Skip to content

Skip to table of contents

ਨਿਹਚਾ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ

ਨਿਹਚਾ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ

ਨਿਹਚਾ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ

“ਪਰਮੇਸ਼ੁਰ ਤੋਂ ਬਿਨਾਂ ਵੀ ਆਪਣੇ ਵਿਚ ਚੰਗੇ ਗੁਣ ਪੈਦਾ ਕੀਤੇ ਜਾ ਸਕਦੇ ਹਨ।” ਇਕ ਸੰਦੇਹਵਾਦੀ ਤੀਵੀਂ ਨੇ ਇਹ ਦਾਅਵਾ ਕੀਤਾ। ਉਸ ਤੀਵੀਂ ਨੇ ਕਿਹਾ ਕਿ ਉਸ ਨੇ ਆਪਣੇ ਬੱਚਿਆਂ ਵਿਚ ਚੰਗੇ ਨੈਤਿਕ ਗੁਣ ਪੈਦਾ ਕੀਤੇ ਅਤੇ ਅੱਗੋਂ ਉਨ੍ਹਾਂ ਨੇ ਵੀ ਆਪਣੇ ਬੱਚਿਆਂ ਵਿਚ ਇਹੀ ਚੰਗੇ ਗੁਣ ਪੈਦਾ ਕੀਤੇ। ਇਹ ਉਨ੍ਹਾਂ ਨੇ ਪਰਮੇਸ਼ੁਰ ਵਿਚ ਨਿਹਚਾ ਕੀਤੇ ਬਿਨਾਂ ਹੀ ਕੀਤਾ।

ਕੀ ਇਸ ਦਾ ਮਤਲਬ ਇਹ ਹੈ ਕਿ ਪਰਮੇਸ਼ੁਰ ਵਿਚ ਨਿਹਚਾ ਕਰਨ ਦੀ ਕੋਈ ਲੋੜ ਨਹੀਂ ਹੈ? ਇਸ ਤੀਵੀਂ ਨੇ ਤਾਂ ਇਹੀ ਸੋਚਿਆ। ਅਤੇ ਇਹ ਸੱਚ ਹੈ ਕਿ ਪਰਮੇਸ਼ੁਰ ਵਿਚ ਨਿਹਚਾ ਨਾ ਕਰਨ ਵਾਲਾ ਹਰ ਇਨਸਾਨ ਬੁਰਾ ਨਹੀਂ ਹੁੰਦਾ। ਪੌਲੁਸ ਰਸੂਲ ਨੇ “ਪਰਾਈਆਂ ਕੌਮਾਂ” ਦੇ ਬਾਰੇ ਗੱਲ ਕੀਤੀ ਜਿਹੜੀਆਂ ਪਰਮੇਸ਼ੁਰ ਨੂੰ ਨਹੀਂ ਜਾਣਦੀਆਂ ਪਰ “ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ।” (ਰੋਮੀਆਂ 2:14) ਸਾਰੇ ਲੋਕਾਂ ਦਾ, ਇੱਥੋਂ ਤਕ ਕਿ ਸੰਦੇਹਵਾਦੀਆਂ ਦਾ ਵੀ ਅੰਤਹਕਰਣ ਹੁੰਦਾ ਹੈ। ਬਹੁਤ ਸਾਰੇ ਲੋਕ ਆਪਣੇ ਅੰਤਹਕਰਣ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਨ, ਉਦੋਂ ਵੀ ਜਦੋਂ ਉਹ ਉਸ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ ਹਨ ਜਿਸ ਨੇ ਉਨ੍ਹਾਂ ਨੂੰ ਸਹੀ-ਗ਼ਲਤ ਦੀ ਪਛਾਣ ਕਰਨ ਦੀ ਇਹ ਪੈਦਾਇਸ਼ੀ ਸਮਝ ਦਿੱਤੀ ਹੈ।

