Skip to content

Skip to table of contents

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਬ੍ਰਾਜ਼ੀਲ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਬ੍ਰਾਜ਼ੀਲ

ਕੁਝ ਸਾਲ ਪਹਿਲਾਂ ਰੂਬੀਆ (1) ਨਾਂ ਦੀ ਭੈਣ ਜੋ ਹੁਣ 30 ਸਾਲਾਂ ਦੀ ਹੈ, ਸਾਂਡਰਾ (2) ਨਾਂ ਦੀ ਪਾਇਨੀਅਰ ਭੈਣ ਨੂੰ ਮਿਲਣ ਗਈ। ਸਾਂਡਰਾ ਬ੍ਰਾਜ਼ੀਲ ਦੇ ਦੱਖਣ ਵਿਚ ਇਕ ਛੋਟੀ ਜਿਹੀ ਮੰਡਲੀ ਵਿਚ ਪਾਇਨੀਅਰਿੰਗ ਕਰਦੀ ਸੀ। ਜਦੋਂ ਉਹ ਉੱਥੇ ਸਾਂਡਰਾ ਨੂੰ ਮਿਲਣ ਗਈ, ਤਾਂ ਉੱਥੇ ਕੁਝ ਹੋਇਆ ਜਿਸ ਕਰਕੇ ਉਸ ਦੀ ਜ਼ਿੰਦਗੀ ਹੀ ਬਦਲ ਗਈ। ਕੀ ਹੋਇਆ ਸੀ? ਆਓ ਦੇਖੀਏ ਕਿ ਰੂਬੀਆ ਕੀ ਦੱਸਦੀ ਹੈ।

“ਮੈਨੂੰ ਆਪਣੇ ਕੰਨਾਂ ’ਤੇ ਵਿਸ਼ਵਾਸ ਨਹੀਂ ਹੋਇਆ”

“ਸਾਂਡਰਾ ਮੈਨੂੰ ਇਕ ਔਰਤ ਦੇ ਘਰ ਲੈ ਕੇ ਗਈ ਜਿਸ ਨਾਲ ਉਹ ਸਟੱਡੀ ਕਰਦੀ ਸੀ। ਸਟੱਡੀ ਦੌਰਾਨ ਉਸ ਔਰਤ ਨੇ ਕਿਹਾ: ‘ਸਾਂਡਰਾ, ਕੰਮ ’ਤੇ ਤਿੰਨ ਕੁੜੀਆਂ ਬਾਈਬਲ ਦੀ ਸਟੱਡੀ ਕਰਨੀ ਚਾਹੁੰਦੀਆਂ ਹਨ, ਪਰ ਮੈਂ ਉਨ੍ਹਾਂ ਨੂੰ ਕਹਿ ਦਿੱਤਾ ਕਿ ਉਨ੍ਹਾਂ ਨੂੰ ਇਕ ਸਾਲ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਕ ਸਾਲ ਤਕ ਤੇਰੇ ਕੋਲ ਸਮਾਂ ਨਹੀਂ ਹੈ।’ ਇਹ ਸੁਣ ਕੇ ਮੈਨੂੰ ਆਪਣੇ ਕੰਨਾਂ ’ਤੇ ਵਿਸ਼ਵਾਸ ਨਹੀਂ ਹੋਇਆ ਕਿ ਲੋਕਾਂ ਨੂੰ ਯਹੋਵਾਹ ਬਾਰੇ ਸਿੱਖਣ ਲਈ ਇੰਤਜ਼ਾਰ ਕਰਨਾ ਪੈਂਦਾ! ਮੇਰੀ ਮੰਡਲੀ ਦੇ ਇਲਾਕੇ ਵਿਚ ਇਕ ਵੀ ਸਟੱਡੀ ਲੱਭਣੀ ਬਹੁਤ ਔਖੀ ਸੀ। ਉਸੇ ਸਮੇਂ ਮੇਰੇ ਮਨ ਵਿਚ ਇੱਛਾ ਪੈਦਾ ਹੋਈ ਕਿ ਮੈਂ ਇਸ ਛੋਟੇ ਜਿਹੇ ਕਸਬੇ ਵਿਚ ਆ ਕੇ ਲੋਕਾਂ ਦੀ ਮਦਦ ਕਰਾਂ। ਇਸ ਤੋਂ ਜਲਦੀ ਬਾਅਦ ਮੈਂ ਵੱਡੇ ਸ਼ਹਿਰ ਨੂੰ ਛੱਡ ਕੇ ਇਸ ਜਗ੍ਹਾ ਆ ਗਈ ਜਿੱਥੇ ਸਾਂਡਰਾ ਪਾਇਨੀਅਰਿੰਗ ਕਰ ਰਹੀ ਸੀ।”

