“ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੋ”
“ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੋ, ਨਾ ਕਿ ਦੁਨਿਆਵੀ ਗੱਲਾਂ ਉੱਤੇ।”
1, 2. (ੳ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਵਿਚ ਕੁਲੁੱਸੈ ਦੀ ਮੰਡਲੀ ਨੂੰ ਖ਼ਤਰਾ ਸੀ? (ਅ) ਕੁਲੁੱਸੈ ਦੇ ਭੈਣਾਂ-ਭਰਾਵਾਂ ਨੂੰ ਵਫ਼ਾਦਾਰ ਰਹਿਣ ਲਈ ਕਿਹੜੀ ਸਲਾਹ ਦਿੱਤੀ ਗਈ ਸੀ?
ਪਹਿਲੀ ਸਦੀ ਵਿਚ ਕੁਲੁੱਸੈ ਦੀ ਮੰਡਲੀ ਦੀ ਏਕਤਾ ਖ਼ਤਰੇ ਵਿਚ ਸੀ। ਮੰਡਲੀ ਦੇ ਕੁਝ ਮੈਂਬਰ ਇਹ ਕਹਿ ਕੇ ਫੁੱਟ ਪਾ ਰਹੇ ਸਨ ਕਿ ਸਾਰਿਆਂ ਨੂੰ ਮੂਸਾ ਦੇ ਕਾਨੂੰਨ ’ਤੇ ਚੱਲਣਾ ਚਾਹੀਦਾ ਹੈ। ਕੁਝ ਹੋਰ ਮੈਂਬਰ ਦੂਸਰੇ ਧਰਮਾਂ ਦਾ ਫ਼ਲਸਫ਼ਾ ਫੈਲਾ ਰਹੇ ਸਨ ਕਿ ਉਨ੍ਹਾਂ ਨੂੰ ਮੋਹ-ਮਾਇਆ ਦਾ ਤਿਆਗ ਕਰ ਕੇ ਸੰਨਿਆਸੀ ਬਣ ਜਾਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਕੁਲੁੱਸੈ ਦੇ ਭੈਣਾਂ-ਭਰਾਵਾਂ ਨੂੰ ਇਕ ਚਿੱਠੀ ਲਿਖ ਕੇ ਇਨ੍ਹਾਂ ਝੂਠੀਆਂ ਸਿੱਖਿਆਵਾਂ ਬਾਰੇ ਇਹ ਚੇਤਾਵਨੀ ਦਿੱਤੀ ਸੀ: “ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਵਿਚ ਫਸਾ ਨਾ ਲਵੇ। ਇਹ ਗਿਆਨ ਅਤੇ ਗੱਲਾਂ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ, ਨਾ ਕਿ ਮਸੀਹ ਦੀਆਂ ਸਿੱਖਿਆਵਾਂ ਉੱਤੇ।”
2 ਜੇ ਉਹ ਚੁਣੇ ਹੋਏ ਮਸੀਹੀ ਆਪਣਾ ਧਿਆਨ “ਦੁਨੀਆਂ ਦੇ ਬੁਨਿਆਦੀ ਅਸੂਲਾਂ” ’ਤੇ ਲਾਈ ਰੱਖਦੇ, ਤਾਂ ਇਸ ਦਾ ਮਤਲਬ ਸੀ ਕਿ ਉਹ ਯਹੋਵਾਹ ਦੇ ਪੁੱਤਰ ਬਣਨ ਦੇ ਸਨਮਾਨ ਨੂੰ ਠੁਕਰਾ ਰਹੇ ਸਨ। (ਕੁਲੁ. 2:20-23) ਪੌਲੁਸ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਪਰਮੇਸ਼ੁਰ ਨਾਲ ਆਪਣੇ ਕੀਮਤੀ ਰਿਸ਼ਤੇ ਨੂੰ ਬਣਾਈ ਰੱਖਣ ਲਈ ‘ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖਣ, ਨਾ ਕਿ ਦੁਨਿਆਵੀ ਗੱਲਾਂ ਉੱਤੇ।’ (ਕੁਲੁ. 3:2) ਜੀ ਹਾਂ, ਮਸੀਹ ਦੇ ਭਰਾਵਾਂ ਨੂੰ ਆਪਣਾ ਧਿਆਨ ‘ਸਵਰਗ ਵਿਚ ਰੱਖੇ’ ਗਏ ਇਨਾਮ ਉੱਤੇ ਲਾਈ ਰੱਖਣ ਦੀ ਲੋੜ ਸੀ ਜੋ ਹਮੇਸ਼ਾ ਰਹੇਗਾ।
3. (ੳ) ਚੁਣੇ ਹੋਏ ਮਸੀਹੀ ਆਪਣਾ ਧਿਆਨ ਕਿਹੜੀ ਉਮੀਦ ਉੱਤੇ ਲਾਈ ਰੱਖਦੇ ਹਨ? (ਅ) ਇਸ ਲੇਖ ਵਿਚ ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?
