ਨਿਰਮੋਹੀ ਦੁਨੀਆਂ ਵਿਚ ਦੋਸਤੀ ਬਰਕਰਾਰ ਰੱਖੋ
ਨਿਰਮੋਹੀ ਦੁਨੀਆਂ ਵਿਚ ਦੋਸਤੀ ਬਰਕਰਾਰ ਰੱਖੋ
“ਮੈਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਇਸ ਲਈ ਹੁਕਮ ਕਰਦਾ ਹਾਂ ਜੋ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ।”—ਯੂਹੰ. 15:17.
1. ਪਹਿਲੀ ਸਦੀ ਦੇ ਮਸੀਹੀਆਂ ਲਈ ਇਕ-ਦੂਜੇ ਦੇ ਪੱਕੇ ਦੋਸਤ ਬਣੇ ਰਹਿਣਾ ਕਿਉਂ ਜ਼ਰੂਰੀ ਸੀ?
ਧਰਤੀ ’ਤੇ ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਉਤਸ਼ਾਹ ਦਿੱਤਾ ਕਿ ਉਹ ਇਕ-ਦੂਸਰੇ ਦੇ ਦੋਸਤ ਬਣੇ ਰਹਿਣ। ਉਸੇ ਸ਼ਾਮ ਨੂੰ ਉਸ ਨੇ ਕਿਹਾ ਕਿ ਜੇ ਉਹ ਇਕ-ਦੂਜੇ ਨਾਲ ਪਿਆਰ ਕਰਨਗੇ, ਤਾਂ ਇਸ ਤੋਂ ਲੋਕ ਜਾਣਨਗੇ ਕਿ ਉਹ ਉਸ ਦੇ ਚੇਲੇ ਸਨ। (ਯੂਹੰ. 13:35) ਜੇ ਉਨ੍ਹਾਂ ਨੇ ਆਉਣ ਵਾਲੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਸੀ ਅਤੇ ਯਿਸੂ ਵੱਲੋਂ ਦਿੱਤਾ ਜਾਣ ਵਾਲਾ ਕੰਮ ਪੂਰਾ ਕਰਨਾ ਸੀ, ਤਾਂ ਉਨ੍ਹਾਂ ਲਈ ਇਕ-ਦੂਜੇ ਦੇ ਪੱਕੇ ਦੋਸਤ ਬਣੇ ਰਹਿਣਾ ਜ਼ਰੂਰੀ ਸੀ। ਵਾਕਈ, ਪਹਿਲੀ ਸਦੀ ਦੇ ਮਸੀਹੀ ਪਰਮੇਸ਼ੁਰ ਅਤੇ ਇਕ-ਦੂਜੇ ਨਾਲ ਅਟੁੱਟ ਪਿਆਰ ਕਰਨ ਲਈ ਜਾਣੇ ਜਾਂਦੇ ਸੀ।
2. (ੳ) ਅਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ ਅਤੇ ਕਿਉਂ? (ਅ) ਅਸੀਂ ਕਿਹੜੇ ਸਵਾਲਾਂ ਉੱਤੇ ਗੌਰ ਕਰਾਂਗੇ?
2 ਅੱਜ ਅਸੀਂ ਪਰਮੇਸ਼ੁਰ ਦੇ ਵਿਸ਼ਵ-ਵਿਆਪੀ ਸੰਗਠਨ ਦਾ ਹਿੱਸਾ ਬਣ ਕੇ ਕਿੰਨੇ ਖ਼ੁਸ਼ ਹਾਂ ਜਿਸ ਦੇ ਮੈਂਬਰ ਪਹਿਲੀ ਸਦੀ ਦੇ ਮਸੀਹੀਆਂ ਦੀ ਪੈੜ ਉੱਤੇ ਚੱਲਦੇ ਹਨ! ਅਸੀਂ ਵੀ ਯਿਸੂ ਦੇ ਹੁਕਮ ਅਨੁਸਾਰ ਇਕ-ਦੂਜੇ ਨਾਲ ਸੱਚਾ ਪਿਆਰ ਕਰਨ ਦਾ ਇਰਾਦਾ ਕੀਤਾ ਹੈ। ਪਰ ਇਨ੍ਹਾਂ ਅੰਤ ਦੇ ਦਿਨਾਂ ਦੌਰਾਨ ਜ਼ਿਆਦਾਤਰ ਲੋਕ ਬੇਵਫ਼ਾ ਹਨ ਅਤੇ ਸੱਚਾ ਪਿਆਰ ਨਹੀਂ ਕਰਦੇ। (2 ਤਿਮੋ. 3:1-3) ਉਹ ਅਕਸਰ ਦਿਖਾਵੇ ਲਈ ਜਾਂ ਆਪਣੇ ਮਤਲਬ ਲਈ ਦੋਸਤੀ ਕਰਦੇ ਹਨ। ਸੱਚੇ ਮਸੀਹੀਆਂ ਵਜੋਂ ਆਪਣੀ ਪਛਾਣ ਬਣਾਈ ਰੱਖਣ ਲਈ ਸਾਨੂੰ ਇੱਦਾਂ ਦੇ ਰਵੱਈਏ ਤੋਂ ਦੂਰ ਰਹਿਣਾ ਚਾਹੀਦਾ ਹੈ। ਆਓ ਆਪਾਂ ਇਨ੍ਹਾਂ ਸਵਾਲਾਂ ’ਤੇ ਗੌਰ ਕਰੀਏ: ਪੱਕੀ ਦੋਸਤੀ ਦਾ ਆਧਾਰ ਕੀ ਹੈ? ਅਸੀਂ ਚੰਗੇ ਦੋਸਤ ਕਿਵੇਂ ਬਣਾ ਸਕਦੇ ਹਾਂ? ਸਾਨੂੰ ਆਪਣੀ ਦੋਸਤੀ ਸ਼ਾਇਦ ਕਦੋਂ ਤੋੜਨੀ ਪੈ ਸਕਦੀ ਹੈ? ਅਤੇ ਅਸੀਂ ਆਪਣੀ ਦੋਸਤੀ ਨੂੰ ਕਿਵੇਂ ਬਣਾਈ ਰੱਖ ਸਕਦੇ ਹਾਂ?
ਪੱਕੀ ਦੋਸਤੀ ਦਾ ਆਧਾਰ ਕੀ ਹੈ?
3, 4. ਪੱਕੀ ਦੋਸਤੀ ਦਾ ਆਧਾਰ ਕੀ ਹੈ ਅਤੇ ਕਿਉਂ?
