ਕੀ ਅੱਜ-ਕੱਲ੍ਹ ਦੇ ਚਮਤਕਾਰੀ ਇਲਾਜਾਂ ਪਿੱਛੇ ਪਰਮੇਸ਼ੁਰ ਦਾ ਹੱਥ ਹੈ?
ਕੀ ਅੱਜ-ਕੱਲ੍ਹ ਦੇ ਚਮਤਕਾਰੀ ਇਲਾਜਾਂ ਪਿੱਛੇ ਪਰਮੇਸ਼ੁਰ ਦਾ ਹੱਥ ਹੈ?
ਕਈਆਂ ਦੇਸ਼ਾਂ ਵਿਚ ਅੱਜ-ਕੱਲ੍ਹ ਬੀਮਾਰ ਲੋਕ ਤੰਦਰੁਸਤ ਹੋਣ ਲਈ ਤੀਰਥ-ਯਾਤਰਾ ਕਰ ਕੇ ਧਰਮ-ਅਸਥਾਨਾਂ ਤੇ ਜਾਂਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਲਾਇਲਾਜ ਬੀਮਾਰੀਆਂ ਤੋਂ ਪਿੱਛਾ ਛੁਡਾ ਸਕੇ ਹਨ। ਕਈਆਂ ਦੇਸ਼ਾਂ ਵਿਚ ਜਾਦੂ-ਟੂਣਾ ਕਰਨ ਵਾਲੇ ਆਪਣੀਆਂ ਕਰਾਮਾਤੀ ਸ਼ਕਤੀਆਂ ਨਾਲ ਲੋਕਾਂ ਨੂੰ ਚੰਗਾ ਕਰਨ ਦਾ ਦਾਅਵਾ ਕਰਦੇ ਹਨ। ਹੋਰਨਾਂ ਦੇਸ਼ਾਂ ਵਿਚ ਧਾਰਮਿਕ ਮੇਲੇ ਲਗਾਏ ਜਾਂਦੇ ਹਨ ਜਿੱਥੇ ਬੀਮਾਰ ਲੋਕ ਆਪਣੀਆਂ ਵੀਲ੍ਹਚੇਅਰਾਂ ਵਿੱਚੋਂ ਛਲਾਂਗ ਮਾਰ ਕੇ ਉੱਠਦੇ ਹਨ ਜਾਂ ਆਪਣੀਆਂ ਸੋਟੀਆਂ ਨੂੰ ਪਰੇ ਚੱਕ ਕੇ ਮਾਰਦੇ ਹਨ ਤੇ ਦਾਅਵਾ ਕਰਦੇ ਹਨ ਕਿ ਉਹ ਬਿਲਕੁਲ ਠੀਕ ਹੋ ਗਏ ਹਨ।
ਅਜਿਹੇ ਇਲਾਜ ਕਰਨ ਵਾਲੇ ਵੱਖਰੇ-ਵੱਖਰੇ ਧਰਮਾਂ ਦੇ ਲੋਕ ਹੁੰਦੇ ਹਨ ਤੇ ਉਹ ਅਕਸਰ ਇਕ-ਦੂਜੇ ਉੱਤੇ ਕਾਫ਼ਰ ਅਤੇ ਝੂਠਾ ਹੋਣ ਦਾ ਇਲਜ਼ਾਮ ਲਾਉਂਦੇ ਹਨ। ਇਸ ਕਰਕੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪਰਮੇਸ਼ੁਰ ਅਜਿਹੇ ਧਾਰਮਿਕ ਸੰਸਥਾਵਾਂ ਰਾਹੀਂ ਚਮਤਕਾਰ ਕਰਦਾ ਹੈ ਜੋ ਇਕ-ਦੂਜੇ ਦਾ ਵਿਰੋਧ ਕਰਦੇ ਹਨ? ਬਾਈਬਲ ਤਾਂ ਕਹਿੰਦੀ ਹੈ ਕਿ “ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ।” (1 ਕੁਰਿੰਥੀਆਂ 14:33) ਸੋ ਕੀ ਅਜਿਹੇ ਚਮਤਕਾਰੀ ਇਲਾਜਾਂ ਪਿੱਛੇ ਸੱਚ-ਮੁੱਚ ਪਰਮੇਸ਼ੁਰ ਦਾ ਹੱਥ ਹੈ? ਕੁਝ ਪਾਦਰੀ ਦਾਅਵਾ ਕਰਦੇ ਹਨ ਕਿ ਉਹ ਯਿਸੂ ਦੀ ਸ਼ਕਤੀ ਨਾਲ ਦੂਸਰਿਆਂ ਨੂੰ ਚੰਗਾ ਕਰਦੇ ਹਨ। ਆਓ ਆਪਾਂ ਦੇਖੀਏ ਕਿ ਯਿਸੂ ਨੇ ਲੋਕਾਂ ਨੂੰ ਕਿੱਦਾਂ ਚੰਗਾ ਕੀਤਾ ਸੀ।