3 ਅੱਜ ਵੀ ਚੁਣੇ ਹੋਏ ਮਸੀਹੀਆਂ ਨੂੰ ਆਪਣਾ ਧਿਆਨ ਪਰਮੇਸ਼ੁਰ ਦੇ ਸਵਰਗੀ ਰਾਜ ਅਤੇ “ਮਸੀਹ ਨਾਲ ਸਾਂਝੇ ਵਾਰਸ” ਬਣਨ ਦੀ ਉਮੀਦ ਉੱਤੇ ਲਾਈ ਰੱਖਣ ਦੀ ਲੋੜ ਹੈ। (ਰੋਮੀ. 8:14-17) ਪਰ ਉਨ੍ਹਾਂ ਬਾਰੇ ਕੀ ਜਿਨ੍ਹਾਂ ਦੀ ਉਮੀਦ ਧਰਤੀ ਉੱਤੇ ਰਹਿਣ ਦੀ ਹੈ? ਪੌਲੁਸ ਦੇ ਸ਼ਬਦ ਉਨ੍ਹਾਂ ਲਈ ਕੀ ਮਾਅਨੇ ਰੱਖਦੇ ਹਨ? “ਹੋਰ ਭੇਡਾਂ” ਕਿਸ ਤਰ੍ਹਾਂ ਆਪਣਾ ਧਿਆਨ “ਸਵਰਗੀ ਗੱਲਾਂ” ’ਤੇ ਲਾਈ ਰੱਖ ਸਕਦੀਆਂ ਹਨ? (ਯੂਹੰ. 10:16) ਅਬਰਾਹਾਮ ਅਤੇ ਮੂਸਾ ਵਰਗੇ ਵਫ਼ਾਦਾਰ ਆਦਮੀਆਂ ਨੇ ਮੁਸ਼ਕਲਾਂ ਦੇ ਬਾਵਜੂਦ ਆਪਣਾ ਧਿਆਨ ਸਵਰਗੀ ਗੱਲਾਂ ਉੱਤੇ ਲਾਈ ਰੱਖਿਆ। ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?
ਸਵਰਗੀ ਗੱਲਾਂ ਉੱਤੇ ਧਿਆਨ ਲਾਈ ਰੱਖਣ ਦਾ ਮਤਲਬ
4. ਹੋਰ ਭੇਡਾਂ ਆਪਣਾ ਧਿਆਨ ਸਵਰਗੀ ਗੱਲਾਂ ’ਤੇ ਕਿਵੇਂ ਲਾਈ ਰੱਖ ਸਕਦੀਆਂ ਹਨ?
4 ਭਾਵੇਂ ਕਿ ਹੋਰਨਾਂ ਭੇਡਾਂ ਨੂੰ ਸਵਰਗ ਜਾਣ ਦੀ ਉਮੀਦ ਨਹੀਂ ਹੈ, ਪਰ ਉਹ ਵੀ ਆਪਣਾ ਧਿਆਨ ਸਵਰਗੀ ਗੱਲਾਂ ’ਤੇ ਲਾਈ ਰੱਖ ਸਕਦੇ ਹਨ। ਕਿਵੇਂ? ਆਪਣੀ ਜ਼ਿੰਦਗੀ ਵਿਚ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਰਾਜ ਦੇ ਕੰਮਾਂ ਨੂੰ ਪਹਿਲ ਦੇ ਕੇ। (ਲੂਕਾ 10:25-27) ਇਸ ਤਰ੍ਹਾਂ ਕਰਨ ਲਈ ਸਾਨੂੰ ਮਸੀਹ ਦੇ ਨਕਸ਼ੇ-ਕਦਮਾਂ ਉੱਤੇ ਚੱਲਣ ਦੀ ਲੋੜ ਹੈ। (1 ਪਤ. 2:21) ਸ਼ੈਤਾਨ ਦੀ ਦੁਨੀਆਂ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਡੇ ’ਤੇ ਵੀ ਗ਼ਲਤ ਦਲੀਲਾਂ ਤੇ ਫ਼ਲਸਫ਼ਿਆ ਨੂੰ ਮੰਨਣ ਅਤੇ ਧਨ-ਦੌਲਤ ਇਕੱਠਾ ਕਰਨ ਦਾ ਦਬਾਅ ਪਾਉਂਦੀ ਹੈ। (2 ਕੁਰਿੰਥੀਆਂ 10:5 ਪੜ੍ਹੋ।) ਯਿਸੂ ਦੇ ਚੇਲੇ ਹੋਣ ਕਰਕੇ ਸਾਨੂੰ ਵੀ ਉਨ੍ਹਾਂ ਗੱਲਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ ਜਿਨ੍ਹਾਂ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ।
5. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਧਨ-ਦੌਲਤ ਬਾਰੇ ਸਾਡਾ ਨਜ਼ਰੀਆ ਕੀ ਹੈ?
5 ਕੀ ਧਨ-ਦੌਲਤ ਇਕੱਠਾ ਕਰਨ ਬਾਰੇ ਦੁਨੀਆਂ ਦੀ ਸੋਚ ਸਾਡੇ ’ਤੇ ਹਾਵੀ ਹੋ ਰਹੀ ਹੈ? ਸਾਡੀ ਸੋਚ ਤੇ ਕੰਮਾਂ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਕਿਨ੍ਹਾਂ ਚੀਜ਼ਾਂ ਨੂੰ ਪਿਆਰ ਕਰਦੇ ਹਾਂ। ਯਿਸੂ ਨੇ ਕਿਹਾ ਸੀ: “ਜਿੱਥੇ ਤੇਰਾ ਧਨ ਹੈ ਉੱਥੇ ਹੀ ਤੇਰਾ ਮਨ ਹੈ।” (ਮੱਤੀ 6:21) ਇਹ ਦੇਖਣ ਲਈ ਕਿ ਸਾਡਾ ਦਿਲ ਕਿਤੇ ਕੁਰਾਹੇ ਤਾਂ ਨਹੀਂ ਪੈ ਰਿਹਾ, ਸਾਨੂੰ ਸਮੇਂ-ਸਮੇਂ ਤੇ ਆਪਣੀ ਜਾਂਚ ਕਰਨੀ ਚਾਹੀਦੀ ਹੈ। ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਪੈਸੇ ਬਾਰੇ ਹੀ ਸੋਚਦਾ ਰਹਿੰਦਾ ਹੈ? ਕੀ ਮੈਂ ਅਮੀਰ ਬਣਨ ਜਾਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਦੇ ਸੁਪਨੇ ਲੈਂਦਾ ਰਹਿੰਦਾ ਹਾਂ? ਜਾਂ ਕੀ ਮੈਂ ਯਹੋਵਾਹ ਨਾਲ ਆਪਣੇ ਰਿਸ਼ਤੇ ਉੱਤੇ ਧਿਆਨ ਲਾਈ ਰੱਖਣ ਲਈ ਆਪਣੀ ਜ਼ਿੰਦਗੀ ਸਾਦੀ ਰੱਖਣ ਦੀ ਕੋਸ਼ਿਸ਼ ਕਰਦਾ ਹਾਂ?’ (ਮੱਤੀ 6:22) ਯਿਸੂ ਨੇ ਕਿਹਾ ਸੀ ਕਿ ਜਿਹੜੇ ਲੋਕ ‘ਧਰਤੀ ਉੱਤੇ ਆਪਣੇ ਲਈ ਧਨ ਜੋੜਨ’ ਵੱਲ ਧਿਆਨ ਲਾਉਂਦੇ ਹਨ, ਉਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਦਾਅ ’ਤੇ ਲਾ ਦਿੰਦੇ ਹਨ।
6. ਅਸੀਂ ਆਪਣੀਆਂ ਪਾਪੀ ਇੱਛਾਵਾਂ ਉੱਤੇ ਕਿਵੇਂ ਜਿੱਤ ਪ੍ਰਾਪਤ ਕਰ ਸਕਦੇ ਹਾਂ?