3 ਸਭ ਤੋਂ ਪੱਕੀ ਦੋਸਤੀ ਉਹ ਹੁੰਦੀ ਹੈ ਜੋ ਯਹੋਵਾਹ ਨਾਲ ਪਿਆਰ ’ਤੇ ਆਧਾਰਿਤ ਹੁੰਦੀ ਹੈ। ਰਾਜਾ ਸੁਲੇਮਾਨ ਨੇ ਲਿਖਿਆ: “ਜੇ ਕੋਈ ਇੱਕ ਉੱਤੇ ਪਰਬਲ ਪੈ ਜਾਵੇ ਤਾਂ ਓਹ ਦੋਵੇਂ ਉਹ ਦੇ ਨਾਲ ਮੱਥਾ ਲਾ ਸੱਕਦੇ ਹਨ ਅਤੇ ਤੇਹਰੀ ਰੱਸੀ ਝੱਬਦੇ ਨਹੀਂ ਟੁੱਟਦੀ।” (ਉਪ. 4:12) ਜਿਸ ਦੋਸਤੀ ਵਿਚ ਤੀਜੀ ਰੱਸੀ ਯਹੋਵਾਹ ਹੋਵੇ, ਉਹ ਦੋਸਤੀ ਹਮੇਸ਼ਾ ਲਈ ਰਹਿੰਦੀ ਹੈ।
4 ਇਹ ਸੱਚ ਹੈ ਕਿ ਜਿਹੜੇ ਲੋਕ ਯਹੋਵਾਹ ਨਾਲ ਪਿਆਰ ਨਹੀਂ ਕਰਦੇ, ਉਹ ਵੀ ਆਪਸ ਵਿਚ ਚੰਗੇ ਦੋਸਤ ਬਣ ਸਕਦੇ ਹਨ। ਪਰ ਜਿਹੜੇ ਲੋਕ ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਇਕ-ਦੂਜੇ ਦੇ ਦੋਸਤ ਬਣਦੇ ਹਨ, ਉਨ੍ਹਾਂ ਦੀ ਦੋਸਤੀ ਅਟੁੱਟ ਹੁੰਦੀ ਹੈ। ਜੇ ਇਨ੍ਹਾਂ ਸੱਚੇ ਦੋਸਤਾਂ ਵਿਚ ਕੋਈ ਗ਼ਲਤਫ਼ਹਿਮੀ ਹੋ ਜਾਵੇ, ਤਾਂ ਉਹ ਉਵੇਂ ਪੇਸ਼ ਆਉਂਦੇ ਹਨ ਜਿਵੇਂ ਯਹੋਵਾਹ ਨੂੰ ਪਸੰਦ ਹੈ। ਜਦੋਂ ਪਰਮੇਸ਼ੁਰ ਦੇ ਵਿਰੋਧੀ ਉਨ੍ਹਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਨ੍ਹਾਂ ਦੁਸ਼ਮਣਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸੱਚੇ ਮਸੀਹੀਆਂ ਦੀ ਦੋਸਤੀ ਨੂੰ ਤੋੜਨਾ ਮੁਸ਼ਕਲ ਹੈ। ਇਤਿਹਾਸ ਗਵਾਹ ਹੈ ਕਿ ਯਹੋਵਾਹ ਦੇ ਭਗਤ ਇਕ-ਦੂਜੇ ਨੂੰ ਫੜਵਾਉਣ ਦੀ ਬਜਾਇ ਇਕ-ਦੂਜੇ ਲਈ ਜਾਨ ਦੇਣ ਲਈ ਤਿਆਰ ਰਹਿੰਦੇ ਹਨ।—1 ਯੂਹੰਨਾ 3:16 ਪੜ੍ਹੋ।
5. ਰੂਥ ਅਤੇ ਨਾਓਮੀ ਦੀ ਦੋਸਤੀ ਇੰਨੀ ਪੱਕੀ ਕਿਉਂ ਸੀ?
5 ਬਿਨਾਂ ਸ਼ੱਕ, ਦੋਸਤੀ ਦਾ ਮਜ਼ਾ ਉਨ੍ਹਾਂ ਨਾਲ ਆਉਂਦਾ ਹੈ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ। ਜ਼ਰਾ ਰੂਥ ਅਤੇ ਨਾਓਮੀ ਦੀ ਮਿਸਾਲ ’ਤੇ ਗੌਰ ਕਰੋ। ਬਾਈਬਲ ਵਿਚ ਇਨ੍ਹਾਂ ਔਰਤਾਂ ਦੀ ਬੇਮਿਸਾਲ ਦੋਸਤੀ ਬਾਰੇ ਦੱਸਿਆ ਹੈ। ਉਨ੍ਹਾਂ ਦੀ ਦੋਸਤੀ ਇੰਨੀ ਪੱਕੀ ਕਿਉਂ ਸੀ? ਇਹ ਰੂਥ ਦੀ ਗੱਲ ਤੋਂ ਪਤਾ ਲੱਗਦਾ ਹੈ ਜੋ ਉਸ ਨੇ ਨਾਓਮੀ ਨੂੰ ਕਹੀ ਸੀ: “ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ . . . ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਹ ਦੇ ਨਾਲੋਂ ਭੀ ਵਧੀਕ ਜੇ ਕਦੀ ਮੌਤ ਤੋਂ ਛੁੱਟ ਕੋਈ ਹੋਰ ਕਾਰਨ ਮੈਨੂੰ ਤੈਥੋਂ ਵੱਖਰੀ ਕਰੇ।” (ਰੂਥ 1:16, 17) ਸਪੱਸ਼ਟ ਹੈ ਕਿ ਰੂਥ ਤੇ ਨਾਓਮੀ ਯਹੋਵਾਹ ਨੂੰ ਬਹੁਤ ਪਿਆਰ ਕਰਦੀਆਂ ਸਨ। ਇਸੇ ਪਿਆਰ ਕਰਕੇ ਉਹ ਇਕ-ਦੂਜੀ ਨਾਲ ਚੰਗਾ ਸਲੂਕ ਕਰਦੀਆਂ ਸਨ। ਨਤੀਜੇ ਵਜੋਂ ਯਹੋਵਾਹ ਨੇ ਦੋਵਾਂ ਔਰਤਾਂ ਨੂੰ ਬਰਕਤਾਂ ਦਿੱਤੀਆਂ।
ਚੰਗੇ ਦੋਸਤ ਕਿਵੇਂ ਬਣਾਈਏ?
6-8. (ੳ) ਪੱਕੇ ਦੋਸਤ ਬਣਨ ਲਈ ਕੀ ਕੁਝ ਕਰਨਾ ਪੈਂਦਾ ਹੈ? (ਅ) ਤੁਸੀਂ ਦੋਸਤ ਬਣਾਉਣ ਵਿਚ ਕਿਵੇਂ ਪਹਿਲ ਕਰ ਸਕਦੇ ਹੋ?
