ਮੁੱਖ ਪੰਨੇ ਤੋਂ
ਕੀ ਧਰਨੇ ਦੇਣ ਨਾਲ ਦੁਨੀਆਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ?
ਇਸ ਰਸਾਲੇ ਦੇ ਪ੍ਰਕਾਸ਼ਕ ਯਹੋਵਾਹ ਦੇ ਗਵਾਹ ਹਨ ਅਤੇ ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। (ਯੂਹੰਨਾ 17:16; 18:36) ਭਾਵੇਂ ਕਿ ਇਸ ਲੇਖ ਵਿਚ ਸਮਾਜ ਵਿਚ ਹੁੰਦੇ ਦੰਗੇ-ਫ਼ਸਾਦਾਂ ਦੀਆਂ ਕੁਝ ਮਿਸਾਲਾਂ ਦਿੱਤੀਆਂ ਗਈਆਂ ਹਨ, ਪਰ ਇਸ ਦਾ ਮਕਸਦ ਇਕ ਕੌਮ ਨੂੰ ਦੂਜੀ ਕੌਮ ਤੋਂ ਉੱਚਾ ਚੁੱਕਣਾ ਜਾਂ ਕਿਸੇ ਰਾਜਨੀਤਿਕ ਮਾਮਲੇ ਦਾ ਪੱਖ ਲੈਣਾ ਨਹੀਂ ਹੈ।
ਟਿਊਨੀਸ਼ੀਆ ਦਾ ਰਹਿਣ ਵਾਲਾ ਮੁਹੰਮਦ ਬੁਆਜ਼ੀਜ਼ੀ 26 ਸਾਲਾਂ ਦਾ ਸੀ ਅਤੇ 17 ਦਸੰਬਰ 2010 ਨੂੰ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਮੁਹੰਮਦ ਫਲਾਂ ਦੀ ਰੇੜ੍ਹੀ ਲਾਉਂਦਾ ਸੀ ਅਤੇ ਉਹ ਇਸ ਗੱਲ ਤੋਂ ਨਿਰਾਸ਼ ਸੀ ਕਿ ਉਸ ਨੂੰ ਕੋਈ ਹੋਰ ਵਧੀਆ ਕੰਮ ਨਹੀਂ ਸੀ ਮਿਲ ਰਿਹਾ। ਉਹ ਇਸ ਗੱਲ ਤੋਂ ਵੀ ਦੁਖੀ ਸੀ ਕਿ ਅਧਿਕਾਰੀ ਲੋਕਾਂ ਤੋਂ ਰਿਸ਼ਵਤ ਲੈਂਦੇ ਸਨ। ਉਸ ਦਿਨ ਪੁਲਸ ਇੰਸਪੈਕਟਰਾਂ ਨੇ ਮੁਹੰਮਦ ਤੋਂ ਸਾਰੀਆਂ ਨਾਸ਼ਪਾਤੀਆਂ, ਕੇਲੇ ਅਤੇ ਸੇਬ ਖੋਹ ਲਏ। ਜਦੋਂ ਉਨ੍ਹਾਂ ਨੇ ਉਸ ਦੀ ਤੱਕੜੀ ਖੋਹਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਇਸ ਦਾ ਵਿਰੋਧ ਕੀਤਾ ਅਤੇ ਕਈ ਕਹਿੰਦੇ ਹਨ ਕਿ ਇਕ ਮਹਿਲਾ ਪੁਲਸ ਨੇ ਉਸ ਦੇ ਥੱਪੜ ਮਾਰਿਆ।