ਇੱਦਾਂ ਕਰਨ ਦਾ ਰੂਬੀਆ ਨੂੰ ਕੀ ਫ਼ਾਇਦਾ ਹੋਇਆ? ਉਹ ਦੱਸਦੀ ਹੈ: “ਇੱਥੇ ਆਉਣ ਤੋਂ ਬਾਅਦ ਦੋ ਮਹੀਨਿਆਂ ਦੇ ਅੰਦਰ-ਅੰਦਰ ਮੈਂ 15 ਬਾਈਬਲ ਸਟੱਡੀਆਂ ਕਰਵਾਉਣ ਲੱਗ ਪਈ। ਚਾਹੇ ਤੁਸੀਂ ਮੰਨੋ ਜਾਂ ਨਾ ਮੰਨੋ, ਪਰ ਇੰਨੇ ਸਾਰੇ ਲੋਕ ਸਟੱਡੀ ਕਰਨੀ ਚਾਹੁੰਦੇ ਸਨ ਕਿ ਮੇਰੇ ਕੋਲ ਉਨ੍ਹਾਂ ਸਾਰਿਆਂ ਲਈ ਸਮਾਂ ਨਹੀਂ ਸੀ, ਇਸ ਕਰਕੇ ਮੈਂ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ!”

ਆਪਣੀ ਸੇਵਕਾਈ ਦੇ ਕੰਮ ਦੀ ਜਾਂਚ ਕਰਨ ਲਈ ਪ੍ਰੇਰਿਤ ਹੋਇਆ

ਡਿਏਗੋ (3) ਨਾਂ ਦਾ ਭਰਾ ਜੋ ਹੁਣ 19-20 ਸਾਲਾਂ ਹੈ, ਦੱਖਣੀ ਬ੍ਰਾਜ਼ੀਲ ਦੇ ਇਕ ਛੋਟੇ ਜਿਹੇ ਕਸਬੇ ਪਰੂਡੈਂਟੂਪੌਲਿਸ ਵਿਚ ਦੋ ਪਾਇਨੀਅਰ ਭਰਾਵਾਂ ਨੂੰ ਮਿਲਣ ਗਿਆ। ਉਨ੍ਹਾਂ ਨੂੰ ਮਿਲ ਕੇ ਉਸ ’ਤੇ ਇੰਨਾ ਗਹਿਰਾ ਅਸਰ ਪਿਆ ਕਿ ਉਹ ਆਪਣੇ ਪ੍ਰਚਾਰ ਦੇ ਕੰਮ ਦੀ ਜਾਂਚ ਕਰਨ ਲਈ ਪ੍ਰੇਰਿਤ ਹੋਇਆ। ਉਹ ਦੱਸਦਾ ਹੈ: “ਹਰ ਮਹੀਨੇ ਮੈਂ ਥੋੜ੍ਹਾ-ਬਹੁਤਾ ਪ੍ਰਚਾਰ ਕਰਦਾ ਸੀ। ਪਰ ਉਨ੍ਹਾਂ ਪਾਇਨੀਅਰਾਂ ਨੂੰ ਮਿਲ ਕੇ ਅਤੇ ਉਨ੍ਹਾਂ ਦੇ ਤਜਰਬੇ ਸੁਣ ਕੇ ਇਹ ਗੱਲ ਸਾਫ਼ ਜ਼ਾਹਰ ਹੋ ਗਈ ਕਿ ਮੇਰੇ ਤੋਂ ਉਲਟ ਉਨ੍ਹਾਂ ਨੂੰ ਪ੍ਰਚਾਰ ਦੇ ਕੰਮ ਵਿਚ ਕਿੰਨੀ ਖ਼ੁਸ਼ੀ ਮਿਲ ਰਹੀ ਸੀ। ਜਦੋਂ ਮੈਂ ਉਨ੍ਹਾਂ ਦੀ ਖ਼ੁਸ਼ੀ ਦੇਖੀ, ਤਾਂ ਮੈਂ ਸੋਚਣ ਲੱਗਾ ਕਿ ਕਾਸ਼ ਇਨ੍ਹਾਂ ਵਾਂਗ ਮੇਰੀ ਜ਼ਿੰਦਗੀ ਵਿਚ ਵੀ ਖ਼ੁਸ਼ੀਆਂ ਹੋਣ।” ਉਨ੍ਹਾਂ ਨੂੰ ਮਿਲਣ ਤੋਂ ਬਾਅਦ ਡਿਏਗੋ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਡਿਏਗੋ ਦੀ ਤਰ੍ਹਾਂ ਕੀ ਤੁਸੀਂ ਵੀ ਨੌਜਵਾਨ ਗਵਾਹ ਹੋ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹੋ ਤੇ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਹੋ? ਪਰ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਤੁਹਾਡਾ ਪ੍ਰਚਾਰ ਦਾ ਕੰਮ ਸਿਰਫ਼ ਇਕ ਰੁਟੀਨ ਹੈ ਜਿਸ ਵਿਚ ਤੁਹਾਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ? ਜੇ ਹਾਂ, ਤਾਂ ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕਰ ਕੇ ਉਸ ਜਗ੍ਹਾ ਪ੍ਰਚਾਰ ਕਰਨ ਦਾ ਮਜ਼ਾ ਲੈ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਇਹ ਕੁਦਰਤੀ ਗੱਲ ਹੈ ਕਿ ਸ਼ਾਇਦ ਤੁਹਾਨੂੰ ਆਰਾਮ ਦੀ ਜ਼ਿੰਦਗੀ ਛੱਡਣੀ ਔਖੀ ਲੱਗੇ। ਪਰ ਬਹੁਤ ਸਾਰੇ ਨੌਜਵਾਨਾਂ ਨੇ ਇਸ ਤਰ੍ਹਾਂ ਕੀਤਾ ਹੈ। ਉਨ੍ਹਾਂ ਨੇ ਆਪਣੇ ਟੀਚਿਆਂ ਵਿਚ ਫੇਰ-ਬਦਲ ਕਰ ਕੇ ਤੇ ਆਪਣੀਆਂ ਇੱਛਾਵਾਂ ’ਤੇ ਕਾਬੂ ਰੱਖ ਕੇ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨ ਦਾ ਹੌਸਲਾ ਕੀਤਾ ਹੈ। ਆਓ ਆਪਾਂ ਹੁਣ ਬਰੂਨੋ ਦੀ ਮਿਸਾਲ ’ਤੇ ਗੌਰ ਕਰੀਏ।