ਪਰ, ਇਕੱਲਾ ਅੰਤਹਕਰਣ ਸਾਨੂੰ ਸਹੀ ਕੰਮ ਕਰਨ ਦੀ ਉਹ ਪ੍ਰੇਰਣਾ ਨਹੀਂ ਦੇ ਸਕਦਾ ਜੋ ਪਰਮੇਸ਼ੁਰ ਵਿਚ ਬਾਈਬਲ-ਆਧਾਰਿਤ ਪੱਕੀ ਨਿਹਚਾ ਦੇ ਸਕਦੀ ਹੈ। ਬਾਈਬਲ-ਆਧਾਰਿਤ ਨਿਹਚਾ, ਅੰਤਹਕਰਣ ਦੀ ਅਗਵਾਈ ਕਰਦੀ ਹੈ ਅਤੇ ਉਸ ਨੂੰ ਸਹੀ-ਗ਼ਲਤ ਦੀ ਪਛਾਣ ਕਰਨ ਵਿਚ ਹੋਰ ਤੇਜ਼ ਕਰਦੀ ਹੈ। (ਇਬਰਾਨੀਆਂ 5:14) ਇਸ ਤੋਂ ਇਲਾਵਾ, ਨਿਹਚਾ ਲੋਕਾਂ ਨੂੰ ਮਜ਼ਬੂਤ ਕਰਦੀ ਹੈ ਕਿ ਉਹ ਬਹੁਤ ਜ਼ਿਆਦਾ ਦਬਾਅ ਵਿਚ ਵੀ ਆਪਣੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ। ਉਦਾਹਰਣ ਲਈ, 20ਵੀਂ ਸਦੀ ਦੌਰਾਨ ਬਹੁਤ ਸਾਰੇ ਦੇਸ਼ਾਂ ਵਿਚ ਭ੍ਰਿਸ਼ਟ ਰਾਜਨੀਤਿਕ ਹਕੂਮਤਾਂ ਨੇ ਸਾਊ ਲੋਕਾਂ ਨੂੰ ਵੀ ਅਤਿਆਚਾਰ ਕਰਨ ਲਈ ਮਜਬੂਰ ਕੀਤਾ। ਪਰ ਪਰਮੇਸ਼ੁਰ ਵਿਚ ਸੱਚੀ ਨਿਹਚਾ ਰੱਖਣ ਵਾਲੇ ਲੋਕਾਂ ਨੇ ਆਪਣੇ ਸਿਧਾਂਤਾਂ ਨੂੰ ਤੋੜਨ ਤੋਂ ਇਨਕਾਰ ਕੀਤਾ, ਭਾਵੇਂ ਉਨ੍ਹਾਂ ਵਿੱਚੋਂ ਕਈਆਂ ਨੂੰ ਇਸ ਦੇ ਲਈ ਆਪਣੀ ਜਾਨ ਹੀ ਕਿਉਂ ਨਾ ਦੇਣੀ ਪਈ। ਇਸ ਤੋਂ ਇਲਾਵਾ, ਬਾਈਬਲ-ਆਧਾਰਿਤ ਨਿਹਚਾ ਲੋਕਾਂ ਨੂੰ ਬਦਲ ਸਕਦੀ ਹੈ। ਇਹ ਬਰਬਾਦ ਹੋ ਚੁੱਕੀਆਂ ਜ਼ਿੰਦਗੀਆਂ ਨੂੰ ਬਚਾਅ ਸਕਦੀ ਹੈ ਅਤੇ ਗੰਭੀਰ ਗ਼ਲਤੀਆਂ ਕਰਨ ਤੋਂ ਬਚਣ ਵਿਚ ਮਦਦ ਕਰ ਸਕਦੀ ਹੈ। ਕੁਝ ਉਦਾਹਰਣਾਂ ਉੱਤੇ ਵਿਚਾਰ ਕਰੋ।

ਨਿਹਚਾ ਪਰਿਵਾਰਕ ਜ਼ਿੰਦਗੀ ਨੂੰ ਬਦਲ ਸਕਦੀ ਹੈ

“ਆਪਣੀ ਨਿਹਚਾ ਦੁਆਰਾ ਤੁਸੀਂ ਅਣਹੋਣੀ ਨੂੰ ਹੋਣੀ ਕਰ ਦਿਖਾਇਆ ਹੈ।” ਇਕ ਅੰਗ੍ਰੇਜ਼ ਜੱਜ ਨੇ ਉਦੋਂ ਇਹ ਸ਼ਬਦ ਕਹੇ ਜਦੋਂ ਉਸ ਨੇ ਜੌਨ ਅਤੇ ਤਾਨੀਆ ਦੇ ਬੱਚਿਆਂ ਦੀ ਦੇਖ-ਭਾਲ ਸੰਬੰਧੀ ਆਪਣਾ ਫ਼ੈਸਲਾ ਸੁਣਾਇਆ। ਜਦੋਂ ਜੌਨ ਅਤੇ ਤਾਨੀਆ ਅਧਿਕਾਰੀਆਂ ਦੀ ਨਜ਼ਰ ਵਿਚ ਆਏ ਸਨ, ਉਦੋਂ ਉਹ ਵਿਆਹੇ ਹੋਏ ਨਹੀਂ ਸੀ ਅਤੇ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਵਿਚ ਕੋਈ ਖ਼ੁਸ਼ੀ ਨਹੀਂ ਸੀ। ਜੌਨ ਨੂੰ ਨਸ਼ੀਲੀਆਂ ਦਵਾਈਆਂ ਲੈਣ ਅਤੇ ਜੂਆ ਖੇਡਣ ਦੀ ਲਤ ਸੀ ਅਤੇ ਆਪਣੀ ਇਸ ਲਤ ਨੂੰ ਪੂਰਾ ਕਰਨ ਲਈ ਉਸ ਨੇ ਗ਼ੈਰ-ਕਾਨੂੰਨੀ ਕੰਮ ਕੀਤੇ। ਉਹ ਆਪਣੇ ਬੱਚਿਆਂ ਤੇ ਤਾਨੀਆ ਦਾ ਖ਼ਿਆਲ ਨਹੀਂ ਰੱਖਦਾ ਸੀ। ਤਾਂ ਫਿਰ, ਕਿਹੜਾ “ਚਮਤਕਾਰ” ਹੋ ਗਿਆ?