6 ਰੂਥ ਅਤੇ ਨਾਓਮੀ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਪੱਕੀ ਦੋਸਤੀ ਆਪਣੇ ਆਪ ਹੀ ਨਹੀਂ ਹੋ ਜਾਂਦੀ। ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਹੀ ਅਸੀਂ ਚੰਗੇ ਦੋਸਤ ਬਣ ਸਕਦੇ ਹਾਂ। ਪਰ ਦੋਸਤੀ ਤਾਂ ਹੀ ਪੱਕੀ ਹੋ ਸਕਦੀ ਹੈ ਜੇ ਅਸੀਂ ਆਪਣੇ ਵੱਲੋਂ ਕੁਝ ਕਰਾਂਗੇ ਤੇ ਦੂਸਰੇ ਦੀ ਭਲਾਈ ਬਾਰੇ ਸੋਚਾਂਗੇ। ਮਸੀਹੀ ਪਰਿਵਾਰਾਂ ਵਿਚ ਯਹੋਵਾਹ ਦੀ ਭਗਤੀ ਕਰਨ ਵਾਲੇ ਬੱਚਿਆਂ ਨੂੰ ਵੀ ਇਕ-ਦੂਸਰੇ ਨਾਲ ਪੱਕੀ ਦੋਸਤੀ ਕਰਨ ਲਈ ਕੁਝ-ਨ-ਕੁਝ ਕਰਨਾ ਪੈਂਦਾ ਹੈ। ਤਾਂ ਫਿਰ ਤੁਸੀਂ ਪੱਕੇ ਦੋਸਤ ਕਿਵੇਂ ਬਣਾ ਸਕਦੇ ਹੋ?
7ਪਹਿਲ ਕਰੋ। ਰੋਮ ਦੀ ਕਲੀਸਿਯਾ ਵਿਚ ਆਪਣੇ ਦੋਸਤਾਂ ਨੂੰ ਪੌਲੁਸ ਰਸੂਲ ਨੇ ਉਤਸ਼ਾਹਿਤ ਕੀਤਾ ਕਿ “ਪਰਾਹੁਣਚਾਰੀ ਪੁੱਜ ਕੇ ਕਰੋ।” (ਰੋਮੀ. 12:13) ਪਰਾਹੁਣਚਾਰ ਬਣਨ ਲਈ ਸਾਨੂੰ ਲਗਾਤਾਰ ਕਈ ਛੋਟੇ-ਛੋਟੇ ਕੰਮ ਕਰਨੇ ਪੈਂਦੇ ਹਨ। ਪਰਾਹੁਣਚਾਰ ਬਣਨਾ ਕਿਸੇ ਰਾਹ ਉੱਤੇ ਤੁਰਨ ਦੇ ਬਰਾਬਰ ਹੈ ਜਿਸ ਦੇ ਲਈ ਸਾਨੂੰ ਇਕ-ਇਕ ਕਰ ਕੇ ਕਈ ਕਦਮ ਪੁੱਟਣੇ ਪੈਂਦੇ ਹਨ। ਕਹਿਣ ਦਾ ਮਤਲਬ ਹੈ ਕਿ ਕੋਈ ਦੂਸਰਾ ਤੁਹਾਡੇ ਲਈ ਪਰਾਹੁਣਚਾਰੀ ਕਰਨ ਦੇ ਰਾਹ ਉੱਤੇ ਨਹੀਂ ਚੱਲ ਸਕਦਾ। (ਕਹਾਉਤਾਂ 3:27 ਪੜ੍ਹੋ।) ਪਰਾਹੁਣਚਾਰੀ ਦਿਖਾਉਣ ਦਾ ਇਕ ਤਰੀਕਾ ਹੈ ਕਿ ਤੁਸੀਂ ਕਲੀਸਿਯਾ ਦੇ ਵੱਖੋ-ਵੱਖਰੇ ਭੈਣ-ਭਰਾਵਾਂ ਨੂੰ ਸਾਦੇ ਜਿਹੇ ਖਾਣੇ ਵਾਸਤੇ ਬੁਲਾ ਸਕਦੇ ਹੋ। ਕੀ ਤੁਸੀਂ ਬਾਕਾਇਦਾ ਆਪਣੀ ਕਲੀਸਿਯਾ ਦੇ ਮੈਂਬਰਾਂ ਦੀ ਇਸ ਤਰ੍ਹਾਂ ਪਰਾਹੁਣਚਾਰੀ ਕਰ ਸਕਦੇ ਹੋ?
8 ਦੋਸਤ ਬਣਾਉਣ ਵਿਚ ਪਹਿਲ ਕਰਨ ਦਾ ਇਕ ਹੋਰ ਤਰੀਕਾ ਹੈ ਕਿ ਅਸੀਂ ਵੱਖੋ-ਵੱਖਰੇ ਭੈਣ-ਭਰਾਵਾਂ ਨਾਲ ਪ੍ਰਚਾਰ ਤੇ ਜਾਈਏ। ਜਦੋਂ ਤੁਸੀਂ ਕਿਸੇ ਅਜਨਬੀ ਦੇ ਬੂਹੇ ਤੇ ਖੜ੍ਹੇ ਹੁੰਦੇ ਹੋ ਅਤੇ ਆਪਣੇ ਨਾਲ ਪ੍ਰਚਾਰ ਕਰ ਰਹੇ ਭਰਾ ਜਾਂ ਭੈਣ ਨੂੰ ਯਹੋਵਾਹ ਬਾਰੇ ਗੱਲ ਕਰਦਿਆਂ ਸੁਣਦੇ ਹੋ, ਤਾਂ ਮੱਲੋ-ਮੱਲੀ ਉਸ ਨਾਲ ਤੁਹਾਡਾ ਪਿਆਰ ਵਧਦਾ ਹੈ।
9, 10. ਪੌਲੁਸ ਨੇ ਕਿਹੜੀ ਮਿਸਾਲ ਕਾਇਮ ਕੀਤੀ ਅਤੇ ਅਸੀਂ ਉਸ ਦੀ ਕਿਵੇਂ ਰੀਸ ਕਰ ਸਕਦੇ ਹਾਂ?
9ਖੁੱਲ੍ਹੇ ਦਿਲ ਨਾਲ ਪਿਆਰ ਕਰੋ। (2 ਕੁਰਿੰਥੀਆਂ 6:12, 13 ਪੜ੍ਹੋ।) ਕੀ ਤੁਹਾਨੂੰ ਕਦੇ ਇੱਦਾਂ ਮਹਿਸੂਸ ਹੋਇਆ ਹੈ ਕਿ ਕਲੀਸਿਯਾ ਵਿਚ ਇਸ ਤਰ੍ਹਾਂ ਦਾ ਕੋਈ ਭੈਣ-ਭਰਾ ਨਹੀਂ ਹੈ ਜੋ ਤੁਹਾਡਾ ਦੋਸਤ ਬਣ ਸਕੇ? ਜੇ ਹਾਂ, ਤਾਂ ਕੀ ਤੁਸੀਂ ਇਕ-ਦੋ ਜਣਿਆਂ ਨੂੰ ਦੇਖ ਕੇ ਤੈ ਕਰ ਲੈਂਦੇ ਹੋ ਕਿ ਕੌਣ ਤੁਹਾਡਾ ਦੋਸਤ ਬਣ ਸਕਦਾ ਹੈ ਤੇ ਕੌਣ ਨਹੀਂ? ਪੌਲੁਸ ਰਸੂਲ ਨੇ ਖੁੱਲ੍ਹੇ ਦਿਲ ਨਾਲ ਪਿਆਰ ਕਰ ਕੇ ਕਈ ਭੈਣਾਂ-ਭਰਾਵਾਂ ਨੂੰ ਆਪਣੇ ਦੋਸਤ ਬਣਾਇਆ। ਇਕ ਸਮਾਂ ਹੁੰਦਾ ਸੀ ਜਦੋਂ ਉਹ ਗ਼ੈਰ-ਯਹੂਦੀਆਂ ਨਾਲ ਦੋਸਤੀ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਪਰ ਉਹ “ਪਰਾਈਆਂ ਕੌਮਾਂ ਦਾ ਰਸੂਲ” ਬਣਿਆ।—ਰੋਮੀ. 11:13.