6 ਪਾਪੀ ਹੋਣ ਕਾਰਨ ਸਾਡਾ ਅਕਸਰ ਉਨ੍ਹਾਂ ਕੰਮਾਂ ਵੱਲ ਝੁਕਾਅ ਹੁੰਦਾ ਹੈ ਜੋ ਸਾਨੂੰ ਚੰਗੇ ਲੱਗਦੇ ਹਨ। (ਰੋਮੀਆਂ 7:21-25 ਪੜ੍ਹੋ।) ਜੇ ਅਸੀਂ ਪਵਿੱਤਰ ਸ਼ਕਤੀ ਦੀ ਸੇਧ ਵਿਚ ਨਹੀਂ ਚੱਲਦੇ, ਤਾਂ ਅਸੀਂ ਸ਼ਾਇਦ ‘ਹਨੇਰੇ ਦੇ ਕੰਮਾਂ’ ਵਿਚ ਪੈ ਜਾਈਏ ਜਿਵੇਂ ਕਿ ‘ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ, ਸ਼ਰਾਬੀ ਹੋਣਾ, ਦੂਜਿਆਂ ਨਾਲ ਨਾਜਾਇਜ਼ ਸਰੀਰਕ ਸੰਬੰਧ ਰੱਖਣੇ ਤੇ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨੇ।’ (ਰੋਮੀ. 13:12, 13) ਸਾਨੂੰ “ਦੁਨਿਆਵੀ ਗੱਲਾਂ” ਯਾਨੀ ਆਪਣੀਆਂ ਪਾਪੀ ਇੱਛਾਵਾਂ ਨਾਲ ਲੜਦੇ ਰਹਿਣ ਦੀ ਲੋੜ ਹੈ। ਇਨ੍ਹਾਂ ਉੱਤੇ ਜਿੱਤ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੀਏ। ਇਸੇ ਲਈ ਪੌਲੁਸ ਰਸੂਲ ਨੇ ਕਿਹਾ ਸੀ: “ਮੈਂ ਆਪਣੇ ਸਰੀਰ ਨੂੰ ਮਾਰ-ਕੁੱਟ ਕੇ ਇਸ ਨੂੰ ਆਪਣਾ ਗ਼ੁਲਾਮ ਬਣਾਉਂਦਾ ਹਾਂ।” (1 ਕੁਰਿੰ. 9:27) ਇਹ ਗੱਲ ਸਾਫ਼ ਹੈ ਕਿ ਜ਼ਿੰਦਗੀ ਦੀ ਦੌੜ ਵਿਚ ਦੌੜਦੇ ਰਹਿਣ ਲਈ ਸਾਨੂੰ ਆਪਣੇ ਨਾਲ ਸਖ਼ਤੀ ਵਰਤਣ ਦੀ ਲੋੜ ਹੈ! ਆਓ ਆਪਾਂ ਦੇਖੀਏ ਕਿ ਦੋ ਵਫ਼ਾਦਾਰ ਆਦਮੀਆਂ ਨੇ ‘ਪਰਮੇਸ਼ੁਰ ਨੂੰ ਖ਼ੁਸ਼ ਕਰਨ’ ਲਈ ਕੀ ਕੀਤਾ ਸੀ।
ਅਬਰਾਹਾਮ ਨੇ “ਯਹੋਵਾਹ ਦੀ ਪਰਤੀਤ ਕੀਤੀ”
7, 8. (ੳ) ਅਬਰਾਹਾਮ ਤੇ ਸਾਰਾਹ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ? (ਅ) ਅਬਰਾਹਾਮ ਨੇ ਆਪਣਾ ਧਿਆਨ ਕਿਸ ਗੱਲ ’ਤੇ ਲਾਈ ਰੱਖਿਆ?
