Skip to content

Skip to table of contents

ਮਾਪਿਓ, ਆਪਣੇ ਬੱਚਿਆਂ ਨੂੰ ਸਿਖਾਓ

ਮਾਪਿਓ, ਆਪਣੇ ਬੱਚਿਆਂ ਨੂੰ ਸਿਖਾਓ

ਮਾਪਿਓ, ਆਪਣੇ ਬੱਚਿਆਂ ਨੂੰ ਸਿਖਾਓ

“ਪਹਿਲਾਂ ਸਾਨੂੰ ਸਿਰਫ਼ ਇਸ ਗੱਲ ਦਾ ਫ਼ਿਕਰ ਹੁੰਦਾ ਸੀ ਕਿ ਬੱਚੇ ਜ਼ਿਆਦਾ ਟੀ.ਵੀ. ਨਾ ਦੇਖਣ। ਪਰ ਹੁਣ ਵਿਡਿਓ ਗੇਮ, ਕੰਪਿਊਟਰ ਅਤੇ ਮੋਬਾਇਲ ਫ਼ੋਨ ਵੀ ਹਨ। ਇਹ ਸਾਰਾ ਕੁਝ ਛੋਟੇ ਬੱਚਿਆਂ ਦੇ ਦਿਮਾਗ਼ ਲਈ ਬਹੁਤ ਹੈ ਅਤੇ ਨਸ਼ਾ ਚੜ੍ਹਨ ਦੇ ਬਰਾਬਰ ਹੈ। . . . ਉਨ੍ਹਾਂ ਨੂੰ ਇਹ ਚੀਜ਼ਾਂ ਵਰਤਣ ਦੀ ਆਦਤ ਪੈ ਜਾਂਦੀ ਹੈ ਅਤੇ ਜਦੋਂ ਇਹ ਨਹੀਂ ਹੁੰਦੀਆਂ, ਤਾਂ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਰਨ।”—ਡਾਕਟਰ ਮਾਲੀ ਮੈਨ।

ਅਸੀਂ ਅਜਿਹੀ ਦੁਨੀਆਂ ਵਿਚ ਜੀ ਰਹੇ ਹਾਂ ਜਿਸ ਵਿਚ ਤਕਨਾਲੋਜੀ ਅਤੇ ਇੰਟਰਨੈੱਟ ਚੜ੍ਹਦੀ ਕਲਾ ਵਿਚ ਹਨ। ਕਈ ਨੌਜਵਾਨ ਆਪਣੇ ਛੋਟੇ ਮੀਡੀਆ ਪਲੈਅਰ ਜਾਂ ਮੋਬਾਇਲ ਫ਼ੋਨ ਤੋਂ ਬਿਨਾਂ ਘਰੋਂ ਨਹੀਂ ਨਿਕਲ ਸਕਦੇ। ਜਿਉਂ-ਜਿਉਂ ਇਹ ਤਕਨਾਲੋਜੀ ਨਵੀਂ ਤੋਂ ਨਵੀਂ ਹੁੰਦੀ ਤੇ ਵਧਦੀ ਜਾ ਰਹੀ ਹੈ ਅਤੇ ਸਸਤੇ ਭਾਅ ਤੇ ਖ਼ਰੀਦੀ ਜਾ ਸਕਦੀ ਹੈ, ਤਿਉਂ-ਤਿਉਂ ਇਹ ਫੈਲਦੀ ਜਾਵੇਗੀ। ਇਸ ਕਰਕੇ ਮਾਪਿਆਂ ਲਈ ਆਪਣੇ ਬੱਚਿਆਂ ਦੀ ਨਿਗਰਾਨੀ ਕਰਨੀ, ਉਨ੍ਹਾਂ ਨੂੰ ਸਿੱਖਿਆ ਦੇਣੀ ਤੇ ਤਾੜਨਾ ਦੇਣੀ ਹੋਰ ਵੀ ਮੁਸ਼ਕਲ ਹੁੰਦੀ ਜਾਵੇਗੀ।