ਸ਼ਰਮ ਦਾ ਮਾਰਿਆ ਤੇ ਗੁੱਸੇ ਨਾਲ ਭਰਿਆ ਮੁਹੰਮਦ ਸ਼ਿਕਾਇਤ ਦਰਜ ਕਰਾਉਣ ਲਈ ਨੇੜੇ ਦੇ ਸਰਕਾਰੀ ਦਫ਼ਤਰ ਵਿਚ ਗਿਆ, ਪਰ ਉੱਥੇ ਉਸ ਦੀ ਕਿਸੇ ਨੇ ਗੱਲ ਨਹੀਂ ਸੁਣੀ। ਦਫ਼ਤਰ ਦੇ ਬਾਹਰ ਖੜ੍ਹ ਕੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਮੈਂ ਹੁਣ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਤੋਰਾਂ?” ਆਪਣੇ ’ਤੇ ਪਟਰੋਲ ਛਿੜਕ ਕੇ ਉਸ ਨੇ ਆਪਣੇ ਆਪ ਨੂੰ ਅੱਗ ਲਾ ਲਈ। ਜ਼ਖ਼ਮਾਂ ਦੀ ਤਾਬ ਨਾ ਝੱਲਣ ਕਰਕੇ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਉਹ ਮਰ ਗਿਆ।
ਮੁਹੰਮਦ ਬੁਆਜ਼ੀਜ਼ੀ ਦੀ ਖ਼ਬਰ ਨਾ ਸਿਰਫ਼ ਟਿਊਨੀਸ਼ੀਆ ਵਿਚ, ਪਰ ਦੂਰ-ਦੂਰ ਤਕ ਫੈਲ ਗਈ। ਮੰਨਿਆ ਜਾਂਦਾ ਹੈ ਕਿ ਇਸ ਚਿੰਗਾਰੀ ਕਰਕੇ ਲੋਕਾਂ ਨੇ ਰੋਸ-ਮੁਜ਼ਾਹਰੇ ਕੀਤੇ ਤੇ ਇਸ ਨਾਲ ਦੇਸ਼ ਦੀ ਸਰਕਾਰ ਦਾ ਤਖ਼ਤਾ ਪਲਟ ਗਿਆ। ਇਸ ਘਟਨਾ ਕਰਕੇ ਹੋਰ ਅਰਬ ਦੇਸ਼ਾਂ ਵਿਚ ਵੀ ਰੋਸ-ਮੁਜ਼ਾਹਰੇ ਹੋਏ। ਯੂਰਪੀ ਪਾਰਲੀਮੈਂਟ ਨੇ ਮੁਹੰਮਦ ਬੁਆਜ਼ੀਜ਼ੀ ਅਤੇ ਚਾਰ ਹੋਰਾਂ ਨੂੰ 2011 ਵਿਚ ਸਾਖ਼ਰੋਵ ਨਾਂ ਦਾ ਇਨਾਮ ਦਿੱਤਾ। ਉਸੇ ਸਾਲ ਲੰਡਨ ਵਿਚ ਦ ਟਾਈਮਜ਼ ਅਖ਼ਬਾਰ ਨੇ ਉਸ ਨੂੰ 2011 ਦੀ ਮਸ਼ਹੂਰ ਹਸਤੀ ਕਿਹਾ।
ਇਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਰੋਸ-ਮੁਜ਼ਾਹਰਿਆਂ ਵਿਚ ਬਹੁਤ ਤਾਕਤ ਹੋ ਸਕਦੀ ਹੈ। ਪਰ ਅੱਜ-ਕੱਲ੍ਹ ਲੋਕ ਇੰਨੇ ਧਰਨੇ ਕਿਉਂ ਦਿੰਦੇ ਹਨ? ਕੀ ਧਰਨਿਆਂ ਤੋਂ ਇਲਾਵਾ ਕੋਈ ਹੋਰ ਰਸਤਾ ਹੈ?
ਇੰਨੇ ਧਰਨੇ ਕਿਉਂ?