7 ਜਦੋਂ ਯਹੋਵਾਹ ਨੇ ਅਬਰਾਹਾਮ ਤੇ ਉਸ ਦੇ ਪਰਿਵਾਰ ਨੂੰ ਕਨਾਨ ਦੇਸ਼ ਨੂੰ ਜਾਣ ਲਈ ਕਿਹਾ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਰਾਜ਼ੀ ਹੋ ਗਏ। ਅਬਰਾਹਾਮ ਦੀ ਨਿਹਚਾ ਅਤੇ ਆਗਿਆਕਾਰੀ ਦੇਖ ਕੇ ਯਹੋਵਾਹ ਨੇ ਉਸ ਨਾਲ ਇਕਰਾਰ ਕਰਦਿਆਂ ਕਿਹਾ: “ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ।” (ਉਤ. 12:2) ਪਰ ਅਬਰਾਹਾਮ ਤੇ ਸਾਰਾਹ ਕਈ ਸਾਲ ਬੇਔਲਾਦ ਰਹੇ। ਕੀ ਯਹੋਵਾਹ ਅਬਰਾਹਾਮ ਨਾਲ ਕੀਤਾ ਆਪਣਾ ਵਾਅਦਾ ਭੁੱਲ ਗਿਆ ਸੀ? ਇਸ ਤੋਂ ਇਲਾਵਾ ਕਨਾਨ ਵਿਚ ਜ਼ਿੰਦਗੀ ਕੱਟਣੀ ਕਿਹੜਾ ਸੌਖੀ ਸੀ। ਅਬਰਾਹਾਮ ਤੇ ਉਸ ਦਾ ਪਰਿਵਾਰ ਮੈਸੋਪੋਟਾਮੀਆ ਦੇ ਅਮੀਰ ਸ਼ਹਿਰ ਊਰ ਵਿਚ ਆਪਣਾ ਘਰ-ਬਾਰ ਤੇ ਰਿਸ਼ਤੇਦਾਰ ਛੱਡ ਕੇ ਆਏ ਸਨ। ਕਨਾਨ ਪਹੁੰਚਣ ਲਈ ਉਨ੍ਹਾਂ ਨੇ 1600 ਕਿਲੋਮੀਟਰ (1,000 ਮੀਲ) ਸਫ਼ਰ ਤੈਅ ਕੀਤਾ ਸੀ ਜਿੱਥੇ ਉਹ ਤੰਬੂਆਂ ਵਿਚ ਰਹੇ, ਕਾਲ਼ ਦੀ ਮਾਰ ਝੱਲੀ ਤੇ ਉਨ੍ਹਾਂ ਦਾ ਡਾਕੂਆਂ ਨਾਲ ਵੀ ਵਾਹ ਪਿਆ। (ਉਤ. 12:5, 10; 13:18; 14:10-16) ਇਸ ਦੇ ਬਾਵਜੂਦ, ਉਨ੍ਹਾਂ ਦੀ ਊਰ ਸ਼ਹਿਰ ਵਾਪਸ ਜਾ ਕੇ ਆਰਾਮ ਦੀ ਜ਼ਿੰਦਗੀ ਜੀਉਣ ਦੀ ਕੋਈ ਤਮੰਨਾ ਨਹੀਂ ਸੀ।
8 “ਦੁਨਿਆਵੀ ਗੱਲਾਂ” ਉੱਤੇ ਧਿਆਨ ਲਾਉਣ ਦੀ ਬਜਾਇ ਅਬਰਾਹਾਮ ਨੇ “ਯਹੋਵਾਹ ਦੀ ਪਰਤੀਤ ਕੀਤੀ।” (ਉਤ. 15:6) ਜੀ ਹਾਂ, ਉਸ ਨੇ ਸਵਰਗੀ ਗੱਲਾਂ ’ਤੇ ਆਪਣਾ ਧਿਆਨ ਲਾਈ ਰੱਖਿਆ ਯਾਨੀ ਉਹ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਸੋਚਦਾ ਰਿਹਾ। ਨਤੀਜੇ ਵਜੋਂ, ਅੱਤ ਮਹਾਨ ਪਰਮੇਸ਼ੁਰ ਨੇ ਅਬਰਾਹਾਮ ਦੀ ਨਿਹਚਾ ਕਰਕੇ ਉਸ ਨੂੰ ਕਿਹਾ: “ਅਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ ਜੇ ਤੂੰ ਉਨ੍ਹਾਂ ਨੂੰ ਗਿਣ ਸੱਕੇਂ, ਫੇਰ ਉਸ ਨੇ ਉਹ ਨੂੰ ਆਖਿਆ ਐਂਨੀ ਹੀ ਤੇਰੀ ਅੰਸ ਹੋਵੇਗੀ।” (ਉਤ. 15:5) ਇਹ ਸੁਣ ਕੇ ਅਬਰਾਹਾਮ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ! ਜਦੋਂ ਵੀ ਅਬਰਾਹਾਮ ਤਾਰਿਆਂ ਵੱਲ ਦੇਖਦਾ ਹੋਣਾ, ਤਾਂ ਉਸ ਨੂੰ ਯਹੋਵਾਹ ਦਾ ਵਾਅਦਾ ਯਾਦ ਆਉਂਦਾ ਹੋਣਾ ਕਿ ਉਸ ਦੀ ਸੰਤਾਨ ਕਿੰਨੀ ਹੋਵੇਗੀ। ਪਰਮੇਸ਼ੁਰ ਨੇ ਆਪਣੇ ਵਾਅਦੇ ਮੁਤਾਬਕ ਸਮਾਂ ਆਉਣ ਤੇ ਅਬਰਾਹਾਮ ਨੂੰ ਇਕ ਵਾਰਸ ਦਿੱਤਾ।