ਪਰ ਦੋ ਜ਼ਰੂਰੀ ਗੱਲਾਂ ਪਛਾਣ ਕੇ ਮਾਪੇ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਨ। ਪਹਿਲੀ ਗੱਲ: ਬਾਈਬਲ ਵਿਚ ਇਸ ਗੱਲ ਦੀ ਸੱਚਾਈ ਕਬੂਲ ਕਰੋ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।” (ਕਹਾਉਤਾਂ 22:15) ਦੂਜੀ ਗੱਲ: ਸਮਝੋ ਕਿ ਤਕਨਾਲੋਜੀ ਦਾ ਬੱਚਿਆਂ ਉੱਤੇ ਚੰਗਾ ਜਾਂ ਮਾੜਾ ਅਸਰ ਪੈ ਸਕਦਾ ਹੈ ਅਤੇ ਜਿੱਥੋਂ ਤਕ ਹੋ ਸਕੇ ਉਨ੍ਹਾਂ ਉੱਤੇ ਚੰਗਾ ਅਸਰ ਪਾਉਣ ਦੀ ਕੋਸ਼ਿਸ਼ ਕਰੋ।

ਛੋਟੀ ਉਮਰ ਤੋਂ ਸਿਖਾਓ

ਕਈ ਘਰਾਂ ਵਿਚ ਬੱਚਿਆਂ ਲਈ ਤਕਨਾਲੋਜੀ ਨਾਲ ਪਹਿਲੀ ਮੁਲਾਕਾਤ ਟੀ.ਵੀ. ਰਾਹੀਂ ਹੁੰਦੀ ਹੈ। ਕਈ ਵਾਰ ਬੱਚੇ ਨੂੰ ਚੁੱਪ ਰੱਖਣ ਲਈ ਉਸ ਨੂੰ ਟੀ.ਵੀ. ਮੋਹਰੇ ਬਿਠਾਇਆ ਜਾਂਦਾ ਹੈ। ਪਰ ਕੁਝ ਮਾਨਸਿਕ ਡਾਕਟਰ ਮੰਨਦੇ ਹਨ ਕਿ ਛੋਟੀ ਉਮਰ ਤੋਂ ਬੱਚਿਆਂ ਲਈ ਜ਼ਿਆਦਾ ਟੀ.ਵੀ. ਦੇਖਣ ਨਾਲ ਉਹ ਕਸਰਤ ਕਰਨੀ ਪਸੰਦ ਨਹੀਂ ਕਰਦੇ, ਅਸਲੀ ਦੁਨੀਆਂ ਤੇ ਸੁਪਨਿਆਂ ਦੀ ਦੁਨੀਆਂ ਵਿਚ ਫ਼ਰਕ ਜਾਣਨ ਵਿਚ ਮੁਸ਼ਕਲ ਪਾਉਂਦੇ ਹਨ, ਭਾਵਾਤਮਕ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ ਅਤੇ ਸਕੂਲ ਜਾਣ ਸਮੇਂ ਧਿਆਨ ਦੇਣ ਵਿਚ ਮੁਸ਼ਕਲਾਂ ਪਾਉਂਦੇ ਹਨ। ਡਾ. ਮਾਲੀ ਮੈਨ ਦਾ ਕਹਿਣਾ ਹੈ ਕਿ “ਕਈ ਮਾਪਿਆਂ ਨੂੰ ਗ਼ਲਤੀ ਨਾਲ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਅਟੈਂਸ਼ਨ ਡੈਫਿਸਿਟ ਡਿਸਾਰਡਰ (ਏ.ਡੀ.ਡੀ.) ਜਾਂ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਾਰਡਰ (ਏ.ਡੀ.ਐੱਚ.ਡੀ.) ਜਾਂ ਸ਼ਾਇਦ ਬਾਇਪੋਲਰ ਡਿਸਾਰਡਰ ਹੈ।” ਇਸ ਲਈ ਕਈ ਮਾਹਰ ਸਲਾਹ ਦਿੰਦੇ ਹਨ ਕਿ ਦੋ ਸਾਲਾਂ ਦੀ ਉਮਰ ਤਕ ਬੱਚਿਆਂ ਨੂੰ ਟੈਲੀਵਿਯਨ ਨਹੀਂ ਦੇਖਣਾ ਚਾਹੀਦਾ।