ਬਹੁਤ ਸਾਰੇ ਧਰਨੇ ਹੇਠ ਲਿਖੇ ਕਾਰਨਾਂ ਕਰਕੇ ਦਿੱਤੇ ਜਾਂਦੇ ਹਨ:
-
ਸਰਕਾਰ ਤੋਂ ਨਾਰਾਜ਼। ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਦੇਸ਼ ਦੀ ਆਰਥਿਕ ਹਾਲਤ ਠੀਕ ਹੈ ਅਤੇ ਸਰਕਾਰ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ, ਤਾਂ ਲੋਕ ਖ਼ੁਸ਼ ਹੁੰਦੇ ਹਨ ਅਤੇ ਸਰਕਾਰ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੇ। ਦੂਜੇ ਪਾਸੇ, ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰੀ ਲੋਕ ਬੇਇਨਸਾਫ਼ੀ ਜਾਂ ਭ੍ਰਿਸ਼ਟਾਚਾਰ ਕਰਦੇ ਹਨ ਅਤੇ ਸਿਰਫ਼ ਅਮੀਰ ਜਾਂ ਵੱਡੇ ਲੋਕਾਂ ਦਾ ਪੱਖ ਲੈਂਦੇ ਹਨ, ਤਾਂ ਲੋਕ ਧਰਨੇ ਦੇਣ ਲਈ ਤਿਆਰ ਹੋ ਜਾਂਦੇ ਹਨ।
-
ਕੋਈ ਘਟਨਾ। ਕਈ ਵਾਰ ਕੋਈ ਘਟਨਾ ਵਾਪਰਦੀ ਹੈ ਜਿਸ ਕਰਕੇ ਲੋਕ ਕੁਝ ਕਰਨ ਲਈ ਉਕਸਾਏ ਜਾਂਦੇ ਹਨ। ਮਿਸਾਲ ਲਈ, ਮੁਹੰਮਦ ਬੁਆਜ਼ੀਜ਼ੀ ਦੀ ਖ਼ਬਰ ਸੁਣ ਕੇ ਟਿਊਨੀਸ਼ੀਆ ਦੇ ਵਿਚ ਲੋਕ ਸੜਕਾਂ ਉੱਤੇ ਉੱਤਰ ਆਏ। ਭਾਰਤ ਵਿਚ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਸ਼ੁਰੂ ਕਰਨ ਵਾਲੇ ਅੰਨਾ ਹਜ਼ਾਰੇ ਨੇ ਭੁੱਖ ਹੜਤਾਲ ਕੀਤੀ। 450 ਸ਼ਹਿਰਾਂ ਅਤੇ ਪਿੰਡਾਂ ਵਿਚ ਲੋਕਾਂ ਨੇ ਉਸ ਦਾ ਸਾਥ ਦਿੱਤਾ।
ਬਾਈਬਲ ਮੁਤਾਬਕ ਅਸੀਂ ਅਜਿਹੀ ਦੁਨੀਆਂ ਵਿਚ ਰਹਿ ਰਹੇ ਹਾਂ “ਜਿੱਥੇ ਕੁਝ ਮਨੁੱਖਾਂ ਕੋਲ ਤਾਂ ਸ਼ਕਤੀ ਹੈ, ਪਰ ਕੁਝ ਦੂਜੇ ਉਹਨਾਂ ਸ਼ਕਤੀਸ਼ਾਲੀਆਂ ਦਾ ਅਤਿਆਚਾਰ ਸਹਿ ਰਹੇ ਹਨ।” (ਉਪਦੇਸ਼ਕ 8:9, CL) ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅੱਜ ਭ੍ਰਿਸ਼ਟਾਚਾਰ ਅਤੇ ਬੇਇਨਸਾਫ਼ੀ ਫੈਲੀ ਹੋਈ ਹੈ। ਲੋਕ ਜਾਣਦੇ ਹਨ ਕਿ ਸਰਕਾਰਾਂ ਅਤੇ ਅਧਿਕਾਰੀ ਉਨ੍ਹਾਂ ਦੀ ਮਦਦ ਨਹੀਂ ਕਰਦੇ। ਅੱਜ ਮੋਬਾਇਲ, ਇੰਟਰਨੈੱਟ ਅਤੇ ਚੌਵੀ ਘੰਟੇ ਆਉਣ ਵਾਲੀਆਂ ਖ਼ਬਰਾਂ ਦੀ ਮਦਦ ਨਾਲ ਲੋਕਾਂ ਨੂੰ ਦੂਰ-ਦੁਰਾਡੇ ਇਲਾਕਿਆਂ ਦੀਆਂ ਘਟਨਾਵਾਂ ਵੀ ਝੱਟ ਪਤਾ ਲੱਗ ਜਾਂਦੀਆਂ ਹਨ।
ਧਰਨਿਆਂ ਦੇ ਕੀ ਨਤੀਜੇ ਨਿਕਲੇ ਹਨ?