9. ਅਬਰਾਹਾਮ ਦੀ ਮਿਸਾਲ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
9 ਅਬਰਾਹਾਮ ਵਾਂਗ ਅਸੀਂ ਵੀ ਪਰਮੇਸ਼ੁਰ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਾਂ। (2 ਪਤ. 3:13) ਜੇ ਅਸੀਂ ਆਪਣਾ ਧਿਆਨ ਸਵਰਗੀ ਗੱਲਾਂ ’ਤੇ ਨਹੀਂ ਲਾਈ ਰੱਖਦੇ, ਤਾਂ ਸਾਨੂੰ ਲੱਗੇਗਾ ਕਿ ਇਨ੍ਹਾਂ ਵਾਅਦਿਆਂ ਦੇ ਪੂਰਾ ਹੋਣ ਵਿਚ ਦੇਰ ਹੋ ਰਹੀ ਹੈ ਅਤੇ ਅਸੀਂ ਸ਼ਾਇਦ ਪਰਮੇਸ਼ੁਰ ਦੀ ਸੇਵਾ ਵਿਚ ਠੰਢੇ ਪੈ ਜਾਈਏ। ਮਿਸਾਲ ਲਈ, ਕੀ ਤੁਸੀਂ ਬੀਤੇ ਸਮੇਂ ਵਿਚ ਪਾਇਨੀਅਰਿੰਗ ਕਰਨ ਲਈ ਜਾਂ ਕਿਸੇ ਹੋਰ ਖ਼ਾਸ ਤਰੀਕੇ ਨਾਲ ਸੇਵਾ ਕਰਨ ਲਈ ਕੁਰਬਾਨੀਆਂ ਕੀਤੀਆਂ ਸਨ? ਜੇ ਹਾਂ, ਤਾਂ ਤੁਸੀਂ ਤਾਰੀਫ਼ ਦੇ ਕਾਬਲ ਹੋ। ਪਰ ਹੁਣ ਬਾਰੇ ਕੀ? ਯਾਦ ਰੱਖੋ ਕਿ ਅਬਰਾਹਾਮ ਨੇ “ਉਸ ਸ਼ਹਿਰ” ਨੂੰ ਧਿਆਨ ਵਿਚ ਰੱਖਿਆ “ਜਿਸ ਦੀਆਂ ਨੀਂਹਾਂ ਪੱਕੀਆਂ ਸਨ।” (ਇਬ. 11:10) ਉਸ ਨੇ “ਯਹੋਵਾਹ ਉੱਤੇ ਨਿਹਚਾ ਕੀਤੀ ਅਤੇ ਇਸ ਕਰਕੇ ਉਸ ਨੂੰ ਧਰਮੀ ਠਹਿਰਾਇਆ ਗਿਆ।”
ਮੂਸਾ ਨੇ ‘ਅਦਿੱਖ ਪਰਮੇਸ਼ੁਰ ਨੂੰ ਦੇਖਿਆ’
10. ਜਵਾਨੀ ਵਿਚ ਮੂਸਾ ਦੀ ਜ਼ਿੰਦਗੀ ਕਿਹੋ ਜਿਹੀ ਸੀ?
10 ਮੂਸਾ ਨੇ ਵੀ ਆਪਣੀ ਨਜ਼ਰ ਸਵਰਗੀ ਗੱਲਾਂ ’ਤੇ ਟਿਕਾਈ ਰੱਖੀ। ਜਵਾਨੀ ਦੀ ਉਮਰ ਵਿਚ ਉਸ ਨੂੰ “ਮਿਸਰੀਆਂ ਦਾ ਹਰ ਤਰ੍ਹਾਂ ਦਾ ਗਿਆਨ ਦਿੱਤਾ ਗਿਆ।” ਇਹ ਕੋਈ ਮਾਮੂਲੀ ਪੜ੍ਹਾਈ ਨਹੀਂ ਸੀ। ਉਸ ਵੇਲੇ ਮਿਸਰ ਇਕ ਵਿਸ਼ਵ-ਸ਼ਕਤੀ ਸੀ ਤੇ ਮੂਸਾ ਮਿਸਰ ਦੇ ਰਾਜੇ ਫਿਰਊਨ ਦੇ ਘਰ ਰਹਿੰਦਾ ਸੀ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਕਿ ਇੰਨੀ ਵਧੀਆ ਪੜ੍ਹਾਈ ਕਰਨ ਕਰਕੇ “ਉਸ ਦੀਆਂ ਗੱਲਾਂ ਵਿਚ ਦਮ ਸੀ ਅਤੇ ਉਸ ਦੇ ਕੰਮ ਪ੍ਰਭਾਵਸ਼ਾਲੀ ਸਨ।” (ਰਸੂ. 7:22) ਜ਼ਰਾ ਸੋਚੋ ਕਿ ਉਹ ਕਿੰਨੇ ਵੱਡੇ-ਵੱਡੇ ਕੰਮ ਕਰ ਸਕਦਾ ਸੀ! ਪਰ ਮੂਸਾ ਦਾ ਧਿਆਨ ਯਹੋਵਾਹ ਦੀ ਇੱਛਾ ਪੂਰੀ ਕਰਨ ’ਤੇ ਲੱਗਾ ਹੋਇਆ ਸੀ।
11, 12. ਮੂਸਾ ਲਈ ਕਿਹੜਾ ਗਿਆਨ ਜ਼ਿਆਦਾ ਅਨਮੋਲ ਸੀ ਅਤੇ ਇਹ ਅਸੀਂ ਕਿਵੇਂ ਜਾਣਦੇ ਹਾਂ?
11 ਛੋਟੇ ਹੁੰਦਿਆਂ ਮੂਸਾ ਨੂੰ ਉਸ ਦੀ ਸਕੀ ਮਾਂ ਯੋਕਬਦ ਨੇ ਇਜ਼ਰਾਈਲੀਆਂ ਦੇ ਪਰਮੇਸ਼ੁਰ ਬਾਰੇ ਸਿਖਾਇਆ ਸੀ। ਮੂਸਾ ਲਈ ਪਰਮੇਸ਼ੁਰ ਦਾ ਗਿਆਨ ਬਹੁਤ ਹੀ ਅਨਮੋਲ ਸੀ ਅਤੇ ਦੁਨੀਆਂ ਦੀ ਧਨ-ਦੌਲਤ ਨਾਲੋਂ ਕਿਤੇ ਜ਼ਿਆਦਾ ਬਹੁਮੁੱਲਾ ਸੀ। ਇਸ ਕਰਕੇ ਉਸ ਨੇ ਫ਼ਿਰਊਨ ਦੇ ਪਰਿਵਾਰ ਦਾ ਮੈਂਬਰ ਹੋਣ ਕਰਕੇ ਮਿਲਦੀਆਂ ਸਾਰੀਆਂ ਸੁੱਖ-ਸਹੂਲਤਾਂ ਤੇ ਧਨ-ਦੌਲਤ ਨੂੰ ਠੋਕਰ ਮਾਰ ਦਿੱਤੀ। (ਇਬਰਾਨੀਆਂ 11:24-27 ਪੜ੍ਹੋ।) ਮੂਸਾ ਨੇ ਬਚਪਨ ਵਿਚ ਲਏ ਯਹੋਵਾਹ ਦੇ ਗਿਆਨ ਕਰਕੇ ਅਤੇ ਉਸ ’ਤੇ ਨਿਹਚਾ ਹੋਣ ਕਰਕੇ ਆਪਣਾ ਧਿਆਨ ਸਵਰਗੀ ਗੱਲਾਂ ਉੱਤੇ ਲਾਇਆ।
12 ਮੂਸਾ ਨੇ ਉਸ ਵੇਲੇ ਦੀ ਸਭ ਤੋਂ ਵਧੀਆ ਪੜ੍ਹਾਈ ਕੀਤੀ ਸੀ, ਪਰ ਕੀ ਉਸ ਨੇ ਇਸ ਪੜ੍ਹਾਈ ਦੇ ਦਮ ’ਤੇ ਮਿਸਰ ਵਿਚ ਧਨ-ਦੌਲਤ ਤੇ ਸ਼ੌਹਰਤ ਕਮਾਈ? ਨਹੀਂ। ਜੇ ਉਸ ਨੇ ਇਸ ਤਰ੍ਹਾਂ ਕੀਤਾ ਹੁੰਦਾ, ਤਾਂ ਉਸ ਨੇ ਫ਼ਿਰਊਨ ਦੀ ਧੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਨਾ ਕੀਤਾ ਹੁੰਦਾ ਅਤੇ ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ ਲੈਣ ਨਾਲੋਂ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ ਸਹਿਣੀ ਚੰਗੀ ਨਾ ਸਮਝੀ ਹੁੰਦੀ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਨੇ ਯਹੋਵਾਹ ਬਾਰੇ ਜੋ ਸਿੱਖਿਆ ਸੀ, ਉਸ ਦੀ ਮਦਦ ਨਾਲ ਉਸ ਨੇ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕੀਤੀ ਸੀ।
13, 14. (ੳ) ਯਹੋਵਾਹ ਵੱਲੋਂ ਮਿਲਣ ਵਾਲੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਯੋਗ ਬਣਨ ਵਿਚ ਕਿਹੜੀ ਗੱਲ ਨੇ ਮੂਸਾ ਦੀ ਮਦਦ ਕੀਤੀ ਸੀ? (ਅ) ਮੂਸਾ ਵਾਂਗ ਸਾਨੂੰ ਵੀ ਕੀ ਕਰਨ ਦੀ ਲੋੜ ਹੈ?
13 ਮੂਸਾ ਦਿਲੋਂ ਯਹੋਵਾਹ ਅਤੇ ਉਸ ਦੇ ਲੋਕਾਂ ਨਾਲ ਪਿਆਰ ਕਰਦਾ ਸੀ। 40 ਸਾਲ ਦੀ ਉਮਰ ਵਿਚ ਮੂਸਾ ਨੇ ਸੋਚਿਆ ਕਿ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਲਈ ਤਿਆਰ ਸੀ। (ਰਸੂ. 7:23-25) ਪਰ ਯਹੋਵਾਹ ਜਾਣਦਾ ਸੀ ਕਿ ਮੂਸਾ ਅਜੇ ਇਸ ਕੰਮ ਦੀ ਜ਼ਿੰਮੇਵਾਰੀ ਨੂੰ ਚੁੱਕਣ ਦੇ ਕਾਬਲ ਨਹੀਂ ਸੀ, ਉਸ ਨੂੰ ਪਹਿਲਾਂ ਕੁਝ ਹੋਰ ਸਿੱਖਣ ਦੀ ਲੋੜ ਸੀ। ਉਸ ਨੂੰ ਆਪਣੇ ਅੰਦਰ ਨਿਮਰਤਾ, ਧੀਰਜ, ਨਰਮਾਈ ਤੇ ਸੰਜਮ ਪੈਦਾ ਕਰਨ ਦੀ ਲੋੜ ਸੀ। (ਕਹਾ. 15:33) ਮੂਸਾ ਨੂੰ ਆਉਣ ਵਾਲੀਆਂ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਲਈ ਟ੍ਰੇਨਿੰਗ ਦੀ ਲੋੜ ਸੀ। 40 ਸਾਲ ਚਰਵਾਹੇ ਦਾ ਕੰਮ ਕਰਨ ਨਾਲ ਉਸ ਵਿਚ ਇਹ ਸਾਰੇ ਗੁਣ ਪੈਦਾ ਹੋ ਜਾਣੇ ਸਨ।
