Skip to content

Skip to table of contents

ਜਵਾਨੀ ਵਿਚ ਆਪਣੇ ਕਰਤਾਰ ਨੂੰ ਚੇਤੇ ਰੱਖਣਾ

ਜਵਾਨੀ ਵਿਚ ਆਪਣੇ ਕਰਤਾਰ ਨੂੰ ਚੇਤੇ ਰੱਖਣਾ

ਜੀਵਨ ਕਹਾਣੀ

ਜਵਾਨੀ ਵਿਚ ਆਪਣੇ ਕਰਤਾਰ ਨੂੰ ਚੇਤੇ ਰੱਖਣਾ

ਡੇਵਿਡ ਜ਼ੈੱਡ. ਹਿਬਸ਼ਮਨ ਦੀ ਜ਼ੁਬਾਨੀ

“ਜੇਕਰ ਮੈਂ ਮੌਤ ਦੇ ਕੰਢੇ ਪਹੁੰਚ ਚੁੱਕੀ ਹਾਂ, ਤਾਂ ਮੈਂ ਆਸ ਕਰਦੀ ਹਾਂ ਕਿ ਮੈਂ ਹੁਣ ਤਕ ਯਹੋਵਾਹ ਪ੍ਰਤੀ ਵਫ਼ਾਦਾਰ ਰਹੀ ਹਾਂ। ਮੇਰੀ ਉਸ ਅੱਗੇ ਇਹੀ ਬੇਨਤੀ ਹੈ ਕਿ ਮੇਰੀ ਮੌਤ ਤੋਂ ਬਾਅਦ ਉਹ ਮੇਰੇ ਡੇਵਿਡ ਦਾ ਖ਼ਿਆਲ ਰੱਖੇ। ਡੇਵਿਡ ਵਰਗੇ ਪਤੀ ਨਾਲ ਖ਼ੁਸ਼ੀਆਂ-ਖੇੜਿਆਂ ਨਾਲ ਭਰਪੂਰ ਇਕ ਸੁਖੀ ਵਿਆਹੁਤਾ ਜੀਵਨ ਲਈ, ਹੇ ਯਹੋਵਾਹ ਤੇਰਾ ਲੱਖ-ਲੱਖ ਧੰਨਵਾਦ!”

ਮਾਰਚ 1992 ਨੂੰ ਆਪਣੀ ਪਤਨੀ ਨੂੰ ਦਫ਼ਨਾਉਣ ਤੋਂ ਬਾਅਦ ਜਦੋਂ ਇਹ ਲਾਈਨਾਂ ਮੈਂ ਉਸ ਦੀ ਡਾਇਰੀ ਵਿਚ ਪੜ੍ਹੀਆਂ, ਤਾਂ ਉਸ ਵੇਲੇ ਮੇਰੇ ਦਿਲ ਤੇ ਕੀ ਗੁਜ਼ਰੀ ਹੋਵੇਗੀ ਉਸ ਦਾ ਤੁਸੀਂ ਖ਼ੁਦ ਅੰਦਾਜ਼ਾ ਲਗਾ ਸਕਦੇ ਹੋ। ਸਿਰਫ਼ ਪੰਜ ਮਹੀਨੇ ਪਹਿਲਾਂ, ਅਸੀਂ ਹੈਲਨ ਦੀ ਪੂਰਣ-ਕਾਲੀ ਸੇਵਕਾਈ ਦੀ 60ਵੀਂ ਵਰ੍ਹੇ-ਗੰਢ ਮਨਾਈ ਸੀ।

ਮੈਨੂੰ ਸੰਨ 1931 ਦਾ ਉਹ ਦਿਨ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਤੇ ਹੈਲਨ ਓਹੀਓ, ਯੂ.ਐੱਸ.ਏ. ਦੇ ਕੋਲੰਬਸ ਸ਼ਹਿਰ ਵਿਚ ਹੋਏ ਮਹਾਂ-ਸੰਮੇਲਨ ਵਿਚ ਨਾਲੋਂ-ਨਾਲ ਬੈਠੇ ਸਾਂ। ਹੈਲਨ ਅਜੇ ਪੂਰੀ 14 ਸਾਲਾਂ ਦੀ ਵੀ ਨਹੀਂ ਸੀ, ਪਰ ਉਸ ਨੇ ਮੇਰੇ ਨਾਲੋਂ ਵੀ ਕਿਤੇ ਜ਼ਿਆਦਾ ਇਸ ਸੰਮੇਲਨ ਪ੍ਰਤੀ ਕਦਰ ਦਿਖਾਈ। ਹੈਲਨ ਵਿਚ ਸੇਵਕਾਈ ਲਈ ਇੰਨਾ ਜੋਸ਼ ਸੀ ਕਿ ਜਲਦੀ ਹੀ ਉਹ ਅਤੇ ਉਸ ਦੀ ਵਿਧਵਾ ਮਾਂ ਦੋਵੇਂ ਪਾਇਨੀਅਰ, ਅਰਥਾਤ ਯਹੋਵਾਹ ਦੇ ਗਵਾਹਾਂ ਦੀਆਂ ਪੂਰਣ-ਕਾਲੀ ਪ੍ਰਚਾਰਕ ਬਣ ਗਈਆਂ। ਉਨ੍ਹਾਂ ਨੇ ਦੱਖਣੀ ਸੰਯੁਕਤ ਰਾਜ ਅਮਰੀਕਾ ਦੇ ਪੇਂਡੂ ਇਲਾਕਿਆਂ ਵਿਚ ਪ੍ਰਚਾਰ ਕਰਨ ਦੀ ਖ਼ਾਤਰ ਆਪਣਾ ਆਰਾਮਦੇਹ ਘਰ ਛੱਡ ਦਿੱਤਾ।

ਮੇਰਾ ਮਸੀਹੀ ਵਿਰਸਾ

ਸੰਨ 1910 ਵਿਚ ਮੇਰੇ ਮਾਤਾ-ਪਿਤਾ ਆਪਣੇ ਦੋ ਛੋਟੇ ਬੱਚਿਆਂ ਸਮੇਤ ਪੈਨਸਿਲਵੇਨੀਆ ਦੇ ਪੂਰਬੀ ਹਿੱਸੇ ਤੋਂ ਪੱਛਮੀ ਹਿੱਸੇ ਵਿਚ ਚਲੇ ਗਏ। ਉੱਥੇ ਗਰੋਵ ਸ਼ਹਿਰ ਵਿਚ ਉਨ੍ਹਾਂ ਨੇ ਬਿਆਨਾ ਦੇ ਕੇ ਇਕ ਛੋਟਾ ਜਿਹਾ ਘਰ ਖ਼ਰੀਦਿਆ ਅਤੇ ਫੇਰ ਰਿਫ਼ਾਰਮਡ ਚਰਚ ਦੇ ਸਰਗਰਮ ਮੈਂਬਰ ਬਣ ਗਏ। ਥੋੜ੍ਹੇ ਹੀ ਸਮੇਂ ਬਾਅਦ, ਵਿਲਿਅਮ ਐਵਨਜ਼ ਨਾਂ ਦਾ ਇਕ ਬਾਈਬਲ ਸਟੂਡੈਂਟ ਉਨ੍ਹਾਂ ਦੇ ਘਰ ਆਇਆ। ਉਸ ਵੇਲੇ ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਸਟੂਡੈਂਟਸ ਕਿਹਾ ਜਾਂਦਾ ਸੀ। ਪਿਤਾ ਜੀ ਦੀ ਉਮਰ ਉਸ ਵੇਲੇ 25 ਕੁ ਸਾਲਾਂ ਦੀ ਸੀ ਅਤੇ ਮਾਤਾ ਜੀ ਉਨ੍ਹਾਂ ਤੋਂ ਪੰਜ ਕੁ ਸਾਲ ਛੋਟੇ ਸਨ। ਦੋਹਾਂ ਨੇ ਇਸ ਦੋਸਤਾਨਾ ਵੇਲਜ਼ਵਾਸੀ ਦੀ ਗੱਲ-ਬਾਤ ਸੁਣੀ ਅਤੇ ਉਸ ਨੂੰ ਖਾਣੇ ਤੇ ਬੁਲਾਇਆ। ਛੇਤੀ ਹੀ ਉਨ੍ਹਾਂ ਨੇ ਸਿੱਖੀਆਂ ਹੋਈਆਂ ਬਾਈਬਲ ਸੱਚਾਈਆਂ ਨੂੰ ਅਪਣਾ ਲਿਆ।

ਕਲੀਸਿਯਾ ਦੇ ਨੇੜੇ ਰਹਿਣ ਲਈ ਪਿਤਾ ਜੀ ਆਪਣੇ ਪਰਿਵਾਰ ਸਮੇਤ ਲਗਭਗ 40 ਕਿਲੋਮੀਟਰ ਦੂਰ ਸ਼ੈਰਨ ਸ਼ਹਿਰ ਵਿਚ ਵਸ ਗਏ। ਕੁਝ ਮਹੀਨਿਆਂ ਬਾਅਦ ਸੰਨ 1911 ਜਾਂ 1912 ਵਿਚ ਮੇਰੇ ਮਾਤਾ-ਪਿਤਾ ਨੇ ਬਪਤਿਸਮਾ ਲਿਆ। ਚਾਰਲਸ ਟੇਜ਼ ਰਸਲ ਜੋ ਉਸ ਵੇਲੇ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਸਨ, ਨੇ ਬਪਤਿਸਮਾ ਭਾਸ਼ਣ ਦਿੱਤਾ। ਮੇਰਾ ਜਨਮ 4 ਦਸੰਬਰ 1916 ਨੂੰ ਹੋਇਆ ਜਦੋਂ ਕਿ ਮੇਰੇ ਮਾਤਾ-ਪਿਤਾ ਦੇ ਪਹਿਲਾਂ ਹੀ ਚਾਰ ਬੱਚੇ ਸਨ। ਮੇਰੇ ਜਨਮ ਸਮੇਂ ਇਹ ਘੋਸ਼ਣਾ ਕੀਤੀ ਗਈ: “ਇਕ ਹੋਰ ਪਿਆਰਾ ਭਰਾ ਪੈਦਾ ਹੋਇਆ।” ਇਸੇ ਲਈ ਮੇਰਾ ਨਾਂ ਡੇਵਿਡ ਰੱਖਿਆ ਗਿਆ, ਜਿਸ ਦਾ ਅਰਥ ਹੈ—“ਬੇਹੱਦ ਪਿਆਰਾ।”

