ ਹੈ ਜਿਸ ਨਾਲ ਅਸੀਂ ਆਪਣੇ ਮਨ ਵਿਚ ਅਲੱਗ-ਅਲੱਗ ਜਾਂ ਨਵੀਆਂ-ਨਵੀਆਂ ਚੀਜ਼ਾਂ ਦੀਆਂ ਤਸਵੀਰਾਂ ਬਣਾ ਸਕਦੇ ਅਤੇ ਇਨ੍ਹਾਂ ਬਾਰੇ ਸੋਚ ਸਕਦੇ ਹਾਂ। ਅਸੀਂ ਉਨ੍ਹਾਂ ਚੀਜ਼ਾਂ ਦੀਆਂ ਵੀ ਤਸਵੀਰਾਂ ਬਣਾ ਸਕਦੇ ਹਾਂ ਜੋ ਅਸੀਂ ਨਾ ਤਾਂ ਕਦੀ ਦੇਖੀਆਂ ਅਤੇ ਨਾ ਹੀ ਕਦੇ ਕੀਤੀਆਂ ਹਨ।” ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਹਰ ਰੋਜ਼ ਕਿਸੇ-ਨਾ-ਕਿਸੇ ਚੀਜ਼ ਬਾਰੇ ਕਲਪਨਾ ਕਰਦੇ ਹੋ? ਮਿਸਾਲ ਲਈ, ਕੀ ਤੁਸੀਂ ਕਦੇ ਅਜਿਹੀ ਜਗ੍ਹਾ ਬਾਰੇ ਪੜ੍ਹਿਆ ਜਾਂ ਸੁਣਿਆ ਹੈ ਜਿੱਥੇ ਤੁਸੀਂ ਕਦੀ ਨਹੀਂ ਗਏ? ਚਾਹੇ ਤੁਸੀਂ ਉੱਥੇ ਕਦੇ ਨਹੀਂ ਗਏ, ਪਰ ਕੀ ਤੁਹਾਡੇ ਮਨ ਵਿਚ ਉਸ ਜਗ੍ਹਾ ਬਾਰੇ ਤਸਵੀਰ ਨਹੀਂ ਬਣਦੀ? ਦਰਅਸਲ ਜਦੋਂ ਵੀ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਸੋਚਦੇ ਹਾਂ ਜਿਨ੍ਹਾਂ ਨੂੰ ਅਸੀਂ ਨਾ ਤਾਂ ਦੇਖ, ਸੁਣ, ਛੂਹ ਜਾਂ ਸੁੰਘ ਸਕਦੇ ਹਾਂ ਅਤੇ ਨਾ ਉਨ੍ਹਾਂ ਦਾ ਸੁਆਦ ਚੱਖ ਸਕਦੇ ਹਾਂ, ਤਾਂ ਉਸ ਵੇਲੇ ਅਸੀਂ ਆਪਣੀ ਕਲਪਨਾ ਕਰਨ ਦੀ ਕਾਬਲੀਅਤ ਦਾ ਇਸਤੇਮਾਲ ਕਰ ਰਹੇ ਹੁੰਦੇ ਹਾਂ। ਬਾਈਬਲ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਇਨਸਾਨਾਂ ਨੂੰ ਪਰਮੇਸ਼ੁਰ ਦੇ ਸਰੂਪ ’ਤੇ ਬਣਾਇਆ ਗਿਆ ਹੈ। (ਉਤ. 1:26, 27) ਸੋ ਕੀ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਕੋਲ ਵੀ ਕਲਪਨਾ ਕਰਨ ਦੀ ਕਾਬਲੀਅਤ ਹੈ? ਸੋ ਜੇ ਯਹੋਵਾਹ ਨੇ ਸਾਨੂੰ ਇਸ ਕਾਬਲੀਅਤ ਨਾਲ ਬਣਾਇਆ ਹੈ, ਤਾਂ ਉਹ ਸਾਡੇ ਤੋਂ ਉਮੀਦ ਰੱਖਦਾ ਹੈ ਕਿ ਅਸੀਂ ਉਸ ਦੀ ਇੱਛਾ ਜਾਣਨ ਅਤੇ ਉਸ ਵੱਲੋਂ ਕੀਤੇ ਵਾਅਦਿਆਂ ਬਾਰੇ ਕਲਪਨਾ ਕਰਨ ਲਈ ਇਸ ਕਾਬਲੀਅਤ ਦਾ ਇਸਤੇਮਾਲ ਕਰੀਏ। (ਉਪ. 3:11) ਅਸੀਂ ਯਹੋਵਾਹ ਦੀ ਇੱਛਾ ਜਾਣਨ ਲਈ ਆਪਣੀ ਕਲਪਨਾ ਕਰਨ ਦੀ ਕਾਬਲੀਅਤ ਦਾ ਸਹੀ ਇਸਤੇਮਾਲ ਕਿਵੇਂ ਕਰ ਸਕਦੇ ਹਾਂ? ਨਾਲੇ ਸਾਨੂੰ ਕਿਹੜੀਆਂ ਚੀਜ਼ਾਂ ਬਾਰੇ ਕਲਪਨਾ ਕਰਨ ਤੋਂ ਬਚਣਾ ਚਾਹੀਦਾ ਹੈ?