10 ਇਸ ਤੋਂ ਇਲਾਵਾ, ਪੌਲੁਸ ਨੇ ਆਪਣੇ ਹਾਣ ਦੇ ਭੈਣਾਂ-ਭਰਾਵਾਂ ਨਾਲ ਹੀ ਦੋਸਤੀ ਨਹੀਂ ਕੀਤੀ। ਮਿਸਾਲ ਲਈ, ਉਹ ਅਤੇ ਤਿਮੋਥਿਉਸ ਗੂੜ੍ਹੇ ਮਿੱਤਰ ਸਨ ਭਾਵੇਂ ਕਿ ਉਨ੍ਹਾਂ ਦੀ ਉਮਰ ਤੇ ਪਿਛੋਕੜ ਵਿਚ ਕਾਫ਼ੀ ਫ਼ਰਕ ਸੀ। ਅੱਜ ਕਈ ਨੌਜਵਾਨ ਹਨ ਜਿਨ੍ਹਾਂ ਨੇ ਕਲੀਸਿਯਾ ਵਿਚ ਆਪਣੇ ਤੋਂ ਵੱਡੀ ਉਮਰ ਦੇ ਭੈਣ-ਭਰਾਵਾਂ ਨਾਲ ਦੋਸਤੀ ਕੀਤੀ ਹੈ। 20 ਕੁ ਸਾਲਾਂ ਦੀ ਵਨੇਸਾ ਕਹਿੰਦੀ ਹੈ: “ਮੇਰੀ ਇਕ ਬਹੁਤ ਚੰਗੀ ਸਹੇਲੀ ਹੈ ਜੋ 50 ਕੁ ਸਾਲਾਂ ਦੀ ਹੈ। ਮੈਂ ਉਸ ਨਾਲ ਉਹ ਗੱਲਾਂ ਕਰਦੀ ਹਾਂ ਜੋ ਮੈਂ ਆਪਣੇ ਹਾਣ ਦੀਆਂ ਸਹੇਲੀਆਂ ਨਾਲ ਕਰ ਸਕਦੀ ਹਾਂ। ਉਹ ਮੇਰੀ ਬਹੁਤ ਪਰਵਾਹ ਕਰਦੀ ਹੈ।” ਇਹੋ ਜਿਹੇ ਦੋਸਤ ਕਿਵੇਂ ਬਣਾਏ ਜਾਂਦੇ ਹਨ? ਵਨੇਸਾ ਕਹਿੰਦੀ ਹੈ: “ਉਸ ਭੈਣ ਨਾਲ ਦੋਸਤੀ ਕਰਨ ਲਈ ਮੈਂ ਉਸ ਕੋਲ ਗਈ ਤੇ ਮੈਂ ਇਹ ਨਹੀਂ ਸੋਚਿਆ ਕਿ ਉਹ ਮੇਰੇ ਕੋਲ ਆਵੇ।” ਕੀ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨ ਲਈ ਤਿਆਰ ਹੋ ਜੋ ਤੁਹਾਡੇ ਹਾਣ ਦੇ ਨਹੀਂ ਹਨ? ਤੁਹਾਡੇ ਇਨ੍ਹਾਂ ਜਤਨਾਂ ਉੱਤੇ ਯਹੋਵਾਹ ਬਰਕਤ ਪਾਵੇਗਾ।
11. ਅਸੀਂ ਯੋਨਾਥਾਨ ਤੇ ਦਾਊਦ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
11ਵਫ਼ਾਦਾਰ ਰਹੋ। ਸੁਲੇਮਾਨ ਨੇ ਲਿਖਿਆ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾ. 17:17) ਇਹ ਸ਼ਬਦ ਲਿਖਣ ਵੇਲੇ ਸੁਲੇਮਾਨ ਸ਼ਾਇਦ ਆਪਣੇ ਪਿਤਾ ਦਾਊਦ ਅਤੇ ਯੋਨਾਥਾਨ ਦੀ ਦੋਸਤੀ ਬਾਰੇ ਸੋਚ ਰਿਹਾ ਸੀ। (1 ਸਮੂ. 18:1) ਰਾਜਾ ਸ਼ਾਊਲ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਯੋਨਾਥਾਨ ਇਸਰਾਏਲ ਦਾ ਅਗਲਾ ਰਾਜਾ ਬਣੇ। ਪਰ ਯੋਨਾਥਾਨ ਨੇ ਕਬੂਲ ਕਰ ਲਿਆ ਸੀ ਕਿ ਯਹੋਵਾਹ ਨੇ ਦਾਊਦ ਨੂੰ ਰਾਜਾ ਚੁਣਿਆ ਸੀ। ਯੋਨਾਥਾਨ ਸ਼ਾਊਲ ਦੀ ਤਰ੍ਹਾਂ ਦਾਊਦ ਨਾਲ ਈਰਖਾ ਨਹੀਂ ਸੀ ਕਰਦਾ। ਉਹ ਦਾਊਦ ਦੀ ਤਾਰੀਫ਼ ਸੁਣ ਕੇ ਗੁੱਸੇ ਨਹੀਂ ਸੀ ਹੋਇਆ ਤੇ ਨਾ ਹੀ ਉਸ ਨੇ ਉਨ੍ਹਾਂ ਗੱਲਾਂ ਦਾ ਵਿਸ਼ਵਾਸ ਕੀਤਾ ਜੋ ਸ਼ਾਊਲ ਨੇ ਦਾਊਦ ਨੂੰ ਬਦਨਾਮ ਕਰਨ ਲਈ ਫੈਲਾਈਆਂ ਸਨ। (1 ਸਮੂ. 20:24-34) ਕੀ ਅਸੀਂ ਯੋਨਾਥਾਨ ਵਾਂਗ ਕਰਦੇ ਹਾਂ? ਜਦੋਂ ਸਾਡੇ ਦੋਸਤਾਂ ਨੂੰ ਕੋਈ ਸਨਮਾਨ ਮਿਲਦਾ ਹੈ, ਤਾਂ ਕੀ ਅਸੀਂ ਖ਼ੁਸ਼ ਹੁੰਦੇ ਹਾਂ? ਜਦੋਂ ਉਹ ਕਠਿਨਾਈਆਂ ਵਿੱਚੋਂ ਲੰਘਦੇ ਹਨ, ਤਾਂ ਕੀ ਅਸੀਂ ਉਨ੍ਹਾਂ ਨੂੰ ਦਿਲਾਸਾ ਤੇ ਸਾਥ ਦਿੰਦੇ ਹਾਂ? ਜੇ ਕੋਈ ਸਾਡੇ ਦੋਸਤ ਬਾਰੇ ਕੋਈ ਮਾੜੀ ਗੱਲ ਕਹਿੰਦਾ ਹੈ, ਤਾਂ ਕੀ ਅਸੀਂ ਝੱਟ ਉਸ ਗੱਲ ’ਤੇ ਵਿਸ਼ਵਾਸ ਕਰ ਲੈਂਦੇ ਹਾਂ? ਜਾਂ ਕੀ ਯੋਨਾਥਾਨ ਵਾਂਗ ਅਸੀਂ ਆਪਣੇ ਦੋਸਤ ਦੀ ਵਫ਼ਾਦਾਰੀ ਨਾਲ ਤਰਫ਼ਦਾਰੀ ਕਰਦੇ ਹਾਂ?
