Skip to content

Skip to table of contents

ਉਸ ਨੇ ਦਇਆ ਕਰਨੀ ਸਿੱਖੀ

ਉਸ ਨੇ ਦਇਆ ਕਰਨੀ ਸਿੱਖੀ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

ਉਸ ਨੇ ਦਇਆ ਕਰਨੀ ਸਿੱਖੀ

ਯੂਨਾਹ ਕੋਲ ਸੋਚਣ ਲਈ ਬਥੇਰਾ ਸਮਾਂ ਸੀ। ਉਸ ਨੇ 800 ਕਿਲੋਮੀਟਰ ਦਾ ਸਫ਼ਰ ਕਰਨਾ ਸੀ ਜਿਸ ਨੂੰ ਪੂਰਾ ਕਰਨ ਲਈ ਉਸ ਨੂੰ ਘੱਟੋ-ਘੱਟ ਇਕ ਮਹੀਨਾ ਲੱਗ ਜਾਣਾ ਸੀ। ਪਹਿਲਾਂ ਉਸ ਨੂੰ ਤੈਅ ਕਰਨਾ ਪਿਆ ਕਿ ਉਹ ਕਿਸ ਰਸਤੇ ਜਾਵੇਗਾ। ਭਾਵੇਂ ਉਹ ਛੋਟਾ ਰਸਤਾ ਚੁਣ ਸਕਦਾ ਸੀ, ਪਰ ਉਸ ਨੂੰ ਇਹ ਵੀ ਸੋਚਣਾ ਪਿਆ ਕਿ ਕਿਹੋ ਜਿਹੇ ਖ਼ਤਰੇ ਸਨ ਜਿਸ ਕਰਕੇ ਉਹ ਸ਼ਾਇਦ ਲੰਬੇ ਰਸਤੇ ਗਿਆ। ਉਸ ਨੂੰ ਕਈ ਵਾਦੀਆਂ ਅਤੇ ਪਹਾੜੀ ਇਲਾਕਿਆਂ ਵਿਚ ਦੀ ਲੰਘਣਾ ਪਿਆ। ਉਹ ਸੀਰੀਆ ਦੇ ਰੇਗਿਸਤਾਨ ਦੁਆਲੇ ਘੁੰਮ ਕੇ ਗਿਆ, ਉਸ ਨੇ ਫਰਾਤ ਦਰਿਆ ਵਰਗੇ ਦਰਿਆਵਾਂ ਨੂੰ ਪਾਰ ਕੀਤਾ ਅਤੇ ਅਰਾਮ, ਮਸੋਪੋਤਾਮੀਆ ਤੇ ਅੱਸ਼ੂਰ ਦੇਸ਼ਾਂ ਦੇ ਨਗਰਾਂ ਤੇ ਪਿੰਡਾਂ ਵਿਚ ਪਰਦੇਸੀਆਂ ਨਾਲ ਰਾਤਾਂ ਕੱਟੀਆਂ। ਜਿੱਦਾਂ-ਜਿੱਦਾਂ ਦਿਨ ਲੰਘਦੇ ਗਏ ਉਸ ਨੂੰ ਆਪਣੀ ਮੰਜ਼ਲ ਨੀਨਵਾਹ ਬਾਰੇ ਸੋਚ ਕੇ ਕਾਂਬਾ ਛਿੜ ਗਿਆ ਹੋਣਾ—ਉਹ ਮੰਜ਼ਲ ਜੋ ਉਸ ਦੇ ਇਕ-ਇਕ ਕਦਮ ਨਾਲ ਨੇੜੇ ਆ ਰਹੀ ਸੀ।

ਯੂਨਾਹ ਦੇ ਮਨ ਵਿਚ ਇਕ ਗੱਲ ਪੱਕੀ ਸੀ: ਉਹ ਇਸ ਕੰਮ ਤੋਂ ਭੱਜ ਨਹੀਂ ਸਕਦਾ ਸੀ। ਉਹ ਪਹਿਲਾਂ ਹੀ ਭੱਜਣ ਦੀ ਕੋਸ਼ਿਸ਼ ਕਰ ਚੁੱਕਾ ਸੀ। ਜਦ ਯਹੋਵਾਹ ਨੇ ਪਹਿਲਾਂ ਯੂਨਾਹ ਨੂੰ ਅੱਸ਼ੂਰ ਦੇ ਇਸ ਵੱਡੇ ਸ਼ਹਿਰ ਨੂੰ ਜਾ ਕੇ ਸਜ਼ਾ ਸੁਣਾਉਣ ਦਾ ਕੰਮ ਸੌਂਪਿਆ ਸੀ, ਤਾਂ ਉਹ ਤੁਰੰਤ ਅਜਿਹੇ ਸਮੁੰਦਰੀ ਜਹਾਜ਼ ’ਤੇ ਚੜ੍ਹਿਆ ਜੋ ਦੂਜੇ ਪਾਸੇ ਨੂੰ ਜਾ ਰਿਹਾ ਸੀ। ਫਿਰ ਯਹੋਵਾਹ ਨੇ ਇਕ ਵੱਡਾ ਤੂਫ਼ਾਨ ਭੇਜਿਆ ਤੇ ਯੂਨਾਹ ਨੂੰ ਪਤਾ ਸੀ ਕਿ ਉਸ ਦੀ ਗ਼ਲਤੀ ਕਾਰਨ ਹੋਰਨਾਂ ਦੀਆਂ ਜਾਨਾਂ ਖ਼ਤਰੇ ਵਿਚ ਸਨ। ਉਨ੍ਹਾਂ ਬੰਦਿਆਂ ਦੀਆਂ ਜਾਨਾਂ ਬਚਾਉਣ ਲਈ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਸਮੁੰਦਰ ਵਿਚ ਸੁੱਟ ਦੇਣ। ਡਰਦੇ-ਡਰਦੇ ਉਨ੍ਹਾਂ ਨੇ ਯੂਨਾਹ ਨੂੰ ਸਮੁੰਦਰ ਵਿਚ ਸੁੱਟਿਆ ਤੇ ਯੂਨਾਹ ਨੇ ਸੋਚਿਆ ਹੋਣਾ ਕਿ ਉਹ ਜ਼ਰੂਰ ਮਰ ਜਾਵੇਗਾ। ਪਰ ਯਹੋਵਾਹ ਨੇ ਇਕ ਵੱਡੀ ਮੱਛੀ ਭੇਜੀ ਜਿਸ ਨੇ ਉਸ ਨੂੰ ਨਿਗਲ ਲਿਆ ਤੇ ਤਿੰਨ ਦਿਨ ਬਾਅਦ ਉਸ ਨੂੰ ਸਹੀ-ਸਲਾਮਤ ਕਿਨਾਰੇ ’ਤੇ ਪਹੁੰਚਾਇਆ। ਇਸ ਚਮਤਕਾਰ ਕਰਕੇ ਯੂਨਾਹ ਹੈਰਾਨ ਹੋਇਆ ਤੇ ਹੁਣ ਉਹ ਯਹੋਵਾਹ ਦੀ ਗੱਲ ਮੰਨਣ ਲਈ ਤਿਆਰ ਸੀ। *ਯੂਨਾਹ, ਅਧਿਆਇ 1, 2.