ਯਿਸੂ ਨੇ ਲੋਕਾਂ ਨੂੰ ਕਿੱਦਾਂ ਚੰਗਾ ਕੀਤਾ
ਯਿਸੂ ਨੇ ਲੋਕਾਂ ਨੂੰ ਅੱਜ-ਕੱਲ੍ਹ ਦੇ ਪਾਦਰੀਆਂ ਤੋਂ ਬਹੁਤ ਵੱਖਰੇ ਢੰਗ ਨਾਲ ਚੰਗਾ ਕੀਤਾ ਸੀ। ਮਿਸਾਲ ਲਈ, ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ ਜੋ ਉਸ ਕੋਲ ਮਦਦ ਲਈ ਆਏ। ਇੱਦਾਂ ਨਹੀਂ ਸੀ ਕਿ ਉਸ ਨੇ ਭੀੜ ਵਿੱਚੋਂ ਚੁਣਵੇਂ-ਚੁਣਵੇਂ ਲੋਕਾਂ ਦੀ ਮਦਦ ਕੀਤੀ ਅਤੇ ਦੂਸਰਿਆਂ ਨੂੰ ਖਾਲੀ ਹੱਥ ਭੇਜ ਦਿੱਤਾ। ਯਿਸੂ ਨੇ ਲੋਕਾਂ ਨੂੰ ਇਕਦਮ ਅਤੇ ਪੂਰੀ ਤਰ੍ਹਾਂ ਠੀਕ ਕੀਤਾ ਸੀ। ਬਾਈਬਲ ਕਹਿੰਦੀ ਹੈ ਕਿ ‘ਸਾਰੇ ਲੋਕ ਉਹ ਨੂੰ ਛੋਹਣਾ ਚਾਹੁੰਦੇ ਸਨ ਇਸ ਲਈ ਜੋ ਸ਼ਕਤੀ ਉਸ ਤੋਂ ਨਿੱਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ।’—ਲੂਕਾ 6:19.
ਜੇ ਕੋਈ ਮਰੀਜ਼ ਠੀਕ ਨਹੀਂ ਹੁੰਦਾ, ਤਾਂ ਅੱਜ-ਕੱਲ੍ਹ ਦੇ ਚਮਤਕਾਰ ਕਰਨ ਵਾਲੇ ਕਈ ਪਾਦਰੀ ਕਹਿੰਦੇ ਹਨ ਕਿ ਮਰੀਜ਼ ਵਿਚ ਨਿਹਚਾ ਦੀ ਕਮੀ ਹੈ। ਪਰ ਯਿਸੂ ਨੇ ਉਨ੍ਹਾਂ ਨੂੰ ਵੀ ਚੰਗਾ ਕੀਤਾ ਜਿਨ੍ਹਾਂ ਨੇ ਅਜੇ ਉਸ ਵਿਚ ਨਿਹਚਾ ਨਹੀਂ ਕੀਤੀ ਸੀ। ਮਿਸਾਲ ਲਈ, ਉਸ ਨੇ ਬਗੈਰ ਪੁੱਛੇ ਇਕ ਅੰਨ੍ਹੇ ਆਦਮੀ ਨੂੰ ਚੰਗਾ ਕੀਤਾ। ਬਾਅਦ ਵਿਚ ਯਿਸੂ ਨੇ ਉਸ ਨੂੰ ਪੁੱਛਿਆ: “ਕੀ ਤੂੰ ਪਰਮੇਸ਼ੁਰ ਦੇ ਪੁੱਤ੍ਰ ਉੱਤੇ ਨਿਹਚਾ ਕਰਦਾ ਹੈਂ?” ਉਸ ਨੇ ਜਵਾਬ ਦਿੱਤਾ: “ਪ੍ਰਭੁ ਜੀ, ਉਹ ਕੌਣ ਹੈ ਜੋ ਮੈਂ ਉਸ ਉੱਤੇ ਨਿਹਚਾ ਕਰਾਂ?” ਯਿਸੂ ਨੇ ਉਸ ਨੂੰ ਕਿਹਾ: “ਉਹ ਜੋ ਤੇਰੇ ਸੰਗ ਗੱਲਾਂ ਕਰਦਾ ਹੈ ਸੋਈ ਹੈ।”—ਯੂਹੰਨਾ 9:1-7, 35-38.