14 ਕੀ ਚਰਵਾਹੇ ਦੇ ਕੰਮ ਰਾਹੀਂ ਮਿਲੀ ਟ੍ਰੇਨਿੰਗ ਤੋਂ ਮੂਸਾ ਨੂੰ ਫ਼ਾਇਦਾ ਹੋਇਆ? ਹਾਂ ਜ਼ਰੂਰ। ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਮੂਸਾ “ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ” ਯਾਨੀ ਨਿਮਰ ਬਣ ਗਿਆ। (ਗਿਣ. 12:3) ਉਸ ਨੇ ਆਪਣੇ ਅੰਦਰ ਨਿਮਰਤਾ ਪੈਦਾ ਕੀਤੀ ਅਤੇ ਇਸ ਗੁਣ ਦੀ ਮਦਦ ਨਾਲ ਉਸ ਨੇ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧੀਰਜ ਨਾਲ ਨਜਿੱਠਿਆ। (ਕੂਚ 18:26) ਇਸੇ ਤਰ੍ਹਾਂ ਸਾਨੂੰ ਵੀ ਆਪਣੇ ਅੰਦਰ ਪਰਮੇਸ਼ੁਰੀ ਗੁਣ ਪੈਦਾ ਕਰਨ ਦੀ ਲੋੜ ਹੈ ਜੋ ਸਾਡੀ “ਮਹਾਂਕਸ਼ਟ” ਵਿੱਚੋਂ ਬਚ ਕੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜਾਣ ਵਿਚ ਮਦਦ ਕਰਨਗੇ। (ਪ੍ਰਕਾ. 7:14) ਕੀ ਦੂਸਰਿਆਂ ਨਾਲ ਸਾਡੀ ਬਣਦੀ ਹੈ, ਉਨ੍ਹਾਂ ਲੋਕਾਂ ਨਾਲ ਵੀ ਜਿਨ੍ਹਾਂ ਬਾਰੇ ਸਾਨੂੰ ਲੱਗਦਾ ਹੈ ਕਿ ਉਹ ਛੇਤੀ ਨਾਰਾਜ਼ ਜਾਂ ਗੁੱਸੇ ਹੋ ਜਾਂਦੇ ਹਨ? ਸਾਨੂੰ ਪਤਰਸ ਰਸੂਲ ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ। ਉਸ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਤਾਕੀਦ ਕੀਤੀ ਸੀ: “ਸਾਰਿਆਂ ਦਾ ਆਦਰ ਕਰੋ, ਆਪਣੇ ਸਾਰੇ ਭਰਾਵਾਂ ਨਾਲ ਪਿਆਰ ਕਰੋ।”
ਆਪਣਾ ਧਿਆਨ ਸਵਰਗੀ ਗੱਲਾਂ ’ਤੇ ਲਾਈ ਰੱਖਣਾ
15, 16. (ੳ) ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਸਹੀ ਚੀਜ਼ਾਂ ’ਤੇ ਆਪਣਾ ਧਿਆਨ ਲਾਈ ਰੱਖੀਏ? (ਅ) ਮਸੀਹੀਆਂ ਲਈ ਆਪਣਾ ਚਾਲ-ਚਲਣ ਚੰਗਾ ਰੱਖਣਾ ਕਿਉਂ ਜ਼ਰੂਰੀ ਹੈ?
15 ਅਸੀਂ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ ਜੋ ‘ਮੁਸੀਬਤਾਂ ਨਾਲ ਭਰੇ ਹੋਏ ਹਨ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ।’ (2 ਤਿਮੋ. 3:1) ਇਸ ਕਰਕੇ ਨਿਹਚਾ ਵਿਚ ਮਜ਼ਬੂਤ ਰਹਿਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਹੀ ਚੀਜ਼ਾਂ ਉੱਤੇ ਆਪਣਾ ਧਿਆਨ ਲਾਈ ਰੱਖੀਏ। (1 ਥੱਸ. 5:6-9) ਧਿਆਨ ਦਿਓ ਕਿ ਅਸੀਂ ਆਪਣੀ ਜ਼ਿੰਦਗੀ ਦੇ ਤਿੰਨ ਪਹਿਲੂਆਂ ਵਿਚ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ।
16 ਸਾਡਾ ਚਾਲ-ਚਲਣ: ਪਤਰਸ ਨੇ ਚੰਗੇ ਚਾਲ-ਚਲਣ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਕਿਹਾ ਸੀ: “ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ ਤਾਂਕਿ . . . ਉਨ੍ਹਾਂ ਸਾਮ੍ਹਣੇ ਤੁਹਾਡੇ ਚੰਗੇ ਕੰਮਾਂ ਦੀ ਮਿਸਾਲ ਹੋਵੇ ਅਤੇ ਉਹ ਉਸ ਦਿਨ ਪਰਮੇਸ਼ੁਰ ਦੀ ਵਡਿਆਈ ਕਰਨ।” (1 ਪਤ. 2:12) ਚਾਹੇ ਅਸੀਂ ਘਰ, ਕੰਮ ਤੇ ਜਾਂ ਸਕੂਲੇ ਹਾਂ, ਮਨੋਰੰਜਨ ਜਾਂ ਪ੍ਰਚਾਰ ਕਰ ਰਹੇ ਹਾਂ, ਸਾਨੂੰ ਯਹੋਵਾਹ ਦੀ ਮਹਿਮਾ ਕਰਨ ਲਈ ਆਪਣਾ ਚਾਲ-ਚਲਣ ਚੰਗਾ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਸੱਚ ਹੈ ਕਿ ਨਾਮੁਕੰਮਲ ਹੋਣ ਕਰਕੇ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। (ਰੋਮੀ. 3:23) ਪਰ “ਮਸੀਹੀ ਸਿੱਖਿਆਵਾਂ ਦੀ ਰਾਖੀ ਕਰਨ ਲਈ ਚੰਗੀ ਲੜਾਈ ਲੜ” ਕੇ ਅਸੀਂ ਆਪਣੀਆਂ ਪਾਪੀ ਇੱਛਾਵਾਂ ਨੂੰ ਦਬਾ ਸਕਦੇ ਹਾਂ।