ਜਦ ਯਹੋਵਾਹ ਨੇ ਯੂਨਾਹ ਨੂੰ ਦੂਜੀ ਵਾਰ ਨੀਨਵਾਹ ਜਾਣ ਲਈ ਕਿਹਾ, ਤਾਂ ਇਸ ਨਬੀ ਨੇ ਉਸ ਦਾ ਕਹਿਣਾ ਮੰਨ ਕੇ ਪੂਰਬ ਵੱਲ ਲੰਬਾ ਸਫ਼ਰ ਸ਼ੁਰੂ ਕੀਤਾ। (ਯੂਨਾਹ 3:1-3) ਪਰ ਕੀ ਯੂਨਾਹ ਨੇ ਯਹੋਵਾਹ ਦੀ ਤਾੜਨਾ ਕਬੂਲ ਕਰ ਕੇ ਆਪਣੇ ਸੁਭਾਅ ਵਿਚ ਤਬਦੀਲੀ ਕੀਤੀ ਸੀ? ਜ਼ਰਾ ਸੋਚੋ ਕਿ ਯਹੋਵਾਹ ਨੇ ਉਸ ਉੱਤੇ ਕਿਵੇਂ ਦਇਆ ਕੀਤੀ ਸੀ। ਯਹੋਵਾਹ ਨੇ ਯੂਨਾਹ ਨੂੰ ਸਮੁੰਦਰ ਵਿਚ ਡੁੱਬਣ ਤੋਂ ਬਚਾਇਆ ਅਤੇ ਉਸ ਦੀ ਗ਼ਲਤੀ ਲਈ ਸਜ਼ਾ ਦੇਣ ਦੀ ਬਜਾਇ ਉਸ ਨੂੰ ਆਪਣਾ ਕੰਮ ਪੂਰਾ ਕਰਨ ਲਈ ਦੂਜਾ ਮੌਕਾ ਦਿੱਤਾ। ਇਹ ਸਭ ਕੁਝ ਹੋਣ ਤੋਂ ਬਾਅਦ ਕੀ ਯੂਨਾਹ ਨੇ ਦੂਜਿਆਂ ’ਤੇ ਦਇਆ ਕਰਨੀ ਸਿੱਖੀ ਸੀ? ਪਾਪੀ ਇਨਸਾਨਾਂ ਲਈ ਦਇਆ ਕਰਨੀ ਅਕਸਰ ਮੁਸ਼ਕਲ ਹੁੰਦੀ ਹੈ। ਯੂਨਾਹ ਲਈ ਵੀ ਇਹ ਮੁਸ਼ਕਲ ਸੀ। ਆਓ ਆਪਾਂ ਦੇਖੀਏ ਕਿ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ।

ਨਿਆਂ ਦਾ ਸੰਦੇਸ਼ ਅਤੇ ਲੋਕਾਂ ਦੀ ਤੋਬਾ

ਨੀਨਵਾਹ ਬਾਰੇ ਯੂਨਾਹ ਦੇ ਵਿਚਾਰ ਅਤੇ ਯਹੋਵਾਹ ਦੇ ਵਿਚਾਰ ਵਿਚ ਬਹੁਤ ਵੱਡਾ ਫ਼ਰਕ ਸੀ। ਯਹੋਵਾਹ ਦੀਆਂ ਨਜ਼ਰਾਂ ਵਿਚ “ਨੀਨਵਾਹ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ।” (ਯੂਨਾਹ 3:3) ਤਿੰਨ ਵਾਰ ਯੂਨਾਹ ਦੀ ਪੋਥੀ ਵਿਚ ਯਹੋਵਾਹ ਨੇ “ਵੱਡੇ ਸ਼ਹਿਰ ਨੀਨਵਾਹ” ਦੀ ਗੱਲ ਕੀਤੀ। (ਯੂਨਾਹ 1:2; 3:2; 4:11) ਯਹੋਵਾਹ ਲਈ ਇਹ ਵੱਡਾ ਸ਼ਹਿਰ ਇੰਨੀ ਅਹਿਮੀਅਤ ਕਿਉਂ ਰੱਖਦਾ ਸੀ?

ਨੀਨਵਾਹ ਬਹੁਤ ਪੁਰਾਣਾ ਸ਼ਹਿਰ ਸੀ। ਇਹ ਉਨ੍ਹਾਂ ਸ਼ਹਿਰਾਂ ਵਿੱਚੋਂ ਇਕ ਸੀ ਜੋ ਨਿਮਰੋਦ ਨੇ ਜਲ-ਪਰਲੋ ਤੋਂ ਬਾਅਦ ਬਣਾਏ ਸਨ। ਨੀਨਵਾਹ ਇਕ ਬਹੁਤ ਹੀ ਵੱਡਾ ਇਲਾਕਾ ਸੀ ਜਿਸ ਵਿਚ ਹੋਰ ਵੀ ਕਈ ਸ਼ਹਿਰ ਆ ਜਾਂਦੇ ਸਨ। ਇਸ ਦੇ ਇਕ ਪਾਸੇ ਤੋਂ ਦੂਜੇ ਪਾਸੇ ਤਕ ਤੁਰਨ ਲਈ ਤਿੰਨ ਦਿਨ ਲੱਗ ਜਾਂਦੇ ਸਨ। (ਉਤਪਤ 10:11; ਯੂਨਾਹ 3:3) ਨੀਨਵਾਹ ਇਕ ਸ਼ਾਨਦਾਰ ਸ਼ਹਿਰ ਸੀ ਜਿਸ ਵਿਚ ਆਲੀਸ਼ਾਨ ਮੰਦਰ, ਵੱਡੀਆਂ ਕੰਧਾਂ ਅਤੇ ਉੱਚੀਆਂ ਇਮਾਰਤਾਂ ਸਨ। ਪਰ ਇਨ੍ਹਾਂ ਚੀਜ਼ਾਂ ਕਰਕੇ ਨਹੀਂ, ਸਗੋਂ ਲੋਕਾਂ ਕਰਕੇ ਯਹੋਵਾਹ ਪਰਮੇਸ਼ੁਰ ਲਈ ਇਹ ਸ਼ਹਿਰ ਅਹਿਮੀਅਤ ਰੱਖਦਾ ਸੀ। ਉਸ ਸਮੇਂ ਨੀਨਵਾਹ ਦੀ ਆਬਾਦੀ ਬਹੁਤ ਸੀ। ਭਾਵੇਂ ਨੀਨਵਾਹ ਦੇ ਵਾਸੀ ਬੁਰੇ ਕੰਮ ਕਰਦੇ ਸਨ, ਫਿਰ ਵੀ ਯਹੋਵਾਹ ਨੂੰ ਉਨ੍ਹਾਂ ਦਾ ਫ਼ਿਕਰ ਸੀ। ਯਹੋਵਾਹ ਦੀਆਂ ਨਜ਼ਰਾਂ ਵਿਚ ਹਰ ਇਨਸਾਨ ਦੀ ਜਾਨ ਪਿਆਰੀ ਹੈ ਅਤੇ ਉਸ ਨੂੰ ਪਤਾ ਹੈ ਕਿ ਹਰੇਕ ਵਿਚ ਤੋਬਾ ਕਰਨ ਅਤੇ ਸਹੀ ਕੰਮ ਕਰਨ ਦੀ ਕਾਬਲੀਅਤ ਹੈ।