ਗ਼ਲਤ ਗੱਲਾਂ ਬਾਰੇ ਕਲਪਨਾ ਕਰਨੀ
(1) ਗ਼ਲਤ ਸਮੇਂ ’ਤੇ ਜਾਂ ਗ਼ਲਤ ਗੱਲਾਂ ਬਾਰੇ ਕਲਪਨਾ ਕਰਨੀ।
ਕਲਪਨਾ ਕਰਨ ਵਿਚ ਕੋਈ ਹਰਜ਼ ਨਹੀਂ। ਦਰਅਸਲ ਸਬੂਤ ਦਿਖਾਉਂਦੇ ਹਨ ਕਿ ਕਲਪਨਾ ਕਰਨ ਦੇ ਫ਼ਾਇਦੇ ਹੋ ਸਕਦੇ ਹਨ। ਪਰ ਉਪਦੇਸ਼ਕ ਦੀ ਪੋਥੀ 3:1 ਵਿਚ ਲਿਖਿਆ ਹੈ ਕਿ “ਹਰੇਕ ਕੰਮ ਦਾ ਇੱਕ ਸਮਾ ਹੈ।” ਪਰ ਹੋ ਸਕਦਾ ਹੈ ਕਿ ਅਸੀਂ ਗ਼ਲਤ ਸਮੇਂ ’ਤੇ ਕੋਈ ਕੰਮ ਕਰੀਏ। ਮਿਸਾਲ ਲਈ, ਜੇ ਅਸੀਂ ਮੀਟਿੰਗਾਂ ਵਿਚ ਜਾਂ ਆਪਣੀ ਸਟੱਡੀ ਦੌਰਾਨ ਆਪਣੇ ਮਨ ਨੂੰ ਭਟਕਣ ਦਿੰਦੇ ਹਾਂ, ਤਾਂ ਕੀ ਅਸੀਂ ਆਪਣੀ ਕਲਪਨਾ ਕਰਨ ਦੀ ਕਾਬਲੀਅਤ ਦਾ ਸਹੀ ਇਸਤੇਮਾਲ ਕਰ ਰਹੇ ਹੋਵਾਂਗੇ? ਯਿਸੂ ਨੇ ਸਾਨੂੰ ਗੰਦੀਆਂ ਗੱਲਾਂ ਦੀ ਕਲਪਨਾ ਕਰਨ ਤੋਂ ਖ਼ਬਰਦਾਰ ਕੀਤਾ। (ਮੱਤੀ 5:28) ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਬਾਰੇ ਕਲਪਨਾ ਕਰ ਕੇ ਅਸੀਂ ਯਹੋਵਾਹ ਨੂੰ ਬਹੁਤ ਦੁੱਖ ਪਹੁੰਚਾ ਸਕਦੇ ਹਾਂ। ਗੰਦੀਆਂ ਗੱਲਾਂ ਬਾਰੇ ਸੋਚਦੇ ਰਹਿਣ ਨਾਲ ਅਸੀਂ ਗ਼ਲਤ ਕੰਮ ਕਰ ਸਕਦੇ ਹਾਂ। ਇਸ ਲਈ ਪੱਕਾ ਇਰਾਦਾ ਕਰੋ ਕਿ ਤੁਸੀਂ ਕਦੀ ਵੀ ਗ਼ਲਤ ਚੀਜ਼ਾਂ ਬਾਰੇ ਕਲਪਨਾ ਕਰ ਕੇ ਆਪਣੇ ਆਪ ਨੂੰ ਯਹੋਵਾਹ ਤੋਂ ਦੂਰ ਨਹੀਂ ਹੋਣ ਦੇਵੋਗੇ।