ਉਦੋਂ ਮੈਂ ਚਾਰ ਹਫ਼ਤਿਆਂ ਦਾ ਸੀ ਜਦੋਂ ਮੇਰੇ ਮਾਤਾ-ਪਿਤਾ ਮੈਨੂੰ ਪਹਿਲੇ ਮਹਾਂ-ਸੰਮੇਲਨ ਵਿਚ ਲੈ ਕੇ ਗਏ। ਉਨ੍ਹਾਂ ਦਿਨਾਂ ਵਿਚ ਮੇਰੇ ਪਿਤਾ ਜੀ ਅਤੇ ਮੇਰੇ ਵੱਡੇ ਭਰਾ ਕਈ-ਕਈ ਕਿਲੋਮੀਟਰ ਤੁਰ ਕੇ ਕਲੀਸਿਯਾ ਸਭਾਵਾਂ ਲਈ ਜਾਂਦੇ ਹੁੰਦੇ ਸਨ, ਪਰ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਮੇਰੇ ਮਾਤਾ ਜੀ ਟ੍ਰਾਮਗੱਡੀ ਵਿਚ ਲੈ ਕੇ ਜਾਂਦੇ ਸਨ। ਉਸ ਵੇਲੇ ਸਭਾਵਾਂ ਸਵੇਰ ਨੂੰ ਅਤੇ ਦੁਪਹਿਰ ਨੂੰ ਵੀ ਹੁੰਦੀਆਂ ਸਨ। ਘਰ ਵਿਚ ਅਸੀਂ ਅਕਸਰ ਪਹਿਰਾਬੁਰਜ ਅਤੇ ਸੁਨਹਿਰਾ ਯੁੱਗ, ਜਿਸ ਨੂੰ ਹੁਣ ਜਾਗਰੂਕ ਬਣੋ! ਕਿਹਾ ਜਾਂਦਾ ਹੈ, ਵਿਚ ਦਿੱਤੇ ਗਏ ਲੇਖਾਂ ਬਾਰੇ ਹੀ ਗੱਲ-ਬਾਤ ਕਰਦੇ ਸਾਂ।

ਚੰਗੀਆਂ ਮਿਸਾਲਾਂ ਤੋਂ ਸਿੱਖਣਾ

ਸਾਡੀ ਕਲੀਸਿਯਾ ਵਿਚ ਬਹੁਤ ਸਾਰੇ ਪਿਲਗ੍ਰਿਮ ਯਾਨੀ ਸਫ਼ਰੀ ਭਾਸ਼ਣਕਾਰ ਆਉਂਦੇ ਹੁੰਦੇ ਸਨ। ਉਹ ਅਕਸਰ ਇਕ ਜਾਂ ਦੋ ਦਿਨ ਸਾਡੇ ਨਾਲ ਬਿਤਾਉਂਦੇ ਹੁੰਦੇ ਸਨ। ਇਕ ਭਾਸ਼ਣਕਾਰ ਵਾਲਟਰ ਜੇ. ਥੌਰਨ ਬਾਰੇ ਮੈਨੂੰ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ, ਜਿਸ ਨੇ ‘ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖਿਆ’ ਸੀ। (ਉਪਦੇਸ਼ਕ ਦੀ ਪੋਥੀ 12:1) ਜਦੋਂ ਅਜੇ ਮੈਂ ਨਿਆਣਾ ਹੀ ਸੀ, ਤਾਂ ਮੈਂ ਮਨੁੱਖਜਾਤੀ ਦੇ ਇਤਿਹਾਸ ਬਾਰੇ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦਿਖਾਉਣ ਲਈ ਪਿਤਾ ਜੀ ਦੇ ਨਾਲ ਜਾਂਦਾ ਹੁੰਦਾ ਸੀ। ਸਲਾਈਡਾਂ ਅਤੇ ਚਲ-ਚਿੱਤਰਾਂ ਦੀ ਮਦਦ ਨਾਲ ਕੀਤੀ ਗਈ ਇਸ ਪੇਸ਼ਕਾਰੀ ਵਿਚ ਭਾਸ਼ਣ ਦੇ ਰਿਕਾਰਡ ਵੀ ਚਲਾਏ ਜਾਂਦੇ ਸਨ। ਇਹ ਫੋਟੋ-ਡਰਾਮਾ ਕੁੱਲ ਚਾਰ ਹਿੱਸਿਆਂ ਵਿਚ ਵੰਡਿਆ ਹੋਇਆ ਸੀ।

ਬੇਸ਼ੱਕ ਭਰਾ ਐਵਨਜ਼ ਅਤੇ ਉਨ੍ਹਾਂ ਦੀ ਪਤਨੀ ਮਿਰਿਅਮ ਦੇ ਆਪਣੇ ਬੱਚੇ ਤਾਂ ਨਹੀਂ ਸਨ, ਪਰ ਉਹ ਸਾਡੇ ਪਰਿਵਾਰ ਦੇ ਅਧਿਆਤਮਿਕ ਮਾਂ-ਬਾਪ ਅਤੇ ਦਾਦਾ-ਦਾਦੀ ਬਣ ਗਏ। ਭਰਾ ਵਿਲਿਅਮ, ਪਿਤਾ ਜੀ ਨੂੰ “ਪੁੱਤ” ਕਹਿ ਕੇ ਬੁਲਾਉਂਦੇ ਸਨ ਅਤੇ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਮਿਰਿਅਮ ਨੇ ਹੀ ਸਾਡੇ ਪਰਿਵਾਰ ਵਿਚ ਖ਼ੁਸ਼ ਖ਼ਬਰੀ ਸੁਣਾਉਣ ਦਾ ਜੋਸ਼ ਪੈਦਾ ਕੀਤਾ। 20ਵੀਂ ਸਦੀ ਦੇ ਸ਼ੁਰੂ ਵਿਚ, ਭਰਾ ਐਵਨਜ਼ ਸਵੌਨਜ਼ੀ ਸ਼ਹਿਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੋਕਾਂ ਨੂੰ ਬਾਈਬਲ ਸੱਚਾਈ ਦੱਸਣ ਲਈ ਵਾਪਸ ਵੇਲਜ਼ ਚਲੇ ਗਏ। ਉੱਥੇ ਦੇ ਲੋਕ ਉਨ੍ਹਾਂ ਨੂੰ ਅਮਰੀਕਾ ਤੋਂ ਆਇਆ ਹੋਇਆ ਪ੍ਰਚਾਰਕ ਕਹਿੰਦੇ ਸਨ।

ਸੰਨ 1928 ਵਿਚ ਭਰਾ ਐਵਨਜ਼ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਪੱਛਮੀ ਵਰਜੀਨੀਆ ਦੇ ਪਹਾੜੀ ਇਲਾਕਿਆਂ ਵਿਚ ਪ੍ਰਚਾਰ ਦਾ ਕੰਮ ਸ਼ੁਰੂ ਕਰ ਦਿੱਤਾ। ਮੇਰੇ ਦੋਵੇਂ ਵੱਡੇ ਭਰਾ, 21 ਸਾਲਾਂ ਦਾ ਕਲੈਰੰਸ ਅਤੇ 19 ਸਾਲਾਂ ਦਾ ਕਾਰਲ, ਭਰਾ ਐਵਨਜ਼ ਦੇ ਨਾਲ ਗਏ। ਅਸੀਂ ਚਾਰਾਂ ਭਰਾਵਾਂ ਨੇ ਕਈ-ਕਈ ਸਾਲ ਪੂਰਣ-ਕਾਲੀ ਸੇਵਕਾਈ ਕੀਤੀ। ਅਸਲ ਵਿਚ, ਅਸੀਂ ਸਾਰਿਆਂ ਨੇ ਆਪਣੀ ਜਵਾਨੀ ਦੀ ਉਮਰੇ ਯਹੋਵਾਹ ਦੇ ਗਵਾਹਾਂ ਦੇ ਸਫ਼ਰੀ ਨਿਗਾਹਬਾਨਾਂ ਵਜੋਂ ਕੰਮ ਕੀਤਾ। ਕੁਝ ਸਮਾਂ ਪਹਿਲਾਂ ਮੇਰੇ ਮਾਤਾ ਜੀ ਦੀ ਛੋਟੀ ਭੈਣ, ਮੈਰੀ, ਜੋ ਹੁਣ 90 ਸਾਲਾਂ ਤੋਂ ਉੱਪਰ ਦੀ ਹੈ, ਨੇ ਮੈਨੂੰ ਲਿਖਿਆ: “ਭਰਾ ਐਵਨਜ਼ ਦੇ ਸੇਵਕਾਈ ਪ੍ਰਤੀ ਜੋਸ਼ ਲਈ ਅਤੇ ਉਨ੍ਹਾਂ ਵੱਲੋਂ ਗਰੋਵ ਸ਼ਹਿਰ ਆਉਣ ਲਈ ਅਸੀਂ ਸਾਰੇ ਕਿੰਨੇ ਸ਼ੁਕਰਗੁਜ਼ਾਰ ਹਾਂ!” ਮੈਰੀ ਮਾਸੀ ਨੇ ਵੀ ਆਪਣੀ ਜਵਾਨੀ ਤੋਂ ਆਪਣੇ ਕਰਤਾਰ ਨੂੰ ਚੇਤੇ ਕੀਤਾ ਹੈ।