ਜਦ ਯੂਨਾਹ ਨੀਨਵਾਹ ਪਹੁੰਚਿਆ, ਤਾਂ ਉਹ ਇੰਨੇ ਸਾਰੇ ਲੋਕ ਦੇਖ ਕੇ ਹੋਰ ਵੀ ਡਰ ਗਿਆ ਹੋਣਾ ਕਿਉਂਕਿ ਸ਼ਹਿਰ ਦੀ ਆਬਾਦੀ 1,20,000 ਤੋਂ ਵੀ ਜ਼ਿਆਦਾ ਸੀ। * ਇਕ ਦਿਨ ਦਾ ਸਫ਼ਰ ਕਰਨ ਤੋਂ ਬਾਅਦ ਯੂਨਾਹ ਉੱਥੇ ਪਹੁੰਚਿਆ ਜਿੱਥੇ ਜ਼ਿਆਦਾ ਭੀੜ-ਭੜੱਕਾ ਸੀ। ਸ਼ਾਇਦ ਉਸ ਨੇ ਅਜਿਹੀ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਜਿੱਥੋਂ ਉਹ ਲੋਕਾਂ ਨੂੰ ਯਹੋਵਾਹ ਦਾ ਸੰਦੇਸ਼ ਦੇਣਾ ਸ਼ੁਰੂ ਕਰ ਸਕੇ। ਪਰ ਲੋਕ ਉਸ ਦੀ ਗੱਲ ਕਿੱਦਾਂ ਸਮਝ ਸਕਦੇ ਸਨ? ਕੀ ਉਸ ਨੇ ਅੱਸ਼ੂਰੀ ਭਾਸ਼ਾ ਬੋਲਣੀ ਸਿੱਖੀ ਸੀ? ਜਾਂ ਕੀ ਉਸ ਨੂੰ ਅੱਸ਼ੂਰੀ ਭਾਸ਼ਾ ਬੋਲਣ ਦੀ ਕਾਬਲੀਅਤ ਯਹੋਵਾਹ ਤੋਂ ਮਿਲੀ ਸੀ? ਸਾਨੂੰ ਪਤਾ ਨਹੀਂ। ਇਹ ਵੀ ਹੋ ਸਕਦਾ ਹੈ ਕਿ ਉਸ ਨੇ ਇਬਰਾਨੀ ਭਾਸ਼ਾ ਵਿਚ ਪ੍ਰਚਾਰ ਕੀਤਾ ਹੋਵੇ ਤੇ ਕਿਸੇ ਅੱਸ਼ੂਰੀ ਬੰਦੇ ਨੇ ਉਸ ਦੇ ਸੰਦੇਸ਼ ਦਾ ਤਰਜਮਾ ਕੀਤਾ ਹੋਵੇ। ਜੋ ਵੀ ਸੀ, ਉਸ ਦਾ ਸੰਦੇਸ਼ ਸਾਫ਼ ਸੀ: “ਹੋਰ ਚਾਲੀਆਂ ਦਿਨਾਂ ਨੂੰ ਨੀਨਵਾਹ ਢਾਹਿਆ ਜਾਵੇਗਾ!” (ਯੂਨਾਹ 3:4) ਇਹ ਸੰਦੇਸ਼ ਦੇਣਾ ਸੌਖਾ ਨਹੀਂ ਸੀ, ਪਰ ਯੂਨਾਹ ਦਲੇਰੀ ਨਾਲ ਇਹ ਸੰਦੇਸ਼ ਲੋਕਾਂ ਨੂੰ ਸੁਣਾਉਂਦਾ ਰਿਹਾ। ਇਸ ਤਰ੍ਹਾਂ ਕਰ ਕੇ ਉਸ ਨੇ ਆਪਣੀ ਬਹਾਦਰੀ ਅਤੇ ਪੱਕੀ ਨਿਹਚਾ ਦਾ ਸਬੂਤ ਦਿੱਤਾ। ਇਹ ਗੁਣ ਅੱਜ ਮਸੀਹੀਆਂ ਲਈ ਵੀ ਪਹਿਲਾਂ ਨਾਲੋਂ ਕਿਤੇ ਜ਼ਰੂਰੀ ਹਨ।