ਇਕ ਦਿਨ ਜੌਨ ਨੇ ਆਪਣੇ ਭਤੀਜੇ ਨੂੰ ਫਿਰਦੌਸ ਬਾਰੇ ਗੱਲਾਂ ਕਰਦੇ ਹੋਏ ਸੁਣਿਆ। ਦਿਲਚਸਪੀ ਦਿਖਾਉਂਦੇ ਹੋਏ ਉਸ ਨੇ ਆਪਣੇ ਭਰਾ-ਭਾਬੀ ਨੂੰ ਇਸ ਬਾਰੇ ਪੁੱਛਿਆ। ਉਹ ਯਹੋਵਾਹ ਦੇ ਗਵਾਹ ਹਨ ਅਤੇ ਉਨ੍ਹਾਂ ਨੇ ਬਾਈਬਲ ਵਿੱਚੋਂ ਇਸ ਬਾਰੇ ਸਿੱਖਣ ਵਿਚ ਜੌਨ ਦੀ ਮਦਦ ਕੀਤੀ। ਹੌਲੀ-ਹੌਲੀ ਜੌਨ ਅਤੇ ਤਾਨੀਆ ਨੇ ਆਪਣੇ ਵਿਚ ਬਾਈਬਲ-ਆਧਾਰਿਤ ਨਿਹਚਾ ਪੈਦਾ ਕੀਤੀ ਜਿਸ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦਿੱਤਾ। ਉਨ੍ਹਾਂ ਨੇ ਵਿਆਹ ਕਰਾ ਲਿਆ ਅਤੇ ਆਪਣੀਆਂ ਭੈੜੀਆਂ ਆਦਤਾਂ ਛੱਡ ਦਿੱਤੀਆਂ। ਜਿਨ੍ਹਾਂ ਅਧਿਕਾਰੀਆਂ ਨੇ ਉਨ੍ਹਾਂ ਦੇ ਪਰਿਵਾਰ ਦਾ ਮੁਆਇਨਾ ਕੀਤਾ, ਉਨ੍ਹਾਂ ਨੇ ਇਕ ਅਜਿਹੀ ਚੀਜ਼ ਦੇਖੀ ਜੋ ਥੋੜ੍ਹਾ ਸਮਾਂ ਪਹਿਲਾਂ ਨਾਮੁਮਕਿਨ ਲੱਗਦੀ ਸੀ—ਇਕ ਸਾਫ਼-ਸੁਥਰੇ ਘਰ ਵਿਚ ਖ਼ੁਸ਼ ਪਰਿਵਾਰ, ਇਕ ਅਜਿਹਾ ਘਰ ਜਿਸ ਵਿਚ ਬੱਚਿਆਂ ਦੀ ਸਹੀ ਤਰੀਕੇ ਨਾਲ ਪਾਲਣਾ ਕੀਤੀ ਜਾ ਸਕਦੀ ਹੈ। ਇਸ ਲਈ ਜੱਜ ਦਾ ਕਹਿਣਾ ਸਹੀ ਸੀ ਕਿ ਜੌਨ ਅਤੇ ਤਾਨੀਆ ਦੀ ਨਿਹਚਾ ਨਾਲ ਹੀ ਇਹ “ਚਮਤਕਾਰ” ਹੋਇਆ ਹੈ।

ਇੰਗਲੈਂਡ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਇਕ ਪੂਰਬੀ ਦੇਸ਼ ਵਿਚ ਇਕ ਜਵਾਨ ਪਤਨੀ ਇਕ ਬਹੁਤ ਹੀ ਗੰਭੀਰ ਗ਼ਲਤੀ ਕਰਨ ਜਾ ਰਹੀ ਸੀ। ਉਹ ਉਨ੍ਹਾਂ ਲੱਖਾਂ ਲੋਕਾਂ ਦੀ ਭੀੜ ਵਿਚ ਸ਼ਾਮਲ ਹੋਣ ਜਾ ਰਹੀ ਸੀ ਜਿਨ੍ਹਾਂ ਦਾ ਵਿਆਹ ਤਲਾਕ ਨਾਲ ਖ਼ਤਮ ਹੋ ਜਾਂਦਾ ਹੈ। ਉਸ ਦਾ ਇਕ ਬੱਚਾ ਸੀ, ਪਰ ਉਸ ਦਾ ਪਤੀ ਉਸ ਨਾਲੋਂ ਉਮਰ ਵਿਚ ਬਹੁਤ ਵੱਡਾ ਸੀ। ਇਸ ਕਰਕੇ ਉਸ ਦੇ ਰਿਸ਼ਤੇਦਾਰ ਉਸ ਨੂੰ ਤਲਾਕ ਲੈਣ ਲਈ ਕਹਿ ਰਹੇ ਸਨ ਅਤੇ ਉਸ ਨੇ ਵੀ ਤਲਾਕ ਲੈਣ ਲਈ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਉਹ ਯਹੋਵਾਹ ਦੀ ਇਕ ਗਵਾਹ ਨਾਲ ਬਾਈਬਲ ਦਾ ਅਧਿਐਨ ਕਰ ਰਹੀ ਸੀ। ਜਦੋਂ ਉਸ ਗਵਾਹ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਉਸ ਨੂੰ ਸਮਝਾਇਆ ਕਿ ਬਾਈਬਲ ਵਿਆਹ ਬਾਰੇ ਕੀ ਕਹਿੰਦੀ ਹੈ—ਉਦਾਹਰਣ ਲਈ, ਵਿਆਹ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ ਅਤੇ ਇਸ ਰਿਸ਼ਤੇ ਨੂੰ ਐਂਵੇ ਹੀ ਨਹੀਂ ਤੋੜ ਦੇਣਾ ਚਾਹੀਦਾ। (ਮੱਤੀ 19:4-6, 9) ਉਸ ਤੀਵੀਂ ਨੇ ਸੋਚਿਆ, ‘ਇਹ ਕਿੰਨੀ ਅਜੀਬ ਗੱਲ ਹੈ ਕਿ ਇਹ ਤੀਵੀਂ ਪਰਾਈ ਹੋ ਕੇ ਵੀ ਮੇਰੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਮੇਰੇ ਆਪਣੇ ਚਾਹੁੰਦੇ ਹਨ ਕਿ ਮੈਂ ਇਸ ਰਿਸ਼ਤੇ ਨੂੰ ਤੋੜ ਦੇਵਾਂ।’ ਉਸ ਦੀ ਨਵੀਂ ਨਿਹਚਾ ਨੇ ਉਸ ਦੀ ਪਰਿਵਾਰਕ ਜ਼ਿੰਦਗੀ ਨੂੰ ਬਚਾਉਣ ਵਿਚ ਮਦਦ ਕੀਤੀ।