ਅਮਰੀਕਾ ਵਿਚ ਬੱਚਿਆਂ ਦੀ ਦੇਖ-ਭਾਲ ਕਰਨ ਵਾਲੀ ਇਕ ਸੰਸਥਾ ਦੇ ਡਾਕਟਰ ਨੇ ਕਿਹਾ: “ਬੱਚੇ ਦੇ ਪਹਿਲੇ ਦੋ ਸਾਲਾਂ ਵਿਚ ਉਹ ਆਪਣੇ ਮਾਪਿਆਂ ਨਾਲ ਗੂੜ੍ਹਾ ਰਿਸ਼ਤਾ ਜੋੜਦਾ ਹੈ।” ਇਹ ਰਿਸ਼ਤਾ ਉਦੋਂ ਪੱਕਾ ਹੁੰਦਾ ਹੈ ਜਦ ਮਾਪੇ ਆਪਣੇ ਬੱਚਿਆਂ ਨਾਲ ਗੱਲਾਂ ਕਰਦੇ, ਖੇਡਦੇ ਅਤੇ ਉਨ੍ਹਾਂ ਨਾਲ ਪੜ੍ਹਦੇ ਹਨ। ਕਈ ਪਹਿਲਾਂ ਹੀ ਜਾਣਦੇ ਹਨ ਕਿ ਜਿਹੜੇ ਮਾਪੇ ਬਾਕਾਇਦਾ ਆਪਣੇ ਬੱਚਿਆਂ ਨਾਲ ਪੜ੍ਹਦੇ ਹਨ ਉਨ੍ਹਾਂ ਵਿਚ ਪੜ੍ਹਨ ਦਾ ਸ਼ੌਕ ਪੈਦਾ ਹੁੰਦਾ ਹੈ ਜੋ ਇਕ ਚੰਗੀ ਗੱਲ ਹੈ।

ਇਹ ਸੱਚ ਹੈ ਕਿ ਲੱਖਾਂ ਹੀ ਬੱਚਿਆਂ ਲਈ ਕੰਪਿਊਟਰਾਂ ਅਤੇ ਹੋਰ ਤਕਨਾਲੋਜੀ ਦੀ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੋਵੇ। ਪਰ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਬੱਚਾ ਕੰਪਿਊਟਰ, ਕੰਪਿਊਟਰ ਗੇਮਾਂ ਅਤੇ ਇੰਟਰਨੈੱਟ ਤੋਂ ਇਲਾਵਾ ਹੋਰ ਕਿਸੇ ਕੰਮ ਬਾਰੇ ਨਹੀਂ ਸੋਚਦਾ, ਤਾਂ ਹੋਰਨਾਂ ਚੀਜ਼ਾਂ ਵਿਚ ਉਸ ਦੀ ਦਿਲਚਸਪੀ ਵਧਾਉਣੀ ਸਮਝਦਾਰੀ ਦੀ ਗੱਲ ਹੋਵੇਗੀ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਕਿਉਂ ਨਾ ਉਸ ਨੂੰ ਕੋਈ ਕਲਾ ਜਾਂ ਸਾਜ਼ ਸਿੱਖਣ ਦੀ ਹੱਲਾਸ਼ੇਰੀ ਦਿਓ? ਅਜਿਹਾ ਕੁਝ ਚੁਣੋ ਜੋ ਬੱਚੇ ਦਾ ਧਿਆਨ ਖਿੱਚੇ, ਉਸ ਨੂੰ ਪਸੰਦ ਆਵੇ ਅਤੇ ਦਿਲਚਸਪ ਵੀ ਲੱਗੇ।

