ਇਹ ਕਿਸ ਦਾ ਕਮਾਲ ਹੈ?
ਹਾਥੀ ਦੀ ਸੁੰਡ
● ਖੋਜਕਾਰ ਇਕ ਅਜਿਹੀ ਰੋਬੋਟਿਕ ਬਾਂਹ ਤਿਆਰ ਕਰ ਰਹੇ ਹਨ ਜੋ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲਚਕਦਾਰ ਅਤੇ ਕੁਸ਼ਲਤਾ ਨਾਲ ਕੰਮ ਕਰੇਗੀ। ਇਹ ਬਾਂਹ ਬਣਾਉਣ ਵਾਲੀ ਕੰਪਨੀ ਦਾ ਇਕ ਮੈਨੇਜਰ ਕਹਿੰਦਾ ਹੈ ਕਿ ਇਸ ਨਵੀਂ ਬਾਂਹ ਵਰਗੀ “ਹੋਰ ਕੋਈ ਮਸ਼ੀਨਰੀ ਉਪਲਬਧ ਨਹੀਂ ਹੈ।” ਉਨ੍ਹਾਂ ਨੂੰ ਇਹ ਬਾਂਹ ਬਣਾਉਣ ਦੀ ਪ੍ਰੇਰਣਾ ਕਿੱਥੋਂ ਮਿਲੀ? ਇਹ ਮੈਨੇਜਰ ਦੱਸਦਾ ਹੈ ਕਿ “ਹਾਥੀ ਦੀ ਸੁੰਡ ਤੋਂ।”
ਜ਼ਰਾ ਸੋਚੋ: ਹਾਥੀ ਦੀ ਸੁੰਡ ਤਕਰੀਬਨ 140 ਕਿਲੋਗ੍ਰਾਮ ਭਾਰੀ ਹੁੰਦੀ ਹੈ ਜਿਸ ਬਾਰੇ ਕਿਹਾ ਗਿਆ ਹੈ ਕਿ “ਇਹ ਬਹੁਤ ਸਾਰੇ ਕੰਮ ਕਰਦੀ ਹੈ ਅਤੇ ਧਰਤੀ ਉੱਤੇ ਸਭ ਤੋਂ ਫ਼ਾਇਦੇਮੰਦ ਚੀਜ਼ ਹੈ।” ਹਾਥੀ ਦੀ ਸੁੰਡ ਨੱਕ, ਨਾਲੀ, ਬਾਂਹ ਜਾਂ ਹੱਥ ਦਾ ਕੰਮ ਕਰ ਸਕਦੀ ਹੈ। ਇਸ ਨਾਲ ਹਾਥੀ ਸਾਹ ਲੈ ਸਕਦਾ, ਸੁੰਘ ਸਕਦਾ, ਪਾਣੀ ਪੀ ਸਕਦਾ, ਕੋਈ ਚੀਜ਼ ਚੁੱਕ ਸਕਦਾ ਜਾਂ ਤੁਰ੍ਹੀ ਵਾਂਗ ਚਿੰਘਾੜ ਕੇ ਕੰਨ ਪਾੜ ਦੇਣ ਵਾਲੀ ਆਵਾਜ਼ ਕੱਢ ਸਕਦਾ ਹੈ!
ਹਾਥੀ ਦੀ ਸੁੰਡ ਦੀਆਂ ਹੋਰ ਵੀ ਖੂਬੀਆਂ ਹਨ। ਸੁੰਡ ਦੀਆਂ ਤਕਰੀਬਨ 40,000 ਮਾਸ-ਪੇਸ਼ੀਆਂ ਹਨ ਜਿਸ ਕਰਕੇ ਹਾਥੀ ਸੁੰਡ ਨੂੰ ਕਿਸੇ ਵੀ ਦਿਸ਼ਾ ਵੱਲ ਘੁਮਾ ਸਕਦਾ ਹੈ। ਸੁੰਡ ਦੇ ਸਿਰੇ ਨਾਲ ਹਾਥੀ ਇਕ ਛੋਟਾ ਜਿਹਾ ਸਿੱਕਾ ਵੀ ਚੁੱਕ ਸਕਦਾ ਹੈ। ਇਸ ਦੇ ਨਾਲ-ਨਾਲ ਉਹ ਸੁੰਡ ਨਾਲ 270 ਕਿਲੋਗ੍ਰਾਮ ਭਾਰ ਚੁੱਕ ਸਕਦਾ ਹੈ!
ਖੋਜਕਾਰ ਉਮੀਦ ਰੱਖਦੇ ਹਨ ਕਿ ਉਹ ਹਾਥੀ ਦੀ ਲਚਕਦਾਰ ਸੁੰਡ ਦੀ ਕੁਸ਼ਲਤਾ ਦੀ ਨਕਲ ਕਰ ਕੇ ਅਜਿਹੇ ਵਧੀਆ ਰੋਬੋਟ ਬਣਾ ਸਕਣਗੇ ਜੋ ਘਰੇਲੂ ਕੰਮਾਂ ਅਤੇ ਕਾਰਖ਼ਾਨਿਆਂ ਵਿਚ ਵਰਤੇ ਜਾਣਗੇ। ਉੱਪਰ ਦੱਸੀ ਕੰਪਨੀ ਦਾ ਇਕ ਬੰਦਾ ਕਹਿੰਦਾ ਹੈ, “ਇਨਸਾਨਾਂ ਦੀ ਮਦਦ ਕਰਨ ਲਈ ਅਸੀਂ ਇਕ ਨਵੀਂ ਕਿਸਮ ਦੀ ਮਸ਼ੀਨ ਤਿਆਰ ਕੀਤੀ ਹੈ। ਇਸ ਦੀ ਮਦਦ ਨਾਲ ਇਨਸਾਨ ਅਤੇ ਮਸ਼ੀਨਾਂ ਪਹਿਲੀ ਵਾਰ ਮਿਲ ਕੇ ਵਧੀਆ ਤਰੀਕੇ ਨਾਲ ਅਤੇ ਖ਼ਤਰੇ ਤੋਂ ਬਿਨਾਂ ਕੰਮ ਕਰ ਸਕਣਗੇ।”
ਤੁਹਾਡਾ ਕੀ ਖ਼ਿਆਲ ਹੈ? ਕੀ ਹਾਥੀ ਦੀ ਸੁੰਡ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g12-E 04)