ਉਸਤਾਦ ਜਾਂ ਸੇਵਕ?

ਕੁਝ ਸਾਲ ਪਹਿਲਾਂ ਬਰੂਨੋ (4), ਜਿਸ ਦੀ ਉਮਰ ਹੁਣ 28 ਸਾਲ ਦੀ ਹੈ, ਇਕ ਮਸ਼ਹੂਰ ਸੰਗੀਤ ਸਕੂਲ ਦਾ ਵਿਦਿਆਰਥੀ ਸੀ। ਉਸ ਦਾ ਟੀਚਾ ਸੀ ਕਿ ਉਹ ਸੰਗੀਤ ਦਾ ਉਸਤਾਦ ਬਣੇ। ਅਸਲ ਵਿਚ ਉਹ ਸੰਗੀਤ ਵਿਚ ਇੰਨਾ ਮਾਹਰ ਬਣ ਗਿਆ ਕਿ ਉਸ ਨੂੰ ਕਈ ਮੌਕਿਆਂ ’ਤੇ ਸਿੰਫਨੀ ਆਰਕੈਸਟਰਾ ਦੀ ਅਗਵਾਈ ਕਰਨ ਲਈ ਬੁਲਾਇਆ ਗਿਆ। ਉਹ ਆਪਣੇ ਕੈਰੀਅਰ ਵਿਚ ਅੱਗੇ ਵਧ ਰਿਹਾ ਸੀ। ਬਰੂਨੋ ਕਹਿੰਦਾ ਹੈ: “ਪਰ ਅਜੇ ਵੀ ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਵਿਚ ਕੁਝ ਖਾਲੀਪਣ ਸੀ। ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕੀਤੀ ਹੋਈ ਸੀ। ਪਰ ਮੈਨੂੰ ਪਤਾ ਸੀ ਕਿ ਮੈਂ ਉਸ ਦੀ ਸੇਵਾ ਜੀ-ਜਾਨ ਨਾਲ ਨਹੀਂ ਕਰ ਰਿਹਾ ਸੀ ਤੇ ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ। ਮੈਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੇ ਮਨ ਦੀਆਂ ਗੱਲਾਂ ਦੱਸੀਆਂ ਤੇ ਮੰਡਲੀ ਦੇ ਭਰਾਵਾਂ ਨਾਲ ਵੀ ਗੱਲ ਕੀਤੀ। ਗੰਭੀਰਤਾ ਨਾਲ ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਸੰਗੀਤ ਦੀ ਬਜਾਇ ਮੈਂ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਵਾਂਗਾ। ਮੈਂ ਸੰਗੀਤ ਸਕੂਲ ਛੱਡ ਦਿੱਤਾ ਤੇ ਉਸ ਜਗ੍ਹਾ ਪ੍ਰਚਾਰ ਕਰਨ ਚਲਾ ਗਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ।” ਇਸ ਫ਼ੈਸਲੇ ਦੇ ਨਤੀਜੇ ਕੀ ਨਿਕਲੇ?