(2) ਇਹ ਸੋਚਣਾ ਕਿ ਪੈਸਾ ਸਾਡਾ ਬਚਾਅ ਕਰ ਸਕਦਾ ਹੈ।
ਪੈਸਾ ਹੋਣਾ ਜ਼ਰੂਰੀ ਹੈ। ਪਰ ਉਦੋਂ ਸਾਡੇ ਹੱਥ ਨਿਰਾਸ਼ਾ ਹੀ ਲੱਗੇਗੀ ਜਦੋਂ ਅਸੀਂ ਕਲਪਨਾ ਕਰਨ ਲੱਗ ਪਈਏ ਕਿ ਪੈਸੇ ਨਾਲ ਹੀ ਸੱਚੀ ਖ਼ੁਸ਼ੀ ਮਿਲਦੀ ਹੈ। ਬੁੱਧੀਮਾਨ ਸੁਲੇਮਾਨ ਨੇ ਲਿਖਿਆ: “ਅਮੀਰ ਵਿਅਕਤੀ ਆਪਣੀ ਸੰਪਤੀ ਨੂੰ ਹੀ ਆਪਣਾ ਕਿਲਾ ਸਮਝਦਾ ਹੈ, ਉਹ ਉਸ ਨੂੰ ਆਪਣੇ ਚਾਰੇ ਪਾਸੇ ਉਚੀ ਦੀਵਾਰ ਸਮਝਦਾ ਹੈ।” (ਕਹਾ. 18:11, CL) ਗੌਰ ਕਰੋ ਕਿ ਉਦੋਂ ਕੀ ਹੋਇਆ ਜਦੋਂ ਸਤੰਬਰ 2009 ਵਿਚ ਫ਼ਿਲਪੀਨ ਦੇ ਮਨੀਲਾ ਸ਼ਹਿਰ ਵਿਚ ਹੜ੍ਹ ਆਇਆ। ਕੀ ਅਮੀਰ ਲੋਕ ਬਚੇ? ਇਕ ਅਮੀਰ ਆਦਮੀ, ਜਿਸ ਦਾ ਸਭ ਕੁਝ ਹੜ੍ਹ ਵਿਚ ਰੁੜ੍ਹ ਗਿਆ, ਨੇ ਕਿਹਾ: “ਹੜ੍ਹ ਨੇ ਇਹ ਨਹੀਂ ਦੇਖਿਆ ਕਿ ਕੌਣ ਅਮੀਰ ਹੈ ਤੇ ਕੌਣ ਗ਼ਰੀਬ। ਸਾਰਿਆਂ ਦਾ ਨੁਕਸਾਨ ਹੋਇਆ।” ਸ਼ਾਇਦ ਤੁਸੀਂ ਇਹ ਸੋਚੋ ਕਿ ਪੈਸਾ ਤੁਹਾਨੂੰ ਮੁਸੀਬਤਾਂ ਤੋਂ ਬਚਾ ਸਕਦਾ ਹੈ। ਪਰ ਆਪਣੇ ਆਪ ਨੂੰ ਧੋਖਾ ਨਾ ਦਿਓ!
