Skip to content

Skip to table of contents

ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਬਾਰੇ ਕੀ?

ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਬਾਰੇ ਕੀ?

ਬਾਈਬਲ ਕੀ ਕਹਿੰਦੀ ਹੈ

ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਬਾਰੇ ਕੀ?

ਕੀ ਤੁਸੀਂ ਕੋਈ ਕੱਪੜਾ ਪਾ ਕੇ ਦੇਖਣ ਤੋਂ ਬਿਨਾਂ ਹੀ ਉਸ ਨੂੰ ਖ਼ਰੀਦ ਲਵੋਗੇ? ਜ਼ਿਆਦਾਤਰ ਲੋਕ ਇਸ ਤਰ੍ਹਾਂ ਨਹੀਂ ਕਰਨਗੇ ਕਿਉਂਕਿ ਜੇ ਬਾਅਦ ਵਿਚ ਕੱਪੜਾ ਮੇਚ ਨਾ ਆਵੇ, ਤਾਂ ਉਨ੍ਹਾਂ ਨੇ ਆਪਣਾ ਪੈਸਾ ਅਤੇ ਸਮਾਂ ਬਰਬਾਦ ਕਰ ਲਿਆ ਹੋਵੇਗਾ।

ਕਈ ਲੋਕ ਵਿਆਹ ਬਾਰੇ ਵੀ ਇਸੇ ਤਰ੍ਹਾਂ ਸੋਚਦੇ ਹਨ। ਉਹ ਸੋਚਦੇ ਹਨ ਕਿ ਮੁੰਡੇ-ਕੁੜੀ ਨੂੰ ਵਿਆਹ ਕਰਨ ਤੋਂ ਪਹਿਲਾਂ ਇਕੱਠੇ ਰਹਿਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ‘ਜੇ ਗੱਲ ਨਹੀਂ ਬਣੀ, ਤਾਂ ਅਸੀਂ ਸੌਖਿਆਂ ਹੀ ਇਕ-ਦੂਜੇ ਤੋਂ ਜੁਦਾ ਹੋ ਸਕਦੇ ਹਾਂ। ਤਲਾਕ ਲੈਣ ਦੀਆਂ ਮੁਸ਼ਕਲਾਂ ਨਹੀਂ ਹੋਣਗੀਆਂ ਅਤੇ ਨਾ ਹੀ ਉਸ ਦਾ ਖ਼ਰਚ।’

ਕਈ ਇਸ ਤਰ੍ਹਾਂ ਕਿਉਂ ਸੋਚਦੇ ਹਨ? ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਕਿਸੇ ਦੋਸਤ ਨੂੰ ਵਿਆਹ ਵਿਚ ਬਦਸਲੂਕੀ ਸਹਿੰਦੇ ਦੇਖਿਆ ਹੈ। ਜਾਂ ਸ਼ਾਇਦ ਉਨ੍ਹਾਂ ਨੇ ਦੇਖਿਆ ਹੋਵੇਗਾ ਕਿ ਉਦੋਂ ਕਿੰਨਾ ਦੁੱਖ ਹੁੰਦਾ ਹੈ ਜਦ ਵਿਆਹ ਵਿਚ ਪਿਆਰ ਠੰਢਾ ਪੈ ਜਾਂਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਸ਼ਾਇਦ ਸੋਚਣ ਕਿ ਵਿਆਹ ਤੋਂ ਪਹਿਲਾਂ ਇਕੱਠੇ ਰਹਿਣਾ ਹੀ ਅਕਲਮੰਦੀ ਦੀ ਗੱਲ ਹੈ।

ਇਸ ਮਾਮਲੇ ਬਾਰੇ ਬਾਈਬਲ ਕੀ ਕਹਿੰਦੀ ਹੈ? ਇਸ ਦਾ ਜਵਾਬ ਦੇਣ ਲਈ ਇਹ ਦੇਖਣਾ ਜ਼ਰੂਰੀ ਹੈ ਕਿ ਪਰਮੇਸ਼ੁਰ ਦਾ ਬਚਨ ਵਿਆਹ ਦੇ ਬੰਧਨ ਬਾਰੇ ਕੀ ਕਹਿੰਦਾ ਹੈ।

“ਇੱਕ ਸਰੀਰ”