ਜਦੋਂ ਸਾਨੂੰ ਦੋਸਤੀ ਤੋੜਨੀ ਪੈ ਸਕਦੀ ਹੈ
12-14. ਕੁਝ ਬਾਈਬਲ ਵਿਦਿਆਰਥੀਆਂ ਨੂੰ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
12 ਜਦੋਂ ਕੋਈ ਬਾਈਬਲ ਵਿਦਿਆਰਥੀ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲੱਗਦਾ ਹੈ, ਤਾਂ ਉਸ ਨੂੰ ਸ਼ਾਇਦ ਆਪਣੀ ਦੋਸਤੀ ਸੰਬੰਧੀ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਵੇ। ਉਸ ਨੂੰ ਸ਼ਾਇਦ ਆਪਣੇ ਕੁਝ ਦੋਸਤਾਂ-ਮਿੱਤਰਾਂ ਨਾਲ ਉੱਠਣਾ-ਬੈਠਣਾ ਚੰਗਾ ਲੱਗਦਾ ਹੈ ਜੋ ਬਾਈਬਲ ਦੇ ਅਸੂਲਾਂ ’ਤੇ ਨਹੀਂ ਚੱਲਦੇ। ਹੋ ਸਕਦਾ ਹੈ ਕਿ ਉਹ ਪਹਿਲਾਂ ਇਨ੍ਹਾਂ ਨਾਲ ਕਾਫ਼ੀ ਸਮਾਂ ਗੁਜ਼ਾਰਦਾ ਸੀ। ਪਰ ਹੁਣ ਉਸ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਕੰਮਾਂ ਦਾ ਉਸ ਉੱਤੇ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਉਸ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਮਿਲਣਾ-ਜੁਲਣਾ ਘੱਟ ਕਰ ਦੇਣਾ ਚਾਹੀਦਾ ਹੈ। (1 ਕੁਰਿੰ. 15:33) ਪਰ ਉਹ ਸੋਚਦਾ ਹੈ ਕਿ ਜੇ ਉਹ ਦੋਸਤਾਂ-ਮਿੱਤਰਾਂ ਨਾਲ ਮਿਲਣਾ-ਜੁਲਣਾ ਛੱਡ ਦੇਵੇਗਾ, ਤਾਂ ਉਹ ਬੇਵਫ਼ਾ ਹੋਵੇਗਾ।
13 ਜੇ ਤੁਸੀਂ ਬਾਈਬਲ ਸਟੱਡੀ ਕਰ ਰਹੇ ਹੋ ਤੇ ਤੁਹਾਨੂੰ ਇਹ ਚੁਣੌਤੀ ਆ ਰਹੀ ਹੈ, ਤਾਂ ਯਾਦ ਰੱਖੋ ਕਿ ਸੱਚਾ ਦੋਸਤ ਖ਼ੁਸ਼ ਹੋਵੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਸੁਧਾਰ ਰਹੇ ਹੋ। ਸ਼ਾਇਦ ਉਹ ਵੀ ਤੁਹਾਡੇ ਨਾਲ ਯਹੋਵਾਹ ਬਾਰੇ ਸਿੱਖਣਾ ਚਾਹੇ। ਦੂਸਰੇ ਪਾਸੇ, ਜਿਹੜੇ ਤੁਹਾਡੇ ਸੱਚੇ ਦੋਸਤ ਨਹੀਂ ਹਨ, ਉਹ “ਤੁਹਾਡੀ ਨਿੰਦਿਆ” ਕਰਨਗੇ ਕਿਉਂਕਿ ਤੁਸੀਂ “ਓਸੇ ਅੱਤ ਬਦਚਲਣੀ ਵਿੱਚ” ਉਨ੍ਹਾਂ ਦੇ ਨਾਲ ਨਹੀਂ ਚੱਲਦੇ। (1 ਪਤ. 4:3, 4) ਦਰਅਸਲ ਇਹ ਦੋਸਤ ਬੇਵਫ਼ਾ ਹਨ ਨਾ ਕਿ ਤੁਸੀਂ।
14 ਜੇ ਵਿਦਿਆਰਥੀ ਦੇ ਦੋਸਤਾਂ ਨੇ ਉਸ ਨੂੰ ਇਸ ਲਈ ਛੱਡ ਦਿੱਤਾ ਹੈ ਕਿਉਂਕਿ ਉਹ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਤਾਂ ਕਲੀਸਿਯਾ ਦੇ ਮੈਂਬਰ ਉਸ ਦੇ ਦੋਸਤ ਬਣ ਸਕਦੇ ਹਨ। (ਗਲਾ. 6:10) ਕੀ ਤੁਸੀਂ ਕਲੀਸਿਯਾ ਵਿਚ ਆਉਂਦੇ ਲੋਕਾਂ ਨੂੰ ਜਾਣਦੇ ਹੋ ਜੋ ਬਾਈਬਲ ਸਟੱਡੀ ਕਰ ਰਹੇ ਹਨ? ਕੀ ਤੁਸੀਂ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਕਦੇ-ਕਦੇ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹੋ?
15, 16. (ੳ) ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਸਾਡਾ ਕੋਈ ਦੋਸਤ ਯਹੋਵਾਹ ਤੋਂ ਮੂੰਹ ਮੋੜ ਲੈਂਦਾ ਹੈ? (ਅ) ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦੇ ਸਕਦੇ ਹਾਂ?