ਬਰੂਨੋ ਸਾਓ ਪੌਲੋ ਸ਼ਹਿਰ ਤੋਂ 260 ਕਿਲੋਮੀਟਰ (160 ਮੀਲ) ਦੂਰ ਇਕ ਕਸਬੇ ਗੋਪਿਆਰਾ (ਜਨਸੰਖਿਆ ਲਗਭਗ 7,000) ਵਿਚ ਚਲਾ ਗਿਆ। ਇਹ ਬਹੁਤ ਵੱਡੀ ਤਬਦੀਲੀ ਸੀ। ਉਹ ਦੱਸਦਾ ਹੈ: “ਮੈਂ ਜਿਸ ਘਰ ਵਿਚ ਰਹਿਣ ਗਿਆ, ਉੱਥੇ ਫਰਿੱਜ, ਟੀ. ਵੀ. ਤੇ ਇੰਟਰਨੈੱਟ ਨਹੀਂ ਸੀ। ਪਰ ਉਸ ਘਰ ਵਿਚ ਅਜਿਹੀਆਂ ਚੀਜ਼ਾਂ ਵੀ ਸਨ ਜੋ ਮੇਰੇ ਕੋਲ ਪਹਿਲਾਂ ਨਹੀਂ ਸਨ ਜਿਵੇਂ ਉੱਥੇ ਸਬਜ਼ੀਆਂ ਤੇ ਫਲ ਉਗਾਉਣ ਲਈ ਜਗ੍ਹਾ ਸੀ!” ਉਹ ਉੱਥੇ ਛੋਟੀ ਮੰਡਲੀ ਨਾਲ ਸੇਵਾ ਕਰਨ ਲੱਗ ਪਿਆ। ਉਹ ਹਫ਼ਤੇ ਵਿਚ ਇਕ ਵਾਰ ਆਪਣੇ ਝੋਲ਼ੇ ਵਿਚ ਖਾਣ-ਪੀਣ ਦੀਆਂ ਚੀਜ਼ਾਂ ਤੇ ਬੈੱਗ ਵਿਚ ਪ੍ਰਕਾਸ਼ਨ ਪਾ ਕੇ ਮੋਟਰ-ਸਾਈਕਲ ’ਤੇ ਪਿੰਡਾਂ ਵਿਚ ਪ੍ਰਚਾਰ ਕਰਨ ਚਲਾ ਜਾਂਦਾ ਸੀ। ਉਸ ਇਲਾਕੇ ਦੇ ਕਈ ਲੋਕਾਂ ਨੇ ਪਹਿਲਾਂ ਕਦੇ ਖ਼ੁਸ਼ ਖ਼ਬਰੀ ਨਹੀਂ ਸੁਣੀ ਸੀ। ਉਹ ਦੱਸਦਾ ਹੈ: “ਮੈਂ 18 ਬਾਈਬਲ ਸਟੱਡੀਆਂ ਕਰਵਾਉਂਦਾ ਸੀ। ਸਟੱਡੀ ਕਰਨ ਵਾਲੇ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਦਿਆਂ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਸੀ।” ਉਹ ਅੱਗੇ ਦੱਸਦਾ ਹੈ: “ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਹੁਣ ਮੇਰੀ ਜ਼ਿੰਦਗੀ ਦਾ ਖਾਲੀਪਣ ਦੂਰ ਹੋ ਗਿਆ ਸੀ। ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇ ਕੇ ਮੇਰੀ ਜ਼ਿੰਦਗੀ ਵਿਚ ਖ਼ੁਸ਼ੀਆਂ ਸਨ। ਮੈਨੂੰ ਇਹ ਖ਼ੁਸ਼ੀ ਕਦੇ ਨਾ ਮਿਲਦੀ ਜੇ ਮੈਂ ਆਪਣੇ ਕੈਰੀਅਰ ਪਿੱਛੇ ਭੱਜਦਾ ਰਹਿੰਦਾ।” ਬਰੂਨੋ ਨੇ ਗੋਪਿਆਰਾ ਵਿਚ ਆਪਣਾ ਖ਼ਰਚਾ ਕਿੱਦਾਂ ਚਲਾਇਆ? ਉਹ ਮੁਸਕਰਾਉਂਦਾ ਹੋਇਆ ਦੱਸਦਾ ਹੈ: “ਮੈਂ ਗਿਟਾਰ ਸਿਖਾਉਂਦਾ ਸੀ।” ਸੋ ਉਹ ਅਜੇ ਵੀ ਸੰਗੀਤ ਦਾ ਉਸਤਾਦ ਸੀ।