ਅੱਜ ਗਰਭਪਾਤ ਦੀ ਸਮੱਸਿਆ ਵੀ ਪਰਿਵਾਰਕ ਜ਼ਿੰਦਗੀ ਉੱਤੇ ਬੁਰਾ ਅਸਰ ਪਾਉਂਦੀ ਹੈ। ਸੰਯੁਕਤ ਰਾਸ਼ਟਰ-ਸੰਘ ਦੀ ਰਿਪੋਰਟ ਅਨੁਸਾਰ ਹਰ ਸਾਲ ਘੱਟੋ-ਘੱਟ 4 ਕਰੋੜ 50 ਲੱਖ ਅਣਜੰਮੇ ਬੱਚਿਆਂ ਨੂੰ ਜਾਣ-ਬੁੱਝ ਕੇ ਮਾਰ ਦਿੱਤਾ ਜਾਂਦਾ ਹੈ। ਅਜਿਹੀ ਹਰ ਘਟਨਾ ਇਕ ਤ੍ਰਾਸ਼ਦੀ ਹੈ। ਬਾਈਬਲ ਦੇ ਗਿਆਨ ਨੇ ਫ਼ਿਲਪੀਨ ਵਿਚ ਇਕ ਤੀਵੀਂ ਦੀ ਇਹ ਗੰਭੀਰ ਗ਼ਲਤੀ ਨਾ ਕਰਨ ਵਿਚ ਮਦਦ ਕੀਤੀ।

ਇਸ ਤੀਵੀਂ ਨੂੰ ਯਹੋਵਾਹ ਦੇ ਗਵਾਹ ਮਿਲੇ। ਉਸ ਨੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? * ਬਰੋਸ਼ਰ ਲਿਆ ਅਤੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਕਈ ਮਹੀਨਿਆਂ ਬਾਅਦ ਉਸ ਨੇ ਦੱਸਿਆ ਕਿ ਉਸ ਨੇ ਅਧਿਐਨ ਕਰਨਾ ਕਿਉਂ ਸ਼ੁਰੂ ਕੀਤਾ। ਜਦੋਂ ਗਵਾਹ ਉਸ ਨੂੰ ਪਹਿਲੀ ਵਾਰ ਮਿਲੇ ਸਨ, ਤਾਂ ਉਸ ਵੇਲੇ ਉਹ ਗਰਭਵਤੀ ਸੀ, ਪਰ ਉਸ ਨੇ ਆਪਣੇ ਪਤੀ ਦੀ ਸਹਿਮਤੀ ਨਾਲ ਆਪਣਾ ਗਰਭ ਡੇਗਣ ਦਾ ਫ਼ੈਸਲਾ ਕਰ ਲਿਆ ਸੀ। ਪਰ ਉਸ ਬਰੋਸ਼ਰ ਦੇ ਸਫ਼ਾ 24 ਉੱਤੇ ਅਣਜੰਮੇ ਬੱਚੇ ਦੀ ਤਸਵੀਰ ਉਸ ਦੇ ਦਿਲ ਨੂੰ ਛੂਹ ਗਈ। ਅਤੇ ਉਸ ਤਸਵੀਰ ਦੇ ਨਾਲ ਬਾਈਬਲ ਵਿੱਚੋਂ ਦਿੱਤੀ ਗਈ ਜਾਣਕਾਰੀ ਕਿ ਜ਼ਿੰਦਗੀ ਪਵਿੱਤਰ ਹੈ ਕਿਉਂਕਿ ‘ਜੀਉਣ ਦਾ ਚਸ਼ਮਾ ਪਰਮੇਸ਼ੁਰ ਦੇ ਮੁੱਢ ਹੈ,’ ਨੇ ਉਸ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਬੱਚੇ ਨੂੰ ਜ਼ਿੰਦਾ ਰੱਖੇ। (ਜ਼ਬੂਰ 36:9) ਹੁਣ ਉਹ ਇਕ ਸੁੰਦਰ ਅਤੇ ਸਿਹਤਮੰਦ ਬੱਚੇ ਦੀ ਮਾਂ ਹੈ।