ਯੂਨਾਹ ਦੇ ਸੰਦੇਸ਼ ਨੇ ਨੀਨਵਾਹ ਦੇ ਲੋਕਾਂ ਦਾ ਧਿਆਨ ਖਿੱਚਿਆ। ਉਸ ਨੇ ਸੋਚਿਆ ਹੋਣਾ ਕਿ ਲੋਕ ਉਸ ਦਾ ਸੰਦੇਸ਼ ਸੁਣ ਕੇ ਜ਼ਰੂਰ ਉਸ ਦੀ ਮਾਰ-ਕਟਾਈ ਕਰਨਗੇ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਦੇ ਉਲਟ ਹੋਇਆ। ਲੋਕਾਂ ਨੇ ਉਸ ਦੀ ਸੁਣੀ! ਉਸ ਦਾ ਸੰਦੇਸ਼ ਸ਼ਹਿਰ ਦੇ ਕੋਣੇ-ਕੋਣੇ ਤਕ ਫੈਲ ਗਿਆ। ਥੋੜ੍ਹੇ ਹੀ ਸਮੇਂ ਵਿਚ ਪੂਰਾ ਸ਼ਹਿਰ ਯੂਨਾਹ ਦੀ ਭਵਿੱਖਬਾਣੀ ਬਾਰੇ ਗੱਲਾਂ ਕਰ ਰਿਹਾ ਸੀ। ਅਸੀਂ ਪੜ੍ਹਦੇ ਹਾਂ: “ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਿਨੱਕਿਆਂ ਤੋੜੀ ਓਹਨਾਂ ਨੇ ਤੱਪੜ ਪਾ ਲਏ।” (ਯੂਨਾਹ 3:5) ਅਮੀਰ ਤੇ ਗ਼ਰੀਬ, ਤਕੜੇ ਤੇ ਕਮਜ਼ੋਰ, ਨਿਆਣੇ ਤੇ ਸਿਆਣੇ, ਸਾਰਿਆਂ ਨੇ ਤੋਬਾ ਕੀਤੀ। ਰਾਜੇ ਤਕ ਵੀ ਖ਼ਬਰ ਪਹੁੰਚ ਗਈ ਸੀ ਕਿ ਲੋਕ ਤੋਬਾ ਕਰ ਰਹੇ ਹਨ।

ਰਾਜੇ ਦੇ ਦਿਲ ਵਿਚ ਵੀ ਰੱਬ ਦਾ ਡਰ ਪੈਦਾ ਹੋਇਆ। ਉਹ ਆਪਣੀ ਰਾਜ-ਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਚੋਗਾ ਲਾਹਿਆ, ਲੋਕਾਂ ਵਾਂਗ ਤੱਪੜ ਪਾਇਆ ਅਤੇ “ਰਾਖ ਵਿੱਚ ਬੈਠ ਗਿਆ।” ਉਸ ਨੇ ਆਪਣੇ “ਸਰਦਾਰਾਂ” ਨਾਲ ਫ਼ਰਮਾਨ ਜਾਰੀ ਕੀਤਾ ਕਿ ਸਾਰੇ ਲੋਕ ਵਰਤ ਰੱਖਣ। ਉਸ ਦਾ ਹੁਕਮ ਸੀ ਕਿ ਸਾਰੇ ਤੱਪੜ ਪਹਿਨਣ, ਇੱਥੋਂ ਤਕ ਕਿ ਜਾਨਵਰ ਵੀ। * ਉਸ ਨੇ ਨਿਮਰਤਾ ਨਾਲ ਕਬੂਲ ਕੀਤਾ ਕਿ ਲੋਕ ਭੈੜੇ ਕੰਮ ਅਤੇ ਜ਼ੁਲਮ ਕਰ ਰਹੇ ਸਨ। ਉਸ ਦੀ ਉਮੀਦ ਸੀ ਕਿ ਸੱਚਾ ਪਰਮੇਸ਼ੁਰ ਉਨ੍ਹਾਂ ਦੀ ਤੋਬਾ ਦੇਖ ਕੇ ਉਨ੍ਹਾਂ ’ਤੇ ਦਇਆ ਕਰੇਗਾ। ਉਸ ਨੇ ਕਿਹਾ: “ਕੀ ਜਾਣੀਏ ਜੋ ਪਰਮੇਸ਼ੁਰ ਮੁੜੇ . . . ਅਤੇ ਆਪਣੇ ਤੱਤੇ ਕ੍ਰੋਧ ਤੋਂ ਹਟੇ ਭਈ ਅਸੀਂ ਨਾਸ ਨਾ ਹੋਈਏ?”—ਯੂਨਾਹ 3:6-9.

ਕਈ ਆਲੋਚਕ ਸ਼ੱਕ ਕਰਦੇ ਹਨ ਕਿ ਨੀਨਵਾਹ ਦੇ ਵਾਸੀਆਂ ਨੇ ਇੰਨੀ ਛੇਤੀ ਦਿਲੋਂ ਤੋਬਾ ਕੀਤੀ। ਪਰ ਬਾਈਬਲ ਦੇ ਵਿਦਵਾਨ ਦੱਸਦੇ ਹਨ ਕਿ ਪੁਰਾਣੇ ਜ਼ਮਾਨੇ ਦੇ ਕਈ ਸਭਿਆਚਾਰ ਦੇ ਲੋਕ ਵਹਿਮੀ ਹੁੰਦੇ ਸਨ ਤੇ ਝੱਟ ਆਪਣਾ ਮਨ ਬਦਲ ਲੈਂਦੇ ਸਨ। ਯਿਸੂ ਮਸੀਹ ਨੇ ਬਾਅਦ ਵਿਚ ਨੀਨਵਾਹ ਦੇ ਵਾਸੀਆਂ ਦੀ ਤੋਬਾ ਬਾਰੇ ਗੱਲ ਕੀਤੀ ਸੀ। (ਮੱਤੀ 12:41) ਅਸੀਂ ਉਸ ਦੀ ਗੱਲ ਨੂੰ ਸੱਚ ਮੰਨ ਸਕਦੇ ਹਾਂ ਕਿਉਂਕਿ ਉਸ ਨੇ ਸਵਰਗੋਂ ਆਪਣੀ ਅੱਖੀਂ ਇਹ ਘਟਨਾਵਾਂ ਵਾਪਰਦੀਆਂ ਦੇਖੀਆਂ ਸਨ। (ਯੂਹੰਨਾ 8:57, 58) ਪਰ ਨੀਨਵਾਹ ਦੇ ਲੋਕਾਂ ਦੀ ਤੋਬਾ ਦੇਖ ਕੇ ਯਹੋਵਾਹ ਨੇ ਕੀ ਕੀਤਾ?

ਰੱਬ ਦੀ ਦਇਆ ਅਤੇ ਇਨਸਾਨਾਂ ਦੀ ਸਖ਼ਤੀ ਵਿਚ ਵੱਡਾ ਫ਼ਰਕ

ਬਾਅਦ ਵਿਚ ਯੂਨਾਹ ਨੇ ਲਿਖਿਆ: “ਜਦ ਪਰਮੇਸ਼ੁਰ ਨੇ ਓਹਨਾਂ ਦੇ ਕੰਮਾਂ ਨੂੰ ਡਿੱਠਾ ਕਿ ਓਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਤਦ ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਓਹਨਾਂ ਨਾਲ ਕਰੇਗਾ ਅਤੇ ਉਸ ਨੇ ਉਹ ਨਹੀਂ ਕੀਤੀ।”—ਯੂਨਾਹ 3:10.

