ਸਹੀ ਤੇ ਗ਼ਲਤ ਬਾਰੇ: ਸਾਰਿਆਂ ਦੇ ਮਨ ਵਿਚ ਸਵਾਲ ਖੜ੍ਹਾ ਹੁੰਦਾ ਹੈ
ਜੇ ਤੁਸੀਂ ਅਜਿਹੀ ਜਗ੍ਹਾ ਜਾਣਾ ਚਾਹੁੰਦੇ ਹੋ ਜਿੱਥੇ ਤੁਸੀਂ ਪਹਿਲਾਂ ਕਦੇ ਨਹੀਂ ਗਏ, ਤਾਂ ਤੁਸੀਂ ਕੀ ਕਰੋਗੇ?
1. ਕੀ ਤੁਸੀਂ ਉਸ ਰਾਹ ʼਤੇ ਜਾਓਗੇ ਜੋ ਤੁਹਾਨੂੰ ਸਹੀ ਲੱਗਦਾ ਹੈ?
2. ਕੀ ਤੁਸੀਂ ਦੂਜਿਆਂ ਦੇ ਪਿੱਛੇ-ਪਿੱਛੇ ਇਹ ਉਮੀਦ ਰੱਖ ਕੇ ਜਾਓਗੇ ਕਿ ਉਨ੍ਹਾਂ ਨੂੰ ਰਾਹ ਪਤਾ ਹੀ ਹੋਣਾ?
3. ਕੀ ਤੁਸੀਂ ਕੋਈ ਭਰੋਸੇਯੋਗ ਜ਼ਰੀਆ ਚੁਣੋਗੇ, ਜਿਵੇਂ ਕਿ ਨਕਸ਼ਾ ਜਾਂ ਜੀ. ਪੀ. ਐਸ. ਜਾਂ ਫਿਰ ਆਪਣੇ ਕਿਸੇ ਭਰੋਸੇਮੰਦ ਦੋਸਤ ਤੋਂ ਸਲਾਹ ਲਓਗੇ?
ਜੇ ਤੁਸੀਂ ਪਹਿਲਾ ਜਾਂ ਦੂਜਾ ਤਰੀਕਾ ਅਪਣਾਉਂਦੇ ਹੋ, ਤਾਂ ਤੁਸੀਂ ਕਿਤੇ-ਨਾ-ਕਿਤੇ ਜ਼ਰੂਰ ਪਹੁੰਚੋਗੇ, ਪਰ ਸ਼ਾਇਦ ਉੱਥੇ ਨਹੀਂ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਪਰ ਜੇ ਤੁਸੀਂ ਤੀਜਾ ਤਰੀਕਾ ਅਪਣਾਉਂਦੇ ਹੋ, ਤਾਂ ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਤੁਸੀਂ ਆਪਣੀ ਮੰਜ਼ਲ ʼਤੇ ਜ਼ਰੂਰ ਪਹੁੰਚੋਗੇ।
ਜ਼ਿੰਦਗੀ ਵੀ ਇਕ ਸਫ਼ਰ ਵਾਂਗ ਹੈ ਅਤੇ ਤੁਸੀਂ ਇਹ ਉਮੀਦ ਰੱਖਦੇ ਹੋ ਕਿ ਤੁਹਾਨੂੰ ਭਵਿੱਖ ਵਿਚ ਆਪਣੀ ਖ਼ੁਸ਼ੀਆਂ ਦੀ ਮੰਜ਼ਲ ਜ਼ਰੂਰ ਮਿਲੇਗੀ। ਪਰ ਮੰਜ਼ਲ ʼਤੇ ਪਹੁੰਚਣਾ ਜਾਂ ਨਾ ਪਹੁੰਚਣਾ ਜ਼ਿਆਦਾਤਰ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਤੁਸੀਂ ਰਾਹ ਵਿਚ ਫ਼ੈਸਲੇ ਕਰਦਿਆਂ ਕਿਸ ਤੋਂ ਸਲਾਹ ਲੈਂਦੇ ਹੋ।