15 ਪਰ ਉਦੋਂ ਕੀ ਜਦ ਕਲੀਸਿਯਾ ਵਿਚ ਸਾਡਾ ਕੋਈ ਦੋਸਤ ਯਹੋਵਾਹ ਤੋਂ ਮੂੰਹ ਮੋੜ ਲੈਂਦਾ ਹੈ ਜਿਸ ਕਰਕੇ ਉਸ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਜਾਂਦਾ ਹੈ? ਇਸ ਕਰਕੇ ਤੁਸੀਂ ਸ਼ਾਇਦ ਬਹੁਤ ਦੁਖੀ ਹੋਵੋ। ਜਦੋਂ ਇਕ ਭੈਣ ਦੀ ਸਹੇਲੀ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ, ਤਾਂ ਉਸ ਨੇ ਦੱਸਿਆ ਕਿ ਉਸ ਨੂੰ ਕਿਵੇਂ ਲੱਗਾ: “ਮੈਂ ਤਾਂ ਜਿਵੇਂ ਅੰਦਰੋਂ ਟੁੱਟ ਹੀ ਗਈ। ਮੈਂ ਤਾਂ ਸੋਚਦੀ ਸੀ ਕਿ ਉਹ ਸੱਚਾਈ ਵਿਚ ਬਹੁਤ ਪੱਕੀ ਹੈ, ਪਰ ਮੈਂ ਗ਼ਲਤ ਸੋਚ ਰਹੀ ਸੀ। ਮੈਨੂੰ ਲੱਗਦਾ ਕਿ ਉਹ ਆਪਣੇ ਪਰਿਵਾਰ ਨੂੰ ਖ਼ੁਸ਼ ਰੱਖਣ ਲਈ ਹੀ ਯਹੋਵਾਹ ਦੀ ਸੇਵਾ ਕਰ ਰਹੀ ਸੀ। ਫਿਰ ਮੈਂ ਸੋਚਣ ਲੱਗ ਪਈ ਕਿ ਮੈਂ ਕਿਸ ਕਾਰਨ ਯਹੋਵਾਹ ਦੀ ਸੇਵਾ ਕਰ ਰਹੀ ਹਾਂ? ਕੀ ਮੈਂ ਸਹੀ ਕਾਰਨਾਂ ਕਰਕੇ ਉਸ ਦੀ ਸੇਵਾ ਕਰ ਰਹੀ ਸੀ?” ਇਸ ਭੈਣ ਨੇ ਇਸ ਸਦਮੇ ਨੂੰ ਕਿਸ ਤਰ੍ਹਾਂ ਸਹਿਆ? ਉਹ ਕਹਿੰਦੀ ਹੈ: “ਮੈਂ ਸਾਰਾ ਬੋਝ ਯਹੋਵਾਹ ਉੱਤੇ ਸੁੱਟ ਦਿੱਤਾ। ਨਾਲੇ ਮੈਂ ਯਹੋਵਾਹ ਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਮੈਂ ਉਸ ਨੂੰ ਸਿਰਫ਼ ਇਸ ਲਈ ਪਿਆਰ ਨਹੀਂ ਕਰਦੀ ਕਿ ਉਹ ਆਪਣੇ ਸੰਗਠਨ ਵਿਚ ਮੈਨੂੰ ਦੋਸਤ ਦਿੰਦਾ ਹੈ, ਸਗੋਂ ਇਸ ਲਈ ਵੀ ਪਿਆਰ ਕਰਦੀ ਹਾਂ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ।”
16 ਜੇ ਅਸੀਂ ਉਨ੍ਹਾਂ ਦਾ ਸਾਥ ਦਿੰਦੇ ਹਾਂ ਜੋ ਦੁਨੀਆਂ ਦੇ ਦੋਸਤ ਬਣਨਾ ਚਾਹੁੰਦੇ ਹਨ, ਤਾਂ ਅਸੀਂ ਪਰਮੇਸ਼ੁਰ ਦੇ ਦੋਸਤ ਨਹੀਂ ਬਣੇ ਰਹਿ ਸਕਦੇ। ਚੇਲੇ ਯਾਕੂਬ ਨੇ ਲਿਖਿਆ: “ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।” (ਯਾਕੂ. 4:4) ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਾਂ ਜੇ ਅਸੀਂ ਭਰੋਸਾ ਰੱਖੀਏ ਕਿ ਪਰਮੇਸ਼ੁਰ ਸਾਡੇ ਦੋਸਤ ਦੇ ਵਿਛੋੜੇ ਨੂੰ ਝੱਲਣ ਵਿਚ ਸਾਡੀ ਮਦਦ ਕਰੇਗਾ ਜੇ ਅਸੀਂ ਉਸ ਦੇ ਵਫ਼ਾਦਾਰ ਰਹਾਂਗੇ। (ਇਬਰਾਨੀਆਂ 13:5ਅ ਪੜ੍ਹੋ।) ਉੱਪਰਲੇ ਪੈਰੇ ਵਿਚ ਜ਼ਿਕਰ ਕੀਤੀ ਭੈਣ ਸਾਰੀ ਗੱਲ ਦਾ ਇਹ ਸਾਰ ਦਿੰਦੀ ਹੈ: “ਮੈਂ ਸਿੱਖਿਆ ਹੈ ਕਿ ਤੁਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਯਹੋਵਾਹ ਨੂੰ ਜਾਂ ਤੁਹਾਨੂੰ ਪਿਆਰ ਕਰੇ। ਇਹ ਉਸ ਦਾ ਆਪਣਾ ਫ਼ੈਸਲਾ ਹੈ।” ਤਾਂ ਫਿਰ ਅਸੀਂ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਕਿਵੇਂ ਆਪਣੀ ਦੋਸਤੀ ਬਰਕਰਾਰ ਰੱਖ ਸਕਦੇ ਹਾਂ ਜਿਨ੍ਹਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ?
ਚੰਗੀ ਦੋਸਤੀ ਬਰਕਰਾਰ ਰੱਖਣੀ
17. ਪੱਕੇ ਦੋਸਤ ਇਕ-ਦੂਸਰੇ ਨਾਲ ਕਿਵੇਂ ਗੱਲਬਾਤ ਕਰਦੇ ਹਨ?
17 ਖੁੱਲ੍ਹ ਕੇ ਗੱਲਬਾਤ ਕਰਨ ਵਾਲੇ ਦੋਸਤਾਂ ਦੀ ਬਹੁਤ ਨਿਭਦੀ ਹੈ। ਜਦੋਂ ਤੁਸੀਂ ਰੂਥ ਤੇ ਨਾਓਮੀ, ਦਾਊਦ ਤੇ ਯੋਨਾਥਾਨ ਅਤੇ ਪੌਲੁਸ ਤੇ ਤਿਮੋਥਿਉਸ ਦੀ ਦੋਸਤੀ ਬਾਰੇ ਬਾਈਬਲ ਵਿਚ ਪੜ੍ਹਦੇ ਹੋ, ਤਾਂ ਤੁਸੀਂ ਦੇਖੋਗੇ ਕਿ ਚੰਗੇ ਦੋਸਤ ਖੁੱਲ੍ਹ ਕੇ ਪਰ ਆਦਰ ਨਾਲ ਇਕ-ਦੂਜੇ ਨਾਲ ਗੱਲ ਕਰਦੇ ਹਨ। ਇਸ ਲਈ ਦੂਜਿਆਂ ਨਾਲ ਸਾਨੂੰ ਕਿਵੇਂ ਗੱਲ ਕਰਨੀ ਚਾਹੀਦੀ ਹੈ, ਇਸ ਬਾਰੇ ਪੌਲੁਸ ਨੇ ਲਿਖਿਆ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ।” ਪੌਲੁਸ ‘ਬਾਹਰਲੇ’ ਲੋਕਾਂ ਨਾਲ ਇਸ ਤਰ੍ਹਾਂ ਗੱਲ ਕਰਨ ਲਈ ਕਹਿ ਰਿਹਾ ਸੀ ਜੋ ਸਾਡੇ ਮਸੀਹੀ ਭੈਣ-ਭਰਾ ਨਹੀਂ ਹਨ। (ਕੁਲੁ. 4:5, 6) ਜੇ ਸਾਨੂੰ ਉਨ੍ਹਾਂ ਨਾਲ ਗੱਲ ਕਰਦਿਆਂ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਤਾਂ ਕਲੀਸਿਯਾ ਵਿਚ ਆਪਣੇ ਦੋਸਤਾਂ ਨਾਲ ਤਾਂ ਸਾਨੂੰ ਹੋਰ ਵੀ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ!