ਕੀ ਇਸ ਦਾ ਮਤਲਬ ਹੈ ਕਿ ਯਹੋਵਾਹ ਦਾ ਫ਼ੈਸਲਾ ਗ਼ਲਤ ਸੀ ਜਦ ਉਸ ਨੇ ਯੂਨਾਹ ਰਾਹੀਂ ਨੀਨਵਾਹ ਨੂੰ ਸਜ਼ਾ ਸੁਣਾਈ? ਨਹੀਂ। ਯਹੋਵਾਹ ਬਾਰੇ ਬਾਈਬਲ ਕਹਿੰਦੀ ਹੈ: “ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ।” (ਬਿਵਸਥਾ ਸਾਰ 32:4) ਯਹੋਵਾਹ ਦਾ ਗੁੱਸਾ ਇਕਦਮ ਠੰਢਾ ਹੋ ਗਿਆ ਜਦ ਉਸ ਨੇ ਦੇਖਿਆ ਕਿ ਨੀਨਵਾਹ ਦੇ ਲੋਕਾਂ ਨੇ ਦਿਲੋਂ ਤੋਬਾ ਕੀਤੀ ਹੈ। ਇਸ ਕਰਕੇ ਉਹ ਹੁਣ ਸਜ਼ਾ ਦੇ ਲਾਇਕ ਨਹੀਂ ਸਨ। ਇਹ ਯਹੋਵਾਹ ਲਈ ਦਇਆ ਕਰਨ ਦਾ ਮੌਕਾ ਸੀ।

ਯਹੋਵਾਹ ਸਖ਼ਤ, ਕਠੋਰ ਅਤੇ ਬੇਰਹਿਮ ਨਹੀਂ ਜਿਵੇਂ ਕਈ ਧਾਰਮਿਕ ਆਗੂ ਕਹਿੰਦੇ ਹਨ। ਇਸ ਦੇ ਉਲਟ ਉਹ ਨਰਮ ਅਤੇ ਦਇਆਵਾਨ ਹੈ। ਦੁਸ਼ਟ ਲੋਕਾਂ ਉੱਤੇ ਸਜ਼ਾ ਲਿਆਉਣ ਤੋਂ ਪਹਿਲਾਂ ਉਹ ਆਪਣੇ ਸੇਵਕਾਂ ਰਾਹੀਂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਨੀਨਵਾਹ ਦੇ ਲੋਕਾਂ ਵਾਂਗ ਉਹ ਤੋਬਾ ਕਰਨ ਅਤੇ ਆਪਣੇ ਗ਼ਲਤ ਰਾਹਾਂ ਨੂੰ ਛੱਡਣ। (ਹਿਜ਼ਕੀਏਲ 33:11) ਯਹੋਵਾਹ ਨੇ ਆਪਣੇ ਨਬੀ ਯਿਰਮਿਯਾਹ ਨੂੰ ਦੱਸਿਆ: “ਜਿਸ ਵੇਲੇ ਮੈਂ ਕਿਸੇ ਕੌਮ ਯਾ ਕਿਸੇ ਪਾਤਸ਼ਾਹੀ ਦੇ ਵਿਖੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ ਜੇ ਉਹ ਕੌਮ ਜਿਹ ਦੇ ਵਿਖੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਵੀ ਉਸ ਬਦੀ ਤੋਂ ਪੱਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ।”— ਯਿਰਮਿਯਾਹ 18:7, 8.

ਸੋ ਕੀ ਯੂਨਾਹ ਦੀ ਭਵਿੱਖਬਾਣੀ ਝੂਠੀ ਸੀ? ਨਹੀਂ ਕਿਉਂਕਿ ਯੂਨਾਹ ਦੇ ਸੰਦੇਸ਼ ਰਾਹੀਂ ਲੋਕਾਂ ਨੂੰ ਚੇਤਾਵਨੀ ਮਿਲੀ। ਨੀਨਵਾਹ ਦੇ ਲੋਕਾਂ ਦੇ ਮਾੜੇ ਕੰਮਾਂ ਕਰਕੇ ਇਹ ਚੇਤਾਵਨੀ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਤੋਬਾ ਕੀਤੀ। ਜੇ ਉਹ ਦੁਬਾਰਾ ਮਾੜੇ ਕੰਮ ਕਰਨ ਲੱਗਦੇ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਣੀ ਸੀ ਅਤੇ ਬਾਅਦ ਵਿਚ ਇਸੇ ਤਰ੍ਹਾਂ ਹੋਇਆ।—ਸਫ਼ਨਯਾਹ 2:13-15.

ਯੂਨਾਹ ਨੂੰ ਕਿੱਦਾਂ ਲੱਗਾ ਜਦ ਉਸ ਦੇ ਪ੍ਰਚਾਰ ਕਰਨ ਤੋਂ ਬਾਅਦ ਨੀਨਵਾਹ ਨੂੰ ਤਬਾਹ ਨਹੀਂ ਕੀਤਾ ਗਿਆ? ਅਸੀਂ ਪੜ੍ਹਦੇ ਹਾਂ: “ਏਹ ਯੂਨਾਹ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਬਕ ਉੱਠਿਆ।” (ਯੂਨਾਹ 4:1) ਉਸ ਨੇ ਅਜਿਹੀ ਪ੍ਰਾਰਥਨਾ ਕੀਤੀ ਜਿਸ ਵਿਚ ਲੱਗਦਾ ਹੈ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਵਿਚ ਦੋਸ਼ ਕੱਢ ਰਿਹਾ ਸੀ! ਯੂਨਾਹ ਨੇ ਕਿਹਾ ਕਿ ਉਸ ਨੂੰ ਆਪਣੇ ਦੇਸ਼ ਵਿਚ ਹੀ ਰਹਿਣਾ ਚਾਹੀਦਾ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਜਾਣਦਾ ਸੀ ਕਿ ਯਹੋਵਾਹ ਨੀਨਵਾਹ ਨੂੰ ਸਜ਼ਾ ਨਹੀਂ ਦੇਵੇਗਾ ਅਤੇ ਇਸੇ ਲਈ ਉਹ ਤਰਸ਼ੀਸ਼ ਨੂੰ ਭੱਜ ਗਿਆ ਸੀ। ਫਿਰ ਉਸ ਨੇ ਕਿਹਾ ਕਿ ਉਸ ਦਾ ਮਰਨਾ ਹੀ ਉਸ ਦੇ ਜੀਉਣ ਨਾਲੋਂ ਚੰਗਾ ਸੀ।—ਯੂਨਾਹ 4:2, 3.