ਇਸ ਤਰ੍ਹਾਂ ਕਰਨ ਨਾਲ ਬੱਚੇ ਦਾ ਸਿਰਫ਼ ਦਿਲ ਹੀ ਨਹੀਂ ਖ਼ੁਸ਼ ਹੋਵੇਗਾ, ਸਗੋਂ ਉਹ ਕਈ ਵਧੀਆ ਗੁਣ ਵੀ ਪੈਦਾ ਕਰਨੇ ਸਿੱਖੇਗਾ। ਮਿਸਾਲ ਲਈ, ਧੀਰਜ, ਦ੍ਰਿੜ੍ਹਤਾ ਅਤੇ ਸਹਿਣਸ਼ੀਲਤਾ। ਇਸ ਤੋਂ ਇਲਾਵਾ ਉਹ ਆਪਣਾ ਦਿਮਾਗ਼ ਵਰਤਣਾ ਵੀ ਸਿੱਖੇਗਾ। ਅਜਿਹੇ ਗੁਣ ਜ਼ਿੰਦਗੀ ਵਿਚ ਉਸ ਦੇ ਕੰਮ ਆਉਣਗੇ ਅਤੇ ਉਸ ਨੂੰ ਦਿਖਾਉਣਗੇ ਕਿ ਕੰਪਿਊਟਰ ਦੇ ਕੁਝ ਬਟਨ ਦਬਾ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭਿਆ ਜਾ ਸਕਦਾ।

ਬੱਚਿਆਂ ਨੂੰ ਬੁੱਧ ਅਤੇ ਸਮਝਦਾਰੀ ਦੀ ਲੋੜ ਹੈ

ਬਾਈਬਲ ਵਿਚ ਸਾਰਿਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਉਹ ਬੁੱਧ ਅਤੇ ਸਮਝਦਾਰੀ ਵਰਤਣੀ ਸਿੱਖਣ। (ਕਹਾਉਤਾਂ 1:8, 9; 3:21) ਨਤੀਜੇ ਵਜੋਂ ਅਸੀਂ ਸਹੀ ਤੇ ਗ਼ਲਤ ਅਤੇ ਸਮਝਦਾਰੀ ਤੇ ਨਾਸਮਝੀ ਵਿਚ ਫ਼ਰਕ ਪਛਾਣ ਸਕਾਂਗੇ। ਮਿਸਾਲ ਲਈ, ਘੰਟਿਆਂ ਬੱਧੀ ਕੰਪਿਊਟਰ ’ਤੇ ਗੇਮਾਂ ਖੇਡਣੀਆਂ ਜਾਂ ਟੀ.ਵੀ. ਦੇਖਣਾ ਕਾਨੂੰਨ ਦੇ ਖ਼ਿਲਾਫ਼ ਨਹੀਂ ਹੈ, ਪਰ ਕੀ ਇਹ ਅਕਲਮੰਦੀ ਦੀ ਗੱਲ ਹੈ? ਨਵੀਂ ਤੋਂ ਨਵੀਂ ਤਕਨਾਲੋਜੀ ਜਾਂ ਸਾਫਟਵੇਅਰ ਖ਼ਰੀਦਣਾ ਗ਼ਲਤ ਨਹੀਂ ਹੈ, ਪਰ ਕੀ ਇਹ ਸਮਝਦਾਰੀ ਦੀ ਗੱਲ ਹੈ? ਤਾਂ ਫਿਰ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ ਤਾਂਕਿ ਉਹ ਤਕਨਾਲੋਜੀ ਦੇ ਸੰਬੰਧ ਵਿਚ ਸਹੀ ਫ਼ੈਸਲੇ ਕਰਨ?