ਯਹੋਵਾਹ ਪਰਮੇਸ਼ੁਰ ਨੇ ਹੀ ਵਿਆਹ ਦੀ ਨੀਂਹ ਧਰੀ ਸੀ। ਇਸ ਲਈ ਸਾਨੂੰ ਇਸ ਇੰਤਜ਼ਾਮ ਦਾ ਆਦਰ ਕਰਨਾ ਚਾਹੀਦਾ ਹੈ। (ਉਤਪਤ 2:21-24) ਸ਼ੁਰੂ ਤੋਂ ਹੀ ਯਹੋਵਾਹ ਦਾ ਮਕਸਦ ਇਹ ਸੀ ਕਿ ਵਿਆਹ ਕਰਾ ਕੇ ਮੁੰਡਾ-ਕੁੜੀ “ਇੱਕ ਸਰੀਰ” ਹੋਣ। (ਉਤਪਤ 2:24) ਯਿਸੂ ਨੇ ਬਾਈਬਲ ਤੋਂ ਇਹ ਗੱਲ ਦੁਹਰਾਉਣ ਤੋਂ ਬਾਅਦ ਇਹ ਵੀ ਕਿਹਾ ਸੀ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”—ਮੱਤੀ 19:6.

ਇਹ ਸੱਚ ਹੈ ਕਿ ਵਿਆਹ ਕਰਾਉਣ ਤੋਂ ਬਾਅਦ ਕਈਆਂ ਦਾ ਤਲਾਕ ਹੋ ਜਾਂਦਾ ਹੈ। * ਪਰ ਤਲਾਕ ਹੋਣ ਦਾ ਇਹ ਮਤਲਬ ਨਹੀਂ ਕਿ ਵਿਆਹ ਦੇ ਇੰਤਜ਼ਾਮ ਵਿਚ ਕੋਈ ਕਮੀ ਹੈ। ਇਸ ਦੀ ਬਜਾਇ ਤਲਾਕ ਇਸ ਲਈ ਹੁੰਦਾ ਹੈ ਕਿਉਂਕਿ ਇਕ ਜਣਾ, ਜਾਂ ਦੋਵੇਂ, ਵਿਆਹ ਵਾਲੇ ਦਿਨ ਕੀਤੀਆਂ ਕਸਮਾਂ ਤੋੜ ਦਿੰਦੇ ਹਨ।

ਫ਼ਰਜ਼ ਕਰੋ ਕਿ ਕਿਸੇ ਮੁੰਡੇ-ਕੁੜੀ ਕੋਲ ਮੋਟਰਕਾਰ ਹੈ, ਪਰ ਉਹ ਬਣਾਉਣ ਵਾਲੇ ਦੀਆਂ ਹਿਦਾਇਤਾਂ ਮੁਤਾਬਕ ਉਸ ਨੂੰ ਨਹੀਂ ਚਲਾਉਂਦੇ। ਨਤੀਜੇ ਵਜੋਂ ਜੇ ਕਾਰ ਖ਼ਰਾਬ ਹੋ ਜਾਵੇ, ਤਾਂ ਕਸੂਰ ਕਿਸ ਦਾ ਹੈ? ਮੋਟਰਕਾਰ ਬਣਾਉਣ ਵਾਲੇ ਦਾ ਜਾਂ ਮੁੰਡੇ-ਕੁੜੀ ਦਾ ਜਿਸ ਨੇ ਉਸ ਦੀ ਚੰਗੀ ਤਰ੍ਹਾਂ ਦੇਖ-ਭਾਲ ਨਹੀਂ ਕੀਤੀ?

ਵਿਆਹ ਉੱਤੇ ਵੀ ਇਹੀ ਅਸੂਲ ਲਾਗੂ ਹੁੰਦਾ ਹੈ। ਜਦ ਪਤੀ-ਪਤਨੀ ਵਿਆਹ ਦਾ ਇੰਤਜ਼ਾਮ ਕਰਨ ਵਾਲੇ ਦੀਆਂ ਹਿਦਾਇਤਾਂ ’ਤੇ ਚੱਲਦੇ ਹਨ ਅਤੇ ਬਾਈਬਲ ਦੇ ਅਸੂਲ ਲਾਗੂ ਕਰ ਕੇ ਮੁਸ਼ਕਲਾਂ ਸੁਲਝਾਉਂਦੇ ਹਨ, ਤਾਂ ਤਲਾਕ ਲੈਣ ਦੀ ਗੱਲ ਪੈਦਾ ਹੀ ਨਹੀਂ ਹੁੰਦੀ। ਜਦ ਪਤੀ-ਪਤਨੀ ਇਕ-ਦੂਜੇ ਦਾ ਸਾਥ ਨਿਭਾਉਣ ਦੀ ਕਸਮ ਖਾਂਦੇ ਹਨ, ਤਾਂ ਇਕ-ਦੂਜੇ ’ਤੇ ਉਨ੍ਹਾਂ ਦਾ ਭਰੋਸਾ ਪੱਕਾ ਹੁੰਦਾ ਹੈ। ਇਸ ਤਰ੍ਹਾਂ ਪਿਆਰ ਦਾ ਬੰਧਨ ਹੋਰ ਵੀ ਮਜ਼ਬੂਤ ਹੁੰਦਾ ਹੈ।