ਨਿਹਚਾ ਉਨ੍ਹਾਂ ਲੋਕਾਂ ਦੀ ਮਦਦ ਕਰਦੀ ਹੈ ਜਿਨ੍ਹਾਂ ਨੂੰ ਘਟੀਆ ਸਮਝਿਆ ਜਾਂਦਾ ਹੈ

ਇਥੋਪੀਆ ਵਿਚ ਫਟੇ-ਪੁਰਾਣੇ ਕੱਪੜੇ ਪਾਏ ਦੋ ਆਦਮੀ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਸਭਾ ਵਿਚ ਆਏ। ਸਭਾ ਖ਼ਤਮ ਹੋਣ ਤੋਂ ਬਾਅਦ ਇਕ ਗਵਾਹ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨਾਲ ਆਪਣੀ ਜਾਣ-ਪਛਾਣ ਕਰਾਈ। ਉਨ੍ਹਾਂ ਆਦਮੀਆਂ ਨੇ ਉਸ ਗਵਾਹ ਤੋਂ ਭੀਖ ਮੰਗੀ। ਗਵਾਹ ਨੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ, ਪਰ ਉਸ ਨੇ ਉਨ੍ਹਾਂ ਨੂੰ ਪੈਸਿਆਂ ਤੋਂ ਵੀ ਕੀਮਤੀ ਇਕ ਚੀਜ਼ ਦਿੱਤੀ। ਉਸ ਨੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਪਰਮੇਸ਼ੁਰ ਵਿਚ ਨਿਹਚਾ ਕਰਨ ਜੋ ਕਿ “ਸੋਨੇ ਨਾਲੋਂ . . . ਅੱਤ ਭਾਰੇ ਮੁੱਲ ਦੀ ਹੈ।” (1 ਪਤਰਸ 1:7) ਉਨ੍ਹਾਂ ਵਿੱਚੋਂ ਇਕ ਨੇ ਉਸ ਗਵਾਹ ਦੀ ਗੱਲ ਮੰਨੀ ਅਤੇ ਅਧਿਐਨ ਕਰਨ ਲੱਗ ਪਿਆ। ਇਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਜਿੱਦਾਂ-ਜਿੱਦਾਂ ਉਸ ਦੀ ਨਿਹਚਾ ਵਧਦੀ ਗਈ, ਉਸ ਨੇ ਸਿਗਰਟ ਪੀਣੀ, ਬਹੁਤ ਸ਼ਰਾਬ ਪੀਣੀ, ਅਨੈਤਿਕਤਾ ਅਤੇ ਕਾਟ (ਇਕ ਨਸ਼ੀਲੀ ਚੀਜ਼) ਦੀ ਵਰਤੋਂ ਛੱਡ ਦਿੱਤੀ। ਉਸ ਨੇ ਭੀਖ ਮੰਗਣ ਦੀ ਬਜਾਇ ਹੱਥੀਂ ਕੰਮ ਕਰ ਕੇ ਆਪਣਾ ਗੁਜ਼ਾਰਾ ਕਰਨਾ ਸਿੱਖਿਆ ਅਤੇ ਹੁਣ ਉਹ ਇਕ ਸਾਫ਼-ਸੁਥਰੀ ਅਤੇ ਇਕ ਮਕਸਦ ਭਰੀ ਜ਼ਿੰਦਗੀ ਜੀਉਂਦਾ ਹੈ।

ਇਟਲੀ ਵਿਚ ਇਕ 47 ਸਾਲ ਦੇ ਆਦਮੀ ਨੂੰ ਦਸ ਸਾਲ ਦੀ ਸਜ਼ਾ ਹੋਈ ਅਤੇ ਉਸ ਨੂੰ ਕੈਦੀਆਂ ਦੇ ਮਨੋ-ਚਿਕਿਤਸਾ ਹਸਪਤਾਲ ਵਿਚ ਨਜ਼ਰਬੰਦ ਕੀਤਾ ਗਿਆ ਸੀ। ਇਕ ਯਹੋਵਾਹ ਦੇ ਗਵਾਹ ਨੂੰ ਕੈਦੀਆਂ ਦੀ ਅਧਿਆਤਮਿਕ ਤੌਰ ਤੇ ਮਦਦ ਕਰਨ ਲਈ ਜੇਲ੍ਹ ਵਿਚ ਜਾਣ ਦੀ ਇਜਾਜ਼ਤ ਸੀ। ਉਸ ਨੇ ਇਸ ਆਦਮੀ ਨਾਲ ਬਾਈਬਲ ਦਾ ਅਧਿਐਨ ਕੀਤਾ। ਇਸ ਆਦਮੀ ਨੇ ਤੇਜ਼ੀ ਨਾਲ ਤਰੱਕੀ ਕੀਤੀ। ਨਿਹਚਾ ਨੇ ਉਸ ਦੀ ਜ਼ਿੰਦਗੀ ਨੂੰ ਇਸ ਹੱਦ ਤਕ ਬਦਲ ਦਿੱਤਾ ਕਿ ਦੂਸਰੇ ਕੈਦੀ ਹੁਣ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਉਸ ਕੋਲੋਂ ਸਲਾਹ ਲੈਣ ਵਾਸਤੇ ਆਉਂਦੇ ਹਨ। ਉਸ ਦੀ ਬਾਈਬਲ-ਆਧਾਰਿਤ ਨਿਹਚਾ ਕਰਕੇ ਜੇਲ੍ਹ ਦੇ ਅਧਿਕਾਰੀ ਉਸ ਦਾ ਮਾਣ-ਸਤਿਕਾਰ ਕਰਦੇ ਹਨ ਅਤੇ ਉਸ ਉੱਤੇ ਭਰੋਸਾ ਕਰਦੇ ਹਨ।