ਯੂਨਾਹ ਕਿਉਂ ਇੰਨਾ ਦੁਖੀ ਸੀ? ਸਾਨੂੰ ਇਹ ਨਹੀਂ ਪਤਾ ਕਿ ਉਸ ਦੇ ਮਨ ਵਿਚ ਕੀ ਸੀ, ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਸ ਨੇ ਨੀਨਵਾਹ ਦੇ ਸਾਰੇ ਲੋਕਾਂ ਨੂੰ ਸਜ਼ਾ ਸੁਣਾਈ ਸੀ। ਉਨ੍ਹਾਂ ਨੇ ਯੂਨਾਹ ਦੀ ਗੱਲ ਉੱਤੇ ਯਕੀਨ ਕੀਤਾ ਜਿਸ ਕਰਕੇ ਉਨ੍ਹਾਂ ਉੱਤੇ ਕੋਈ ਵੀ ਸਜ਼ਾ ਨਹੀਂ ਸੀ ਆਉਣੀ। ਕੀ ਉਸ ਨੂੰ ਇਹ ਡਰ ਸੀ ਕਿ ਲੋਕ ਉਸ ਦਾ ਮਜ਼ਾਕ ਉਡਾਉਣਗੇ ਤੇ ਉਸ ਨੂੰ ਝੂਠਾ ਨਬੀ ਕਹਿਣਗੇ? ਜੋ ਵੀ ਸੀ, ਯੂਨਾਹ ਲੋਕਾਂ ਦੀ ਤੋਬਾ ਅਤੇ ਪਰਮੇਸ਼ੁਰ ਦੀ ਦਇਆ ਕਾਰਨ ਖ਼ੁਸ਼ ਨਹੀਂ ਸੀ। ਇਸ ਦੀ ਬਜਾਇ ਉਸ ਨੂੰ ਗੁੱਸਾ ਚੜ੍ਹ ਰਿਹਾ ਸੀ ਤੇ ਉਹ ਆਪਣੇ ਹੀ ਦੁੱਖ ਵਿਚ ਡੁੱਬ ਰਿਹਾ ਸੀ। ਨਾਲੇ ਉਸ ਨੂੰ ਇਹ ਵੀ ਲੱਗਾ ਕਿ ਉਸ ਦੀ ਬਦਨਾਮੀ ਹੋ ਰਹੀ ਸੀ। ਫਿਰ ਵੀ ਲੱਗਦਾ ਹੈ ਕਿ ਪਰਮੇਸ਼ੁਰ ਨੇ ਦਇਆ ਨਾਲ ਇਸ ਦੁਖੀ ਆਦਮੀ ਵਿਚ ਕੁਝ ਚੰਗਾ ਦੇਖਿਆ। ਯੂਨਾਹ ਦੀ ਗੁਸਤਾਖ਼ੀ ਲਈ ਸਜ਼ਾ ਦੇਣ ਦੀ ਬਜਾਇ ਯਹੋਵਾਹ ਨੇ ਕੋਮਲਤਾ ਨਾਲ ਸਿਰਫ਼ ਇਕ ਸਵਾਲ ਪੁੱਛਿਆ: “ਕੀ ਤੇਰਾ ਗੁੱਸਾ ਚੰਗਾ ਹੈ?” (ਯੂਨਾਹ 4:4) ਕੀ ਯੂਨਾਹ ਨੇ ਇਸ ਸਵਾਲ ਦਾ ਜਵਾਬ ਦਿੱਤਾ? ਬਾਈਬਲ ਸਾਨੂੰ ਨਹੀਂ ਦੱਸਦੀ।

ਯਹੋਵਾਹ ਨੇ ਯੂਨਾਹ ਨੂੰ ਸਬਕ ਸਿਖਾਇਆ

ਨਿਰਾਸ਼ ਹੋ ਕੇ ਯੂਨਾਹ ਨੀਨਵਾਹ ਛੱਡ ਕੇ ਆਪਣੇ ਘਰ ਵੱਲ ਨਹੀਂ, ਪਰ ਪੂਰਬ ਵੱਲ ਗਿਆ ਜਿੱਥੇ ਕੁਝ ਪਹਾੜਾਂ ਤੋਂ ਸ਼ਹਿਰ ਦਿੱਸਦਾ ਸੀ। ਉਸ ਨੇ ਇਕ ਛੋਟੀ ਜਿਹੀ ਛਪਰੀ ਪਾ ਲਈ ਤੇ ਬੈਠ ਕੇ ਦੇਖਣ ਲੱਗਾ ਕਿ ਨੀਨਵਾਹ ਦਾ ਕੀ ਬਣੇਗਾ। ਸ਼ਾਇਦ ਉਹ ਅਜੇ ਵੀ ਉਮੀਦ ਰੱਖ ਰਿਹਾ ਸੀ ਕਿ ਉਹ ਸ਼ਹਿਰ ਦੀ ਤਬਾਹੀ ਦੇਖੇਗਾ। ਯਹੋਵਾਹ ਇਸ ਬੇਰਹਿਮ ਆਦਮੀ ਨੂੰ ਦਇਆ ਕਰਨੀ ਕਿਵੇਂ ਸਿਖਾਉਂਦਾ?

ਰਾਤੋ-ਰਾਤ ਯਹੋਵਾਹ ਨੇ ਇਕ ਬੂਟਾ ਉਗਾਇਆ। ਜਦ ਯੂਨਾਹ ਉੱਠਿਆ, ਤਾਂ ਉਸ ਨੂੰ ਦੇਖ ਕੇ ਉਹ ਬਹੁਤ ਖ਼ੁਸ਼ ਹੋਇਆ ਕਿਉਂਕਿ ਇਸ ਬੂਟੇ ਦੇ ਵੱਡੇ-ਵੱਡੇ ਪੱਤਿਆਂ ਦੀ ਛਾਂ ਨੇ ਉਸ ਨੂੰ ਧੁੱਪ ਤੋਂ ਬਚਾਇਆ। “ਯੂਨਾਹ ਉਸ ਬੂਟੇ ਦੇ ਕਾਰਨ ਬਹੁਤ ਨਿਹਾਲ ਹੋਇਆ।” ਸ਼ਾਇਦ ਉਸ ਨੇ ਸੋਚਿਆ ਕਿ ਇਹ ਬੂਟਾ ਪਰਮੇਸ਼ੁਰ ਦੀ ਬਰਕਤ ਤੇ ਮਿਹਰ ਦਾ ਸਬੂਤ ਸੀ। ਪਰ ਯਹੋਵਾਹ ਯੂਨਾਹ ਨੂੰ ਧੁੱਪ ਤੋਂ ਹੀ ਨਹੀਂ ਬਚਾਉਣਾ ਚਾਹੁੰਦਾ ਸੀ ਤੇ ਨਾ ਹੀ ਸਿਰਫ਼ ਉਸ ਦਾ ਗੁੱਸਾ ਠੰਢਾ ਕਰਨਾ ਚਾਹੁੰਦਾ ਸੀ, ਸਗੋਂ ਉਹ ਉਸ ਦੇ ਦਿਲ ਤਕ ਪਹੁੰਚਣਾ ਚਾਹੁੰਦਾ ਸੀ। ਇਸ ਲਈ ਪਰਮੇਸ਼ੁਰ ਨੇ ਇਕ ਕੀੜਾ ਵਰਤ ਕੇ ਬੂਟੇ ਨੂੰ ਮਾਰ ਦਿੱਤਾ। ਫਿਰ ਉਸ ਨੇ “ਪੂਰਬੀ ਲੋ ਠਹਿਰਾਈ” ਜਿਸ ਕਰਕੇ ਯੂਨਾਹ ਨੂੰ ਧੁੱਪ ਲੱਗ ਗਈ ਤੇ ਉਹ ਕਮਜ਼ੋਰ ਹੋ ਗਿਆ। ਉਹ ਫਿਰ ਤੋਂ ਨਿਰਾਸ਼ ਹੋਇਆ ਤੇ ਉਸ ਨੇ ਕਿਹਾ ਕਿ ਉਸ ਦਾ ਮਰਨਾ ਹੀ ਚੰਗਾ ਹੈ।—ਯੂਨਾਹ 4:6-8.