“ਹਰਾਮਕਾਰੀ ਤੋਂ ਬਚੇ ਰਹੋ”

ਫਿਰ ਵੀ ਕੁਝ ਲੋਕ ਸ਼ਾਇਦ ਸੋਚਣ, ‘ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਵਿਚ ਕੀ ਹਰਜ਼ ਹੈ? ਇਸ ਤਰ੍ਹਾਂ ਤੁਸੀਂ ਵਿਆਹ ਦੇ ਬੰਧਨ ਲਈ ਕਦਰ ਦਿਖਾ ਸਕਦੇ ਹੋ ਕਿਉਂਕਿ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿ ਤੁਹਾਡੀ ਬਣੇਗੀ ਜਾਂ ਨਹੀਂ।’

ਬਾਈਬਲ ਦਾ ਜਵਾਬ ਸਾਫ਼ ਹੈ। ਪੌਲੁਸ ਰਸੂਲ ਨੇ ਲਿਖਿਆ: “ਹਰਾਮਕਾਰੀ ਤੋਂ ਬਚੇ ਰਹੋ।” (1 ਥੱਸਲੁਨੀਕੀਆਂ 4:3) “ਹਰਾਮਕਾਰੀ” ਦਾ ਮਤਲਬ ਹੈ ਵਿਆਹ ਤੋਂ ਬਾਹਰ ਕੋਈ ਵੀ ਨਾਜਾਇਜ਼ ਸੰਬੰਧ। ਭਾਵੇਂ ਮੁੰਡਾ-ਕੁੜੀ ਵਿਆਹ ਕਰਾਉਣਾ ਚਾਹੁੰਦੇ ਹਨ, ਫਿਰ ਵੀ ਜੇ ਉਹ ਵਿਆਹ ਤੋਂ ਪਹਿਲਾਂ ਸੈਕਸ ਕਰਨ, ਤਾਂ ਇਹ ਹਰਾਮਕਾਰੀ ਹੈ। ਸੋ ਬਾਈਬਲ ਮੁਤਾਬਕ ਮੁੰਡੇ-ਕੁੜੀ ਲਈ ਵਿਆਹ ਤੋਂ ਪਹਿਲਾਂ ਇਕੱਠੇ ਰਹਿਣਾ ਗ਼ਲਤ ਹੈ—ਉਦੋਂ ਵੀ ਜੇ ਉਨ੍ਹਾਂ ਦਾ ਵਿਆਹ ਕਰਾਉਣ ਦਾ ਇਰਾਦਾ ਹੈ।

ਕੀ ਬਾਈਬਲ ਦੀ ਸਲਾਹ ਪੁਰਾਣੀ ਹੋ ਚੁੱਕੀ ਹੈ? ਕੁਝ ਲੋਕ ਸ਼ਾਇਦ ਇਸੇ ਤਰ੍ਹਾਂ ਸੋਚਣ। ਕਈ ਦੇਸ਼ਾਂ ਵਿਚ ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਲਈ ਇਕੱਠੇ ਰਹਿਣਾ ਆਮ ਹੋ ਗਿਆ ਹੈ, ਭਾਵੇਂ ਉਨ੍ਹਾਂ ਦਾ ਵਿਆਹ ਕਰਾਉਣ ਦਾ ਇਰਾਦਾ ਹੈ ਕਿ ਨਹੀਂ। ਪਰ ਇਸ ਦੇ ਨਤੀਜਿਆਂ ਬਾਰੇ ਸੋਚੋ। ਕੀ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਵਾਲੇ ਸੁਖੀ ਹਨ? ਕੀ ਉਹ ਸ਼ਾਦੀ-ਸ਼ੁਦਾ ਲੋਕਾਂ ਨਾਲੋਂ ਜ਼ਿਆਦਾ ਖ਼ੁਸ਼ ਹਨ? ਕੀ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਵਾਲੇ ਵਿਆਹ ਤੋਂ ਬਾਅਦ ਇਕ-ਦੂਜੇ ਦੇ ਜ਼ਿਆਦਾ ਵਫ਼ਾਦਾਰ ਰਹਿੰਦੇ ਹਨ? ਰਿਸਰਚ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਉਲਟ ਹੀ ਹੁੰਦਾ ਹੈ। ਅਸਲ ਵਿਚ ਜਿਹੜੇ ਜੋੜੇ ਵਿਆਹ ਤੋਂ ਪਹਿਲਾਂ ਇਕੱਠੇ ਰਹਿੰਦੇ ਹੁੰਦੇ ਸਨ ਉਨ੍ਹਾਂ ਦੇ ਵਿਆਹਾਂ ਵਿਚ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਹਨ। ਇਸ ਕਰਕੇ ਇਨ੍ਹਾਂ ਵਿੱਚੋਂ ਕਈ ਤਲਾਕ ਵੀ ਲੈ ਲੈਂਦੇ ਹਨ।