ਖ਼ਤਰਿਆਂ ਬਾਰੇ ਦੱਸੋ। ਜਿੱਥੇ ਤਕਨਾਲੋਜੀ ਅਤੇ ਇੰਟਰਨੈੱਟ ਦੀ ਗੱਲ ਆਉਂਦੀ ਹੈ, ਬੱਚੇ ਇਨ੍ਹਾਂ ਨੂੰ ਵਰਤਣਾ ਜਲਦੀ ਸਿੱਖ ਲੈਂਦੇ ਹਨ, ਪਰ ਬੁੱਧ ਅਤੇ ਜ਼ਿੰਦਗੀ ਦੇ ਤਜਰਬੇ ਦਾ ਘਾਟਾ ਹੋਣ ਕਰਕੇ ਉਹ ਨਾਦਾਨ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਖ਼ਤਰਿਆਂ ਬਾਰੇ ਦੱਸੋ ਅਤੇ ਉਨ੍ਹਾਂ ਤੋਂ ਦੂਰ ਰਹਿਣਾ ਸਮਝਾਓ। ਆਨ-ਲਾਈਨ ਸੋਸ਼ਲ ਨੈੱਟਵਰਕਜ਼ ਦੀ ਮਿਸਾਲ ਲੈ ਲਓ। ਇਨ੍ਹਾਂ ਨੈੱਟਵਰਕਜ਼ ’ਤੇ ਨੌਜਵਾਨ ਆਪਣੇ ਬਾਰੇ ਦੱਸ ਸਕਦੇ ਹਨ ਅਤੇ ਹੋਰਨਾਂ ਨੌਜਵਾਨਾਂ ਨੂੰ ਮਿਲ ਸਕਦੇ ਹਨ। ਪਰ ਅਜਿਹੇ ਸਾਈਟ ਬੁਰੇ ਲੋਕਾਂ ਅਤੇ ਉਨ੍ਹਾਂ ਨੂੰ ਵੀ ਪਸੰਦ ਹਨ ਜੋ ਦੂਸਰਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ। * (1 ਕੁਰਿੰਥੀਆਂ 15:33) ਇਸ ਲਈ ਸਮਝਦਾਰ ਮਾਪੇ ਆਪਣੇ ਬੱਚਿਆਂ ਨੂੰ ਤਾਕੀਦ ਕਰਦੇ ਹਨ ਕਿ ਉਹ ਕੰਪਿਊਟਰ ਰਾਹੀਂ ਆਪਣੇ ਬਾਰੇ ਸਾਰਾ ਕੁਝ ਨਾ ਦੱਸਣ। *

ਜਿੱਦਾਂ-ਜਿੱਦਾਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਆਪਣੇ ਆਪ ਲਈ ਸਮਾਂ ਚਾਹੀਦਾ ਹੈ। ਪਰ ਮਾਂ-ਬਾਪ ਹੋਣ ਦੇ ਨਾਤੇ ਤੁਹਾਨੂੰ ਪਰਮੇਸ਼ੁਰ ਨੇ ਅਧਿਕਾਰ ਅਤੇ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ ਤੇ ਉਨ੍ਹਾਂ ਦੀ ਨਿਗਰਾਨੀ ਕਰੋ। (ਕਹਾਉਤਾਂ 22:6; ਅਫ਼ਸੀਆਂ 6:4) ਉਮੀਦ ਹੈ ਕਿ ਉਹ ਸਮਝਣਗੇ ਕਿ ਤੁਸੀਂ ਉਨ੍ਹਾਂ ਦੇ ਕੰਮਾਂ ਵਿਚ ਐਵੇਂ ਨਹੀਂ ਦਖ਼ਲ ਦੇ ਰਹੇ, ਪਰ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਤੇ ਉਨ੍ਹਾਂ ਦਾ ਭਲਾ ਹੀ ਚਾਹੁੰਦੇ ਹੋ।