17. ਅਸੀਂ ਆਪਣੇ ਮਨ ਦਾ ਸੁਭਾਅ ਯਿਸੂ ਵਰਗਾ ਕਿਵੇਂ ਰੱਖ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
17 ਸਾਡਾ ਰਵੱਈਆ: ਚਾਲ-ਚਲਣ ਚੰਗਾ ਰੱਖਣ ਦੇ ਨਾਲ-ਨਾਲ ਸਾਨੂੰ ਆਪਣਾ ਰਵੱਈਆ ਵੀ ਸਹੀ ਰੱਖਣ ਦੀ ਲੋੜ ਹੈ। ਪੌਲੁਸ ਰਸੂਲ ਨੇ ਕਿਹਾ ਸੀ: “ਤੁਹਾਡੇ ਮਨ ਦਾ ਸੁਭਾਅ ਮਸੀਹ ਯਿਸੂ ਵਰਗਾ ਹੋਵੇ।” (ਫ਼ਿਲਿ. 2:5) ਯਿਸੂ ਦੇ ਮਨ ਦਾ ਸੁਭਾਅ ਕਿਹੋ ਜਿਹਾ ਸੀ? ਉਹ ਨਿਮਰ ਸੀ ਜਿਸ ਕਰਕੇ ਉਸ ਨੇ ਆਪਣਾ ਸੁੱਖ-ਆਰਾਮ ਤਿਆਗ ਕੇ ਤਨੋਂ-ਮਨੋਂ ਪ੍ਰਚਾਰ ਦਾ ਕੰਮ ਕੀਤਾ। ਉਸ ਦਾ ਪੂਰਾ ਧਿਆਨ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਉੱਤੇ ਲੱਗਾ ਹੋਇਆ ਸੀ। (ਮਰ. 1:38; 13:10) ਯਿਸੂ ਜੋ ਵੀ ਸਿਖਾਉਂਦਾ ਸੀ, ਉਹ ਪਰਮੇਸ਼ੁਰ ਦੇ ਬਚਨ ਵਿੱਚੋਂ ਸਿਖਾਉਂਦਾ ਸੀ। (ਯੂਹੰ. 7:16; 8:28) ਉਸ ਨੇ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕੀਤਾ ਤਾਂਕਿ ਉਹ ਇਸ ਵਿੱਚੋਂ ਹਵਾਲੇ ਦੇ ਸਕੇ, ਇਸ ਦੇ ਪੱਖ ਵਿਚ ਬੋਲ ਸਕੇ ਅਤੇ ਇਸ ਨੂੰ ਸਮਝਾ ਸਕੇ। ਨਿਮਰ ਰਹਿਣ ਅਤੇ ਜੋਸ਼ ਨਾਲ ਪ੍ਰਚਾਰ ਤੇ ਅਧਿਐਨ ਕਰਨ ਕਰਕੇ ਸਾਡੇ ਮਨ ਦਾ ਸੁਭਾਅ ਵੀ ਮਸੀਹ ਵਰਗਾ ਹੋਵੇਗਾ।
18. ਅਸੀਂ ਕਿਵੇਂ ਇਕ ਖ਼ਾਸ ਤਰੀਕੇ ਨਾਲ ਯਹੋਵਾਹ ਦਾ ਕੰਮ ਕਰ ਸਕਦੇ ਹਾਂ?
18 ਸਾਡੀਆਂ ਕੋਸ਼ਿਸ਼ਾਂ: ਯਹੋਵਾਹ ਦਾ ਮਕਸਦ ਹੈ ਕਿ “ਜਿੰਨੇ ਵੀ ਸਵਰਗ ਵਿਚ ਅਤੇ ਧਰਤੀ ਉੱਤੇ . . . ਹਨ, ਉਨ੍ਹਾਂ ਵਿੱਚੋਂ ਹਰੇਕ ਜਣਾ ਯਿਸੂ ਦੇ ਨਾਂ ’ਤੇ ਆਪਣੇ ਗੋਡੇ ਟੇਕੇ।” (ਫ਼ਿਲਿ. 2:9-11) ਇੰਨੀ ਉੱਚੀ ਪਦਵੀ ’ਤੇ ਹੋਣ ਦੇ ਬਾਵਜੂਦ ਵੀ ਯਿਸੂ ਨੇ ਨਿਮਰਤਾ ਨਾਲ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ ਅਤੇ ਸਾਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। (1 ਕੁਰਿੰ. 15:28) ਕਿਵੇਂ? ‘ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ’ ਦਾ ਕੰਮ ਪੂਰੀ ਮਿਹਨਤ ਨਾਲ ਕਰ ਕੇ। (ਮੱਤੀ 28:19) ਨਾਲੇ, ਆਪਣੇ ਭੈਣਾਂ-ਭਰਾਵਾਂ ਤੇ ਦੂਸਰਿਆਂ ਦਾ ਭਲਾ ਕਰ ਕੇ।
19. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?
19 ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੀਏ। ਇਸ ਲਈ ਸਾਨੂੰ “ਧੀਰਜ ਨਾਲ ਉਸ ਦੌੜ ਵਿਚ ਦੌੜਦੇ” ਰਹਿਣਾ ਚਾਹੀਦਾ ਹੈ “ਜੋ ਸਾਡੇ ਸਾਮ੍ਹਣੇ ਰੱਖੀ ਹੋਈ ਹੈ।” (ਇਬ. 12:1) ਆਓ ਆਪਾਂ ਸਾਰੇ “ਜੀ-ਜਾਨ ਨਾਲ” ਯਹੋਵਾਹ ਦਾ ਕੰਮ ਕਰੀਏ ਅਤੇ ਸਾਡਾ ਸਵਰਗੀ ਪਿਤਾ ਸਾਡੀ ਮਿਹਨਤ ’ਤੇ ਬਰਕਤ ਪਾਵੇਗਾ।