Skip to content

Skip to table of contents

4 ਆਪਣੇ ਸ਼ੱਕ ਦੂਰ ਕਰੋ

4 ਆਪਣੇ ਸ਼ੱਕ ਦੂਰ ਕਰੋ

4 ਆਪਣੇ ਸ਼ੱਕ ਦੂਰ ਕਰੋ

“ਤੇਰਾ ਵਿਸ਼ਵਾਸ ਕਿੰਨਾ ਘੱਟ ਹੈ। ਤੂੰ ਸ਼ੱਕ ਕਿਉਂ ਕੀਤਾ?”—ਮੱਤੀ 14:31, CL.

ਇਸ ਤਰ੍ਹਾਂ ਕਰਨਾ ਮੁਸ਼ਕਲ ਕਿਉਂ ਹੈ? ਕਦੀ-ਕਦੀ ਯਿਸੂ ਦੇ ਚੇਲਿਆਂ ਨੇ ਵੀ ਸ਼ੱਕ ਕੀਤਾ ਸੀ। (ਮੱਤੀ 14:30; ਲੂਕਾ 24:36-39; ਯੂਹੰਨਾ 20:24, 25) ਬਾਈਬਲ ਕਹਿੰਦੀ ਹੈ ਕਿ ਨਿਹਚਾ ਦੀ ਘਾਟ ਉਹ “ਪਾਪ” ਹੈ “ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ।” (ਇਬਰਾਨੀਆਂ 12:1) ਪੌਲੁਸ ਰਸੂਲ ਨੇ ਲਿਖਿਆ ਕਿ “ਸਭਨਾਂ ਨੂੰ ਨਿਹਚਾ ਨਹੀਂ ਹੈ।” (2 ਥੱਸਲੁਨੀਕੀਆਂ 3:2) ਇਸ ਦਾ ਇਹ ਮਤਲਬ ਨਹੀਂ ਕਿ ਲੋਕ ਨਿਹਚਾ ਕਰ ਨਹੀਂ ਸਕਦੇ, ਪਰ ਉਹ ਨਿਹਚਾ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਿਹੜੇ ਕੋਸ਼ਿਸ਼ ਕਰਦੇ ਹਨ ਉਨ੍ਹਾਂ ਨੂੰ ਪਰਮੇਸ਼ੁਰ ਦੀ ਬਰਕਤ ਮਿਲੇਗੀ।

ਤੁਸੀਂ ਇਸ ਮੁਸ਼ਕਲ ਬਾਰੇ ਕੀ ਕਰ ਸਕਦੇ ਹੋ? ਪਹਿਲਾਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਣਾ ਪਵੇਗਾ: ਕਿਹੜੀਆਂ ਗੱਲਾਂ ਹਨ ਜਿਨ੍ਹਾਂ ’ਤੇ ਤੁਸੀਂ ਸ਼ੱਕ ਕਰਦੇ ਹੋ? ਯਿਸੂ ਦੇ ਚੇਲੇ ਥੋਮਾ ਦੀ ਮਿਸਾਲ ਵੱਲ ਧਿਆਨ ਦਿਓ। ਭਾਵੇਂ ਯਿਸੂ ਦੇ ਚੇਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਯਿਸੂ ਨੂੰ ਜ਼ਿੰਦਾ ਦੇਖਿਆ ਸੀ, ਪਰ ਥੋਮਾ ਨੇ ਇਸ ਗੱਲ ’ਤੇ ਸ਼ੱਕ ਕੀਤਾ। ਥੋਮਾ ਆਪਣੀ ਅੱਖੀਂ ਸਬੂਤ ਦੇਖਣਾ ਚਾਹੁੰਦਾ ਸੀ। ਫਿਰ ਕੀ ਹੋਇਆ? ਯਿਸੂ ਨੇ ਉਸ ਨੂੰ ਉਹ ਸਬੂਤ ਦਿੱਤਾ ਜਿਸ ਰਾਹੀਂ ਉਸ ਦੀ ਨਿਹਚਾ ਪੱਕੀ ਹੋਈ।—ਯੂਹੰਨਾ 20:24-29.

