Skip to content

Skip to table of contents

ਧਰਮ ਤੋਂ ਬਿਨਾਂ ਦੁਨੀਆਂ ਬਿਹਤਰ ਬਣ ਸਕਦੀ ਹੈ?

ਧਰਮ ਤੋਂ ਬਿਨਾਂ ਦੁਨੀਆਂ ਬਿਹਤਰ ਬਣ ਸਕਦੀ ਹੈ?

ਧਰਮ ਤੋਂ ਬਿਨਾਂ ਦੁਨੀਆਂ ਬਿਹਤਰ ਬਣ ਸਕਦੀ ਹੈ?

ਨਾਸਤਿਕ ਲੋਕ ਅਜਿਹੀ ਦੁਨੀਆਂ ਚਾਹੁੰਦੇ ਹਨ ਜਿੱਥੇ ਕੋਈ ਵੀ ਧਰਮ ਨਾ ਹੋਵੇ, ਨਾ ਅੱਤਵਾਦੀ ਹਮਲੇ ਹੋਣ, ਨਾ ਧਰਮ ਦੇ ਨਾਂ ਤੇ ਲੜਾਈਆਂ ਕੀਤੀਆਂ ਜਾਣ ਤੇ ਨਾ ਹੀ ਪਾਦਰੀ ਆਮ ਲੋਕਾਂ ਨੂੰ ਠੱਗਣ। ਕੀ ਤੁਸੀਂ ਅਜਿਹੀ ਦੁਨੀਆਂ ਵਿਚ ਰਹਿਣਾ ਚਾਹੋਗੇ?

ਜਵਾਬ ਦੇਣ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਪੁੱਛੋ, ‘ਕੀ ਸਬੂਤ ਹੈ ਕਿ ਜੇ ਸਾਰੇ ਲੋਕ ਨਾਸਤਿਕ ਬਣ ਜਾਣ, ਤਾਂ ਦੁਨੀਆਂ ਦੀ ਹਾਲਤ ਸੁਧਰ ਜਾਵੇਗੀ?’ ਇਸ ਬਾਰੇ ਜ਼ਰਾ ਸੋਚੋ: ਕੰਬੋਡੀਆ ਵਿਚ ਖਮੇਰ ਰੂਜ਼ ਸਰਕਾਰ ਦੇ ਅਧੀਨ 15 ਲੱਖ ਲੋਕਾਂ ਦੀ ਹੱਤਿਆ ਕੀਤੀ ਗਈ ਤਾਂਕਿ ਮਾਰਕਸੀ ਰਾਜ ਸਥਾਪਿਤ ਕੀਤਾ ਜਾਵੇ। ਰੂਸ ਵਿਚ ਜੋਸਿਫ ਸਟਾਲਿਨ ਦੀ ਨਾਸਤਿਕ ਹਕੂਮਤ ਅਧੀਨ ਲੱਖਾਂ ਹੀ ਲੋਕ ਮੌਤ ਦੇ ਮੂੰਹ ਵਿਚ ਧੱਕੇ ਗਏ। ਇਹ ਸੱਚ ਹੈ ਕਿ ਇਨ੍ਹਾਂ ਬੁਰਾਈਆਂ ਨੂੰ ਸਿੱਧੀ ਤਰ੍ਹਾਂ ਨਾਸਤਿਕਤਾ ਨਾਲ ਜੋੜਿਆ ਨਹੀਂ ਜਾ ਸਕਦਾ। ਪਰ ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਨਾਸਤਿਕਤਾ ਦਾ ਰਾਜ ਹਮੇਸ਼ਾ ਸੁਖ-ਸ਼ਾਂਤੀ ਨਹੀਂ ਲਿਆਉਂਦਾ।