“ਮੈਨੂੰ ਉੱਥੇ ਰਹਿਣਾ ਹੀ ਪਿਆ”

ਮੇਰੀਆਨਾ (5) ਦੀ ਉਮਰ ਹੁਣ 28 ਕੁ ਸਾਲਾਂ ਦੀ ਹੈ। ਪਹਿਲਾਂ ਉਸ ਦੀ ਹਾਲਤ ਵੀ ਬਰੂਨੋ ਵਰਗੀ ਸੀ। ਉਹ ਵਕੀਲ ਸੀ, ਪਰ ਵਧੀਆ ਨੌਕਰੀ ਹੋਣ ਕਰਕੇ ਵੀ ਉਹ ਖ਼ੁਸ਼ ਨਹੀਂ ਸੀ। ਉਹ ਕਹਿੰਦੀ ਹੈ: “ਮੈਨੂੰ ਲੱਗਦਾ ਸੀ ਜਿਵੇਂ ਮੈਂ ‘ਹਵਾ ਨੂੰ ਫੜ’ ਰਹੀ ਹੋਵਾਂ।” (ਉਪ. 1:17, CL) ਕੁਝ ਭੈਣਾਂ-ਭਰਾਵਾਂ ਨੇ ਉਸ ਨੂੰ ਪਾਇਨੀਅਰਿੰਗ ਕਰਨ ਬਾਰੇ ਸੋਚਣ ਲਈ ਕਿਹਾ। ਇਸ ’ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਉਸ ਨੇ ਆਪਣੀਆਂ ਸਹੇਲੀਆਂ ਬਿਆਂਕਾ (6) ਕੈਰੋਲੀਨ (7) ਤੇ ਜੂਲੀਆਨਾ (8) ਨਾਲ ਬੋਲੀਵੀਆ ਦੇ ਨੇੜੇ ਇਕ ਦੂਰ-ਦੁਰਾਡੇ ਕਸਬੇ ਬਾਹਾ ਡੂ ਬੂਗਰੇਸ ਦੀ ਇਕ ਮੰਡਲੀ ਵਿਚ ਜਾਣ ਦਾ ਫ਼ੈਸਲਾ ਕੀਤਾ। ਇਹ ਇਲਾਕਾ ਉਨ੍ਹਾਂ ਦੇ ਘਰ ਤੋਂ ਹਜ਼ਾਰਾਂ ਮੀਲ ਦੂਰ ਸੀ। ਫਿਰ ਕੀ ਹੋਇਆ?