ਮਹਾਂ-ਸੰਮੇਲਨਾਂ ਵਿਚ ਹਾਜ਼ਰ ਹੋਣਾ

ਸਿਰਫ਼ ਮੇਰੇ ਪਿਤਾ ਜੀ ਅਤੇ ਕਲੈਰੰਸ ਹੀ ਸੰਨ 1922 ਵਿਚ ਸੀਡਰ ਪਾਇੰਟ, ਓਹੀਓ ਵਿਖੇ ਹੋਏ ਇਤਿਹਾਸਕ ਮਹੱਤਤਾ ਵਾਲੇ ਮਹਾਂ-ਸੰਮੇਲਨ ਵਿਚ ਹਾਜ਼ਰ ਹੋ ਸਕੇ ਸਨ। ਪਰ ਸੰਨ 1924 ਵਿਚ ਸਾਡੇ ਕੋਲ ਆਪਣੀ ਗੱਡੀ ਸੀ, ਇਸ ਲਈ ਸਾਡਾ ਸਾਰਾ ਪਰਿਵਾਰ ਕੋਲੰਬਸ, ਓਹੀਓ ਵਿਖੇ ਹੋਏ ਮਹਾਂ-ਸੰਮੇਲਨ ਲਈ ਗਿਆ। ਅੱਠ ਦਿਨਾਂ ਦੇ ਇਸ ਮਹਾਂ-ਸੰਮੇਲਨ ਵਿਚ ਅਸੀਂ ਬੱਚਿਆਂ ਨੇ ਆਪਣੇ ਖਾਣ-ਪੀਣ ਦਾ ਖ਼ਰਚਾ ਆਪਣੇ ਹੀ ਜੇਬ-ਖ਼ਰਚ ਵਿੱਚੋਂ ਪੂਰਾ ਕਰਨਾ ਸੀ, ਕਿਉਂਕਿ ਸਾਡੇ ਮਾਤਾ-ਪਿਤਾ ਦੀ ਇਹ ਰਾਇ ਸੀ ਕਿ ਪਰਿਵਾਰ ਦੇ ਹਰ ਮੈਂਬਰ ਨੂੰ ਆਪਣੇ-ਆਪਣੇ ਪੈਰਾਂ ਤੇ ਖੜ੍ਹੇ ਹੋਣਾ ਚਾਹੀਦਾ ਹੈ। ਇਸ ਲਈ ਅਸੀਂ ਸਾਰੇ ਭਰਾਵਾਂ ਨੇ ਮੁਰਗੀਆਂ, ਖ਼ਰਗੋਸ਼ ਅਤੇ ਸ਼ਹਿਦ ਦੀਆਂ ਮੱਖੀਆਂ ਪਾਲੀਆਂ ਅਤੇ ਅਖ਼ਬਾਰਾਂ ਵੀ ਵੰਡੀਆਂ।

ਸੰਨ 1927 ਵਿਚ ਜਦੋਂ ਕੈਨੇਡਾ ਦੇ ਟੋਰੌਂਟੋ ਸ਼ਹਿਰ ਵਿਖੇ ਹੋਣ ਵਾਲੇ ਮਹਾਂ-ਸੰਮੇਲਨ ਦਾ ਸਮਾਂ ਆਇਆ, ਤਾਂ ਉਸ ਵੇਲੇ ਸਾਡਾ ਇਕ ਹੋਰ ਛੋਟਾ ਭਰਾ ਪੌਲ ਸਿਰਫ਼ ਛੇ ਮਹੀਨਿਆਂ ਦਾ ਸੀ। ਮੈਨੂੰ ਮੈਰੀ ਮਾਸੀ ਦੀ ਮਦਦ ਨਾਲ ਪੌਲ ਦੀ ਦੇਖ-ਭਾਲ ਕਰਨ ਲਈ ਘਰੇ ਰੁਕਣ ਲਈ ਕਿਹਾ ਗਿਆ ਤੇ ਮਾਤਾ-ਪਿਤਾ ਬਾਕੀ ਦੇ ਬੱਚਿਆਂ ਨੂੰ ਲੈ ਕੇ ਟੋਰੌਂਟੋ ਚਲੇ ਗਏ। ਪੌਲ ਦੀ ਦੇਖ-ਭਾਲ ਕਰਨ ਲਈ ਇਨਾਮ ਵਜੋਂ ਮੈਨੂੰ ਦਸ ਡਾਲਰ ਮਿਲੇ, ਜਿਸ ਨਾਲ ਮੈਂ ਆਪਣੇ ਲਈ ਇਕ ਨਵਾਂ ਸੂਟ ਖ਼ਰੀਦਿਆ। ਸਾਨੂੰ ਸਾਰਿਆਂ ਨੂੰ ਹਮੇਸ਼ਾ ਸਭਾਵਾਂ ਵਿਚ ਚੰਗੀ ਤਰ੍ਹਾਂ ਤਿਆਰ ਹੋ ਕੇ ਜਾਣ ਦੀ ਅਤੇ ਆਪਣੇ ਕੱਪੜਿਆਂ ਦੀ ਦੇਖ-ਭਾਲ ਕਰਨ ਦੀ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਗਈ ਸੀ।

ਸੰਨ 1931 ਵਿਚ ਕੋਲੰਬਸ, ਓਹੀਓ ਵਿਖੇ ਹੋਣ ਵਾਲੇ ਯਾਦ ਰੱਖਣ ਯੋਗ ਮਹਾਂ-ਸੰਮੇਲਨ ਦੇ ਸਮੇਂ ਤਕ ਕਲੈਰੰਸ ਅਤੇ ਕਾਰਲ ਦਾ ਵਿਆਹ ਹੋ ਚੁੱਕਾ ਸੀ ਅਤੇ ਉਹ ਆਪਣੀ-ਆਪਣੀ ਪਤਨੀ ਨਾਲ ਪਾਇਨੀਅਰੀ ਕਰ ਰਹੇ ਸਨ। ਦੋਵੇਂ ਭਰਾ ਆਪਣੀ ਹੱਥੀਂ ਬਣਾਈਆਂ ਘਰਨੁਮਾ ਗੱਡੀਆਂ ਵਿਚ ਰਹਿੰਦੇ ਸਨ। ਕਾਰਲ ਦਾ ਵਿਆਹ ਪੱਛਮੀ ਵਰਜੀਨੀਆ ਦੇ ਵ੍ਹੀਲਿੰਗ ਸ਼ਹਿਰ ਦੀ ਰਹਿਣ ਵਾਲੀ ਕਲੈਰ ਹਿਉਸਟਨ ਨਾਲ ਹੋਇਆ ਸੀ, ਇਸੇ ਕਰਕੇ ਮੈਂ ਕੋਲੰਬਸ ਵਿਖੇ ਹੋਏ ਮਹਾਂ-ਸੰਮੇਲਨ ਵਿਚ ਕਲੈਰ ਦੀ ਛੋਟੀ ਭੈਣ ਹੈਲਨ ਨਾਲ ਬੈਠਾ ਹੋਇਆ ਸੀ।

ਪੂਰਣ-ਕਾਲੀ ਸੇਵਕਾਈ

ਮੈਂ ਸੰਨ 1932 ਵਿਚ 15 ਸਾਲਾਂ ਦੀ ਉਮਰ ਤੇ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਇਕ ਸਾਲ ਬਾਅਦ ਮੈਂ ਇਕ ਪੁਰਾਣੀ ਗੱਡੀ ਆਪਣੇ ਭਰਾ ਕਲੈਰੰਸ ਨੂੰ ਦੇਣ ਲਈ ਗਿਆ। ਉਹ ਉਸ ਵੇਲੇ ਦੱਖਣੀ ਕੈਰੋਲਾਇਨਾ ਵਿਚ ਪਾਇਨੀਅਰੀ ਕਰ ਰਿਹਾ ਸੀ। ਮੈਂ ਪਾਇਨੀਅਰ ਸੇਵਾ ਲਈ ਅਰਜ਼ੀ ਦਿੱਤੀ ਤੇ ਕਲੈਰੰਸ ਅਤੇ ਉਸ ਦੀ ਪਤਨੀ ਦੇ ਨਾਲ ਪਾਇਨੀਅਰੀ ਸ਼ੁਰੂ ਕਰ ਦਿੱਤੀ। ਉਸ ਵੇਲੇ ਹੈਲਨ ਹੌਪਕੰਸਵਿਲ, ਕੈਂਟਕੀ ਵਿਚ ਪਾਇਨੀਅਰੀ ਕਰ ਰਹੀ ਸੀ ਅਤੇ ਮੈਂ ਉਸ ਨੂੰ ਪਹਿਲੀ ਵਾਰ ਖ਼ਤ ਲਿਖਿਆ। ਜਵਾਬੀ ਖ਼ਤ ਵਿਚ ਉਸ ਨੇ ਪੁੱਛਿਆ: “ਕੀ ਤੁਸੀਂ ਪਾਇਨੀਅਰ ਹੋ?”