18, 19. ਸਾਨੂੰ ਆਪਣੇ ਕਿਸੇ ਮਸੀਹੀ ਦੋਸਤ ਤੋਂ ਮਿਲੀ ਸਲਾਹ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ ਅਤੇ ਅਫ਼ਸੁਸ ਦੇ ਬਜ਼ੁਰਗਾਂ ਨੇ ਸਾਡੇ ਲਈ ਕਿਹੋ ਜਿਹੀ ਮਿਸਾਲ ਕਾਇਮ ਕੀਤੀ?
18 ਸੱਚੇ ਦੋਸਤ ਇਕ-ਦੂਸਰੇ ਦੀ ਰਾਇ ਦੀ ਕਦਰ ਕਰਦੇ ਹਨ, ਇਸ ਲਈ ਉਨ੍ਹਾਂ ਦੀ ਗੱਲਬਾਤ ਸੁਹਾਵਣੀ ਤੇ ਸਿੱਧੀ-ਪੱਧਰੀ ਹੋਣੀ ਚਾਹੀਦੀ ਹੈ। ਬੁੱਧੀਮਾਨ ਰਾਜੇ ਸੁਲੇਮਾਨ ਨੇ ਲਿਖਿਆ: “ਫੁਲੇਲ ਅਤੇ ਸੁਗੰਧ ਜੀ ਨੂੰ ਅਨੰਦ ਕਰਦੀ ਹੈ, ਓਵੇਂ ਹੀ ਉਹ ਦੇ ਮਿੱਤ੍ਰ ਦੀ ਮਨੋਂ ਦਿੱਤੀ ਹੋਈ ਸਲਾਹ ਦੀ ਮਿਠਾਸ ਹੈ।” (ਕਹਾ. 27:9) ਕੀ ਤੁਸੀਂ ਆਪਣੇ ਕਿਸੇ ਦੋਸਤ ਦੀ ਸਲਾਹ ਨੂੰ ਇਸ ਤਰ੍ਹਾਂ ਵਿਚਾਰਦੇ ਹੋ? (ਜ਼ਬੂਰਾਂ ਦੀ ਪੋਥੀ 141:5 ਪੜ੍ਹੋ।) ਜੇ ਤੁਹਾਡਾ ਕੋਈ ਦੋਸਤ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਗ਼ਲਤ ਪਾਸੇ ਜਾ ਰਹੇ ਹੋ, ਤਾਂ ਤੁਹਾਨੂੰ ਕਿਵੇਂ ਲੱਗਦਾ ਹੈ? ਕੀ ਤੁਸੀਂ ਇਹ ਸੋਚਦੇ ਹੋ ਕਿ ਉਸ ਨੇ ਪਿਆਰ ਦੀ ਖ਼ਾਤਰ ਤੁਹਾਨੂੰ ਇਹ ਗੱਲ ਕਹੀ ਜਾਂ ਕੀ ਤੁਸੀਂ ਬੁਰਾ ਮਨਾ ਲੈਂਦੇ ਹੋ?
19 ਅਫ਼ਸੁਸ ਵਿਚ ਕਲੀਸਿਯਾ ਦੇ ਬਜ਼ੁਰਗਾਂ ਨਾਲ ਪੌਲੁਸ ਰਸੂਲ ਦਾ ਗੂੜ੍ਹਾ ਰਿਸ਼ਤਾ ਸੀ। ਕੁਝ ਭਰਾਵਾਂ ਨੂੰ ਤਾਂ ਉਹ ਉਦੋਂ ਤੋਂ ਹੀ ਜਾਣਦਾ ਸੀ ਜਦੋਂ ਤੋਂ ਉਹ ਮਸੀਹੀ ਬਣੇ ਸਨ। ਪਰ ਉਨ੍ਹਾਂ ਨਾਲ ਆਖ਼ਰੀ ਮੁਲਾਕਾਤ ਦੌਰਾਨ ਉਸ ਨੇ ਉਨ੍ਹਾਂ ਨੂੰ ਸਿੱਧੀ-ਪੱਧਰੀ ਸਲਾਹ ਦਿੱਤੀ। ਇਹ ਸਲਾਹ ਸੁਣ ਕੇ ਉਨ੍ਹਾਂ ਨੂੰ ਕਿਵੇਂ ਲੱਗਾ? ਪੌਲੁਸ ਦੇ ਇਨ੍ਹਾਂ ਦੋਸਤਾਂ ਨੇ ਬੁਰਾ ਨਹੀਂ ਮਨਾਇਆ। ਇਸ ਦੀ ਬਜਾਇ, ਉਨ੍ਹਾਂ ਨੂੰ ਚੰਗਾ ਲੱਗਾ ਕਿ ਉਹ ਉਨ੍ਹਾਂ ਬਾਰੇ ਸੋਚਦਾ ਸੀ। ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪੌਲੁਸ ਨੂੰ ਦੁਬਾਰਾ ਨਹੀਂ ਦੇਖਣਗੇ, ਤਾਂ ਉਨ੍ਹਾਂ ਦਾ ਰੋਣਾ ਨਿਕਲ ਗਿਆ।—ਰਸੂ. 20:17, 29, 30, 36-38.
20. ਸੱਚਾ ਦੋਸਤ ਕੀ ਕਰੇਗਾ?