ਕਈ ਲੋਕ ਮੰਨਦੇ ਹਨ ਕਿ ਧਰਨੇ ਦੇਣ ਦੇ ਹੇਠ ਲਿਖੇ ਫ਼ਾਇਦੇ ਹੋਏ ਹਨ:
-
ਗ਼ਰੀਬ ਲੋਕਾਂ ਨੂੰ ਮਦਦ ਮਿਲੀ। 1930 ਦੇ ਦਹਾਕੇ ਵਿਚ ਅਮਰੀਕਾ ਵਿਚ ਮਹਾਂ-ਮੰਦੀ ਛਾਈ ਹੋਈ ਸੀ। ਉਸ ਵੇਲੇ ਸ਼ਿਕਾਗੋ ਦੇ ਇਲੀਨਾਇ ਸ਼ਹਿਰ ਵਿਚ ਘਰਾਂ ਦੇ ਕਿਰਾਏ ਵਧਣ ਕਰਕੇ ਦੰਗੇ-ਫ਼ਸਾਦ ਹੋਏ। ਨਤੀਜੇ ਵਜੋਂ ਸ਼ਹਿਰ ਦੇ ਅਧਿਕਾਰੀਆਂ ਨੇ ਲੋਕਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦੇ ਕਿਰਾਏ ਦੇ ਘਰ ਖਾਲੀ ਨਹੀਂ ਕਰਾਏ ਅਤੇ ਦੰਗਾ-ਫ਼ਸਾਦ ਕਰਨ ਵਾਲਿਆਂ ਵਿੱਚੋਂ ਕਈਆਂ ਨੂੰ ਨੌਕਰੀਆਂ ਵੀ ਦਿੱਤੀਆਂ। ਇਸੇ ਤਰ੍ਹਾਂ ਨਿਊਯਾਰਕ ਸਿਟੀ ਵਿਚ ਵੀ ਇਹੋ ਜਿਹੇ ਦੰਗੇ-ਫ਼ਸਾਦ ਹੋਏ। ਇਨ੍ਹਾਂ ਕਰਕੇ 77,000 ਪਰਿਵਾਰਾਂ ਨੂੰ ਘਰੋਂ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਉਹੀ ਘਰ ਦੇ ਦਿੱਤੇ ਗਏ।
-
ਇਨਸਾਫ਼ ਦਿਲਾਇਆ ਗਿਆ। ਅਮਰੀਕਾ ਦੇ ਐਲਬਾਮਾ ਪ੍ਰਾਂਤ ਦੇ ਮੋਂਟਗਮਰੀ ਸ਼ਹਿਰ ਵਿਚ ਕਾਲੇ ਲੋਕ ਸਿਰਫ਼ ਬੱਸ ਦੀਆਂ ਪਿੱਛਲੀਆਂ ਸੀਟਾਂ ’ਤੇ ਬੈਠ ਸਕਦੇ ਸਨ। ਇਸ ਕਰਕੇ 1955/1956 ਵਿਚ ਕਾਲੇ ਲੋਕਾਂ ਨੇ ਬੱਸਾਂ ਦਾ ਬਾਈਕਾਟ ਕੀਤਾ। ਨਤੀਜੇ ਵਜੋਂ ਕਾਨੂੰਨ ਬਦਲਿਆ ਗਿਆ।
-
ਉਸਾਰੀ ਦਾ ਕੰਮ ਬੰਦ ਕੀਤਾ ਗਿਆ। ਦਸੰਬਰ 2011 ਵਿਚ ਹਾਂਗ-ਕਾਂਗ ਵਿਚ ਲੱਖਾਂ ਹੀ ਲੋਕਾਂ ਨੇ ਇਕ ਪਾਵਰ ਪਲਾਂਟ ਦੀ ਉਸਾਰੀ ਦਾ ਵਿਰੋਧ ਕੀਤਾ। ਉਨ੍ਹਾਂ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਕੋਲਿਆਂ ਨਾਲ ਚੱਲਣ ਵਾਲੇ ਇਸ ਪਾਵਰ ਪਲਾਂਟ ਨਾਲ ਪ੍ਰਦੂਸ਼ਣ ਵਧੇਗਾ। ਵਿਰੋਧ ਕਰਨ ਕਰਕੇ ਉਸਾਰੀ ਦਾ ਕੰਮ ਬੰਦ ਕਰ ਦਿੱਤਾ ਗਿਆ।