ਕੁਝ ਮਾਹਰ ਕਹਿਣਗੇ ਕਿ ਅਜਿਹੀ ਰਿਸਰਚ ਗ਼ਲਤ ਹੈ। ਮਿਸਾਲ ਲਈ, ਇਕ ਮਨੋਵਿਗਿਆਨੀ ਦਾ ਕਹਿਣਾ ਹੈ ਕਿ “ਜਿਹੜੇ ਲੋਕ ਵਿਆਹ ਕਰਾਉਣ ਤੋਂ ਪਹਿਲਾਂ ਇਕੱਠੇ ਨਹੀਂ ਰਹਿੰਦੇ ਉਨ੍ਹਾਂ ਦਾ ਰਵੱਈਆ ਉਨ੍ਹਾਂ ਲੋਕਾਂ ਤੋਂ ਵੱਖਰਾ ਹੁੰਦਾ ਹੈ ਜਿਨ੍ਹਾਂ ਨੇ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ ਸੀ।” ਉਸ ਦਾ ਦਾਅਵਾ ਹੈ ਕਿ ਸਭ ਤੋਂ ਜ਼ਰੂਰੀ ਗੱਲ ਇਹ ਨਹੀਂ ਕਿ ਜੋੜੇ ਵਿਆਹ ਤੋਂ ਪਹਿਲਾਂ ਇਕੱਠੇ ਰਹਿੰਦੇ ਹਨ ਕਿ ਨਹੀਂ, ਪਰ ਇਹ ਕਿ ਉਹ “ਵਿਆਹ ਦੇ ਬੰਧਨ ਦੀ ਕਦਰ ਕਰਦੇ ਹਨ ਕਿ ਨਹੀਂ।”

ਜੇ ਉਸ ਦੀ ਗੱਲ ਸੱਚ ਵੀ ਹੈ, ਫਿਰ ਵੀ ਇਹ ਦਿਖਾਉਂਦੀ ਹੈ ਕਿ ਸਾਨੂੰ ਵਿਆਹ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ ਕਿ “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ।” (ਇਬਰਾਨੀਆਂ 13:4) ਜਦ ਮੁੰਡਾ-ਕੁੜੀ ਇਕ ਸਰੀਰ ਹੋਣ ਦੀ ਕਸਮ ਖਾਂਦੇ ਹਨ ਅਤੇ ਵਿਆਹ ਦੇ ਇੰਤਜ਼ਾਮ ਦਾ ਆਦਰ ਕਰਦੇ ਹਨ, ਤਾਂ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਛੇਤੀ ਟੁੱਟੇਗਾ ਨਹੀਂ।—ਉਪਦੇਸ਼ਕ ਦੀ ਪੋਥੀ 4:12.