ਯਹੋਵਾਹ ਪਰਮੇਸ਼ੁਰ ਨੇ ਬਾਈਬਲ ਵਿਚ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਹਨ ਤਾਂਕਿ ਸਾਡੇ ਸ਼ੱਕ ਦੂਰ ਹੋਣ। ਮਿਸਾਲ ਲਈ, ਕਈ ਲੋਕ ਇਸ ਲਈ ਪਰਮੇਸ਼ੁਰ ’ਤੇ ਵਿਸ਼ਵਾਸ ਕਰਨਾ ਛੱਡ ਦਿੰਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਪਰਮੇਸ਼ੁਰ ਲੜਾਈਆਂ, ਜ਼ੁਲਮ ਅਤੇ ਦੁੱਖਾਂ ਲਈ ਜ਼ਿੰਮੇਵਾਰ ਹੈ। ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਪਰਮੇਸ਼ੁਰ ਇਨਸਾਨਾਂ ਦੀਆਂ ਸਰਕਾਰਾਂ ਰਾਹੀਂ ਰਾਜ ਨਹੀਂ ਕਰਦਾ। ਯਿਸੂ ਨੇ ਕਿਹਾ ਸੀ ਕਿ ਸ਼ਤਾਨ “ਜਗਤ ਦਾ ਸਰਦਾਰ” ਹੈ। (ਯੂਹੰਨਾ 14:30) ਸ਼ਤਾਨ ਨੇ ਯਿਸੂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਦੇਣ ਦਾ ਵਾਅਦਾ ਕੀਤਾ ਜੇ ਉਹ ਇਕ ਵਾਰ ਉਸ ਅੱਗੇ ਮੱਥਾ ਟੇਕੇ। ਸ਼ਤਾਨ ਨੇ ਕਿਹਾ: “ਮੈਂ ਇਹ ਸਾਰਾ ਇਖ਼ਤਿਆਰ ਅਤੇ ਉਨ੍ਹਾਂ ਦੀ ਭੜਕ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਰ ਜਿਹ ਨੂੰ ਚਾਹੁੰਦਾ ਉਹ ਨੂੰ ਦਿੰਦਾ ਹਾਂ।” ਯਿਸੂ ਨੇ ਇਸ ਗੱਲ ਦਾ ਇਨਕਾਰ ਨਹੀਂ ਕੀਤਾ ਕਿ ਸ਼ਤਾਨ ਦੇ ਹੱਥ ਵਿਚ ਇਹ ਸਾਰਾ ਇਖ਼ਤਿਆਰ ਸੀ। ਇਸ ਦੀ ਬਜਾਇ ਉਸ ਨੇ ਕਿਹਾ: “ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” (ਲੂਕਾ 4:5-8) ਇਸ ਤੋਂ ਪਤਾ ਲੱਗਦਾ ਹੈ ਕਿ ਸ਼ਤਾਨ ਅਤੇ ਇਨਸਾਨਾਂ ਦੀਆਂ ਸਰਕਾਰਾਂ ਲੋਕਾਂ ਦੇ ਦੁੱਖਾਂ ਲਈ ਜ਼ਿੰਮੇਵਾਰ ਹਨ, ਪਰਮੇਸ਼ੁਰ ਨਹੀਂ।—ਪਰਕਾਸ਼ ਦੀ ਪੋਥੀ 12:9, 12.

ਬਹੁਤ ਜਲਦ ਯਹੋਵਾਹ ਪਰਮੇਸ਼ੁਰ ਸਾਰੇ ਦੁੱਖਾਂ ਨੂੰ ਦੂਰ ਕਰੇਗਾ। ਉਸ ਨੇ ਪਹਿਲਾਂ ਹੀ ਧਰਤੀ ’ਤੇ ਰਾਜ ਕਰਨ ਲਈ ਇਕ ਸਰਕਾਰ ਦਾ ਇੰਤਜ਼ਾਮ ਕੀਤਾ ਹੈ ਜਿਸ ਦਾ ਰਾਜਾ ਉਸ ਦਾ ਪੁੱਤਰ ਯਿਸੂ ਮਸੀਹ ਹੋਵੇਗਾ। (ਮੱਤੀ 6:9, 10; 1 ਕੁਰਿੰਥੀਆਂ 15:20-28) ਬਾਈਬਲ ਵਿਚ ਪਹਿਲਾਂ ਹੀ ਲਿਖਿਆ ਗਿਆ ਸੀ ਕਿ ਇਸ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਹੋ ਰਿਹਾ ਹੈ। (ਮੱਤੀ 24:14) ਬਹੁਤ ਜਲਦ ਇਹ ਰਾਜ ਸਾਰੇ ਵਿਰੋਧੀਆਂ ਨੂੰ ਖ਼ਤਮ ਕਰ ਕੇ ਦੁੱਖਾਂ ਦਾ ਅੰਤ ਲਿਆਵੇਗਾ।—ਦਾਨੀਏਲ 2:44; ਮੱਤੀ 25:31-33, 46; ਪਰਕਾਸ਼ ਦੀ ਪੋਥੀ 21:3, 4.

ਇਸ ਦਾ ਫ਼ਾਇਦਾ ਕੀ ਹੈ? ਸ਼ੱਕ ਕਰਨ ਵਾਲੇ ਲੋਕ ਉਨ੍ਹਾਂ ਲਹਿਰਾਂ ਵਰਗੇ ਹਨ ਜੋ “ਮਨੁੱਖਾਂ ਦੀ ਠੱਗ ਵਿੱਦਿਆ” ਕਰਕੇ “ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।” (ਅਫ਼ਸੀਆਂ 4:14; 2 ਪਤਰਸ 2:1) ਇਸ ਦੇ ਉਲਟ ਜਿਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ ਉਹ “ਨਿਹਚਾ ਵਿੱਚ ਦ੍ਰਿੜ੍ਹ” ