ਕੀ ਤੁਸੀਂ ਜਾਣਦੇ ਹੋ?
ਬਾਈਬਲ ਕਹਿੰਦੀ ਹੈ ਕਿ ਪ੍ਰਾਚੀਨ ਇਜ਼ਰਾਈਲ ਵਿਚ ਜੰਗਲ ਸਨ। ਕੀ ਇਹ ਸੱਚ ਹੈ?
ਬਾਈਬਲ ਦੱਸਦੀ ਹੈ ਕਿ ਵਾਅਦਾ ਕੀਤੇ ਹੋਏ ਦੇਸ਼ ਵਿਚ ਕੁਝ ਇਲਾਕੇ ਜੰਗਲੀ ਸਨ ਜਿੱਥੇ ਦਰਖ਼ਤ ਹੀ ਦਰਖ਼ਤ ਸਨ। (1 ਰਾਜ. 10:27; ਯਹੋ. 17:15, 18) ਪਰ ਕਈ ਲੋਕ ਇਸ ਗੱਲ ’ਤੇ ਸ਼ੱਕ ਕਰਦੇ ਹਨ ਕਿਉਂਕਿ ਅੱਜ ਉਨ੍ਹਾਂ ਇਲਾਕਿਆਂ ਵਿਚ ਦਰਖ਼ਤਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ।
ਬਾਈਬਲ ਵਿਚ ਦੱਸੇ ਇਜ਼ਰਾਈਲ ਵਿਚ ਜ਼ਿੰਦਗੀ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੱਸਦੀ ਹੈ: “ਅੱਜ ਦੇ ਜੰਗਲਾਂ ਨਾਲੋਂ ਪ੍ਰਾਚੀਨ ਇਜ਼ਰਾਈਲ ਦੇ ਜੰਗਲ ਬਹੁਤ ਵਿਸ਼ਾਲ ਸਨ।” ਉੱਥੇ ਜ਼ਿਆਦਾਤਰ ਅਲੈਪੋ ਪਾਈਨ, ਬਲੂਤ ਅਤੇ ਟੈਰੀਬਿਨਥ ਨਾਂ ਦੇ ਦਰਖ਼ਤ ਹੁੰਦੇ ਸਨ। ਬੇਟ (ਦਰਿਆ ਦੇ ਲਾਗੇ ਦੀ ਨੀਵੀਂ ਜ਼ਮੀਨ) ਵਿਚ ਅੰਜੀਰਾਂ ਦੇ ਵੀ ਬਹੁਤ ਦਰਖ਼ਤ ਹੁੰਦੇ ਸਨ ਜੋ ਪਹਾੜਾਂ ਅਤੇ ਭੂਮੱਧ ਸਾਗਰ ਦੀ ਗੋਦ ਵਿਚ ਹੈ।
ਬਾਈਬਲ ਵਿਚ ਜ਼ਿਕਰ ਕੀਤੇ ਗਏ ਪੌਦੇ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਵਿਚ ਇਜ਼ਰਾਈਲ ਦੇ ਕੁਝ ਇਲਾਕਿਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਵਿਚ ਹੁਣ ਦਰਖ਼ਤ ਬਿਲਕੁਲ ਹੀ ਨਹੀਂ ਹਨ। ਇਸ ਤਰ੍ਹਾਂ ਕਿਉਂ ਹੋਇਆ? ਕਿਤਾਬ ਸਮਝਾਉਂਦੀ ਹੈ ਕਿ ਇਸ ਤਰ੍ਹਾਂ ਹੌਲੀ-ਹੌਲੀ ਹੋਇਆ: “ਇਨਸਾਨਾਂ ਨੇ ਲਗਾਤਾਰ ਪੇੜ-ਪੌਦਿਆਂ ਨੂੰ ਕੱਟਿਆ-ਵੱਢਿਆ ਹੈ ਤਾਂਕਿ ਉਹ ਆਪਣੀ ਖੇਤੀ-ਬਾੜੀ ਨੂੰ ਵਧਾ ਸਕਣ ਅਤੇ ਆਪਣੇ ਜਾਨਵਰਾਂ ਨੂੰ ਚਾਰ ਸਕਣ। ਨਾਲੇ ਉਨ੍ਹਾਂ ਨੇ ਘਰ ਬਣਾਉਣ ਤੇ ਬਾਲ਼ਣ ਲਈ ਵੀ ਦਰਖ਼ਤਾਂ ਨੂੰ ਕੱਟਿਆ-ਵੱਢਿਆ ਹੈ।”