ਅਸੀਂ ਇਸ ਗੱਲ ਦਾ ਇਨਕਾਰ ਨਹੀਂ ਕਰ ਸਕਦੇ ਕਿ ਧਰਮ ਦੇ ਨਾਂ ਤੇ ਬਹੁਤ ਜ਼ੁਲਮ ਢਾਹੇ ਗਏ ਹਨ। ਪਰ ਕੀ ਇਨ੍ਹਾਂ ਲਈ ਰੱਬ ਜ਼ਿੰਮੇਵਾਰ ਹੈ? ਨਹੀਂ! ਇਸ ਮਿਸਾਲ ਉੱਤੇ ਗੌਰ ਕਰੋ: ਕਾਰ ਬਣਾਉਣ ਵਾਲੇ ਨੂੰ ਉਸ ਹਾਦਸੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਜੋ ਇਸ ਕਰਕੇ ਹੋਇਆ ਕਿਉਂਕਿ ਡ੍ਰਾਈਵਰ ਮੋਬਾਇਲ ’ਤੇ ਗੱਲਾਂ ਕਰ ਰਿਹਾ ਸੀ। ਇਨਸਾਨ ਕਈ ਕਾਰਨਾਂ ਕਰਕੇ ਦੁੱਖ ਸਹਿੰਦੇ ਹਨ ਸਿਰਫ਼ ਧਰਮ ਦੇ ਨਾਂ ਤੇ ਜ਼ੁਲਮਾਂ ਕਰਕੇ ਹੀ ਨਹੀਂ। ਬਾਈਬਲ ਇਕ ਮੁੱਖ ਕਾਰਨ ਦੱਸਦੀ ਹੈ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਸਾਰੇ ਇਨਸਾਨ ਪਾਪੀ ਹਨ ਤੇ ਪਾਪ ਸਾਡੇ ਵਿਚ ਖ਼ੁਦਗਰਜ਼ੀ, ਹੰਕਾਰ ਤੇ ਹਿੰਸਾ ਪੈਦਾ ਕਰਦਾ ਹੈ। ਨਾਲੇ ਇਸੇ ਪਾਪ ਕਰਕੇ ਅਸੀਂ ਆਪਣੀ ਮਨ-ਮਰਜ਼ੀ ਕਰਨੀ ਚਾਹੁੰਦੇ ਹਾਂ। (ਉਤਪਤ 8:21) ਇਸ ਤੋਂ ਇਲਾਵਾ ਲੋਕ ਆਪਣੇ ਲਈ ਬਹਾਨੇ ਬਣਾਉਂਦੇ ਹਨ ਤੇ ਉਨ੍ਹਾਂ ਗੱਲਾਂ ਨੂੰ ਮੰਨਣਾ ਪਸੰਦ ਕਰਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਆਪਣੇ ਕੰਮਾਂ ਦਾ ਲੇਖਾ ਨਾ ਦੇਣਾ ਪਵੇ। (ਰੋਮੀਆਂ 1:24-27) ਯਿਸੂ ਮਸੀਹ ਨੇ ਠੀਕ ਹੀ ਕਿਹਾ ਸੀ ਕਿ “ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ।”—ਮੱਤੀ 15:19.

ਰੱਬ ਨੂੰ ਕਿਹੜੀ ਭਗਤੀ ਮਨਜ਼ੂਰ ਹੈ?

ਹੁਣ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਰੱਬ ਹਰ ਤਰ੍ਹਾਂ ਦੀ ਭਗਤੀ ਮਨਜ਼ੂਰ ਨਹੀਂ ਕਰਦਾ। ਅਜਿਹੀ ਭਗਤੀ ਵੀ ਹੈ ਜੋ ਉਸ ਦੀਆਂ ਨਜ਼ਰਾਂ ਵਿਚ ਗ਼ਲਤ ਹੈ। ਜਿਹੜੇ ਲੋਕ ਰੱਬ ਦੀ ਮਰਜ਼ੀ ਮੁਤਾਬਕ ਭਗਤੀ ਕਰਦੇ ਹਨ ਉਹ ਆਪਣੀਆਂ ਪਾਪੀ ਇੱਛਾਵਾਂ ਨਾਲ ਲੜਨ ਦੀ ਪੂਰੀ-ਪੂਰੀ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਵਿਚ ਪਿਆਰ, ਸ਼ਾਂਤੀ, ਦਿਆਲਗੀ, ਭਲਾਈ, ਨਰਮਾਈ ਅਤੇ ਸੰਜਮ ਵਰਗੇ ਗੁਣ ਪੈਦਾ ਕਰਦੇ ਹਨ। ਨਾਲੇ ਰੱਬ ਦੇ ਸੱਚੇ ਭਗਤ ਦੂਸਰਿਆਂ ਦਾ ਆਦਰ ਕਰਦੇ ਹਨ ਤੇ ਆਪਣੇ ਜੀਵਨ-ਸਾਥੀ ਨਾਲ ਵਫ਼ਾਦਾਰ ਰਹਿੰਦੇ ਹਨ। (ਗਲਾਤੀਆਂ 5:22, 23) ਦੂਜੇ ਪਾਸੇ, ਜਿਹੜੇ ਲੋਕ ਰੱਬ ਦੀ ਭਗਤੀ ਉਸ ਦੀ ਮਰਜ਼ੀ ਮੁਤਾਬਕ ਨਹੀਂ ਕਰਦੇ, ਉਹ ਆਪਣੀ ਮਨ-ਮਰਜ਼ੀ ਕਰਦੇ ਹਨ। ਬਾਈਬਲ ਕਹਿੰਦੀ ਹੈ ਕਿ ਅਜਿਹੇ ਲੋਕ “ਆਪਣੀ ਮਨ ਪਸੰਦ ਦੀਆਂ ਸਿਖਿਆਵਾਂ ਹੀ ਸੁਣਨੀਆਂ ਚਾਹੁਣਗੇ” ਤੇ ਰੱਬ ਦੀਆਂ ਨਜ਼ਰਾਂ ਵਿਚ ਗ਼ਲਤ ਕੰਮ ਕਰਨਗੇ।—2 ਤਿਮੋਥਿਉਸ 4:3, CL.

ਕੀ ਨਾਸਤਿਕ ਲੋਕਾਂ ਨਾਲ ਵੀ ਇੱਦਾਂ ਹੋ ਸਕਦਾ ਹੈ? ਜੇ ‘ਰੱਬ ਹੈ ਨਹੀਂ,’ ਤਾਂ ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਰੱਬ ਨੂੰ ਆਪਣਾ ਲੇਖਾ ਨਹੀਂ ਦੇਣਾ ਪਵੇਗਾ। ਕਾਨੂੰਨ ਦਾ ਇਕ ਪ੍ਰੋਫ਼ੈਸਰ ਕਹਿੰਦਾ ਹੈ ਕਿ ਲੋਕਾਂ ਨੂੰ “ਸਹੀ-ਗ਼ਲਤ ਦੇ ਸੰਬੰਧ ਵਿਚ ਕਿਸੇ ਕਾਨੂੰਨ ’ਤੇ ਚੱਲਣਾ ਨਹੀਂ ਪਵੇਗਾ।” ਇਸ ਕਰਕੇ ਉਹ ਖ਼ੁਦ ਫ਼ੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਲਈ ਕੀ ਸਹੀ ਹੈ ਤੇ ਕੀ ਗ਼ਲਤ। ਤਾਹੀਓਂ ਹੀ ਕਈ ਲੋਕ ਨਾਸਤਿਕਤਾ ਦੀ ਸਿੱਖਿਆ ਪਸੰਦ ਕਰਦੇ ਹਨ।—ਜ਼ਬੂਰਾਂ ਦੀ ਪੋਥੀ 14:1.

ਪਰ ਸੱਚ ਤਾਂ ਇਹ ਹੈ ਕਿ ਰੱਬ ਹਮੇਸ਼ਾ ਲਈ ਲੋਕਾਂ ਦੀਆਂ ਝੂਠੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰੇਗਾ—ਚਾਹੇ ਉਹ ਨਾਸਤਿਕ ਹੋਣ ਜਾਂ ਆਸਤਿਕ। * ਉਸ ਦਾ ਵਾਅਦਾ ਹੈ: “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।” (ਕਹਾਉਤਾਂ 2:21, 22) ਨਾ ਤਾਂ ਕੋਈ ਇਨਸਾਨ, ਨਾ ਉਨ੍ਹਾਂ ਦੀ ਕੋਈ ਫ਼ਿਲਾਸਫ਼ੀ ਤੇ ਨਾ ਹੀ ਉਨ੍ਹਾਂ ਦੀ ਕੋਈ ਸੰਸਥਾ ਇਸ ਜਗਤ ਵਿਚ ਸੁਖ-ਸ਼ਾਂਤੀ ਫੈਲਾਉਣ ਤੋਂ ਰੱਬ ਨੂੰ ਰੋਕ ਸਕੇਗੀ।—ਯਸਾਯਾਹ 11:9. (g10-E 11)

[ਫੁਟਨੋਟ]

^ ਪੈਰਾ 8 ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ? ਇਹ ਗੱਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇ 11ਵੇਂ ਅਧਿਆਇ ਵਿਚ ਸਮਝਾਈ ਗਈ ਹੈ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 6 ਉੱਤੇ ਡੱਬੀ]