20 ਸੱਚੇ ਦੋਸਤ ਨਾ ਸਿਰਫ਼ ਚੰਗੀ ਸਲਾਹ ਲੈਂਦੇ ਹਨ, ਸਗੋਂ ਦਿੰਦੇ ਵੀ ਹਨ। ਬੇਸ਼ੱਕ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਕਦੋਂ ‘ਆਪਣੇ ਕੰਮ ਨਾਲ ਕੰਮ ਰੱਖਣਾ’ ਚਾਹੀਦਾ ਹੈ। (1 ਥੱਸ. 4:11, CL) ਅਸੀਂ ਇਹ ਵੀ ਜਾਣਦੇ ਹਾਂ ਕਿ ਹਰੇਕ ਨੇ “ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀ. 14:12) ਪਰ ਲੋੜ ਪੈਣ ਤੇ ਪਿਆਰ ਕਰਨ ਵਾਲਾ ਦੋਸਤ ਆਪਣੇ ਦੋਸਤ ਨੂੰ ਯਹੋਵਾਹ ਦੇ ਅਸੂਲ ਯਾਦ ਕਰਾਵੇਗਾ। (1 ਕੁਰਿੰ. 7:39) ਮਿਸਾਲ ਲਈ, ਤੁਸੀਂ ਕੀ ਕਰੋਗੇ ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡੇ ਕੁਆਰੇ ਦੋਸਤ ਜਾਂ ਸਹੇਲੀ ਦੀਆਂ ਨਜ਼ਦੀਕੀਆਂ ਕੁਝ ਜ਼ਿਆਦਾ ਹੀ ਉਸ ਵਿਅਕਤੀ ਨਾਲ ਵਧ ਰਹੀਆਂ ਹਨ ਜੋ ਗਵਾਹ ਨਹੀਂ ਹੈ? ਕੀ ਆਪਣੀ ਦੋਸਤੀ ਖ਼ਤਮ ਹੋਣ ਦੇ ਡਰੋਂ ਤੁਸੀਂ ਉਸ ਨੂੰ ਕੁਝ ਨਹੀਂ ਕਹੋਗੇ? ਜਾਂ ਤੁਸੀਂ ਕੀ ਕਰੋਗੇ ਜੇ ਤੁਹਾਡਾ ਦੋਸਤ ਤੁਹਾਡੀ ਸਲਾਹ ਨਹੀਂ ਮੰਨਦਾ? ਸੱਚਾ ਦੋਸਤ ਗ਼ਲਤ ਕਦਮ ਚੁੱਕਣ ਵਾਲੇ ਆਪਣੇ ਦੋਸਤ ਦੀ ਮਦਦ ਕਰਨ ਲਈ ਬਜ਼ੁਰਗਾਂ ਦੀ ਮਦਦ ਲਵੇਗਾ। ਇਸ ਤਰ੍ਹਾਂ ਕਰਨ ਲਈ ਹਿੰਮਤ ਚਾਹੀਦੀ ਹੈ। ਪਰ ਜਿਹੜੇ ਦੋਸਤ ਯਹੋਵਾਹ ਨੂੰ ਪਿਆਰ ਕਰਦੇ ਹਨ, ਉਨ੍ਹਾਂ ਦੀ ਦੋਸਤੀ ਨੂੰ ਹਮੇਸ਼ਾ ਲਈ ਕੋਈ ਨੁਕਸਾਨ ਨਹੀਂ ਪਹੁੰਚੇਗਾ।
21. ਕਦੇ-ਕਦੇ ਅਸੀਂ ਸਾਰੇ ਕੀ ਕਰਾਂਗੇ, ਪਰ ਕਲੀਸਿਯਾ ਵਿਚ ਆਪਣੀ ਦੋਸਤੀ ਪੱਕੀ ਕਰਨੀ ਕਿਉਂ ਜ਼ਰੂਰੀ ਹੈ?
21ਕੁਲੁੱਸੀਆਂ 3:13, 14 ਪੜ੍ਹੋ। ਅਸੀਂ ਕਦੀ-ਕਦੀ ਆਪਣੇ ਦੋਸਤਾਂ ਨੂੰ ਅਜਿਹਾ ਕੁਝ ਕਹਿ ਦਿੰਦੇ ਹਾਂ ਜਿਸ ਉੱਤੇ ਉਹ “ਗਿਲਾ” ਕਰਦੇ ਹਨ। ਉਹ ਵੀ ਸ਼ਾਇਦ ਕੁਝ ਅਜਿਹਾ ਕਰਨ ਜਾਂ ਕਹਿਣ ਜਿਸ ਕਰਕੇ ਸਾਨੂੰ ਗੁੱਸਾ ਚੜ੍ਹਦਾ ਹੈ। ਯਾਕੂਬ ਨੇ ਲਿਖਿਆ: “ਸਾਡੇ ਸਭ ਕੋਲੋਂ ਬਾਰ ਬਾਰ ਗਲਤੀ ਹੁੰਦੀ ਹੈ।” (ਯਾਕੂ. 3:2, CL) ਸਾਡੀ ਪੱਕੀ ਦੋਸਤੀ ਦਾ ਸਬੂਤ ਇਸ ਗੱਲ ਤੋਂ ਨਹੀਂ ਮਿਲਦਾ ਕਿ ਅਸੀਂ ਇਕ-ਦੂਜੇ ਦੇ ਖ਼ਿਲਾਫ਼ ਕਿੰਨੀਆਂ ਕੁ ਗ਼ਲਤੀਆਂ ਕਰਦੇ ਹਾਂ, ਪਰ ਇਸ ਗੱਲ ਤੋਂ ਮਿਲਦਾ ਹੈ ਕਿ ਅਸੀਂ ਉਨ੍ਹਾਂ ਗ਼ਲਤੀਆਂ ਨੂੰ ਮਾਫ਼ ਕਰਦੇ ਹਾਂ ਜਾਂ ਨਹੀਂ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੀ ਦੋਸਤੀ ਪੱਕੀ ਕਰਨ ਲਈ ਖੁੱਲ੍ਹ ਕੇ ਗੱਲਬਾਤ ਕਰੀਏ ਅਤੇ ਇਕ-ਦੂਜੇ ਨੂੰ ਪੂਰੀ ਤਰ੍ਹਾਂ ਮਾਫ਼ ਕਰੀਏ! ਜੇ ਅਸੀਂ ਇਸ ਤਰ੍ਹਾਂ ਪਿਆਰ ਜ਼ਾਹਰ ਕਰਾਂਗੇ, ਤਾਂ ਇਹ ਪਿਆਰ “ਸੰਪੂਰਨਤਾਈ ਦਾ ਬੰਧ” ਬਣੇਗਾ।
ਤੁਸੀਂ ਕਿਵੇਂ ਜਵਾਬ ਦਿਓਗੇ?
• ਅਸੀਂ ਚੰਗੇ ਦੋਸਤ ਕਿਵੇਂ ਬਣਾ ਸਕਦੇ ਹਾਂ?
• ਸਾਨੂੰ ਦੋਸਤੀ ਕਦੋਂ ਤੋੜਨੀ ਪੈ ਸਕਦੀ ਹੈ?
• ਆਪਣੀ ਦੋਸਤੀ ਪੱਕੀ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
[ਸਵਾਲ]
[ਸਫ਼ਾ 18 ਉੱਤੇ ਤਸਵੀਰ]
ਰੂਥ ਅਤੇ ਨਾਓਮੀ ਦੀ ਦੋਸਤੀ ਇੰਨੀ ਪੱਕੀ ਕਿਉਂ ਸੀ?
[ਸਫ਼ਾ 19 ਉੱਤੇ ਤਸਵੀਰ]
ਕੀ ਤੁਸੀਂ ਬਾਕਾਇਦਾ ਪਰਾਹੁਣਚਾਰੀ ਕਰਦੇ ਹੋ?