Skip to content

Skip to table of contents

2 ਪਰਮੇਸ਼ੁਰ ਬਾਰੇ ਸਹੀ ਗਿਆਨ ਲਓ

2 ਪਰਮੇਸ਼ੁਰ ਬਾਰੇ ਸਹੀ ਗਿਆਨ ਲਓ

2 ਪਰਮੇਸ਼ੁਰ ਬਾਰੇ ਸਹੀ ਗਿਆਨ ਲਓ

“ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.

ਇਸ ਤਰ੍ਹਾਂ ਕਰਨਾ ਮੁਸ਼ਕਲ ਕਿਉਂ ਹੈ? ਕਈ ਕਹਿੰਦੇ ਹਨ ਕਿ ਪਰਮੇਸ਼ੁਰ ਹੈ ਹੀ ਨਹੀਂ। ਦੂਸਰੇ ਕਹਿੰਦੇ ਹਨ ਕਿ ਉਹ ਸਿਰਫ਼ ਇਕ ਸ਼ਕਤੀ ਹੈ ਜੋ ਹਰ ਪਾਸੇ ਹੈ। ਜਿਹੜੇ ਰੱਬ ਨੂੰ ਮੰਨਦੇ ਹਨ ਉਹ ਉਸ ਬਾਰੇ ਅਤੇ ਉਸ ਦੇ ਗੁਣਾਂ ਬਾਰੇ ਵੱਖ-ਵੱਖ ਗੱਲਾਂ ਸਿਖਾਉਂਦੇ ਹਨ।

ਤੁਸੀਂ ਇਸ ਮੁਸ਼ਕਲ ਬਾਰੇ ਕੀ ਕਰ ਸਕਦੇ ਹੋ? ਪਰਮੇਸ਼ੁਰ ਬਾਰੇ ਸਹੀ ਗਿਆਨ ਲੈਣ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ’ਤੇ ਗੌਰ ਕਰੀਏ। ਪੌਲੁਸ ਰਸੂਲ ਨੇ ਕਿਹਾ: “ਜਗਤ ਦੇ ਉਤਪਤ ਹੋਣ ਤੋਂ [ਪਰਮੇਸ਼ੁਰ] ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ।” (ਰੋਮੀਆਂ 1:20) ਕੁਦਰਤ ਵੱਲ ਧਿਆਨ ਦੇ ਕੇ ਤੁਸੀਂ ਪਰਮੇਸ਼ੁਰ ਦੀ ਬੁੱਧ ਅਤੇ ਸ਼ਕਤੀ ਬਾਰੇ ਬਹੁਤ ਕੁਝ ਸਿੱਖ ਸਕਦੇ ਹੋ।—ਜ਼ਬੂਰਾਂ ਦੀ ਪੋਥੀ 104:24; ਯਸਾਯਾਹ 40:26.

ਪਰ ਇਹ ਜਾਣਨ ਲਈ ਕਿ ਪਰਮੇਸ਼ੁਰ ਕਿਹੋ ਜਿਹਾ ਹੈ ਹਰੇਕ ਨੂੰ ਖ਼ੁਦ ਉਸ ਦੇ ਬਚਨ ਦੀ ਜਾਂਚ ਕਰਨ ਦੀ ਲੋੜ ਹੈ। ਦੂਸਰਿਆਂ ਦੀਆਂ ਗੱਲਾਂ ਵਿਚ ਨਾ ਆਓ, ਸਗੋਂ ਖ਼ੁਦ ਇਸ ਤਰ੍ਹਾਂ ਕਰਨ ਦਾ ਫ਼ੈਸਲਾ ਕਰੋ। ਬਾਈਬਲ ਦੀ ਸਲਾਹ ਉੱਤੇ ਚੱਲੋ: ‘ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।’ (ਰੋਮੀਆਂ 12:2) ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਪਰਮੇਸ਼ੁਰ ਬਾਰੇ ਕੀ ਕਿਹਾ ਗਿਆ ਹੈ।