ਬੂਟੇ ਦੇ ਮਰਨ ਕਾਰਨ ਇਕ ਵਾਰ ਫਿਰ ਯਹੋਵਾਹ ਨੇ ਯੂਨਾਹ ਨੂੰ ਪੁੱਛਿਆ ਜੇ ਉਸ ਦਾ ਗੁੱਸੇ ਸਹੀ ਸੀ। ਆਪਣੀ ਗ਼ਲਤੀ ਮੰਨਣ ਦੀ ਬਜਾਇ ਯੂਨਾਹ ਨੇ ਕਿਹਾ: “ਮੇਰਾ ਗੁੱਸਾ ਮੌਤ ਤੀਕ ਚੰਗਾ ਹੈ!” ਹੁਣ ਯੂਨਾਹ ਨੂੰ ਸਬਕ ਸਿਖਾਉਣ ਦਾ ਵਧੀਆ ਮੌਕਾ ਸੀ।—ਯੂਨਾਹ 4:9.

ਪਰਮੇਸ਼ੁਰ ਨੇ ਯੂਨਾਹ ਨੂੰ ਕਿਹਾ ਕਿ ਉਹ ਇਕ ਮਾਮੂਲੀ ਬੂਟੇ ਦੇ ਮਰਨ ਕਾਰਨ ਨਿਰਾਸ਼ ਸੀ ਜੋ ਇੱਕੋ ਰਾਤ ਵਿਚ ਉੱਗਿਆ ਅਤੇ ਜਿਸ ਨੂੰ ਨਾ ਉਸ ਨੇ ਬੀਜਿਆ ਤੇ ਨਾ ਹੀ ਵੱਡਾ ਕੀਤਾ। ਫਿਰ ਪਰਮੇਸ਼ੁਰ ਨੇ ਸਮਝਾਇਆ: “ਕੀ ਏਸ ਵੱਡੇ ਸ਼ਹਿਰ ਨੀਨਵਾਹ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ ਜਿਹ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਜਣਿਆਂ ਨਾਲੋਂ ਵੀ ਵਧੀਕ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ ਅਤੇ ਡੰਗਰ ਵੀ ਬਹੁਤ ਹਨ?”—ਯੂਨਾਹ 4:10, 11. *

ਕੀ ਤੁਸੀਂ ਦੇਖ ਸਕਦੇ ਹੋ ਕਿ ਯਹੋਵਾਹ ਨੇ ਯੂਨਾਹ ਨੂੰ ਕਿਹੜਾ ਜ਼ਰੂਰੀ ਸਬਕ ਸਿਖਾਇਆ? ਯੂਨਾਹ ਨੇ ਉਸ ਬੂਟੇ ਦੀ ਦੇਖ-ਭਾਲ ਕਰਨ ਲਈ ਕੁਝ ਨਹੀਂ ਸੀ ਕੀਤਾ। ਦੂਜੇ ਪਾਸੇ, ਯਹੋਵਾਹ ਨੀਨਵਾਹ ਦੇ ਲੋਕਾਂ ਦਾ ਜੀਵਨਦਾਤਾ ਸੀ ਅਤੇ ਉਸ ਨੇ ਉਨ੍ਹਾਂ ਦੀ ਦੇਖ-ਭਾਲ ਕੀਤੀ ਸੀ ਜਿਵੇਂ ਉਹ ਧਰਤੀ ਉੱਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਦੀ ਦੇਖ-ਭਾਲ ਕਰਦਾ ਹੈ। ਯੂਨਾਹ 1,20,000 ਇਨਸਾਨਾਂ ਅਤੇ ਉਨ੍ਹਾਂ ਦੇ ਜਾਨਵਰਾਂ ਦੀਆਂ ਜਾਨਾਂ ਨਾਲੋਂ ਇਕ ਬੂਟੇ ਨੂੰ ਜ਼ਿਆਦਾ ਕੀਮਤੀ ਕਿਵੇਂ ਸਮਝ ਸਕਦਾ ਸੀ? ਯੂਨਾਹ ਦੀ ਸੋਚਣੀ ਗ਼ਲਤ ਸੀ ਅਤੇ ਉਹ ਖ਼ੁਦਗਰਜ਼ ਬਣ ਗਿਆ ਸੀ। ਯੂਨਾਹ ਨੂੰ ਇਸੇ ਕਾਰਨ ਬੂਟੇ ਉੱਤੇ ਤਰਸ ਆਇਆ ਕਿਉਂਕਿ ਉਸ ਤੋਂ ਉਸ ਨੂੰ ਫ਼ਾਇਦਾ ਹੋਇਆ ਸੀ। ਉਸ ਦਾ ਗੁੱਸਾ ਇਸ ਲਈ ਭੜਕਿਆ ਸੀ ਕਿਉਂਕਿ ਉਹ ਨੀਨਵਾਹ ਦੇ ਲੋਕਾਂ ਬਾਰੇ ਸੋਚਣ ਦੀ ਬਜਾਇ ਆਪਣੇ ਬਾਰੇ ਸੋਚ ਰਿਹਾ ਸੀ। ਹਾਂ, ਯੂਨਾਹ ਨੂੰ ਆਪਣੀ ਬਦਨਾਮੀ ਦਾ ਜ਼ਿਆਦਾ ਫ਼ਿਕਰ ਸੀ।