ਤੁਸੀਂ ਸੋਚ ਸਕਦੇ ਹੋ ਕਿ ‘ਜੇ ਯਿਸੂ ਦੁਆਰਾ ਚੰਗਾ ਹੋਣ ਲਈ ਨਿਹਚਾ ਜ਼ਰੂਰੀ ਨਹੀਂ ਸੀ, ਤਾਂ ਯਿਸੂ ਨੇ ਤੰਦਰੁਸਤ ਹੋ ਚੁੱਕੇ ਲੋਕਾਂ ਨੂੰ ਅਕਸਰ ਇਹ ਕਿਉਂ ਕਿਹਾ ਸੀ ਕਿ “ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ”?’ (ਲੂਕਾ 8:48; 17:19; 18:42) ਇਹ ਕਹਿ ਕੇ ਯਿਸੂ ਸਮਝਾ ਰਿਹਾ ਸੀ ਕਿ ਜਿਨ੍ਹਾਂ ਨੇ ਨਿਹਚਾ ਕਰਕੇ ਉਸ ਨੂੰ ਭਾਲਿਆ ਸੀ ਉਹ ਠੀਕ ਹੋ ਗਏ, ਪਰ ਜਿਨ੍ਹਾਂ ਨੇ ਉਸ ਨੂੰ ਨਹੀਂ ਭਾਲਿਆ ਉਨ੍ਹਾਂ ਨੇ ਠੀਕ ਹੋਣ ਦਾ ਮੌਕਾ ਹੱਥੋਂ ਗੁਆ ਦਿੱਤਾ। ਉਹ ਜੋ ਠੀਕ ਹੋਏ ਆਪਣੀ ਨਿਹਚਾ ਕਰਕੇ ਨਹੀਂ, ਸਗੋਂ ਪਰਮੇਸ਼ੁਰ ਦੀ ਸ਼ਕਤੀ ਸਦਕਾ ਠੀਕ ਹੋਏ ਸਨ। ਬਾਈਬਲ ਯਿਸੂ ਬਾਰੇ ਕਹਿੰਦੀ ਹੈ: “ਪਰਮੇਸ਼ੁਰ ਨੇ . . . ਉਹ ਨੂੰ ਪਵਿੱਤ੍ਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ।”—ਰਸੂਲਾਂ ਦੇ ਕਰਤੱਬ 10:38.
ਧਿਆਨ ਦਿਓ ਕਿ ਅੱਜ-ਕੱਲ੍ਹ ਦੇ ਚਮਤਕਾਰੀ ਇਲਾਜਾਂ ਵਿਚ ਪੈਸਾ ਗੱਲਾਂ ਕਰਦਾ ਹੈ। ਇਹ ਦੇਖਣ ਵਿਚ ਆਇਆ ਹੈ ਕਿ ਕਰਾਮਾਤ ਕਰਨ ਦਾ ਦਾਅਵਾ ਕਰਨ ਵਾਲੇ ਵੱਡੇ-ਵੱਡੇ ਪਾਦਰੀ ਬਹੁਤ ਪੈਸਾ ਇਕੱਠਾ ਕਰਦੇ ਹਨ। ਰਿਪੋਰਟਾਂ ਮੁਤਾਬਕ ਟੈਲੀਵਿਯਨ ਜ਼ਰੀਏ ਸੰਸਾਰ ਭਰ ਵਿਚ ਪ੍ਰਚਾਰ ਕਰ ਕੇ ਇਕ ਅਜਿਹੇ ਪਾਦਰੀ ਨੇ ਸਾਲ ਵਿਚ 8 ਕਰੋੜ, 90 ਲੱਖ ਡਾਲਰ ਇਕੱਠਾ ਕੀਤਾ। ਚਰਚਾਂ ਨੂੰ ਵੀ ਤੀਰਥ-ਯਾਤਰੀਆਂ ਤੋਂ ਮੁਨਾਫ਼ਾ ਹੁੰਦਾ ਹੈ ਜੋ ਇਲਾਜ ਦੀ ਭਾਲ ਵਿਚ ਦੂਰ-ਦੁਰੇਡੇ ਸਫ਼ਰ ਕਰਦੇ ਹਨ। ਇਸ ਦੇ ਉਲਟ ਯਿਸੂ ਨੇ ਕਦੇ ਵੀ ਉਨ੍ਹਾਂ ਲੋਕਾਂ ਤੋਂ ਪੈਸਾ ਨਹੀਂ ਲਿਆ ਸੀ ਜਿਨ੍ਹਾਂ ਨੂੰ ਉਸ ਨੇ ਚੰਗਾ ਕੀਤਾ। ਸਗੋਂ ਉਸ ਨੇ ਕਦੇ-ਕਦੇ ਲੋਕਾਂ ਨੂੰ ਭੋਜਨ ਵੀ ਖੁਆਇਆ। (ਮੱਤੀ 15:30-38) ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਘੱਲਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ: “ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਵਾਲੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।” (ਮੱਤੀ 10:8) ਸੋ ਅੱਜ-ਕੱਲ੍ਹ ਦੇ ਪਾਦਰੀਆਂ ਦੇ ਚਮਤਕਾਰਾਂ ਅਤੇ ਯਿਸੂ ਦੇ ਚਮਤਕਾਰਾਂ ਵਿਚ ਇੰਨਾ ਫ਼ਰਕ ਕਿਉਂ ਹੈ?