ਹਾਲ ਹੀ ਦੇ ਸਾਲਾਂ ਵਿਚ ਅਖ਼ਬਾਰਾਂ ਨੇ ਅਫ਼ਰੀਕਾ ਵਿਚ ਚੱਲ ਰਹੇ ਘਰੇਲੂ ਯੁੱਧਾਂ ਦੀਆਂ ਰਿਪੋਰਟਾਂ ਦਿੱਤੀਆਂ ਹਨ। ਕੱਚੀ ਉਮਰ ਦੇ ਮੁੰਡਿਆਂ ਦੀਆਂ ਕਹਾਣੀਆਂ ਦਿਲ ਨੂੰ ਦਹਿਲਾ ਦਿੰਦੀਆਂ ਹਨ ਜਿਨ੍ਹਾਂ ਨੂੰ ਫ਼ੌਜੀਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਨ੍ਹਾਂ ਬੱਚਿਆਂ ਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਨਿਰਦਈ ਬਣਾਇਆ ਜਾਂਦਾ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਉੱਤੇ ਤਰਸ ਨਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂਕਿ ਉਹ ਸਿਰਫ਼ ਆਪਣੇ ਧੜੇ ਪ੍ਰਤੀ ਹੀ ਵਫ਼ਾਦਾਰ ਰਹਿਣ ਜਿਸ ਲਈ ਉਹ ਲੜ ਰਹੇ ਹਨ। ਕੀ ਬਾਈਬਲ-ਆਧਾਰਿਤ ਨਿਹਚਾ ਵਿਚ ਇੰਨੀ ਤਾਕਤ ਹੈ ਕਿ ਉਹ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਨੂੰ ਬਦਲ ਦੇਵੇ? ਘੱਟੋ-ਘੱਟ ਦੋ ਬੱਚਿਆਂ ਦੀ ਜ਼ਿੰਦਗੀ ਤਾਂ ਇਸ ਨੇ ਬਦਲ ਦਿੱਤੀ।

ਲਾਈਬੇਰੀਆ ਵਿਚ ਐਲਿਕਸ ਕੈਥੋਲਿਕ ਗਿਰਜੇ ਵਿਚ ਉਪਾਸਨਾ ਦੌਰਾਨ ਪਾਦਰੀ ਦੀ ਸਹਾਇਤਾ ਕਰਦਾ ਸੀ। ਪਰ 13 ਸਾਲ ਦੀ ਉਮਰ ਵਿਚ ਉਹ ਇਕ ਜੰਗੀ ਧੜੇ ਵਿਚ ਸ਼ਾਮਲ ਹੋ ਗਿਆ ਅਤੇ ਇਕ ਬਦਨਾਮ ਬਾਲ ਫ਼ੌਜੀ ਬਣ ਗਿਆ। ਲੜਾਈ ਵਿਚ ਆਪਣੇ ਆਪ ਨੂੰ ਨਿਡਰ ਬਣਾਉਣ ਲਈ ਉਸ ਨੇ ਜਾਦੂਗਰੀ ਦਾ ਸਹਾਰਾ ਲਿਆ। ਐਲਿਕਸ ਦੇ ਬਹੁਤ ਸਾਰੇ ਸਾਥੀ ਲੜਾਈ ਵਿਚ ਮਾਰੇ ਗਏ, ਪਰ ਉਹ ਬਚ ਗਿਆ। ਸਾਲ 1997 ਵਿਚ ਉਹ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ ਅਤੇ ਉਸ ਨੇ ਦੇਖਿਆ ਕਿ ਉਹ ਉਸ ਨੂੰ ਘਟੀਆ ਨਹੀਂ ਸਮਝਦੇ ਸਨ। ਇਸ ਦੀ ਬਜਾਇ, ਉਨ੍ਹਾਂ ਨੇ ਉਸ ਦੀ ਇਹ ਸਿੱਖਣ ਵਿਚ ਮਦਦ ਕੀਤੀ ਕਿ ਬਾਈਬਲ ਹਿੰਸਾ ਬਾਰੇ ਕੀ ਕਹਿੰਦੀ ਹੈ। ਐਲਿਕਸ ਨੇ ਫ਼ੌਜ ਵਿਚ ਕੰਮ ਕਰਨਾ ਛੱਡ ਦਿੱਤਾ। ਜਿੱਦਾਂ-ਜਿੱਦਾਂ ਉਸ ਦੀ ਨਿਹਚਾ ਵਧੀ, ਉਸ ਨੇ ਬਾਈਬਲ ਦੇ ਇਸ ਹੁਕਮ ਨੂੰ ਮੰਨਿਆ: “ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਮਿਲਾਪ ਨੂੰ ਲੱਭੇ ਅਤੇ ਉਹ ਦਾ ਪਿੱਛਾ ਕਰੇ।”—1 ਪਤਰਸ 3:11.