(3) ਬੇਕਾਰ ਦੀ ਚਿੰਤਾ ਕਰਨੀ।
ਯਿਸੂ ਨੇ ਸਾਨੂੰ ਸਲਾਹ ਦਿੱਤੀ ਕਿ ਅਸੀਂ ਹੱਦੋਂ ਵੱਧ “ਚਿੰਤਾ” ਨਾ ਕਰੀਏ। (ਮੱਤੀ 6:34) ਉਹ ਬੰਦਾ ਚਿੰਤਾ ਦੇ ਜੰਜਾਲ਼ ਵਿਚ ਫਸਿਆ ਰਹਿੰਦਾ ਹੈ ਜੋ ਹਰ ਵੇਲੇ ਮਨ ਘੜਤ ਗੱਲਾਂ ਬਾਰੇ ਸੋਚਦਾ ਰਹਿੰਦਾ ਹੈ। ਜੇ ਅਸੀਂ ਉਨ੍ਹਾਂ ਮੁਸ਼ਕਲਾਂ ਬਾਰੇ ਚਿੰਤਾ ਕਰਾਂਗੇ ਜੋ ਅਜੇ ਆਈਆਂ ਹੀ ਨਹੀਂ ਜਾਂ ਜੋ ਸ਼ਾਇਦ ਕਦੀ ਆਉਣ ਹੀ ਨਾ, ਤਾਂ ਅਸੀਂ ਆਪਣੇ ਆਪ ਨੂੰ ਥਕਾ ਸਕਦੇ ਹਾਂ। ਬਾਈਬਲ ਦੱਸਦੀ ਹੈ ਕਿ ਇਸ ਤਰ੍ਹਾਂ ਦੀ ਚਿੰਤਾ ਕਰ ਕੇ ਅਸੀਂ ਨਿਰਾਸ਼ ਹੋ ਸਕਦੇ ਹਾਂ, ਇੱਥੋਂ ਤਕ ਕਿ ਅਸੀਂ ਡਿਪਰੈਸ਼ਨ ਦੇ ਵੀ ਸ਼ਿਕਾਰ ਹੋ ਸਕਦੇ ਹਾਂ। (ਕਹਾ. 12:25) ਕਿੰਨਾ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਸਲਾਹ ਮੰਨਦੇ ਹੋਏ ਹੱਦੋਂ ਵੱਧ ਚਿੰਤਾ ਨਾ ਕਰੀਏ ਅਤੇ ਸਿਰਫ਼ ਅੱਜ ਦੀਆਂ ਪਰੇਸ਼ਾਨੀਆਂ ਬਾਰੇ ਸੋਚੀਏ।
ਸਹੀ ਗੱਲਾਂ ਬਾਰੇ ਕਲਪਨਾ ਕਰਨੀ
(1) ਆਉਣ ਵਾਲੇ ਖ਼ਤਰਿਆਂ ਨੂੰ ਪਛਾਣੋ ਅਤੇ ਉਨ੍ਹਾਂ ਤੋਂ ਬਚੋ।
ਬਾਈਬਲ ਸਾਨੂੰ ਸਿਆਣੇ ਬਣਨ ਅਤੇ ਆਉਣ ਵਾਲੇ ਖ਼ਤਰਿਆਂ ਨੂੰ ਪਛਾਣਨ ਲਈ ਕਹਿੰਦੀ ਹੈ। (ਕਹਾ. 22:3) ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਅਸੀਂ ਉਸ ਦੇ ਨਤੀਜਿਆਂ ਬਾਰੇ ਸੋਚ ਸਕਦੇ ਹਾਂ। ਮੰਨ ਲਓ, ਤੁਹਾਨੂੰ ਕਿਸੇ ਪਾਰਟੀ ’ਤੇ ਬੁਲਾਇਆ ਗਿਆ ਹੈ। ਕਲਪਨਾ ਕਰਨ ਦੀ ਕਾਬਲੀਅਤ ਤੁਹਾਡੀ ਪਾਰਟੀ ’ਤੇ ਜਾਣ ਜਾਂ ਨਾ ਜਾਣ ਦਾ ਫ਼ੈਸਲਾ ਲੈਣ ਵਿਚ ਕਿਵੇਂ ਮਦਦ ਕਰ ਸਕਦੀ ਹੈ? ਫ਼ੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਸਵਾਲਾਂ ਬਾਰੇ ਸੋਚੋ: ਪਾਰਟੀ ’ਤੇ ਕਿਸ-ਕਿਸ ਨੂੰ ਬੁਲਾਇਆ ਗਿਆ ਹੈ? ਕਿੰਨੇ ਕੁ ਲੋਕ ਆਉਣਗੇ? ਪਾਰਟੀ ਕਿੱਥੇ ਅਤੇ ਕਦੋਂ ਹੋਵੇਗੀ? ਉੱਥੇ ਕੀ-ਕੀ ਹੋ ਸਕਦਾ ਹੈ? ਕੀ ਤੁਹਾਨੂੰ ਪੱਕਾ ਪਤਾ ਹੈ ਕਿ ਉੱਥੇ ਸਾਰੇ ਲੋਕ ਚੰਗੇ ਹੀ ਹੋਣਗੇ ਅਤੇ ਉੱਥੇ ਕੋਈ ਵੀ ਕੰਮ ਬਾਈਬਲ ਖ਼ਿਲਾਫ਼ ਨਹੀਂ ਹੋਵੇਗਾ? ਇੱਦਾਂ ਕਰ ਕੇ ਤੁਸੀਂ ਆਪਣੇ ਮਨ ਵਿਚ ਪਾਰਟੀ ਦੇ ਮਾਹੌਲ ਦੀ ਤਸਵੀਰ ਬਣਾ ਸਕਦੇ ਹੋ। ਕਲਪਨਾ ਕਰਨ ਦੀ ਕਾਬਲੀਅਤ ਵਰਤ ਕੇ ਤੁਸੀਂ ਸਮਝਦਾਰੀ ਨਾਲ ਫ਼ੈਸਲੇ ਲੈ ਸਕੋਗੇ ਅਤੇ ਉਨ੍ਹਾਂ ਮੁਸ਼ਕਲਾਂ ਤੋਂ ਬਚੇ ਰਹੋਗੇ ਜਿਨ੍ਹਾਂ ਕਰਕੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ।
(2) ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਪਹਿਲਾਂ ਤੋਂ ਹੀ ਸੋਚੋ।
ਉੱਪਰ ਦੱਸੇ ਸ਼ਬਦ-ਕੋਸ਼ ਮੁਤਾਬਕ ਕਲਪਨਾ ਕਰਨ ਦਾ ਮਤਲਬ ਇਹ ਵੀ ਹੈ ਕਿ “ਮੁਸ਼ਕਲਾਂ ਸੁਲਝਾਉਣ ਬਾਰੇ ਸੋਚਣਾ।” ਮੰਨ ਲਓ ਕਿ ਤੁਹਾਡੀ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਤੁਹਾਡੇ ਵਿਚ ਗ਼ਲਤਫ਼ਹਿਮੀ ਹੋਈ ਹੈ। ਤੁਸੀਂ ਉਸ ਭੈਣ ਜਾਂ ਭਰਾ ਨਾਲ ਸੁਲ੍ਹਾ ਕਰਨ ਲਈ ਕੀ ਕਰੋਗੇ? ਉਸ ਨਾਲ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਸੋਚਣਾ ਪਵੇਗਾ। ਉਹ ਭੈਣ ਜਾਂ ਭਰਾ ਦੂਜਿਆਂ ਨਾਲ ਕਿਵੇਂ ਪੇਸ਼ ਆਉਂਦਾ ਹੈ? ਉਸ ਨਾਲ ਗੱਲ ਕਰਨ ਦਾ ਸਹੀ ਸਮਾਂ ਕਿਹੜਾ ਹੋਵੇਗਾ? ਕਹਾ. 15:28) ਇਸ ਤਰ੍ਹਾਂ ਸੂਝ-ਬੂਝ ਨਾਲ ਕੰਮ ਕਰ ਕੇ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਸੁਲਝਾ ਸਕਦੇ ਹਾਂ ਜਿਸ ਨਾਲ ਮੰਡਲੀ ਵਿਚ ਸ਼ਾਂਤੀ ਬਣੀ ਰਹੇਗੀ। ਵਾਕਈ, ਕਲਪਨਾ ਕਰਨ ਦੀ ਕਾਬਲੀਅਤ ਦੀ ਇਹ ਸਹੀ ਵਰਤੋਂ ਹੈ।