ਚਮਤਕਾਰੀ ਇਲਾਜਾਂ ਦੇ ਪਿੱਛੇ ਕਿਸ ਦਾ ਹੱਥ ਹੈ?
ਕਾਫ਼ੀ ਚਿਰ ਤੋਂ ਡਾਕਟਰਾਂ ਨੇ ਪਾਦਰੀਆਂ ਦੇ ਚਮਤਕਾਰੀ ਇਲਾਜਾਂ ਦੇ ਦਾਅਵਿਆਂ ਦੀ ਜਾਂਚ ਕੀਤੀ ਹੈ। ਉਨ੍ਹਾਂ ਨੂੰ ਕੀ ਪਤਾ ਚੱਲਿਆ ਹੈ?
ਲੰਡਨ ਦੇ ਡੇਲੀ ਟੈਲੀਗ੍ਰਾਫ਼ ਅਖ਼ਬਾਰ ਅਨੁਸਾਰ 20 ਸਾਲਾਂ ਤੋਂ ਇਸ ਵਿਸ਼ੇ ਉੱਤੇ ਛਾਣਬੀਣ ਕਰ ਰਹੇ ਇਕ ਡਾਕਟਰ ਨੇ ਕਿਹਾ: “ਸਾਨੂੰ ਕੋਈ ਵੀ ਡਾਕਟਰੀ ਸਬੂਤ ਨਹੀਂ ਮਿਲਿਆ ਕਿ ਚਮਤਕਾਰੀ ਇਲਾਜ ਸਫ਼ਲ ਹੁੰਦੇ ਹਨ।” ਪਰ ਕਈ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਉਹ ਕਿਸੇ ਸੰਤ ਦੀਆਂ ਅਸਥੀਆਂ ਦੀ ਪੂਜਾ ਕਰ ਕੇ, ਕਿਸੇ ਧਾਰਮਿਕ ਜਗ੍ਹਾ ਜਾ ਕੇ ਜਾਂ ਪਾਦਰੀਆਂ ਦੇ ਚਮਤਕਾਰਾਂ ਦੇ ਜ਼ਰੀਏ ਤੰਦਰੁਸਤ ਹੋ ਗਏ ਹਨ। ਕੀ ਉਹ ਧੋਖੇ ਦੇ ਸ਼ਿਕਾਰ ਬਣੇ ਹਨ?ਪਹਾੜੀ ਉੱਤੇ ਉਪਦੇਸ਼ ਦਿੰਦੇ ਹੋਏ ਯਿਸੂ ਨੇ ਕਿਹਾ ਸੀ ਕਿ ਪਖੰਡੀ ਧਾਰਮਿਕ ਲੋਕ ਉਸ ਨੂੰ ਕਹਿਣਗੇ: “ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ . . . ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ?” ਤਦ ਉਹ ਉਨ੍ਹਾਂ ਨੂੰ ਕਹੇਗਾ: “ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!” (ਮੱਤੀ 7:22, 23) ਪੌਲੁਸ ਰਸੂਲ ਨੇ ਇਸ ਚੇਤਾਵਨੀ ਰਾਹੀਂ ਦੱਸਿਆ ਕਿ ਉਨ੍ਹਾਂ ਨੂੰ ਚਮਤਕਾਰ ਕਰਨ ਦੀ ਸ਼ਕਤੀ ਕਿੱਥੋਂ ਮਿਲਦੀ ਹੈ: “ਉਸ ਕੁਧਰਮੀ ਦਾ ਆਉਣਾ ਸ਼ਤਾਨ ਦੇ ਅਮਲ ਅਨੁਸਾਰ ਹਰ ਪਰਕਾਰ ਦੀ ਸ਼ਕਤੀ, ਝੂਠੀਆਂ ਨਿਸ਼ਾਨੀਆਂ ਅਤੇ ਅਚਰਜਾਂ ਨਾਲ ਹੋਵੇਗਾ, ਨਾਲੇ ਓਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ ਕੁਧਰਮ ਦੇ ਹਰ ਪਰਕਾਰ ਦੇ ਛਲ ਨਾਲ।”—2 ਥੱਸਲੁਨੀਕੀਆਂ 2:9, 10.