ਅਸੀਂ ਬਹੁਤ ਸਾਰੇ ਛੋਟੇ-ਮੋਟੇ ਫ਼ੈਸਲੇ ਕਰਦੇ ਹਾਂ ਅਤੇ ਸਾਡੀ ਜ਼ਿੰਦਗੀ ʼਤੇ ਇਨ੍ਹਾਂ ਦਾ ਅਸਰ ਥੋੜ੍ਹੇ ਸਮੇਂ ਲਈ ਹੀ ਰਹਿੰਦਾ ਹੈ। ਪਰ ਕੁਝ ਫ਼ੈਸਲੇ ਬਹੁਤ ਅਹਿਮ ਹੁੰਦੇ ਹਨ ਤੇ ਇਨ੍ਹਾਂ ਤੋਂ ਸਹੀ ਤੇ ਗ਼ਲਤ ਬਾਰੇ ਸਾਡਾ ਨਜ਼ਰੀਆ ਪਤਾ ਲੱਗਦਾ ਹੈ। ਇਹ ਫ਼ੈਸਲੇ ਚਾਹੇ ਚੰਗੇ ਹੋਣ ਜਾਂ ਮਾੜੇ, ਪਰ ਇਨ੍ਹਾਂ ਦਾ ਅਸਰ ਸਾਡੀ ਤੇ ਸਾਡੇ ਆਪਣਿਆਂ ਦੀ ਜ਼ਿੰਦਗੀ ʼਤੇ ਲੰਬੇ ਸਮੇਂ ਤਕ ਰਹਿੰਦਾ ਹੈ। ਕੁਝ ਫ਼ੈਸਲੇ ਇਨ੍ਹਾਂ ਮਾਮਲਿਆਂ ਬਾਰੇ ਹੋ ਸਕਦੇ ਹਨ:
ਸੈਕਸ ਅਤੇ ਵਿਆਹ
ਈਮਾਨਦਾਰੀ, ਕੰਮ-ਧੰਦਾ ਅਤੇ ਪੈਸਾ
ਬੱਚਿਆਂ ਦੀ ਪਰਵਰਿਸ਼
ਦੂਜਿਆਂ ਨਾਲ ਵਰਤਾਅ
ਤੁਸੀਂ ਕਿਵੇਂ ਯਕੀਨ ਰੱਖ ਸਕਦੇ ਹੋ ਕਿ ਇਨ੍ਹਾਂ ਮਾਮਲਿਆਂ ਬਾਰੇ ਤੁਸੀਂ ਜੋ ਵੀ ਫ਼ੈਸਲੇ ਕਰਦੇ ਹੋ, ਉਨ੍ਹਾਂ ਕਰਕੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਭਵਿੱਖ ਵਿਚ ਖ਼ੁਸ਼ੀ ਮਿਲੇਗੀ?
ਸਾਡੇ ਸਾਰਿਆਂ ਸਾਮ੍ਹਣੇ ਇਹ ਸਵਾਲ ਖੜ੍ਹਾ ਹੁੰਦਾ ਹੈ: ਸਹੀ ਤੇ ਗ਼ਲਤ ਬਾਰੇ ਫ਼ੈਸਲਾ ਕਰਨ ਵਿਚ ਮੈਨੂੰ ਕਿੱਥੋਂ ਮਦਦ ਮਿਲ ਸਕਦੀ ਹੈ?
ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਸਹੀ ਤੇ ਗ਼ਲਤ ਬਾਰੇ ਬਾਈਬਲ ਵਿਚ ਦਿੱਤੀਆਂ ਸਲਾਹਾਂ ਕਿਉਂ ਭਰੋਸੇਯੋਗ ਹਨ ਤੇ ਇਨ੍ਹਾਂ ਤੋਂ ਤੁਹਾਡੀ ਕਿਵੇਂ ਮਦਦ ਹੋ ਸਕਦੀ ਹੈ।