ਤੁਸੀਂ ਸ਼ਾਇਦ ਕਹੋ, “ਪਰ ਮੈਨੂੰ ਤਾਂ ਤਕਨਾਲੋਜੀ ਬਾਰੇ ਬਹੁਤਾ ਗਿਆਨ ਨਹੀਂ। ਸੋ ਮੈਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰਾਂ?” ਕਿਉਂ ਨਾ ਕੁਝ ਹੱਦ ਤਕ ਤਕਨਾਲੋਜੀ ਵਰਤਣੀ ਸਿੱਖੋ? ਮੈਲਬਾ ਦੀ ਉਮਰ ਹੁਣ 90 ਸਾਲਾਂ ਤੋਂ ਜ਼ਿਆਦਾ ਹੈ ਤੇ ਉਸ ਨੇ 80 ਸਾਲਾਂ ਦੀ ਉਮਰ ਤੋਂ ਪਹਿਲਾਂ ਕਦੇ ਕੰਪਿਊਟਰ ਨਹੀਂ ਵਰਤਿਆ ਸੀ। ਉਹ ਕਹਿੰਦੀ ਹੈ: “ਜਦ ਮੈਂ ਪਹਿਲਾਂ-ਪਹਿਲਾਂ ਕੰਪਿਊਟਰ ਵਰਤਣ ਲੱਗੀ, ਤਾਂ ਮੈਂ ਉਸ ਨੂੰ ਬਾਹਰ ਸੁੱਟਣਾ ਚਾਹੁੰਦੀ ਸੀ! ਪਰ ਦੋ ਕੁ ਮਹੀਨਿਆਂ ਬਾਅਦ ਮੈਨੂੰ ਉਸ ਦੀ ਥੋੜ੍ਹੀ-ਬਹੁਤੀ ਸਮਝ ਆ ਹੀ ਗਈ। ਹੁਣ ਮੈਂ ਈ-ਮੇਲ ਭੇਜ ਸਕਦੀ ਹਾਂ ਤੇ ਸੌਖਿਆਂ ਹੀ ਹੋਰ ਕੰਮ ਕਰ ਲੈਂਦੀ ਹੈ।”

ਤਕਨਾਲੋਜੀ ਵਰਤਣ ਦਾ ਆਪਣੇ ਬੱਚਿਆਂ ਲਈ ਸਮਾਂ ਤੈਅ ਕਰੋ। ਜੇ ਤੁਹਾਡਾ ਬੱਚਾ ਘੰਟਿਆਂ ਬੱਧੀ ਟੀ.ਵੀ. ਦੇਖਦਾ, ਇੰਟਰਨੈੱਟ ਵਰਤਦਾ, ਜਾਂ ਕੰਪਿਊਟਰ ਗੇਮਾਂ ਖੇਡਦਾ ਹੈ, ਕਿਉਂ ਨਾ ਤੈਅ ਕਰੋ ਕਿ ਉਹ ਇਹ ਕੰਮ ਕਦੋਂ ਕਰ ਸਕਦਾ ਹੈ? ਇਸ ਤਰ੍ਹਾਂ ਹੋ ਸਕਦਾ ਹੈ ਕਿ ਤੁਹਾਡਾ ਧੀ-ਪੁੱਤ ਬਾਈਬਲ ਦੇ ਇਸ ਅਸੂਲ ਦੀ ਅਹਿਮੀਅਤ ਸਿੱਖੇ: “ਹਰੇਕ ਕੰਮ ਦਾ ਇੱਕ ਸਮਾ ਹੈ।” ਇਸ ਦਾ ਮਤਲਬ ਹੈ ਕਿ ਪਰਿਵਾਰ ਲਈ ਸਮਾਂ ਹੁੰਦਾ ਹੈ, ਦੋਸਤਾਂ ਲਈ ਸਮਾਂ ਹੁੰਦਾ ਹੈ, ਸਕੂਲ ਦਾ ਕੰਮ ਕਰਨ ਦਾ ਸਮਾਂ ਹੁੰਦਾ ਹੈ, ਖਾਣ ਦਾ ਸਮਾਂ ਹੁੰਦਾ ਹੈ, ਕਸਰਤ ਕਰਨ ਦਾ ਸਮਾਂ ਹੁੰਦਾ ਹੈ, ਵਗੈਰਾ। (ਉਪਦੇਸ਼ਕ ਦੀ ਪੋਥੀ 3:1) ਘਰ ਦੇ ਅਸੂਲ ਬਣਾਉਣੇ ਜ਼ਰੂਰੀ ਹਨ ਤੇ ਜੇ ਸਾਰਾ ਪਰਿਵਾਰ ਇਨ੍ਹਾਂ ਉੱਤੇ ਚੱਲੇਗਾ, ਤਾਂ ਤੁਹਾਡੇ ਪਰਿਵਾਰ ਨੂੰ ਫ਼ਾਇਦਾ ਹੋਵੇਗਾ ਤੇ ਬੱਚੇ ਤਮੀਜ਼, ਦੂਸਰਿਆਂ ਦਾ ਲਿਹਾਜ਼ ਕਰਨਾ ਤੇ ਹੋਰਨਾਂ ਨਾਲ ਸਮਾਂ ਗੁਜ਼ਾਰਨਾ ਸਿੱਖਣਗੇ। (g09-E 11)