ਇਸ ਤੋਂ ਇਲਾਵਾ ਧਾਰਮਿਕ ਚੀਜ਼ਾਂ, ਬੁੱਤਾਂ ਤੇ ਮੂਰਤੀਆਂ ਨਾਲ ਸੰਬੰਧਿਤ ਇਲਾਜ ਪਰਮੇਸ਼ੁਰ ਦੀ ਬਦੌਲਤ ਨਹੀਂ ਹੁੰਦੇ। ਕਿਉਂ ਨਹੀਂ? ਕਿਉਂਕਿ ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਕਹਿੰਦਾ ਹੈ ਕਿ “ਮੂਰਤੀ ਪੂਜਾ ਤੋਂ ਭੱਜੋ” ਅਤੇ “ਤੁਸੀਂ ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।” (1 ਕੁਰਿੰਥੀਆਂ 10:14; 1 ਯੂਹੰਨਾ 5:21) ਅਜਿਹੇ ਇਲਾਜ ਲੋਕਾਂ ਨੂੰ ਸੱਚੇ ਪਰਮੇਸ਼ੁਰ ਤੋਂ ਦੂਰ ਰੱਖਣ ਲਈ ਸ਼ਤਾਨ ਦੀ ਇਕ ਚਾਲ ਹੈ। ਬਾਈਬਲ ਕਹਿੰਦੀ ਹੈ: “ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।”—2 ਕੁਰਿੰਥੀਆਂ 11:14.
ਯਿਸੂ ਅਤੇ ਉਸ ਦੇ ਰਸੂਲਾਂ ਨੇ ਲੋਕਾਂ ਨੂੰ ਚੰਗਾ ਕਿਉਂ ਕੀਤਾ?
ਜਿਹੜੇ ਚਮਤਕਾਰ ਬਾਈਬਲ ਦੇ ਯੂਨਾਨੀ ਹਿੱਸੇ ਵਿਚ ਪਾਏ ਜਾਂਦੇ ਹਨ ਉਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਯਿਸੂ ਅਤੇ ਉਸ ਦੇ ਰਸੂਲ ਪਰਮੇਸ਼ੁਰ ਵੱਲੋਂ ਸਨ। (ਯੂਹੰਨਾ 3:2; ਇਬਰਾਨੀਆਂ 2:3, 4) ਯਿਸੂ ਦੇ ਚਮਤਕਾਰ ਉਸ ਦੇ ਪ੍ਰਚਾਰ ਕੀਤੇ ਸੰਦੇਸ਼ ਨਾਲ ਮੇਲ ਖਾਂਦੇ ਸਨ: “ਯਿਸੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ।” (ਮੱਤੀ 4:23) ਯਿਸੂ ਦੇ ਚਮਤਕਾਰੀ ਕੰਮਾਂ ਵਿਚ ਸਿਰਫ਼ ਬੀਮਾਰਾਂ ਨੂੰ ਚੰਗਾ ਕਰਨਾ, ਭੁੱਖਿਆਂ ਨੂੰ ਖੁਆਉਣਾ, ਮੌਸਮ ਨੂੰ ਕੰਟ੍ਰੋਲ ਕਰਨਾ ਅਤੇ ਮੁਰਦਿਆਂ ਨੂੰ ਜੀ ਉਠਾਉਣਾ ਹੀ ਸ਼ਾਮਲ ਨਹੀਂ ਸੀ। ਪਰ ਉਸ ਨੇ ਇਨ੍ਹਾਂ ਕੰਮਾਂ ਰਾਹੀਂ ਸਾਬਤ ਕੀਤਾ ਕਿ ਉਹ ਆਪਣੇ ਰਾਜ ਅਧੀਨ ਆਗਿਆਕਾਰ ਮਨੁੱਖਜਾਤੀ ਲਈ ਕੀ ਕੁਝ ਕਰੇਗਾ। ਇਹ ਵਾਕਈ ਖ਼ੁਸ਼ ਖ਼ਬਰੀ ਹੈ!
ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਅਤੇ ਉਸ ਦੇ ਰਸੂਲਾਂ ਦੀ ਮੌਤ ਹੋਣ ਤੋਂ ਬਾਅਦ ਅਜਿਹੇ ਸ਼ਕਤੀਸ਼ਾਲੀ ਤੇ ਚਮਤਕਾਰੀ ਕੰਮ ਮੁੱਕ ਗਏ ਸਨ। ਪੌਲੁਸ ਰਸੂਲ ਨੇ ਲਿਖਿਆ: “ਭਾਵੇਂ ਅਗੰਮ ਵਾਕ ਹੋਣ ਓਹ ਮੁੱਕ ਜਾਣਗੇ, ਭਾਵੇਂ ਬੋਲੀਆਂ ਹੋਣ ਓਹ ਜਾਂਦੀਆਂ ਰਹਿਣਗੀਆਂ, ਭਾਵੇਂ ਇਲਮ ਹੋਵੇ ਉਹ ਮੁੱਕ ਜਾਵੇਗਾ।” (1 ਕੁਰਿੰਥੀਆਂ 13:8) ਪਰ ਉਹ ਕਿਉਂ ਮੁੱਕ ਗਏ? ਇਨ੍ਹਾਂ ਦਾਨਾਂ ਦਾ ਮਕਸਦ ਸੀ ਯਿਸੂ ਨੂੰ ਵਾਅਦਾ ਕੀਤਾ ਹੋਇਆ ਮਸੀਹਾ ਸਾਬਤ ਕਰਨਾ ਅਤੇ ਇਹ ਦਿਖਾਉਣਾ ਕਿ ਅਗਾਹਾਂ ਤੋਂ ਪਰਮੇਸ਼ੁਰ ਦੀ ਕਿਰਪਾ ਮਸੀਹੀ ਕਲੀਸਿਯਾ ਉੱਤੇ ਸੀ। ਹੁਣ ਇਹ ਮਕਸਦ ਪੂਰਾ ਹੋ ਚੁੱਕਾ ਹੈ। ਹੁਣ ਬੀਮਾਰਾਂ ਨੂੰ ਠੀਕ ਕਰਨ ਵਰਗੇ ਚਮਤਕਾਰਾਂ ਦੀ ਕੋਈ ਲੋੜ ਨਹੀਂ ਹੈ ਜਿਸ ਕਰਕੇ ਉਹ “ਮੁੱਕ ਗਏ” ਹਨ।
ਫਿਰ ਵੀ ਯਿਸੂ ਦੇ ਚਮਤਕਾਰਾਂ ਤੋਂ ਅੱਜ ਸਾਨੂੰ ਉਮੀਦ ਮਿਲਦੀ ਹੈ। ਜੇ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਯਿਸੂ ਦੀਆਂ ਸਿਖਾਈਆਂ ਗੱਲਾਂ ਵੱਲ ਧਿਆਨ ਦੇ ਕੇ ਉਨ੍ਹਾਂ ਉੱਤੇ ਨਿਹਚਾ ਕਰਾਂਗੇ, ਤਾਂ ਅਸੀਂ ਉਸ ਸਮੇਂ ਰਹਿਣ ਦੀ ਉਮੀਦ ਰੱਖ ਸਕਦੇ ਹਾਂ ਜਦੋਂ ਸਾਰੇ ਲੋਕ ਤੰਦਰੁਸਤ ਹੋਣਗੇ ਅਤੇ ਪਰਮੇਸ਼ੁਰ ਨਾਲ ਉਨ੍ਹਾਂ ਦਾ ਪੱਕਾ ਰਿਸ਼ਤਾ ਹੋਵੇਗਾ। ਉਸ ਸਮੇਂ ਬਾਈਬਲ ਦੀ ਇਹ ਭਵਿੱਖਬਾਣੀ ਪੂਰੀ ਹੋਵੇਗੀ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24; 35:5, 6; ਪਰਕਾਸ਼ ਦੀ ਪੋਥੀ 21:4. (w08 12/1)