ਧਰਮ ਦੇ ਨਾਂ ਤੇ ਕੀਤੇ ਜ਼ੁਲਮਾਂ ਬਾਰੇ ਰੱਬ ਦਾ ਨਜ਼ਰੀਆ

ਪੁਰਾਣੇ ਜ਼ਮਾਨੇ ਵਿਚ ਇਸਰਾਏਲੀ ਲੋਕਾਂ ਨੂੰ ਜੋ ਦੇਸ਼ ਰੱਬ ਨੇ ਦਿੱਤਾ ਸੀ ਉਸ ਵਿਚ ਪਹਿਲਾਂ ਕਨਾਨੀ ਲੋਕ ਰਹਿੰਦੇ ਹੁੰਦੇ ਸਨ। ਇਹ ਬਹੁਤ ਹੀ ਘਟੀਆ ਕਿਸਮ ਦੇ ਲੋਕ ਸਨ ਜੋ ਗੰਦੇ ਕੰਮ ਕਰਦੇ ਸਨ। ਇਸ ਵਿਚ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਜਿਨਸੀ ਸੰਬੰਧ, ਮੁੰਡੇਬਾਜ਼ੀ, ਜਾਨਵਰਾਂ ਨਾਲ ਗੰਦੇ ਕੰਮ ਅਤੇ ਬੱਚਿਆਂ ਦੀਆਂ ਬਲੀਆਂ ਚੜ੍ਹਾਉਣੀਆਂ ਸ਼ਾਮਲ ਸਨ। (ਲੇਵੀਆਂ 18:2-27) ਬਾਈਬਲ ਅਤੇ ਪੁਰਾਣੀਆਂ ਲੱਭਤਾਂ ਬਾਰੇ ਇਕ ਕਿਤਾਬ ਨੇ ਕਿਹਾ ਕਿ ਖੁਦਾਈ ਕਰਨ ਤੇ ‘ਕਬਰਾਂ ਵਿਚ ਵੇਦੀਆਂ ਲਾਗੇ ਛੋਟੇ-ਛੋਟੇ ਬੱਚਿਆਂ ਦੀਆਂ ਅਸਥੀਆਂ ਤੇ ਖੋਪਰੀਆਂ ਮਿਲੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਦੀਆਂ ਬਲੀਆਂ ਚੜ੍ਹਾਉਣੀਆਂ ਆਮ ਗੱਲ ਸੀ।’ ਇਕ ਹੋਰ ਕਿਤਾਬ ਦੱਸਦੀ ਹੈ ਕਿ ਕਨਾਨੀ ਲੋਕ ਵਿਭਚਾਰ ਰਾਹੀਂ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ ਤੇ ਫਿਰ ਉਨ੍ਹਾਂ ਨੂੰ ਆਪਣੇ ਜੇਠੇ ਧੀਆਂ-ਪੁੱਤਾਂ ਦੀਆਂ ਬਲੀਆਂ ਦਿੰਦੇ ਸਨ। ਇਸ ਨੇ ਅੱਗੇ ਕਿਹਾ: “ਕਨਾਨੀ ਸ਼ਹਿਰਾਂ ਦੇ ਖੰਡਰਾਂ ਵਿਚ ਖੁਦਾਈ ਕਰਨ ਵਾਲੇ ਵਿਗਿਆਨੀ ਹੈਰਾਨ ਹੁੰਦੇ ਹਨ ਕਿ ਪਰਮੇਸ਼ੁਰ ਨੇ ਇਨ੍ਹਾਂ ਨੂੰ ਪਹਿਲਾਂ ਹੀ ਕਿਉਂ ਨਹੀਂ ਨਾਸ਼ ਕਰ ਦਿੱਤਾ।”

ਰੱਬ ਨੇ ਕਨਾਨੀਆਂ ਨੂੰ ਉਨ੍ਹਾਂ ਦੇ ਘਿਣਾਉਣੇ ਕੰਮਾਂ ਕਰਕੇ ਨਾਸ਼ ਕੀਤਾ ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਹਮੇਸ਼ਾ ਲਈ ਬੁਰੇ ਕੰਮ ਨਹੀਂ ਹੋਣ ਦੇਵੇਗਾ। ਰਸੂਲਾਂ ਦੇ ਕਰਤੱਬ 17:31 ਵਿਚ ਲਿਖਿਆ ਹੈ ਕਿ ਰੱਬ ਨੇ “ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ।”

[ਸਫ਼ਾ 7 ਉੱਤੇ ਤਸਵੀਰਾਂ]

ਨਾਸਤਿਕ-ਆਸਤਿਕ, ਦੋਹਾਂ ਨੇ ਵੱਡੇ-ਵੱਡੇ ਜ਼ੁਲਮ ਢਾਹੇ ਹਨ

ਚਰਚ ਨੇ ਹਿਟਲਰ ਦਾ ਸਾਥ ਦਿੱਤਾ

ਖਮੇਰ ਰੂਜ਼ ਸਰਕਾਰ ਅਧੀਨ ਮਾਰੇ ਗਏ ਲੋਕਾਂ ਦੀਆਂ ਖੋਪਰੀਆਂ

[ਕ੍ਰੈਡਿਟ ਲਾਈਨ]

AP Photo