ਮੈਂ ਜਵਾਬ ਦੇ ਤੌਰ ਤੇ ਆਪਣੇ ਖ਼ਤ ਵਿਚ ਲਿਖਿਆ: “ਹਾਂ, ਮੈਂ ਪਾਇਨੀਅਰ ਹਾਂ ਅਤੇ ਮੈਨੂੰ ਉਮੀਦ ਹੈ ਕਿ ਮੈਂ ਹਮੇਸ਼ਾ-ਹਮੇਸ਼ਾ ਲਈ ਪਾਇਨੀਅਰੀ ਕਰਦਾ ਰਹਾਂਗਾ।” ਇਸ ਖ਼ਤ ਨੂੰ ਹੈਲਨ ਨੇ ਸੱਠਾਂ ਸਾਲਾਂ ਤਕ ਆਪਣੀ ਮੌਤ ਤਕ ਸਾਂਭ ਕੇ ਰੱਖਿਆ। ਉਸ ਖ਼ਤ ਵਿਚ ਮੈਂ ਹੈਲਨ ਨੂੰ ਆਪਣੇ ਇਲਾਕੇ ਦੇ ਪਾਦਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਰਾਜ, ਸੰਸਾਰ ਦੀ ਉਮੀਦ ਨਾਮਕ ਪੁਸਤਿਕਾ ਵੰਡਣ ਬਾਰੇ ਦੱਸਿਆ।

ਸੰਨ 1933 ਵਿਚ ਪਿਤਾ ਜੀ ਨੇ ਮੈਨੂੰ ਤਰਪਾਲ ਨਾਲ ਢੱਕਿਆ ਹੋਇਆ ਇਕ ਤੰਬੂਨੁਮਾ ਟ੍ਰੇਲਰ ਬਣਾ ਕੇ ਦਿੱਤਾ ਜਿਸ ਦੇ ਅੱਗੇ ਤੇ ਪਿੱਛੇ ਇਕ-ਇਕ ਬਾਰੀ ਸੀ। ਇਹ ਟ੍ਰੇਲਰ ਢਾਈ ਮੀਟਰ ਲੰਮਾ ਅਤੇ ਦੋ ਮੀਟਰ ਚੌੜਾ ਸੀ। ਅਗਲੇ ਚਾਰ ਸਾਲਾਂ ਤਕ ਮੈਂ ਆਪਣੇ ਇਸ ਛੋਟੇ ਜਿਹੇ ਘਰ ਵਿਚ ਰਹਿ ਕੇ ਹੀ ਪਾਇਨੀਅਰੀ ਕੀਤੀ।

ਮਾਰਚ 1934 ਵਿਚ, ਕਲੈਰੰਸ ਤੇ ਕਾਰਲ ਅਤੇ ਉਨ੍ਹਾਂ ਦੀਆਂ ਪਤਨੀਆਂ, ਹੈਲਨ ਅਤੇ ਉਸ ਦੀ ਮੰਮੀ, ਕਲੈਰੰਸ ਦੀ ਪਤਨੀ ਦੀ ਛੋਟੀ ਭੈਣ ਅਤੇ ਮੈਂ, ਅਸੀਂ ਕੁੱਲ ਅੱਠ ਜਣੇ ਪੱਛਮ ਵੱਲ ਲਾਸ ਏਂਜਲਜ਼, ਕੈਲੇਫ਼ੋਰਨੀਆ ਵਿਖੇ ਹੋਣ ਵਾਲੇ ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਲਈ ਗਏ। ਕੁਝ ਨੇ ਮੇਰੇ ਟ੍ਰੇਲਰ ਵਿਚ ਸਫ਼ਰ ਕੀਤਾ ਅਤੇ ਉਸ ਵਿਚ ਸੁੱਤੇ ਵੀ। ਮੈਂ ਆਪ ਕਾਰ ਵਿਚ ਸੁੱਤਾ, ਜਦ ਕਿ ਬਾਕੀ ਸਾਰੇ ਜਣੇ ਕਿਰਾਏ ਦੀਆਂ ਥਾਵਾਂ ਤੇ ਰਹੇ। ਸਾਡੀ ਕਾਰ ਵਿਚ ਕੁਝ ਖ਼ਰਾਬੀ ਹੋਣ ਕਰਕੇ ਅਸੀਂ ਲਾਸ ਏਂਜਲਜ਼ ਵਿਖੇ ਹੋਣ ਵਾਲੇ ਛੇ ਦਿਨਾਂ ਦੇ ਮਹਾਂ-ਸੰਮੇਲਨ ਵਿਚ ਦੂਜੇ ਦਿਨ ਪਹੁੰਚੇ। ਇਸੇ ਮਹਾਂ-ਸੰਮੇਲਨ ਵਿਚ 26 ਮਾਰਚ ਨੂੰ ਮੈਂ ਅਤੇ ਹੈਲਨ ਨੇ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਿਆ।

ਸੰਮੇਲਨ ਵਿਚ ਜੋਸਫ਼ ਐੱਫ਼. ਰਦਰਫ਼ਰਡ, ਜੋ ਉਸ ਵੇਲੇ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਸਨ, ਨੇ ਨਿੱਜੀ ਤੌਰ ਤੇ ਸਾਰੇ ਪਾਇਨੀਅਰਾਂ ਨਾਲ ਗੱਲ-ਬਾਤ ਕੀਤੀ। ਭਰਾ ਨੇ ਸਾਡੀ ਹੌਸਲਾ-ਅਫ਼ਜ਼ਾਈ ਕੀਤੀ ਤੇ ਕਿਹਾ ਕਿ ਅਸੀਂ ਸਾਰੇ ਬਾਈਬਲ ਸੱਚਾਈ ਦੇ ਸੂਰਬੀਰ ਹਾਂ। ਉਸ ਮੌਕੇ ਤੇ ਪਾਇਨੀਅਰਾਂ ਨੂੰ ਸੇਵਕਾਈ ਜਾਰੀ ਰੱਖਣ ਵਿਚ ਮਦਦ ਕਰਨ ਲਈ ਮਾਲੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ।

ਜ਼ਿੰਦਗੀ ਲਈ ਸਿੱਖਿਆ

ਜਦੋਂ ਅਸੀਂ ਲਾਸ ਏਂਜਲਜ਼ ਵਿਚ ਹੋਏ ਮਹਾਂ-ਸੰਮੇਲਨ ਤੋਂ ਵਾਪਸ ਆਏ, ਤਾਂ ਅਸੀਂ ਸਾਰਿਆਂ ਨੇ ਦੱਖਣੀ ਕੈਰੋਲਾਇਨਾ, ਵਰਜੀਨੀਆ, ਪੱਛਮੀ ਵਰਜੀਨੀਆ ਅਤੇ ਕੈਂਟਕੀ ਦੇ ਪੂਰੇ ਇਲਾਕਿਆਂ ਵਿਚ ਰਾਜ ਸੰਦੇਸ਼ ਸੁਣਾਇਆ। ਕਈ ਸਾਲਾਂ ਬਾਅਦ ਹੈਲਨ ਨੇ ਉਸ ਸਮੇਂ ਬਾਰੇ ਲਿਖਿਆ: “ਉੱਥੇ ਸਹਾਰੇ ਲਈ ਨਾ ਕੋਈ ਕਲੀਸਿਯਾ ਤੇ ਨਾ ਹੀ ਮਦਦ ਕਰਨ ਲਈ ਕੋਈ ਦੋਸਤ-ਮਿੱਤਰ ਸੀ, ਕਿਉਂਕਿ ਅਸੀਂ ਇਕ ਪਰਾਏ ਦੇਸ਼ ਵਿਚ ਪਰਦੇਸੀ ਹੀ ਸੀ। ਪਰ ਮੈਨੂੰ ਹੁਣ ਅਹਿਸਾਸ ਹੋ ਰਿਹਾ ਹੈ ਕਿ ਮੈਂ ਉਸ ਵੇਲੇ ਬਹੁਤ ਕੁਝ ਸਿੱਖ ਕੇ ਅਧਿਆਤਮਿਕ ਤੌਰ ਤੇ ਮਾਲਾ-ਮਾਲ ਹੋ ਰਹੀ ਸੀ।”

ਉਸ ਨੇ ਅੱਗੋਂ ਲਿਖਿਆ: “ਆਪਣੇ ਘਰ-ਬਾਰ ਅਤੇ ਆਪਣੀਆਂ ਸਹੇਲੀਆਂ ਤੋਂ ਦੂਰ ਇਕ ਨੌਜਵਾਨ ਕੁੜੀ ਆਪਣਾ ਸਮਾਂ ਕਿਵੇਂ ਬਤੀਤ ਕਰਦੀ? ਖ਼ੈਰ, ਉਹ ਸਮਾਂ ਇੰਨਾ ਮਾੜਾ ਵੀ ਨਹੀਂ ਬੀਤਿਆ। ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਬੋਰ ਹੋਈ ਸੀ। ਸਗੋਂ ਉਨ੍ਹਾਂ ਦਿਨਾਂ ਵਿਚ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਅਸੀਂ ਬਾਈਬਲ ਆਧਾਰਿਤ ਸਾਹਿੱਤ ਨੂੰ ਪੜ੍ਹਨ ਅਤੇ ਉਨ੍ਹਾਂ ਦਾ ਅਧਿਐਨ ਕਰਨ ਤੋਂ ਕਦੇ ਨਹੀਂ ਖੁੰਝਦੇ ਸੀ। ਇਸ ਸਮੇਂ ਦੌਰਾਨ ਮੈਂ ਆਪਣੀ ਮਾਤਾ ਜੀ ਦੇ ਨਾਲ ਰਹਿ ਕੇ ਉਨ੍ਹਾਂ ਕੋਲੋਂ ਪੈਸੇ ਦੀ ਸਹੀ ਵਰਤੋਂ ਕਰਨੀ, ਖ਼ਰੀਦਦਾਰੀ ਕਰਨੀ, ਪੈਂਚਰ ਹੋਏ ਟਾਇਰਾਂ ਦੀ ਬਦਲੀ ਕਰਨੀ, ਖਾਣਾ ਬਣਾਉਣਾ, ਕੱਪੜੇ ਸੀਉਣਾ ਅਤੇ ਪ੍ਰਚਾਰ ਕਰਨਾ ਸਿੱਖਿਆ। ਮੈਨੂੰ ਰਤਾ ਵੀ ਪਛਤਾਵਾ ਨਹੀਂ ਅਤੇ ਜੇ ਕਦੇ ਮੌਕਾ ਮਿਲਿਆ ਤਾਂ ਇਸ ਤਰ੍ਹਾਂ ਦੀ ਜ਼ਿੰਦਗੀ ਮੈਂ ਦੁਬਾਰਾ ਵੀ ਜੀਉਣਾ ਚਾਹਾਂਗੀ।”

ਬੇਸ਼ੱਕ ਹੈਲਨ ਹੁਣਾਂ ਦਾ ਆਪਣਾ ਇਕ ਸੋਹਣਾ ਘਰ ਸੀ, ਪਰ ਉਨ੍ਹੀਂ ਦਿਨੀਂ ਉਹ ਅਤੇ ਉਸ ਦੀ ਮੰਮੀ ਇਕ ਛੋਟੇ ਜਿਹੇ ਟ੍ਰੇਲਰ ਵਿਚ ਰਹਿ ਕੇ ਹੀ ਬਹੁਤ ਖ਼ੁਸ਼ ਸਨ। ਸੰਨ 1937 ਵਿਚ ਕੋਲੰਬਸ, ਓਹੀਓ ਵਿਚ ਹੋਏ ਮਹਾਂ-ਸੰਮੇਲਨ ਤੋਂ ਬਾਅਦ, ਹੈਲਨ ਦੀ ਮੰਮੀ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਪੱਛਮੀ ਵਰਜੀਨੀਆਂ ਦੇ ਫ਼ਿਲੀਪਾਈ ਸ਼ਹਿਰ ਵਿਚ ਸੇਵਕਾਈ ਦੌਰਾਨ ਨਵੰਬਰ 1937 ਵਿਚ ਉਨ੍ਹਾਂ ਦੀ ਮੌਤ ਹੋ ਗਈ।

ਵਿਆਹ ਅਤੇ ਪਾਇਨੀਅਰ ਸੇਵਾ ਜਾਰੀ

ਵ੍ਹੀਲਿੰਗ, ਪੱਛਮੀ ਵਰਜੀਨੀਆ ਨੇੜੇ ਐਲਮ ਗਰੋਵ ਨਾਮਕ ਸ਼ਹਿਰ ਵਿਚ ਮੇਰਾ ਅਤੇ ਹੈਲਨ ਦਾ 10 ਜੂਨ 1938 ਨੂੰ ਉਸ ਘਰ ਵਿਚ ਸਾਦਾ ਜਿਹਾ ਵਿਆਹ ਹੋਇਆ, ਜਿੱਥੇ ਹੈਲਨ ਪੈਦਾ ਹੋਈ ਸੀ। ਸਾਡੇ ਪਿਆਰੇ ਭਰਾ ਐਵਨਜ਼, ਜਿਨ੍ਹਾਂ ਨੇ ਮੇਰੇ ਜਨਮ ਤੋਂ ਕਈ ਸਾਲ ਪਹਿਲਾਂ ਮੇਰੇ ਪਰਿਵਾਰ ਨੂੰ ਸੱਚਾਈ ਸਿਖਾਈ ਸੀ, ਨੇ ਸਾਡੇ ਵਿਆਹ ਦੇ ਮੌਕੇ ਤੇ ਭਾਸ਼ਣ ਦਿੱਤਾ। ਵਿਆਹ ਤੋਂ ਬਾਅਦ ਮੈਂ ਅਤੇ ਹੈਲਨ ਨੇ ਪੂਰਬੀ ਕੈਂਟਕੀ ਵਿਚ ਪਾਇਨੀਅਰੀ ਜਾਰੀ ਰੱਖਣ ਦੀ ਸੋਚੀ, ਪਰ ਸਾਨੂੰ ਬੜੀ ਹੈਰਾਨੀ ਹੋਈ ਜਦੋਂ ਸਾਨੂੰ ਜ਼ੋਨ ਕਾਰਜ ਕਰਨ ਲਈ ਸੱਦਿਆ ਗਿਆ। ਇਸ ਕੰਮ ਵਿਚ ਪੱਛਮੀ ਕੈਂਟਕੀ ਅਤੇ ਟੈਨਿਸੀ ਦੇ ਕਈ ਇਲਾਕਿਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਵੱਖ-ਵੱਖ ਗਰੁੱਪਾਂ ਨੂੰ ਜਾ ਕੇ ਮਿਲਣਾ ਸ਼ਾਮਲ ਸੀ। ਅਸੀਂ ਜਿੰਨੀਆਂ ਵੀ ਥਾਵਾਂ ਤੇ ਗਏ, ਉੱਥੇ ਉਸ ਵੇਲੇ ਕੁੱਲ 75 ਕੁ ਰਾਜ ਘੋਸ਼ਕ ਹੀ ਸਨ।

ਉਸ ਸਮੇਂ ਦੌਰਾਨ ਰਾਸ਼ਟਰਵਾਦ ਨੇ ਬਹੁਤ ਸਾਰੇ ਲੋਕਾਂ ਦੀ ਸੋਚਣੀ ਨੂੰ ਵਿਗਾੜ ਦਿੱਤਾ ਸੀ ਅਤੇ ਮੈਨੂੰ ਵੀ ਮਸੀਹੀ ਨਿਰਪੱਖਤਾ ਕਰਕੇ ਜੇਲ੍ਹ ਹੋ ਜਾਣ ਦਾ ਖ਼ਤਰਾ ਸੀ। (ਯਸਾਯਾਹ 2:4) ਪਰ ਲੋਕਾਂ ਨੂੰ ਫ਼ੌਜ ਵਿਚ ਭਰਤੀ ਕਰਨ ਵਾਲੇ ਬੋਰਡ ਨੇ ਮੇਰੇ ਪ੍ਰਚਾਰ ਦੇ ਕੰਮ ਦੇ ਰਿਕਾਰਡ ਸਦਕਾ ਮੈਨੂੰ ਇਕ ਧਰਮ-ਸੇਵਕ ਮੰਨਦੇ ਹੋਏ ਪੂਰਣ-ਕਾਲੀ ਸੇਵਕਾਈ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ।

ਜਦੋਂ ਮੈਂ ਇਕ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਸ਼ੁਰੂ ਕੀਤੀ ਤਾਂ ਸਾਰੇ ਮੇਰੀ ਅਤੇ ਹੈਲਨ ਦੀ ਛੋਟੀ ਉਮਰ ਤੋਂ ਹੈਰਾਨ ਸਨ। ਹੌਪਕੰਸਵਿਲ, ਕੈਂਟਕੀ ਵਿਚ ਇਕ ਮਸੀਹੀ ਭੈਣ ਨੇ ਹੈਲਨ ਨੂੰ ਘੁੱਟ ਕੇ ਗਲਵੱਕੜੀ ਪਾਈ ਅਤੇ ਕਿਹਾ: “ਕੀ ਤੂੰ ਮੈਨੂੰ ਪਛਾਣਿਆ?” ਸੰਨ 1933 ਵਿਚ ਹੈਲਨ ਨੇ ਉਸ ਦੇ ਪਿੰਡ ਵਿਚ ਉਸ ਦੇ ਪਤੀ ਦੀ ਦੁਕਾਨ ਤੇ ਉਸ ਨੂੰ ਗਵਾਹੀ ਦਿੱਤੀ ਸੀ। ਉਹ ਇਕ ਸੰਡੇ ਸਕੂਲ ਦੀ ਅਧਿਆਪਕਾ ਸੀ, ਪਰ ਹੈਲਨ ਵੱਲੋਂ ਦਿੱਤੀ ਕਿਤਾਬ ਪੜ੍ਹਨ ਤੋਂ ਬਾਅਦ, ਉਸ ਨੇ ਗ਼ੈਰ-ਬਾਈਬਲੀ ਸਿੱਖਿਆਵਾਂ ਸਿਖਾਉਣ ਲਈ ਆਪਣੀ ਪੂਰੀ ਕਲਾਸ ਅੱਗੇ ਖੜ੍ਹੀ ਹੋ ਕੇ ਮਾਫ਼ੀ ਮੰਗੀ। ਚਰਚ ਨੂੰ ਤਿਆਗ-ਪੱਤਰ ਦੇਣ ਤੋਂ ਬਾਅਦ, ਉਸ ਨੇ ਆਪਣੇ ਇਲਾਕੇ ਵਿਚ ਬਾਈਬਲ ਸੱਚਾਈ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਮੈਂ ਅਤੇ ਹੈਲਨ ਨੇ ਪੱਛਮੀ ਕੈਂਟਕੀ ਵਿਚ ਤਿੰਨ ਸਾਲ ਸਫ਼ਰੀ ਕਾਰਜ ਕੀਤਾ ਤੇ ਇਸ ਦੌਰਾਨ ਇਸ ਭੈਣ ਨੇ ਅਤੇ ਉਸ ਦੇ ਪਤੀ ਨੇ ਸਾਨੂੰ ਆਪਣੇ ਘਰ ਠਹਿਰਾਇਆ।

ਉਨ੍ਹਾਂ ਦਿਨਾਂ ਵਿਚ ਛੋਟੇ-ਛੋਟੇ ਸਥਾਨਕ ਸੰਮੇਲਨ ਹੋਇਆ ਕਰਦੇ ਸਨ ਅਤੇ ਭਰਾ ਏ. ਐੱਚ. ਮੈਕਮਿਲਨ ਇਕ ਸੰਮੇਲਨ ਵਿਚ ਆਏ ਸਨ। ਜਦੋਂ ਹੈਲਨ ਅਜੇ ਨਿਆਣੀ ਹੀ ਸੀ ਤਾਂ ਭਰਾ ਮੈਕਮਿਲਨ, ਹੈਲਨ ਦੇ ਮਾਤਾ-ਪਿਤਾ ਦੇ ਘਰ ਰੁਕੇ ਸਨ, ਇਸ ਲਈ ਹੁਣ ਉਹ ਇਸ ਸੰਮੇਲਨ ਦੌਰਾਨ ਸਾਡੇ ਪੰਜ ਮੀਟਰ ਲੰਮੇ ਟ੍ਰੇਲਰ ਵਿਚ ਰਹੇ, ਜਿੱਥੇ ਸਾਡੇ ਕੋਲ ਇਕ ਵਾਧੂ ਬਿਸਤਰਾ ਸੀ। ਉਨ੍ਹਾਂ ਨੇ ਵੀ ਆਪਣੇ ਮਹਾਨ ਸ੍ਰਿਸ਼ਟੀਕਰਤਾ ਨੂੰ ਜਵਾਨੀ ਦੇ ਵੇਲੇ ਯਾਦ ਕੀਤਾ ਸੀ। ਉਨ੍ਹਾਂ ਨੇ 23 ਸਾਲਾਂ ਦੀ ਉਮਰੇ ਸੰਨ 1900 ਵਿਚ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਸੀ।