ਯਹੋਵਾਹ ਨੇ ਯੂਨਾਹ ਨੂੰ ਕਿੰਨਾ ਵਧੀਆ ਸਬਕ ਸਿਖਾਇਆ! ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਯੂਨਾਹ ਨੇ ਸਬਕ ਸਿੱਖ ਲਿਆ ਸੀ? ਯੂਨਾਹ ਦੀ ਪੋਥੀ ਵਿਚ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂਦਾ। ਕੁਝ ਆਲੋਚਕਾਂ ਦੀ ਸ਼ਿਕਾਇਤ ਹੈ ਕਿ ਯੂਨਾਹ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੀ ਨਹੀਂ। ਪਰ ਅਸਲ ਵਿਚ ਯੂਨਾਹ ਦੀ ਪੋਥੀ ਹੀ ਇਸ ਸਵਾਲ ਦਾ ਜਵਾਬ ਹੈ। ਸਬੂਤ ਦਿਖਾਉਂਦਾ ਹੈ ਕਿ ਯੂਨਾਹ ਨੇ ਹੀ ਇਹ ਪੋਥੀ ਲਿਖੀ ਸੀ। ਕਲਪਨਾ ਕਰੋ ਕਿ ਇਹ ਨਬੀ ਆਪਣੇ ਦੇਸ਼ ਵਿਚ ਸਹੀ-ਸਲਾਮਤ ਪਹੁੰਚ ਕੇ ਇਹ ਗੱਲਾਂ ਲਿਖ ਰਿਹਾ ਹੈ। ਹੁਣ ਉਹ ਉਮਰ ਵਿਚ ਵੱਡਾ, ਜ਼ਿਆਦਾ ਸਮਝਦਾਰ ਤੇ ਨਿਮਰ ਹੈ। ਆਪਣੀਆਂ ਗ਼ਲਤੀਆਂ, ਆਪਣੀ ਅਣਆਗਿਆਕਾਰੀ ਤੇ ਦਇਆ ਨਾ ਕਰਨ ਦੀ ਆਪਣੀ ਜ਼ਿੱਦ ਬਾਰੇ ਲਿਖ ਕੇ ਉਹ ਜ਼ਰੂਰ ਪਛਤਾਇਆ ਹੋਣਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯੂਨਾਹ ਨੇ ਸਬਕ ਸਿੱਖ ਕੇ ਦਇਆ ਕਰਨੀ ਸਿੱਖੀ। ਕੀ ਅਸੀਂ ਵੀ ਦਇਆ ਕਰਨੀ ਸਿੱਖਾਂਗੇ? (w09 4/1)

[ਫੁਟਨੋਟ]

^ ਪੈਰਾ 4 ਅਪ੍ਰੈਲ-ਜੂਨ 2009 ਦੇ ਪਹਿਰਾਬੁਰਜ ਵਿਚ “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ—ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ” ਨਾਂ ਦਾ ਲੇਖ ਦੇਖੋ।

^ ਪੈਰਾ 9 ਅੰਦਾਜ਼ਾ ਲਾਇਆ ਗਿਆ ਹੈ ਕਿ ਯੂਨਾਹ ਦੇ ਜ਼ਮਾਨੇ ਵਿਚ ਇਸਰਾਏਲ ਦੀ ਰਾਜਧਾਨੀ ਸਾਮਰਿਯਾ ਦੀ ਆਬਾਦੀ ਲਗਭਗ 20,000 ਤੋਂ 30,000 ਸੀ। ਇਹ ਤਾਂ ਨੀਨਵਾਹ ਦੀ ਆਬਾਦੀ ਦਾ ਚੌਥਾ ਹਿੱਸਾ ਵੀ ਨਹੀਂ ਸੀ! ਆਪਣੀ ਸਿਖਰ ਤੇ ਨੀਨਵਾਹ ਸ਼ਾਇਦ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਸੀ।

^ ਪੈਰਾ 11 ਇਹ ਗੱਲ ਸ਼ਾਇਦ ਅਜੀਬ ਲੱਗੇ, ਪਰ ਪੁਰਾਣੇ ਜ਼ਮਾਨੇ ਵਿਚ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਾ ਸੀ। ਯੂਨਾਨੀ ਇਤਿਹਾਸਕਾਰ ਹੈਰੋਡੋਟਸ ਨੇ ਕਿਹਾ ਕਿ ਪੁਰਾਣੇ ਜ਼ਮਾਨੇ ਦੇ ਫ਼ਾਰਸੀ ਲੋਕਾਂ ਨੇ ਇਕ ਮਸ਼ਹੂਰ ਫ਼ਾਰਸੀ ਜਰਨੈਲ ਦਾ ਸੋਗ ਕਰਨ ਵੇਲੇ ਜਾਨਵਰਾਂ ਨੂੰ ਵੀ ਸ਼ਾਮਲ ਕੀਤਾ ਸੀ।

^ ਪੈਰਾ 24 ਜਦ ਪਰਮੇਸ਼ੁਰ ਨੇ ਕਿਹਾ ਕਿ ਉਹ ਲੋਕ ਆਪਣੇ ਸੱਜੇ ਖੱਬੇ ਹੱਥ ਨੂੰ ਨਹੀਂ ਸਿਆਣ ਸਕਦੇ, ਤਾਂ ਇਸ ਦਾ ਮਤਲਬ ਸੀ ਕਿ ਇਕ ਬੱਚੇ ਦੀ ਤਰ੍ਹਾਂ ਉਹ ਪਰਮੇਸ਼ੁਰ ਦੇ ਅਸੂਲਾਂ ਤੋਂ ਅਣਜਾਣ ਸਨ।

[ਸਫ਼ਾ 16 ਉੱਤੇ ਸੁਰਖੀ]

ਪਰਮੇਸ਼ੁਰ ਚਾਹੁੰਦਾ ਹੈ ਕਿ ਨੀਨਵਾਹ ਦੇ ਲੋਕਾਂ ਵਾਂਗ ਦੁਸ਼ਟ ਲੋਕ ਵੀ ਤੋਬਾ ਕਰਨ ਅਤੇ ਆਪਣੇ ਗ਼ਲਤ ਰਾਹਾਂ ਨੂੰ ਛੱਡਣ

[ਸਫ਼ਾ 17 ਉੱਤੇ ਸੁਰਖੀ]

ਯਹੋਵਾਹ ਨੇ ਬੂਟਾ ਵਰਤ ਕੇ ਯੂਨਾਹ ਨੂੰ ਦਇਆ ਕਰਨੀ ਸਿਖਾਈ