ਇਹ ਵੀ ਸੱਚ ਹੈ ਕਿ ਧਰਨੇ ਦੇਣ ਦੇ ਬਾਵਜੂਦ ਵੀ ਹਮੇਸ਼ਾ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਇਸ ਦੀ ਬਜਾਇ, ਕਈ ਵਾਰ ਲੀਡਰ ਧਰਨੇ ਦੇਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੰਦੇ ਹਨ। ਮਿਸਾਲ ਲਈ, ਹਾਲ ਹੀ ਵਿਚ ਇਕ ਮੱਧ-ਪੂਰਬੀ ਦੇਸ਼ ਦੇ ਰਾਸ਼ਟਰਪਤੀ ਨੇ ਹੋਣ ਵਾਲੇ ਰੋਸ-ਮੁਜ਼ਾਹਰਿਆਂ ਬਾਰੇ ਕਿਹਾ: “ਸਾਨੂੰ ਧਰਨਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।” ਇਸ ਰਾਸ਼ਟਰਪਤੀ ਨੇ ਆਪਣੇ ਕਹਿਣੇ ਅਨੁਸਾਰ ਕੀਤਾ ਵੀ ਜਿਸ ਕਰਕੇ ਹਜ਼ਾਰਾਂ ਹੀ ਲੋਕ ਮਾਰੇ ਗਏ।
ਭਾਵੇਂ ਕਿ ਵਿਰੋਧ ਕਰਨ ਵਾਲੇ ਆਪਣੀਆਂ ਮੰਗਾਂ ਮੰਨਵਾ ਲੈਂਦੇ ਹਨ, ਪਰ ਇਸ ਨਾਲ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਲੋਕਾਂ ਨੇ ਅਫ਼ਰੀਕਾ ਦੇ ਇਕ ਦੇਸ਼ ਦੇ ਹਾਕਮ ਨੂੰ ਉਸ ਦੀ ਪਦਵੀ ਤੋਂ ਹਟਾਇਆ। ਇਨ੍ਹਾਂ ਵਿੱਚੋਂ ਇਕ ਆਦਮੀ ਨੇ ਟਾਈਮ ਮੈਗਜ਼ੀਨ ਨੂੰ ਨਵੀਂ ਹਕੂਮਤ ਬਾਰੇ ਕਿਹਾ: “ਪਹਿਲਾਂ ਤਾਂ ਸਾਰੇ ਖ਼ੁਸ਼ ਸਨ, ਪਰ ਜਲਦੀ ਹੀ ਹਲਚਲ ਮੱਚ ਗਈ।”
ਕੀ ਕੋਈ ਹੋਰ ਰਸਤਾ ਹੈ?
ਬਹੁਤ ਸਾਰੇ ਮੰਨੇ-ਪ੍ਰਮੰਨੇ ਲੋਕ ਮੰਨਦੇ ਹਨ ਕਿ ਧਰਨੇ ਦੇਣੇ ਇਨਸਾਨਾਂ ਦਾ ਫ਼ਰਜ਼ ਬਣਦਾ ਹੈ। ਮਿਸਾਲ ਲਈ, ਚੈੱਕ ਦੇ ਸਾਬਕਾ ਰਾਸ਼ਟਰਪਤੀ ਵੌਟਸਲਾਵ ਹੈਵਲ ਨੇ ਮਨੁੱਖੀ ਅਧਿਕਾਰ ਦਿਵਾਉਣ ਲਈ ਬਹੁਤ ਕੰਮ ਕੀਤੇ ਜਿਸ ਕਰਕੇ ਉਸ ਨੂੰ ਕਈ ਸਾਲ ਜੇਲ੍ਹ ਵਿਚ ਗੁਜ਼ਾਰਨੇ ਪਏ। ਉਸ ਨੇ 1985 ਵਿਚ ਲਿਖਿਆ: ‘ਧਰਨੇ ਦੇਣ ਵਾਲੇ ਆਪਣੇ ਵਿਸ਼ਵਾਸਾਂ ਲਈ ਆਪਣੀ ਜਾਨ ਦੇਣ ਲਈ ਤਿਆਰ ਹੁੰਦੇ ਹਨ ਕਿਉਂਕਿ ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਹੁੰਦਾ।’
ਮੁਹੰਮਦ ਬੁਆਜ਼ੀਜ਼ੀ ਅਤੇ ਹੋਰਾਂ ਨੇ ਆਪਣੇ ਕੰਮਾਂ ਨਾਲ ਹੈਵਲ ਦੇ ਸ਼ਬਦਾਂ ਨੂੰ ਸਹੀ