[ਫੁਟਨੋਟ]

^ ਪੈਰਾ 12 ਮਾਪਿਆਂ ਲਈ ਚੰਗਾ ਹੋਵੇਗਾ ਜੇ ਉਹ ਜਨਵਰੀ-ਮਾਰਚ 2009 ਦੇ ਜਾਗਰੂਕ ਬਣੋ! ਰਸਾਲੇ ਵਿਚ “ਬੱਚੇ ਅਤੇ ਇੰਟਰਨੈੱਟ—ਮਾਪਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ” ਅਤੇ ਜਨਵਰੀ-ਮਾਰਚ 2008 ਵਿਚ ਨੌਜਵਾਨ ਪੁੱਛਦੇ ਹਨ ਲੇਖ ਪੜ੍ਹਨ। ਇਨ੍ਹਾਂ ਲੇਖਾਂ ਵਿਚ ਪੋਰਨੋਗ੍ਰਾਫੀ, ਵਿਡਿਓ ਗੇਮਜ਼ ਅਤੇ ਇੰਟਰਨੈੱਟ ਬਾਰੇ ਵਧੀਆ ਜਾਣਕਾਰੀ ਮਿਲੇਗੀ।

^ ਪੈਰਾ 12 ਕੁਝ ਨੌਜਵਾਨ ਮੋਬਾਇਲ ਫ਼ੋਨ ਰਾਹੀਂ ਆਪਣੇ ਆਪ ਦੀਆਂ ਗੰਦੀਆਂ ਤਸਵੀਰਾਂ ਖਿੱਚ ਕੇ ਆਪਣੇ ਦੋਸਤਾਂ ਨੂੰ ਭੇਜਦੇ ਹਨ। ਇਹ ਨਾ ਸਿਰਫ਼ ਬੁਰੀ ਗੱਲ ਹੈ, ਪਰ ਮੂਰਖਤਾ ਵੀ ਹੈ ਕਿਉਂਕਿ ਇਹ ਤਸਵੀਰਾਂ ਫਿਰ ਦੂਸਰਿਆਂ ਨੂੰ ਵੀ ਦਿਖਾਈਆਂ ਜਾਂਦੀਆਂ ਹਨ, ਚਾਹੇ ਭੇਜਣ ਵਾਲਾ ਇਹ ਚਾਹੁੰਦਾ ਹੋਵੇ ਜਾਂ ਨਹੀਂ।

[ਸਫ਼ਾ 17 ਉੱਤੇ ਤਸਵੀਰ]

ਬੱਚਿਆਂ ਨੂੰ ਕਈ ਤਰ੍ਹਾਂ ਦੇ ਕੰਮ ਸਿੱਖਣੇ ਚਾਹੀਦੇ ਹਨ ਜੋ ਦਿਮਾਗ਼ ਵਰਤਣ ਤੋਂ ਇਲਾਵਾ ਉਨ੍ਹਾਂ ਵਿਚ ਧੀਰਜ ਤੇ ਦ੍ਰਿੜ੍ਹਤਾ ਵਰਗੇ ਗੁਣ ਪੈਦਾ ਕਰਨਗੇ