ਕਿਹੜੇ ਸ਼ਬਦ ਅਤੇ ਕਿਹੜੇ ਲਹਿਜੇ ਨਾਲ ਗੱਲ ਕਰਨੀ ਵਧੀਆ ਹੋਵੇਗੀ? ਆਪਣੇ ਭੈਣ ਜਾਂ ਭਰਾ ਨਾਲ ਸੁਲ੍ਹਾ ਕਰਨ ਲਈ ਆਪਣੇ ਮਨ ਵਿਚ ਅਲੱਗ-ਅਲੱਗ ਤਰੀਕਿਆਂ ਬਾਰੇ ਕਲਪਨਾ ਕਰੋ ਅਤੇ ਦੇਖੋ ਕਿ ਸੁਲ੍ਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ। ((3) ਬਾਈਬਲ ਪੜ੍ਹਨ ਅਤੇ ਸਟੱਡੀ ਨੂੰ ਮਜ਼ੇਦਾਰ ਬਣਾਓ।
ਰੋਜ਼ ਬਾਈਬਲ ਪੜ੍ਹਨੀ ਜ਼ਰੂਰੀ ਹੈ। ਪਰ ਸਿਰਫ਼ ਬਾਈਬਲ ਪੜ੍ਹਨੀ ਹੀ ਕਾਫ਼ੀ ਨਹੀਂ ਹੈ। ਸਾਨੂੰ ਬਾਈਬਲ ਵਿਚ ਦਿੱਤੇ ਸਬਕਾਂ ਵੱਲ ਧਿਆਨ ਦੇਣ ਅਤੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਲੋੜ ਹੈ। ਬਾਈਬਲ ਪੜ੍ਹਦਿਆਂ ਸਾਨੂੰ ਯਹੋਵਾਹ ਦੇ ਕੰਮਾਂ ਪ੍ਰਤੀ ਆਪਣੀ ਕਦਰਦਾਨੀ ਵਧਾਉਣ ਦੀ ਲੋੜ ਹੈ। ਅਸੀਂ ਕਲਪਨਾ ਕਰ ਕੇ ਇੱਦਾਂ ਕਰ ਸਕਦੇ ਹਾਂ। ਕਿਵੇਂ? ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ ਨਾਂ ਦੀ ਕਿਤਾਬ ਵਿਚ ਦਿੱਤੇ ਬਿਰਤਾਂਤ ਸਾਡੀ ਕਲਪਨਾ ਕਰਨ ਵਿਚ ਮਦਦ ਕਰ ਸਕਦੇ ਹਨ। ਅਸੀਂ ਬਾਈਬਲ ਦੇ ਪਾਤਰਾਂ ਦੇ ਪਿਛੋਕੜਾਂ ਦੀ ਕਲਪਨਾ ਕਰਨ ਦੇ ਨਾਲ-ਨਾਲ ਆਪਣੇ ਮਨ ਵਿਚ ਇਹ ਵੀ ਤਸਵੀਰ ਬਣਾ ਸਕਦੇ ਹਾਂ ਕਿ ਉਸ ਬਿਰਤਾਂਤ ਵਿਚ ਕੀ-ਕੀ ਹੋਇਆ ਸੀ। ਨਾਲੇ ਇਸ ਕਿਤਾਬ ਵਿਚ ਦਿੱਤੇ ਬਿਰਤਾਂਤ ਤੁਹਾਡੀ ਉਨ੍ਹਾਂ ਪਾਤਰਾਂ ਵਾਂਗ ਦ੍ਰਿਸ਼ ਦੇਖਣ, ਆਵਾਜ਼ਾਂ ਸੁਣਨ, ਖ਼ੁਸ਼ਬੂਆਂ ਸੁੰਘਣ ਵਿਚ ਮਦਦ ਕਰ ਸਕਦੇ ਹਨ ਅਤੇ ਤੁਸੀਂ ਉਸ ਪਾਤਰ ਦੇ ਜਜ਼ਬਾਤਾਂ ਨੂੰ ਮਹਿਸੂਸ ਕਰ ਸਕਦੇ ਹੋ। ਇੱਦਾਂ ਅਸੀਂ ਬਾਈਬਲ ਬਿਰਤਾਂਤਾਂ ਤੋਂ ਹੋਰ ਵਧੀਆ ਸਬਕ ਅਤੇ ਹੌਸਲਾ ਦੇਣ ਵਾਲੀਆਂ ਗੱਲਾਂ ਸਿੱਖ ਸਕਾਂਗੇ ਜਿਨ੍ਹਾਂ ਬਾਰੇ ਸ਼ਾਇਦ ਸਾਨੂੰ ਲੱਗਦਾ ਸੀ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਸੋ ਜਦੋਂ ਅਸੀਂ ਕਲਪਨਾ ਕਰ ਕੇ ਬਾਈਬਲ ਪੜ੍ਹਾਂਗੇ ਅਤੇ ਸਟੱਡੀ ਕਰਾਂਗੇ, ਤਾਂ ਸਾਡੀ ਸਟੱਡੀ ਹੋਰ ਵੀ ਮਜ਼ੇਦਾਰ ਬਣੇਗੀ।
(4) ਆਪਣੇ ਦਿਲ ਵਿਚ ਹਮਦਰਦੀ ਪੈਦਾ ਕਰੋ ਅਤੇ ਦਿਖਾਓ।
ਹਮਦਰਦੀ ਇਕ ਵਧੀਆ ਗੁਣ ਹੈ ਜਿਸ ਦਾ ਮਤਲਬ ਹੈ, ਦੂਸਰੇ ਦੇ ਦਰਦ ਨੂੰ ਆਪਣੇ ਦਿਲ ਵਿਚ ਮਹਿਸੂਸ ਕਰਨਾ। ਯਹੋਵਾਹ ਅਤੇ ਯਿਸੂ ਦੋਵੇਂ ਹਮਦਰਦੀ ਦਿਖਾਉਂਦੇ ਹਨ। ਇਸ ਲਈ ਸਾਨੂੰ ਵੀ ਹਮਦਰਦੀ ਦਿਖਾਉਣੀ ਚਾਹੀਦੀ ਹੈ। (ਕੂਚ 3:7; ਜ਼ਬੂ. 72:13) ਕਲਪਨਾ ਕਰਨ ਨਾਲ ਅਸੀਂ ਇਹ ਗੁਣ ਆਪਣੇ ਵਿਚ ਪੈਦਾ ਕਰ ਸਕਦੇ ਹਾਂ। ਅਸੀਂ ਸ਼ਾਇਦ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਦੀ ਨਾ ਕੀਤਾ ਹੋਵੇ ਜਿਨ੍ਹਾਂ ਦਾ ਸਾਮ੍ਹਣਾ ਸਾਡੇ ਭੈਣ-ਭਰਾ ਕਰ ਰਹੇ ਹਨ। ਪਰ ਤੁਸੀਂ ਆਪਣੇ ਆਪ ਤੋਂ ਪੁੱਛ ਸਕਦੇ ਹੋ: ‘ਜੇ ਮੈਂ ਇਸ ਮੁਸ਼ਕਲ ਵਿਚ ਹੁੰਦਾ, ਤਾਂ ਮੈਂ ਕਿਵੇਂ ਮਹਿਸੂਸ ਕਰਦਾ? ਮੈਨੂੰ ਕਿਸ ਚੀਜ਼ ਦੀ ਲੋੜ ਹੁੰਦੀ?’ ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਹੋਰ ਹਮਦਰਦੀ ਦਿਖਾ ਸਕਾਂਗੇ। ਵਾਕਈ, ਹਮਦਰਦੀ ਦਿਖਾਉਣ ਨਾਲ ਸਾਡੀ ਮਸੀਹੀ ਜ਼ਿੰਦਗੀ ਬਿਹਤਰ ਬਣੇਗੀ। ਸਾਨੂੰ ਪ੍ਰਚਾਰ ਵਿਚ ਫ਼ਾਇਦਾ ਹੋਵੇਗਾ ਅਤੇ ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਵਧੀਆ ਹੋਵੇਗਾ।