ਨਵੰਬਰ 1941 ਵਿਚ ਥੋੜ੍ਹੇ ਸਮੇਂ ਲਈ ਸਫ਼ਰੀ ਭਰਾਵਾਂ ਦਾ ਕੰਮ ਰੋਕ ਦਿੱਤਾ ਗਿਆ ਅਤੇ ਮੈਨੂੰ ਹੈਜ਼ਰਡ, ਕੈਂਟਕੀ ਵਿਚ ਇਕ ਪਾਇਨੀਅਰ ਵਜੋਂ ਨਿਯੁਕਤ ਕੀਤਾ ਗਿਆ। ਇਕ ਵਾਰ ਫਿਰ ਮੈਂ ਆਪਣੇ ਭਰਾ ਕਾਰਲ ਅਤੇ ਉਸ ਦੀ ਪਤਨੀ ਕਲੈਰ ਨਾਲ ਪਾਇਨੀਅਰੀ ਕੀਤੀ। ਇੱਥੇ ਹੈਲਨ ਦੇ ਭਤੀਜੇ ਜੋਸਫ਼ ਹਾਉਸਟਨ ਨੇ ਸਾਡੇ ਨਾਲ ਪਾਇਨੀਅਰੀ ਕਰਨੀ ਸ਼ੁਰੂ ਕੀਤੀ। ਉਸ ਨੇ ਤਕਰੀਬਨ 50 ਸਾਲਾਂ ਤਕ ਪੂਰਣ-ਕਾਲੀ ਸੇਵਕਾਈ ਕੀਤੀ, ਪਰ 1992 ਵਿਚ ਬਰੁਕਲਿਨ, ਨਿਊਯਾਰਕ ਵਿਖੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ ਮੁੱਖ ਦਫ਼ਤਰ ਵਿਚ ਵਫ਼ਾਦਾਰੀ ਨਾਲ ਸੇਵਾ ਕਰਦੇ ਹੋਏ, ਅਚਾਨਕ ਇਕ ਦਿਨ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ।

ਸੰਨ 1943 ਵਿਚ, ਸਾਨੂੰ ਰੌਕਵਿਲ, ਕਨੈਟੀਕਟ ਭੇਜਿਆ ਗਿਆ। ਇਹ ਮੇਰੇ ਅਤੇ ਹੈਲਨ ਲਈ ਇਕ ਵੱਖਰੀ ਤਰ੍ਹਾਂ ਦਾ ਸੰਸਾਰ ਸੀ, ਕਿਉਂਕਿ ਅਸੀਂ ਇਸ ਤੋਂ ਪਹਿਲਾਂ ਸਿਰਫ਼ ਉੱਤਰੀ ਇਲਾਕੇ ਵਿਚ ਹੀ ਪ੍ਰਚਾਰ ਕੀਤਾ ਸੀ। ਰੌਕਵਿਲ ਵਿਚ, ਹੈਲਨ ਬਾਕਾਇਦਾ ਇਕ ਹਫ਼ਤੇ ਵਿਚ 20 ਤੋਂ ਵੀ ਜ਼ਿਆਦਾ ਬਾਈਬਲ ਅਧਿਐਨ ਕਰਾਉਂਦੀ ਸੀ। ਆਖ਼ਰ ਅਸੀਂ ਰਾਜ ਗ੍ਰਹਿ ਲਈ ਇਕ ਛੋਟਾ ਜਿਹਾ ਕਮਰਾ ਕਿਰਾਏ ਤੇ ਲਿਆ ਤੇ ਇੰਜ ਇੱਥੇ ਇਕ ਨਵੀਂ ਕਲੀਸਿਯਾ ਦੀ ਸ਼ੁਰੂਆਤ ਹੋਈ।

ਜਦੋਂ ਅਸੀਂ ਰੌਕਵਿਲ ਵਿਚ ਸੇਵਕਾਈ ਕਰ ਰਹੇ ਸਾਂ, ਤਾਂ ਉਸ ਵੇਲੇ ਸਾਨੂੰ ਨਿਊਯਾਰਕ ਦੇ ਸਾਉਥ ਲੈਂਸਿੰਗ ਵਿਖੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਪੰਜਵੀਂ ਕਲਾਸ ਲਈ ਬੁਲਾਇਆ ਗਿਆ। ਉਦੋਂ ਸਾਡੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਸਾਡੇ ਪੁਰਾਣੇ ਦੋਸਤ ਔਬਰੀ ਅਤੇ ਬਰਥਾ ਬੀਵਨਜ਼, ਜੋ ਸਾਡੇ ਨਾਲ ਕੈਂਟਕੀ ਵਿਚ ਪਾਇਨੀਅਰੀ ਕਰਦੇ ਸਨ, ਵੀ ਸਾਡੀ ਕਲਾਸ ਵਿਚ ਸਾਡੇ ਨਾਲ ਹੋਣਗੇ।

ਸਕੂਲ ਅਤੇ ਨਵੇਂ ਦੇਸ਼ ਵਿਚ ਸੇਵਾ

ਭਾਵੇਂ ਅਸੀਂ ਅਜੇ ਵੀ ਜਵਾਨ ਸੀ, ਪਰ ਸਾਡੀ ਕਲਾਸ ਵਿਚ ਸਾਡੇ ਤੋਂ ਵੀ ਘੱਟ ਉਮਰ ਦੇ ਭੈਣ-ਭਰਾ ਸਨ। ਜੀ ਹਾਂ, ਉਹ ਵੀ ਆਪਣੀ ਜਵਾਨੀ ਦੀ ਉਮਰੇ ਆਪਣੇ ਮਹਾਨ ਕਰਤਾਰ ਨੂੰ ਚੇਤੇ ਕਰ ਰਹੇ ਸਨ। ਅਸੀਂ ਜੁਲਾਈ 1945 ਵਿਚ ਗ੍ਰੈਜੂਏਟ ਹੋਏ ਜਦੋਂ ਦੂਜਾ ਵਿਸ਼ਵ ਯੁੱਧ ਖ਼ਤਮ ਹੋਣ ਵਾਲਾ ਸੀ। ਜਦੋਂ ਤਕ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਅਸੀਂ ਕਿਹੜੇ ਦੇਸ਼ ਜਾਣਾ ਹੈ, ਤਦ ਤਕ ਅਸੀਂ ਬਰੁਕਲਿਨ, ਨਿਊਯਾਰਕ ਦੀ ਫ਼ਲੈਟਬੁਸ਼ ਕਲੀਸਿਯਾ ਨਾਲ ਕੰਮ ਕੀਤਾ। ਅਖ਼ੀਰ, 21 ਅਕਤੂਬਰ 1946 ਨੂੰ ਅਸੀਂ ਭੈਣ ਅਤੇ ਭਰਾ ਬੀਵਨਜ਼ ਸਮੇਤ ਆਪਣੀ ਕਲਾਸ ਦੇ ਚਾਰ ਹੋਰ ਮਿਸ਼ਨਰੀ ਸਾਥੀਆਂ ਨਾਲ ਗੁਆਤੇਮਾਲਾ ਸ਼ਹਿਰ ਜਾਣ ਲਈ ਹਵਾਈ ਜਹਾਜ਼ ਚੜ੍ਹੇ। ਉਸ ਵੇਲੇ ਇਸ ਪੂਰੇ ਕੇਂਦਰੀ ਅਮਰੀਕੀ ਦੇਸ਼ ਵਿਚ 50 ਤੋਂ ਵੀ ਘੱਟ ਯਹੋਵਾਹ ਦੇ ਗਵਾਹ ਸਨ।

ਅਪ੍ਰੈਲ 1949 ਵਿਚ ਸਾਡੇ ਵਿੱਚੋਂ ਕੁਝ ਮਿਸ਼ਨਰੀ ਕੇਸਾਲਟੇਨਾਂਗੋ ਸ਼ਹਿਰ ਨੂੰ ਚਲੇ ਗਏ ਜੋ ਉੱਥੇ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਅਤੇ ਮਸ਼ਹੂਰ ਸ਼ਹਿਰ ਸੀ। ਇਹ ਸ਼ਹਿਰ ਸਮੁੰਦਰ ਤਲ ਤੋਂ 2,300 ਮੀਟਰ ਦੀ ਉਚਾਈ ਤੇ ਵੱਸਿਆ ਹੋਇਆ ਹੈ ਅਤੇ ਇੱਥੇ ਦੀ ਪਹਾੜੀ ਹਵਾ ਠੰਢੀ ਅਤੇ ਬਿਲਕੁਲ ਸ਼ੁੱਧ ਹੈ। ਹੈਲਨ ਨੇ ਸਾਡੀ ਉੱਥੋਂ ਦੀ ਸੇਵਕਾਈ ਬਾਰੇ ਲਿਖਿਆ: “ਇੱਥੇ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਵਿਚ ਪ੍ਰਚਾਰ ਕਰਨਾ ਸਾਡੇ ਲਈ ਇਕ ਵਿਸ਼ੇਸ਼-ਸਨਮਾਨ ਸੀ। ਅਸੀਂ ਉੱਥੇ ਸਵੇਰੇ ਚਾਰ ਵਜੇ ਉੱਠਦੇ ਅਤੇ ਦੂਰ-ਦੂਰ ਦੇ ਸ਼ਹਿਰਾਂ ਵਿਚ ਪ੍ਰਚਾਰ ਕਰਨ ਲਈ ਬੱਸ (ਜਿਸ ਵਿਚ ਬਾਰੀਆਂ ਦੀ ਥਾਂ ਤੇ ਤਰਪਾਲ ਦੇ ਪਰਦੇ ਲੱਗੇ ਹੁੰਦੇ ਸਨ) ਵਿਚ ਜਾਂਦੇ ਸੀ। ਅਸੀਂ ਉੱਥੇ ਲਗਭਗ ਅੱਠ ਘੰਟੇ ਪ੍ਰਚਾਰ ਕਰਨ ਤੋਂ ਬਾਅਦ ਸ਼ਾਮ ਨੂੰ ਘਰ ਮੁੜਦੇ ਸੀ।” ਅੱਜ ਇਨ੍ਹਾਂ ਕਈ ਥਾਵਾਂ ਤੇ, ਕੇਸਾਲਟੇਨਾਂਗੋ ਦੀਆਂ ਛੇ ਕਲੀਸਿਯਾਵਾਂ ਸਮੇਤ ਹੋਰ ਕਈ ਕਲੀਸਿਯਾਵਾਂ ਹਨ।