ਪਰਮੇਸ਼ੁਰ ਦਾ ਇਕ ਨਾਂ ਹੈ। ਜਦ ਬਾਈਬਲ ਲਿਖੀ ਗਈ ਸੀ, ਤਾਂ ਪਰਮੇਸ਼ੁਰ ਦਾ ਨਾਂ ਹਜ਼ਾਰਾਂ ਵਾਰ ਉਸ ਵਿਚ ਪਾਇਆ ਗਿਆ ਸੀ। ਕਈ ਬਾਈਬਲਾਂ ਵਿਚ ਤੁਸੀਂ ਇਹ ਨਾਂ ਜ਼ਬੂਰਾਂ ਦੀ ਪੋਥੀ 83:18 ਵਿਚ ਪੜ੍ਹ ਸਕਦੇ ਹੋ: “ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”

ਇਨਸਾਨ ਜੋ ਕਰਦੇ ਹਨ ਇਸ ਦਾ ਪਰਮੇਸ਼ੁਰ ’ਤੇ ਵੀ ਅਸਰ ਪੈਂਦਾ ਹੈ। ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਉਣ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਯਹੋਵਾਹ ਦੀ ਸਲਾਹ ਨੂੰ ਰੱਦ ਕੀਤਾ। ਉਨ੍ਹਾਂ ਨੇ ਆਪਣੇ ਕੰਮਾਂ ਰਾਹੀਂ ਉਸ ਨੂੰ “ਉਦਾਸ ਕਰ ਦਿੱਤਾ।” ਇਸ ਕਰਕੇ ਉਹ “ਇਸਰਾਏਲ ਦੀ ਪਵਿੱਤਰ ਹਸਤੀ ਲਈ ਦੁੱਖ ਦਾ ਕਾਰਣ ਬਣੇ।”—ਜ਼ਬੂਰ 78:40, 41, ERV.

ਯਹੋਵਾਹ ਹਰੇਕ ਦਾ ਖ਼ਿਆਲ ਰੱਖਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।”—ਮੱਤੀ 10:29-31.

ਪਰਮੇਸ਼ੁਰ ਇਕ ਕੌਮ ਜਾਂ ਜਾਤ ਨੂੰ ਬਾਕੀਆਂ ਨਾਲੋਂ ਚੰਗਾ ਨਹੀਂ ਸਮਝਦਾ। ਪੌਲੁਸ ਰਸੂਲ ਨੇ ਅਥੇਨੈ ਵਿਚ ਰਹਿੰਦੇ ਯੂਨਾਨੀ ਲੋਕਾਂ ਨੂੰ ਕਿਹਾ ਸੀ ਕਿ ਪਰਮੇਸ਼ੁਰ ਨੇ “ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ।” ਉਸ ਨੇ ਇਹ ਵੀ ਕਿਹਾ ਕਿ ਪਰਮੇਸ਼ੁਰ “ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।” (ਰਸੂਲਾਂ ਦੇ ਕਰਤੱਬ 17:26, 27) ਪਤਰਸ ਰਸੂਲ ਨੇ ਕਿਹਾ ਸੀ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.

ਇਸ ਦਾ ਫ਼ਾਇਦਾ ਕੀ ਹੈ? ਕਈਆਂ ਨੂੰ “ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ।” (ਰੋਮੀਆਂ 10:2) ਜੇ ਤੁਸੀਂ ਜਾਣਦੇ ਹੋ ਕਿ ਬਾਈਬਲ ਵਿਚ ਪਰਮੇਸ਼ੁਰ ਬਾਰੇ ਕੀ ਸਿਖਾਇਆ ਗਿਆ ਹੈ, ਤਾਂ ਤੁਸੀਂ ਗ਼ਲਤ ਪਾਸੇ ਨਹੀਂ ਲੱਗੋਗੇ, ਪਰ “ਪਰਮੇਸ਼ੁਰ ਦੇ ਨੇੜੇ” ਰਹੋਗੇ।—ਯਾਕੂਬ 4:8. (w09 5/1)

ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਪਹਿਲਾ ਅਧਿਆਇ ਦੇਖੋ ਜਿਸ ਦਾ ਵਿਸ਼ਾ ਹੈ: “ਦੁਨੀਆਂ ਦਾ ਸਿਰਜਣਹਾਰ ਕਿਹੋ ਜਿਹਾ ਹੈ? *

[ਫੁਟਨੋਟ]

^ ਪੈਰਾ 11 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 6 ਉੱਤੇ ਤਸਵੀਰ]

ਪਰਮੇਸ਼ੁਰ ਬਾਰੇ ਸਹੀ ਗਿਆਨ ਲੈਣ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ’ਤੇ ਗੌਰ ਕਰੀਏ