(5) ਨਵੀਂ ਦੁਨੀਆਂ ਦੀ ਕਲਪਨਾ ਕਰੋ।
ਬਾਈਬਲ ਵਿਚ ਯਹੋਵਾਹ ਦੇ ਵਾਅਦਿਆਂ ਬਾਰੇ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਨਵੀਂ ਦੁਨੀਆਂ ਵਿਚ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ। (ਯਸਾ. 35:5-7; 65:21-25; ਪ੍ਰਕਾ. 21:3, 4) ਸਾਡੇ ਪ੍ਰਕਾਸ਼ਨਾਂ ਵਿਚ ਇਨ੍ਹਾਂ ਵਾਅਦਿਆਂ ਦੇ ਆਧਾਰ ’ਤੇ ਬਹੁਤ ਸਾਰੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਤੋਂ ਨਵੀਂ ਦੁਨੀਆਂ ਦੀ ਝਲਕ ਮਿਲਦੀ ਹੈ। ਕਿਉਂ? ਕਿਉਂਕਿ ਇਨ੍ਹਾਂ ਤਸਵੀਰਾਂ ਨਾਲ ਅਸੀਂ ਹੋਰ ਵੀ ਚੰਗੇ ਤਰੀਕੇ ਨਾਲ ਕਲਪਨਾ ਕਰ ਸਕਦੇ ਹਾਂ ਅਤੇ ਆਪਣੇ ਆਪ ਨੂੰ ਨਵੀਂ ਦੁਨੀਆਂ ਵਿਚ ਦੇਖ ਸਕਦੇ ਹਾਂ। ਯਹੋਵਾਹ ਨੇ ਹੀ ਸਾਨੂੰ ਕਲਪਨਾ ਕਰਨ ਦੀ ਕਾਬਲੀਅਤ ਦਿੱਤੀ ਹੈ ਅਤੇ ਉਸ ਨੂੰ ਪਤਾ ਹੈ ਕਿ ਅਸੀਂ ਇਸ ਕਾਬਲੀਅਤ ਨਾਲ ਬਹੁਤ ਕੁਝ ਕਰ ਸਕਦੇ ਹਾਂ। ਪਰਮੇਸ਼ੁਰ ਵੱਲੋਂ ਕੀਤੇ ਵਾਅਦਿਆਂ ਬਾਰੇ ਕਲਪਨਾ ਕਰ ਕੇ ਸਾਡਾ ਭਰੋਸਾ ਹੋਰ ਪੱਕਾ ਹੋਵੇਗਾ ਕਿ ਇਹ ਵਾਅਦੇ ਜ਼ਰੂਰ ਪੂਰੇ ਹੋਣਗੇ। ਨਾਲੇ ਚੁਣੌਤੀਆਂ ਦੇ ਬਾਵਜੂਦ ਵੀ ਅਸੀਂ ਵਫ਼ਾਦਾਰ ਰਹਿ ਸਕਾਂਗੇ।
ਇਹ ਯਹੋਵਾਹ ਦੇ ਪਿਆਰ ਦਾ ਸਬੂਤ ਹੈ ਕਿ ਉਸ ਨੇ ਸਾਨੂੰ ਕਲਪਨਾ ਕਰਨ ਦੀ ਸ਼ਾਨਦਾਰ ਕਾਬਲੀਅਤ ਦਿੱਤੀ ਹੈ। ਇਹ ਕਾਬਲੀਅਤ ਯਹੋਵਾਹ ਦੀ ਰੋਜ਼ ਸੇਵਾ ਕਰਨ ਵਿਚ ਸਾਡੀ ਬਹੁਤ ਮਦਦ ਕਰ ਸਕਦੀ ਹੈ। ਆਓ ਆਪਾਂ ਇਸ ਤੋਹਫ਼ੇ ਦਾ ਸਹੀ ਇਸਤੇਮਾਲ ਕਰ ਕੇ ਯਹੋਵਾਹ ਪ੍ਰਤੀ ਸ਼ੁਕਰਗੁਜ਼ਾਰੀ ਦਿਖਾਈਏ।