ਕੁਝ ਸਮੇਂ ਬਾਅਦ ਗੁਆਤੇਮਾਲਾ ਦੇ ਤੀਜੇ ਨੰਬਰ ਦੇ ਸਭ ਤੋਂ ਵੱਡੇ ਸ਼ਹਿਰ ਪਵਰਟੋ ਬਾਰੀਓਸ ਵਿਚ ਮਿਸ਼ਨਰੀਆਂ ਦੀ ਲੋੜ ਪਈ। ਇਹ ਸ਼ਹਿਰ ਕੈਰੀਬੀਅਨ ਤਟ ਤੇ ਸਥਿਤ ਹੈ। ਸਾਡੇ ਪਿਆਰੇ ਸਾਥੀ ਬੀਵਨਜ਼, ਜਿਨ੍ਹਾਂ ਨਾਲ ਅਸੀਂ ਗੁਆਤੇਮਾਲਾ ਵਿਚ ਪੰਜ ਸਾਲ ਪ੍ਰਚਾਰ ਕੰਮ ਕੀਤਾ ਸੀ, ਉਹ ਵੀ ਹੋਰ ਕਈ ਦੂਸਰੇ ਮਿਸ਼ਨਰੀਆਂ ਨਾਲ ਇਸ ਨਵੇਂ ਸ਼ਹਿਰ ਨੂੰ ਚਲੇ ਗਏ। ਇਹ ਵਿਛੋੜਾ ਬੜਾ ਹੀ ਔਖਾ ਸੀ ਤੇ ਉਨ੍ਹਾਂ ਦੇ ਜਾਣ ਪਿੱਛੋਂ ਸਾਨੂੰ ਆਪਣੀ ਜ਼ਿੰਦਗੀ ਬੜੀ ਸੁੰਨੀ-ਸੁੰਨੀ ਜਿਹੀ ਲੱਗਣ ਲੱਗ ਪਈ। ਹੁਣ ਮਿਸ਼ਨਰੀ ਘਰ ਵਿਚ ਸਿਰਫ਼ ਮੈਂ ਅਤੇ ਹੈਲਨ ਹੀ ਰਹਿ ਗਏ ਸੀ, ਇਸ ਲਈ ਅਸੀਂ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲਈ ਚਲੇ ਗਏ। ਸੰਨ 1955 ਵਿਚ, ਮੈਨੂੰ ਅਤੇ ਹੈਲਨ ਨੂੰ ਇਕ ਤਪਤ-ਖੰਡੀ ਸ਼ਹਿਰ ਮਾਜ਼ਾਟੇਨਾਂਗੋ ਭੇਜਿਆ ਗਿਆ। ਮੇਰਾ ਸਭ ਤੋਂ ਛੋਟਾ ਭਰਾ ਪੌਲ ਅਤੇ ਉਸ ਦੀ ਪਤਨੀ ਡਲੋਰਸ, ਜੋ 1953 ਵਿਚ ਗ੍ਰੇਜੂਏਟ ਹੋਏ ਸੀ, ਸਾਡੇ ਆਉਣ ਤੋਂ ਥੋੜ੍ਹੇ ਸਮੇਂ ਪਹਿਲਾਂ ਉੱਥੇ ਮਿਸ਼ਨਰੀ ਸੇਵਾ ਕਰ ਚੁੱਕੇ ਸਨ।

ਸੰਨ 1958 ਤਕ ਗੁਆਤੇਮਾਲਾ ਵਿਚ 700 ਤੋਂ ਵੀ ਵੱਧ ਗਵਾਹ, 20 ਕਲੀਸਿਯਾਵਾਂ ਅਤੇ ਤਿੰਨ ਸਰਕਟ ਬਣ ਚੁੱਕੇ ਸਨ। ਮੈਂ ਅਤੇ ਹੈਲਨ ਨੇ ਮੁੜ ਸਫ਼ਰੀ ਕਾਰਜ ਸ਼ੁਰੂ ਕੀਤਾ। ਅਸੀਂ ਗਵਾਹਾਂ ਦੇ ਕਈ ਛੋਟੇ-ਛੋਟੇ ਸਮੂਹਾਂ ਤੋਂ ਇਲਾਵਾ, ਕੇਸਾਲਟੇਨਾਂਗੋ ਦੀ ਕਲੀਸਿਯਾ ਸਮੇਤ ਹੋਰ ਕਈ ਕਲੀਸਿਯਾਵਾਂ ਨੂੰ ਮਿਲਣ ਜਾਂਦੇ ਸੀ। ਫਿਰ ਅਗਸਤ 1959 ਵਿਚ, ਸਾਨੂੰ ਫਿਰ ਗੁਆਤੇਮਾਲਾ ਸ਼ਹਿਰ ਆਉਣ ਲਈ ਕਿਹਾ ਗਿਆ। ਇਸ ਵਾਰ ਅਸੀਂ ਸ਼ਾਖ਼ਾ ਦਫ਼ਤਰ ਵਿਚ ਰਹੇ। ਇੱਥੇ ਮੈਂ ਸ਼ਾਖ਼ਾ ਵਿਚ ਕੰਮ ਕਰਨ ਲੱਗ ਪਿਆ ਤੇ ਹੈਲਨ ਅਗਲੇ 16 ਸਾਲਾਂ ਤਕ ਆਪਣੀ ਮਿਸ਼ਨਰੀ ਸੇਵਾ ਕਰਦੀ ਰਹੀ। ਉਸ ਤੋਂ ਬਾਅਦ ਉਹ ਵੀ ਸ਼ਾਖ਼ਾ ਵਿਚ ਕੰਮ ਕਰਨ ਲੱਗ ਪਈ।

ਹੋਰ ਵੀ ਕਈ ਅਸੀਸਾਂ

ਕਈ ਸਾਲ ਪਹਿਲਾਂ ਮੈਨੂੰ ਲੱਗਦਾ ਸੀ ਕਿ ਯਹੋਵਾਹ ਦੀ ਸੇਵਾ ਕਰਨ ਵਾਲਾ ਮੈਂ ਹੀ ਹਮੇਸ਼ਾ ਸਭ ਤੋਂ ਛੋਟੀ ਉਮਰ ਦਾ ਭਰਾ ਹੁੰਦਾ ਸੀ। ਪਰ ਹੁਣ ਮੈਂ ਅਕਸਰ ਸਭ ਤੋਂ ਵਡੇਰੀ ਉਮਰ ਦਾ ਹੁੰਦਾ ਹਾਂ। ਮਿਸਾਲ ਲਈ, ਸੰਨ 1996 ਵਿਚ ਪੈਟਰਸਨ, ਨਿਊਯਾਰਕ ਵਿਖੇ ਹੋਏ ਸ਼ਾਖ਼ਾ ਸਕੂਲ ਵੇਲੇ ਮੈਂ ਉਮਰ ਵਿਚ ਸਾਰਿਆਂ ਨਾਲੋਂ ਵੱਡਾ ਸੀ। ਜਿਵੇਂ ਮੈਨੂੰ ਆਪਣੀ ਜਵਾਨੀ ਵਿਚ ਵੱਡਿਆਂ ਕੋਲੋਂ ਮਦਦ ਮਿਲੀ ਸੀ, ਉਸੇ ਤਰ੍ਹਾਂ ਹਾਲ ਹੀ ਦੇ ਦਹਾਕਿਆਂ ਵਿਚ ਉਨ੍ਹਾਂ ਕਈ ਨੌਜਵਾਨਾਂ ਦੀ ਮਦਦ ਕਰਨੀ ਮੇਰੇ ਲਈ ਇਕ ਵਿਸ਼ੇਸ਼-ਸਨਮਾਨ ਦੀ ਗੱਲ ਰਹੀ ਹੈ, ਜਿਹੜੇ ਆਪਣੀ ਜਵਾਨੀ ਦੇ ਵੇਲੇ ਆਪਣੇ ਕਰਤਾਰ ਨੂੰ ਚੇਤੇ ਰੱਖਣਾ ਚਾਹੁੰਦੇ ਹਨ।

ਗੁਆਤੇਮਾਲਾ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਲਗਾਤਾਰ ਬਰਕਤਾਂ ਦਿੱਤੀਆਂ ਹਨ। ਸੰਨ 1999 ਵਿਚ ਗੁਆਤੇਮਾਲਾ ਸ਼ਹਿਰ ਵਿਚ 60 ਤੋਂ ਵੀ ਜ਼ਿਆਦਾ ਕਲੀਸਿਯਾਵਾਂ ਸਨ। ਅਤੇ ਉੱਤਰ, ਦੱਖਣ, ਪੂਰਬ ਅਤੇ ਪੱਛਮ ਵਿਚ ਹੋਰ ਕਿੰਨੀਆਂ ਹੀ ਕਲੀਸਿਯਾਵਾਂ ਹਨ ਤੇ ਇੱਥੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲੇ ਹਜ਼ਾਰਾਂ ਹੀ ਘੋਸ਼ਕ ਹਨ। ਜਦੋਂ ਅਸੀਂ ਇੱਥੇ 53 ਸਾਲ ਪਹਿਲਾਂ ਆਏ ਸਾਂ ਤਾਂ ਇੱਥੇ ਸਿਰਫ਼ 50 ਤੋਂ ਵੀ ਘੱਟ ਰਾਜ-ਘੋਸ਼ਕ ਸਨ, ਪਰ ਹੁਣ ਇਨ੍ਹਾਂ ਦੀ ਗਿਣਤੀ ਵੱਧ ਕੇ 19,000 ਤੋਂ ਵੀ ਜ਼ਿਆਦਾ ਹੋ ਗਈ ਹੈ!