ਸਾਬਤ ਕੀਤਾ ਹੈ। ਏਸ਼ੀਆ ਦੇ ਇਕ ਦੇਸ਼ ਵਿਚ ਧਾਰਮਿਕ ਅਤੇ ਰਾਜਨੀਤਿਕ ਮਾਮਲਿਆਂ ਦਾ ਵਿਰੋਧ ਕਰਨ ਲਈ ਕੁਝ ਲੋਕਾਂ ਨੇ ਆਪਣੇ ਆਪ ਨੂੰ ਅੱਗ ਲਾ ਲਈ ਹੈ। ਇਕ ਆਦਮੀ ਨੇ ਨਿਊਜ਼ਵੀਕ ਮੈਗਜ਼ੀਨ ਨੂੰ ਦੱਸਿਆ ਕਿ ਲੋਕ ਇਸ ਹੱਦ ਤਕ ਕਿਉਂ ਜਾਂਦੇ ਹਨ: “ਸਾਡੇ ਕੋਲ ਹਥਿਆਰ ਨਹੀਂ ਹਨ ਅਤੇ ਅਸੀਂ ਦੂਜਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਪਰ ਲੋਕ ਹੋਰ ਕੀ ਕਰ ਸਕਦੇ ਹਨ?”ਬਾਈਬਲ ਬੇਇਨਸਾਫ਼ੀ, ਭ੍ਰਿਸ਼ਟਾਚਾਰ ਅਤੇ ਜ਼ੁਲਮ ਦੇ ਖ਼ਤਮ ਹੋਣ ਬਾਰੇ ਦੱਸਦੀ ਹੈ। ਇਸ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ ਗਿਆ ਹੈ ਜੋ ਸਵਰਗ ਵਿਚ ਹੈ। ਇਹ ਰਾਜ ਅਸਫ਼ਲ ਹੋ ਚੁੱਕੀਆਂ ਸਰਕਾਰਾਂ ਦੀ ਥਾਂ ਲੈ ਲਵੇਗਾ ਅਤੇ ਆਰਥਿਕ ਸਮੱਸਿਆਵਾਂ ਦਾ ਹੱਲ ਕਰੇਗਾ ਜਿਨ੍ਹਾਂ ਕਰਕੇ ਅੱਜ-ਕੱਲ੍ਹ ਲੋਕ ਧਰਨੇ ਦਿੰਦੇ ਹਨ। ਇਸ ਸਰਕਾਰ ਦੇ ਰਾਜੇ ਬਾਰੇ ਬਾਈਬਲ ਕਹਿੰਦੀ ਹੈ: “ਉਹ ਲੋੜਵੰਦਾਂ ਦੀ ਪੁਕਾਰ ਤੇ ਉਹਨਾਂ ਦਾ ਬਚਾ ਕਰੇਗਾ; ਅਤੇ ਗਰੀਬ ਬੇਸਹਾਰਿਆਂ ਦੀ ਮਦਦ ਕਰੇਗਾ। ਉਹ ਉਹਨਾਂ ਨੂੰ ਅਤਿਆਚਾਰ ਅਤੇ ਹਿੰਸਾ ਤੋਂ ਬਚਾਏਗਾ।”—ਭਜਨ 72:12, 14, CL.
ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਲਈ ਸੁੱਖ-ਸ਼ਾਂਤੀ ਲਿਆਵੇਗਾ। (ਮੱਤੀ 6:9, 10) ਇਸ ਕਰਕੇ ਯਹੋਵਾਹ ਦੇ ਗਵਾਹ ਰੋਸ-ਮੁਜ਼ਾਹਰਿਆਂ ਵਿਚ ਹਿੱਸਾ ਨਹੀਂ ਲੈਂਦੇ। ਪਰ ਕੀ ਇਹ ਮੰਨਣਾ ਮੁਮਕਿਨ ਹੈ ਕਿ ਪਰਮੇਸ਼ੁਰ ਦਾ ਰਾਜ ਧਰਨੇ ਦੇਣ ਦੇ ਕਾਰਨਾਂ ਨੂੰ ਖ਼ਤਮ ਕਰ ਸਕਦਾ ਹੈ? ਸ਼ਾਇਦ ਤੁਹਾਨੂੰ ਲੱਗੇ ਕਿ ਇਹ ਨਾਮੁਮਕਿਨ ਹੈ। ਪਰ ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਰਾਜ ’ਤੇ ਭਰੋਸਾ ਰੱਖਦੇ ਹਨ। ਕਿਉਂ ਨਾ ਤੁਸੀਂ ਇਸ ਬਾਰੇ ਹੋਰ ਪਤਾ ਕਰੋ? (g13 07-E)