ਮੇਰੀਆਨਾ ਦੱਸਦੀ ਹੈ: “ਮੇਰਾ ਇਰਾਦਾ ਉੱਥੇ ਤਿੰਨ ਮਹੀਨੇ ਰਹਿਣ ਦਾ ਸੀ। ਪਰ ਜਦੋਂ ਤਿੰਨ ਮਹੀਨੇ ਖ਼ਤਮ ਹੋਣ ਵਾਲੇ ਸਨ, ਤਾਂ ਉਸ ਸਮੇਂ ਮੈਂ 15 ਬਾਈਬਲ ਸਟੱਡੀਆਂ ਕਰਵਾਉਂਦੀ ਸੀ! ਉਨ੍ਹਾਂ ਲੋਕਾਂ ਨੂੰ ਸੱਚਾਈ ਵਿਚ ਤਰੱਕੀ ਕਰਨ ਲਈ ਮਦਦ ਦੀ ਲੋੜ ਸੀ। ਇਸ ਲਈ ਮੈਂ ਇਹ ਗੱਲ ਕਹਿਣ ਦੀ ਹਿੰਮਤ ਨਹੀਂ ਜੁਟਾ ਪਾਈ ਕਿ ਮੈਂ ਵਾਪਸ ਜਾ ਰਹੀ ਹਾਂ। ਮੈਨੂੰ ਉੱਥੇ ਰਹਿਣਾ ਹੀ ਪਿਆ।” ਇਨ੍ਹਾਂ ਚਾਰਾਂ ਭੈਣਾਂ ਨੇ ਉੱਥੇ ਰਹਿਣ ਦਾ ਫ਼ੈਸਲਾ ਕੀਤਾ। ਮੇਰੀਆਨਾ ਹੁਣ ਆਪਣੀ ਜ਼ਿੰਦਗੀ ਤੋਂ ਖ਼ੁਸ਼ ਹੈ। ਉਹ ਕਹਿੰਦੀ ਹੈ: “ਮੈਨੂੰ ਚੰਗਾ ਲੱਗਦਾ ਹੈ ਕਿ ਯਹੋਵਾਹ ਲੋਕਾਂ ਨੂੰ ਆਪਣੇ ਰਾਹਾਂ ਬਾਰੇ ਸਿਖਾਉਣ ਲਈ ਮੈਨੂੰ ਵਰਤਦਾ ਹੈ। ਮੈਂ ਹੁਣ ਆਪਣਾ ਸਮਾਂ ਤੇ ਤਾਕਤ ਕੁਝ ਚੰਗਾ ਕੰਮ ਕਰਨ ਵਿਚ ਲਗਾਉਂਦੀ ਹਾਂ।” ਕੈਰੋਲੀਨ ਦੱਸਦੀ ਹੈ ਕਿ ਉਹ ਚਾਰੇ ਜਣੀਆਂ ਇੱਥੇ ਯਹੋਵਾਹ ਦੀ ਸੇਵਾ ਕਰ ਕੇ ਕਿੱਦਾਂ ਮਹਿਸੂਸ ਕਰਦੀਆਂ ਹਨ। ਉਹ ਕਹਿੰਦੀ ਹੈ: “ਰਾਤ ਨੂੰ ਸੌਣ ਵੇਲੇ ਮੈਨੂੰ ਖ਼ੁਸ਼ੀ ਹੁੰਦੀ ਹੈ ਕਿ ਮੈਂ ਜੀ-ਜਾਨ ਨਾਲ ਪਰਮੇਸ਼ੁਰ ਦੇ ਕੰਮ ਕੀਤੇ ਹਨ। ਮੈਂ ਆਪਣਾ ਪੂਰਾ ਧਿਆਨ ਇਸ ਗੱਲ ਵੱਲ ਲਾਉਂਦੀ ਹਾਂ ਕਿ ਮੈਂ ਬਾਈਬਲ ਸਟੱਡੀਆਂ ਦੀ ਕਿੱਦਾਂ ਮਦਦ ਕਰ ਸਕਦੀ ਹਾਂ। ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰਦਿਆਂ ਦੇਖ ਕੇ ਮੇਰਾ ਦਿਲ ਖ਼ੁਸ਼ ਹੁੰਦਾ ਹੈ। ਮੈਂ ਇਨ੍ਹਾਂ ਸ਼ਬਦਾਂ ਦੀ ਸੱਚਾਈ ਦੇਖੀ ਹੈ: ‘ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ।’”—ਜ਼ਬੂ. 34:8.

ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਭੈਣ-ਭਰਾਵਾਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ ਦੇਖ ਕੇ ਯਹੋਵਾਹ ਕਿੰਨਾ ਖ਼ੁਸ਼ ਹੁੰਦਾ ਹੋਣਾ! ਉਹ ਆਪਣੇ ਆਪ ਨੂੰ “ਖੁਸ਼ੀ ਨਾਲ ਪੇਸ਼ ਕਰਦੇ ਹਨ।” (ਜ਼ਬੂ. 110:3; ਕਹਾ. 27:11) ਇਸ ਤਰ੍ਹਾਂ ਖ਼ੁਸ਼ੀ ਨਾਲ ਪ੍ਰਚਾਰ ਦਾ ਕੰਮ ਕਰਨ ਵਾਲਿਆਂ ਨੂੰ ਯਹੋਵਾਹ ਢੇਰ ਸਾਰੀਆਂ ਬਰਕਤਾਂ ਦਿੰਦਾ ਹੈ।—ਕਹਾ. 10:22.