ਇਸ ਸਮੇਂ ਦੌਰਾਨ ਸੈਮਸਨ ਨਾਂ ਦਾ ਇਕ ਸਾਬਕਾ ਬਾਲ ਫ਼ੌਜੀ ਉਸ ਸ਼ਹਿਰ ਵਿਚ ਆਇਆ ਜਿੱਥੇ ਹੁਣ ਐਲਿਕਸ ਰਹਿੰਦਾ ਸੀ। ਪਹਿਲਾਂ ਉਹ ਗਿਰਜੇ ਦੀ ਭਜਨ-ਮੰਡਲੀ ਵਿਚ ਹੁੰਦਾ ਸੀ, ਪਰ 1993 ਵਿਚ ਉਹ ਇਕ ਫ਼ੌਜੀ ਬਣ ਗਿਆ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਕਰਨ ਲੱਗ ਪਿਆ ਅਤੇ ਜਾਦੂ-ਟੂਣੇ ਤੇ ਅਨੈਤਿਕਤਾ ਵਿਚ ਪੈ ਗਿਆ। ਸਾਲ 1997 ਵਿਚ ਉਸ ਨੂੰ ਫ਼ੌਜ ਵਿੱਚੋਂ ਬਰਖ਼ਾਸਤ ਕਰ ਦਿੱਤਾ ਗਿਆ। ਸੈਮਸਨ ਖ਼ਾਸ ਸੁਰੱਖਿਆ ਦਸਤੇ ਵਿਚ ਭਰਤੀ ਹੋਣ ਲਈ ਮਨਰੋਵੀਆ ਜਾ ਰਿਹਾ ਸੀ। ਉਸ ਦੇ ਇਕ ਦੋਸਤ ਨੇ ਉਸ ਨੂੰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਲਈ ਪ੍ਰੇਰਿਆ ਅਤੇ ਅਧਿਐਨ ਕਰਨ ਨਾਲ ਉਸ ਵਿਚ ਬਾਈਬਲ-ਆਧਾਰਿਤ ਨਿਹਚਾ ਪੈਦਾ ਹੋਈ। ਉਸ ਦੀ ਨਿਹਚਾ ਨੇ ਉਸ ਨੂੰ ਆਪਣੇ ਲੜਾਕੂ ਸੁਭਾਅ ਨੂੰ ਛੱਡਣ ਲਈ ਹੌਸਲਾ ਦਿੱਤਾ। ਦੋਵੇਂ ਐਲਿਕਸ ਅਤੇ ਸੈਮਸਨ ਹੁਣ ਸ਼ਾਂਤੀ ਨਾਲ ਇਕ ਸਾਫ਼-ਸੁਥਰੀ ਜ਼ਿੰਦਗੀ ਜੀ ਰਹੇ ਹਨ। ਸਿਰਫ਼ ਬਾਈਬਲ-ਆਧਾਰਿਤ ਨਿਹਚਾ ਹੀ ਨਿਰਦਈ ਜ਼ਿੰਦਗੀਆਂ ਨੂੰ ਬਦਲ ਸਕਦੀ ਹੈ।

ਸਹੀ ਪ੍ਰਕਾਰ ਦੀ ਨਿਹਚਾ

ਇਹ ਉਨ੍ਹਾਂ ਬੇਸ਼ੁਮਾਰ ਉਦਾਹਰਣਾਂ ਵਿੱਚੋਂ ਕੁਝ-ਕੁ ਹਨ ਜੋ ਬਾਈਬਲ ਤੇ ਆਧਾਰਿਤ ਸੱਚੀ ਨਿਹਚਾ ਦੀ ਸ਼ਕਤੀ ਨੂੰ ਦਿਖਾਉਂਦੀਆਂ ਹਨ। ਨਿਰਸੰਦੇਹ ਹਰ ਕੋਈ ਜਿਹੜਾ ਪਰਮੇਸ਼ੁਰ ਵਿਚ ਨਿਹਚਾ ਕਰਨ ਦਾ ਦਾਅਵਾ ਕਰਦਾ ਹੈ, ਉਹ ਬਾਈਬਲ ਦੇ ਉੱਚੇ ਮਿਆਰਾਂ ਅਨੁਸਾਰ ਨਹੀਂ ਜੀਉਂਦਾ ਹੈ। ਅਸਲ ਵਿਚ ਕੁਝ ਨਾਸਤਿਕਾਂ ਵਿਚ ਅਖਾਉਤੀ ਮਸੀਹੀਆਂ ਨਾਲੋਂ ਜ਼ਿਆਦਾ ਚੰਗੇ ਗੁਣ ਹੁੰਦੇ ਹਨ। ਇਹ ਇਸ ਕਰਕੇ ਹੈ ਕਿਉਂਕਿ ਬਾਈਬਲ-ਆਧਾਰਿਤ ਨਿਹਚਾ ਵਿਚ ਸਿਰਫ਼ ਪਰਮੇਸ਼ੁਰ ਨੂੰ ਮੰਨਣ ਦਾ ਦਾਅਵਾ ਕਰਨਾ ਹੀ ਸ਼ਾਮਲ ਨਹੀਂ ਹੈ।