ਆਓ ਆਪਾਂ ਸ਼ੁਰੂ ਵਿਚ ਦਿੱਤੀ ਮਿਸਾਲ ਬਾਰੇ ਫਿਰ ਤੋਂ ਸੋਚੀਏ। ਇਹ ਸੱਚ ਹੈ ਕਿ ਸਾਨੂੰ ਕੋਈ ਵੀ ਕੱਪੜਾ ਖ਼ਰੀਦਣ ਤੋਂ ਪਹਿਲਾਂ ਉਸ ਨੂੰ ਪਾ ਕੇ ਦੇਖ ਲੈਣਾ ਚਾਹੀਦਾ ਹੈ। ਪਰ ਇਹ ਗੱਲ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ’ਤੇ ਲਾਗੂ ਨਹੀਂ ਹੁੰਦੀ। ਇਹ ਇਸ ’ਤੇ ਲਾਗੂ ਹੁੰਦੀ ਹੈ ਕਿ ਸਾਨੂੰ ਪਹਿਲਾਂ ਉਸ ਇਨਸਾਨ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ ਜਿਸ ਨਾਲ ਅਸੀਂ ਵਿਆਹ ਕਰਾਉਣ ਬਾਰੇ ਸੋਚ ਰਹੇ ਹਾਂ। ਕਈ ਲੋਕ ਇਸ ਤਰ੍ਹਾਂ ਨਹੀਂ ਕਰਦੇ, ਪਰ ਵਿਆਹ ਵਿਚ ਸੁਖੀ ਰਹਿਣ ਲਈ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ। (g09 10)

[ਫੁਟਨੋਟ]

^ ਪੈਰਾ 9 ਬਾਈਬਲ ਤਲਾਕ ਅਤੇ ਦੁਬਾਰਾ ਵਿਆਹ ਕਰਾਉਣ ਦਾ ਇੱਕੋ ਕਾਰਨ ਦਿੰਦੀ ਹੈ ਅਤੇ ਉਹ ਹੈ ਹਰਾਮਕਾਰੀ ਯਾਨੀ ਵਿਆਹ ਤੋਂ ਬਾਹਰ ਨਾਜਾਇਜ਼ ਸੰਬੰਧ।—ਮੱਤੀ 19:9.

ਕੀ ਤੁਸੀਂ ਕਦੇ ਸੋਚਿਆ ਹੈ?

◼ ਬਾਈਬਲ ਕਿਉਂ ਕਹਿੰਦੀ ਹੈ ਕਿ ਸਿਰਫ਼ ਵਿਆਹੇ ਲੋਕ ਸੈਕਸ ਕਰ ਸਕਦੇ ਹਨ?—ਜ਼ਬੂਰਾਂ ਦੀ ਪੋਥੀ 84:11; 1 ਕੁਰਿੰਥੀਆਂ 6:18.

◼ ਤੁਹਾਨੂੰ ਉਸ ਇਨਸਾਨ ਵਿਚ ਕਿਹੜੇ ਗੁਣ ਦੇਖਣੇ ਚਾਹੀਦੇ ਹਨ ਜਿਸ ਨਾਲ ਤੁਸੀਂ ਵਿਆਹ ਕਰਨ ਬਾਰੇ ਸੋਚ ਰਹੇ ਹੋ?—ਰੂਥ 1:16, 17; ਕਹਾਉਤਾਂ 31:10-31.

[ਸਫ਼ਾ 29 ਉੱਤੇ ਡੱਬੀ]

“ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ”

ਬਾਈਬਲ ਕਹਿੰਦੀ ਹੈ: “ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।” (1 ਕੁਰਿੰਥੀਆਂ 6:18) ਪਿਛਲੇ ਕੁਝ ਸਾਲਾਂ ਵਿਚ ਇਸ ਗੱਲ ਦੀ ਸੱਚਾਈ ਏਡਜ਼ ਅਤੇ ਹੋਰਨਾਂ ਜਿਨਸੀ ਬੀਮਾਰੀਆਂ ਤੋਂ ਦੇਖੀ ਗਈ ਹੈ ਜਿਨ੍ਹਾਂ ਕਾਰਨ ਲੱਖਾਂ ਲੋਕ ਆਪਣੀਆਂ ਜਾਨਾਂ ਖੋਹ ਬੈਠੇ ਹਨ। ਪਰ ਸਿਰਫ਼ ਇੰਨਾ ਹੀ ਨਹੀਂ। ਰਿਸਰਚ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਨੌਜਵਾਨ ਸੈਕਸ ਕਰਦੇ ਹਨ ਉਨ੍ਹਾਂ ਵਿੱਚੋਂ ਬਹੁਤ ਸਾਰੇ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹਨ। ਬਦਚਲਣੀ ਕਰਕੇ ਕਈ ਕੁੜੀਆਂ ਗਰਭਵਤੀ ਹੋ ਜਾਂਦੀਆਂ ਹਨ ਅਤੇ ਕਈ ਵਾਰ ਬੱਚੇ ਨੂੰ ਗਿਰਾਇਆ ਵੀ ਜਾਂਦਾ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਬਾਈਬਲ ਦੀ ਸਲਾਹ ਪੁਰਾਣੀ ਨਹੀਂ ਹੈ।