ਯਹੋਵਾਹ ਦੇ ਧੰਨਵਾਦੀ ਹੋਣ ਦੇ ਬਹੁਤ ਸਾਰੇ ਕਾਰਨ

ਇਹ ਠੀਕ ਹੈ ਕਿ ਜ਼ਿੰਦਗੀ ਵਿਚ ਮੁਸ਼ਕਲਾਂ ਜ਼ਰੂਰ ਆਉਂਦੀਆਂ ਹਨ, ਪਰ ਅਸੀਂ ਮੁਸ਼ਕਲਾਂ ਦੌਰਾਨ ਹਮੇਸ਼ਾ “ਆਪਣਾ ਭਾਰ ਯਹੋਵਾਹ ਉੱਤੇ” ਸੁੱਟ ਸਕਦੇ ਹਾਂ। (ਜ਼ਬੂਰ 55:22) ਉਸ ਨੇ ਸਾਨੂੰ ਪ੍ਰੇਮਪੂਰਣ ਸਾਥੀ ਦਿੱਤੇ ਹਨ ਜਿਨ੍ਹਾਂ ਦੇ ਸਹਾਰੇ ਅਸੀਂ ਅਕਸਰ ਮੁਸ਼ਕਲਾਂ ਦਾ ਸਾਮ੍ਹਣਾ ਕਰ ਪਾਉਂਦੇ ਹਾਂ। ਉਦਾਹਰਣ ਲਈ, ਮੌਤ ਤੋਂ ਕੁਝ ਸਾਲ ਪਹਿਲਾਂ ਹੈਲਨ ਨੇ ਮੈਨੂੰ ਇਕ ਸੋਹਣੇ ਫ਼ਰੇਮ ਵਿਚ ਜੜੀ ਇਕ ਤਖ਼ਤੀ ਤੋਹਫ਼ੇ ਵਜੋਂ ਦਿੱਤੀ। ਇਸ ਉੱਤੇ ਇਬਰਾਨੀਆਂ 6:10 ਦੀ ਆਇਤ ਲਿਖੀ ਹੋਈ ਸੀ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਸ ਦੇ ਲਈ ਵਿਖਾਇਆ ਭਈ ਤੁਸਾਂ ਉਸ ਦੇ ਲੋਕਾਂ ਦੀ ਸੇਵਾ ਕੀਤੀ, ਨਾਲੇ ਅਜੇ ਵੀ ਕਰਦੇ ਹੋ।”—ਵੇਮਥ.

ਉਸ ਨੇ ਇਸ ਦੇ ਨਾਲ ਇਕ ਛੋਟੀ ਜਿਹੀ ਚਿੱਠੀ ਵੀ ਨੱਥੀ ਕੀਤੀ, ਜਿਸ ਦੀਆਂ ਕੁਝ ਲਾਈਨਾਂ ਇੰਜ ਕਹਿੰਦੀਆਂ ਹਨ: “ਮੇਰੀ ਜਾਨ ਨਾਲੋਂ ਵੀ ਪਿਆਰੇ ਡੇਵਿਡ, ਆਪਣੇ ਪਿਆਰ ਤੋਂ ਇਲਾਵਾ ਮੈਂ ਤੈਨੂੰ ਹੋਰ ਕੁਝ ਨਹੀਂ ਦੇ ਸਕਦੀ . . . ਇਹ ਆਇਤ ਤੁਹਾਡੇ ਲਈ ਬਿਲਕੁਲ ਢੁਕਵੀਂ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਇਸ ਨੂੰ ਤੁਸੀਂ ਆਪਣੀ ਮੇਜ਼ ਉੱਤੇ ਲਾਓ, ਇਸ ਲਈ ਨਹੀਂ ਕਿ ਮੈਂ ਇਹ ਤੋਹਫ਼ਾ ਤੁਹਾਨੂੰ ਦਿੱਤਾ ਹੈ, ਪਰ ਇਸ ਲਈ ਕਿਉਂਕਿ ਇਹ ਤੁਹਾਡੀ ਲੰਮੇ ਸਾਲਾਂ ਦੀ ਸੇਵਕਾਈ ਉੱਤੇ ਪੂਰੀ ਤਰ੍ਹਾਂ ਢੁਕਦਾ ਹੈ।” ਗੁਆਤੇਮਾਲਾ ਸ਼ਾਖ਼ਾ ਵਿਚ ਮੇਰੇ ਦਫ਼ਤਰ ਦੀ ਮੇਜ਼ ਉੱਤੇ ਅੱਜ ਤਕ ਇਹ ਤਖ਼ਤੀ ਰੱਖੀ ਹੋਈ ਹੈ।

ਮੈਂ ਆਪਣੀ ਜਵਾਨੀ ਤੋਂ ਹੀ ਯਹੋਵਾਹ ਦੀ ਸੇਵਾ ਕੀਤੀ ਹੈ ਅਤੇ ਹੁਣ ਬੁਢਾਪੇ ਵਿਚ ਵੀ ਮੈਂ ਆਪਣੀ ਚੰਗੀ ਸਿਹਤ ਲਈ ਅਤੇ ਆਪਣੀਆਂ ਕਾਰਜ-ਨਿਯੁਕਤੀਆਂ ਨੂੰ ਨਿਭਾਉਣ ਲਈ ਯਹੋਵਾਹ ਵੱਲੋਂ ਦਿੱਤੀ ਤਾਕਤ ਲਈ ਉਸ ਦਾ ਧੰਨਵਾਦ ਕਰਦਾ ਹਾਂ। ਜਦੋਂ ਮੈਂ ਬਾਈਬਲ ਪੜ੍ਹਦਾ ਹਾਂ, ਤਾਂ ਮੈਂ ਅਕਸਰ ਕਈ ਸ਼ਾਸਤਰਵਚਨਾਂ ਨੂੰ ਪੜ੍ਹ ਕੇ ਸੋਚਦਾ ਹਾਂ ਕਿ ਜੇਕਰ ਮੇਰੀ ਹੈਲਨ ਜੀਉਂਦੀ ਹੁੰਦੀ ਤਾਂ ਉਹ ਜ਼ਰੂਰ ਇਨ੍ਹਾਂ ਆਇਤਾਂ ਹੇਠਾਂ ਲਕੀਰਾਂ ਲਾਉਂਦੀ। ਇਨ੍ਹਾਂ ਵਿੱਚੋਂ ਇਕ ਸ਼ਾਸਤਰਵਚਨ ਜ਼ਬੂਰਾਂ ਦੀ ਪੋਥੀ 48:14 ਹੈ ਜੋ ਇੰਜ ਕਹਿੰਦਾ ਹੈ: “ਪਰਮੇਸ਼ੁਰ ਤਾਂ ਜੁੱਗੋ ਜੁੱਗ ਸਾਡਾ ਪਰਮੇਸ਼ੁਰ ਹੈ, ਮੌਤ ਤੀਕ ਵੀ ਉਹੋ ਸਾਡਾ ਆਗੂ ਰਹੇਗਾ!”

ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਮੈਂ ਲੋਕਾਂ ਨੂੰ ਪੁਨਰ-ਉਥਾਨ ਦੇ ਉਸ ਦਿਨ ਬਾਰੇ ਦੱਸਦਾ ਹਾਂ ਜਦੋਂ ਸਾਰੇ ਲੋਕ ਨਵੇਂ ਸੰਸਾਰ ਵਿਚ ਆਪਣੇ-ਆਪਣੇ ਮਰ ਚੁੱਕੇ ਪਿਆਰਿਆਂ ਦਾ ਖ਼ੁਸ਼ੀ ਨਾਲ ਸੁਆਗਤ ਕਰਨਗੇ। ਕਿੰਨੀ ਸ਼ਾਨਦਾਰ ਉਮੀਦ! ਉਦੋਂ ਲੋਕ ਖ਼ੁਸ਼ੀ ਦੇ ਹੰਝੂ ਵਹਾਉਣਗੇ ਜਦੋਂ ਉਹ ਇਸ ਗੱਲ ਦੀ ਹਕੀਕਤ ਆਪਣੀ ਅੱਖੀਂ ਵੇਖਣਗੇ ਕਿ ਯਹੋਵਾਹ ਪਰਮੇਸ਼ੁਰ ਸੱਚ-ਮੁੱਚ “ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ!”—2 ਕੁਰਿੰਥੀਆਂ 7:6.

[ਸਫ਼ੇ 25 ਉੱਤੇ ਤਸਵੀਰ]

ਉੱਪਰੋਂ ਖੱਬਿਓਂ ਸੱਜੇ: ਸੰਨ 1910 ਵਿਚ ਮੰਮੀ, ਡੈਡੀ, ਆਂਟੀ ਈਵਾ ਅਤੇ ਭਰਾ ਕਾਰਲ ਅਤੇ ਕਲੈਰੰਸ

[ਸਫ਼ੇ 26 ਉੱਤੇ ਤਸਵੀਰਾਂ]

1947 ਵਿਚ ਅਤੇ 1992 ਵਿਚ ਮੈਂ ਅਤੇ ਹੈਲਨ