ਪੌਲੁਸ ਰਸੂਲ ਨੇ ਨਿਹਚਾ ਨੂੰ ‘ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਅਣਡਿੱਠ ਵਸਤਾਂ ਦੀ ਸਬੂਤੀ’ ਕਿਹਾ। (ਇਬਰਾਨੀਆਂ 11:1) ਇਸ ਲਈ ਨਿਹਚਾ ਕਰਨ ਦਾ ਮਤਲਬ ਹੈ ਠੋਸ ਸਬੂਤਾਂ ਦੇ ਆਧਾਰ ਤੇ ਅਣਡਿੱਠ ਵਸਤੂਆਂ ਵਿਚ ਪੱਕਾ ਵਿਸ਼ਵਾਸ ਕਰਨਾ। ਸਾਨੂੰ ਖ਼ਾਸ ਕਰਕੇ ਇਸ ਬਾਰੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਹੈ ਤੇ ਉਹ ਸਾਡੇ ਵਿਚ ਦਿਲਚਸਪੀ ਲੈਂਦਾ ਹੈ ਅਤੇ ਉਹ ਉਸ ਦੀ ਇੱਛਾ ਪੂਰੀ ਕਰਨ ਵਾਲੇ ਲੋਕਾਂ ਨੂੰ ਬਰਕਤ ਦੇਵੇਗਾ। ਇਸ ਰਸੂਲ ਨੇ ਇਹ ਵੀ ਕਿਹਾ: “ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:6.

ਇਸੇ ਤਰ੍ਹਾਂ ਦੀ ਨਿਹਚਾ ਨੇ ਹੀ ਜੌਨ, ਤਾਨੀਆ ਅਤੇ ਇਸ ਲੇਖ ਵਿਚ ਜ਼ਿਕਰ ਕੀਤੇ ਗਏ ਦੂਸਰੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਿਆ। ਇਸੇ ਨਿਹਚਾ ਕਰਕੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਦਾ ਬਚਨ ਬਾਈਬਲ ਉਨ੍ਹਾਂ ਨੂੰ ਸਹੀ ਫ਼ੈਸਲੇ ਕਰਨ ਵਿਚ ਜ਼ਰੂਰ ਅਗਵਾਈ ਦੇਵੇਗੀ। ਨਿਹਚਾ ਹੋਣ ਕਰਕੇ ਹੀ ਉਹ ਆਸਾਨ ਪਰ ਗ਼ਲਤ ਰਾਹ ਉੱਤੇ ਚੱਲਣ ਦੀ ਬਜਾਇ, ਕੁਰਬਾਨੀਆਂ ਕਰਨ ਲਈ ਤਿਆਰ ਹੋਏ ਹਨ। ਚਾਹੇ ਹਰ ਅਨੁਭਵ ਵੱਖਰਾ ਸੀ, ਪਰ ਇਹ ਸਾਰੇ ਅਨੁਭਵ ਇੱਕੋ ਜਿਹੇ ਤਰੀਕੇ ਨਾਲ ਸ਼ੁਰੂ ਹੋਏ। ਯਹੋਵਾਹ ਦੇ ਗਵਾਹਾਂ ਨੇ ਇਨ੍ਹਾਂ ਵਿਅਕਤੀਆਂ ਨਾਲ ਬਾਈਬਲ ਦਾ ਅਧਿਐਨ ਕੀਤਾ ਅਤੇ ਇਨ੍ਹਾਂ ਵਿਅਕਤੀਆਂ ਨੇ ਬਾਈਬਲ ਦੇ ਸ਼ਬਦਾਂ ਦੀ ਇਸ ਸੱਚਾਈ ਨੂੰ ਦੇਖਿਆ: ‘ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ।’ (ਇਬਰਾਨੀਆਂ 4:12) ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਨੇ ਮਜ਼ਬੂਤ ਨਿਹਚਾ ਪੈਦਾ ਕਰਨ ਵਿਚ ਹਰ ਵਿਅਕਤੀ ਦੀ ਮਦਦ ਕੀਤੀ ਅਤੇ ਇਸ ਨਿਹਚਾ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।

ਯਹੋਵਾਹ ਦੇ ਗਵਾਹ 230 ਤੋਂ ਜ਼ਿਆਦਾ ਦੇਸ਼ਾਂ ਅਤੇ ਟਾਪੂਆਂ ਵਿਚ ਕੰਮ ਕਰ ਰਹੇ ਹਨ। ਉਹ ਤੁਹਾਨੂੰ ਬਾਈਬਲ ਦਾ ਅਧਿਐਨ ਕਰਨ ਦਾ ਸੱਦਾ ਦਿੰਦੇ ਹਨ। ਕਿਉਂ? ਕਿਉਂਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਬਾਈਬਲ-ਆਧਾਰਿਤ ਨਿਹਚਾ ਤੁਹਾਡੀ ਜ਼ਿੰਦਗੀ ਵੀ ਸੁਧਾਰ ਸਕਦੀ ਹੈ।

[ਫੁਟਨੋਟ]

^ ਪੈਰਾ 10 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।

[ਸਫ਼ੇ 3 ਉੱਤੇ ਤਸਵੀਰਾਂ]

ਬਾਈਬਲ-ਆਧਾਰਿਤ ਨਿਹਚਾ ਜ਼ਿੰਦਗੀਆਂ ਸੁਧਾਰਦੀ ਹੈ

[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Title card of Biblia nieświeska by Szymon Budny, 1572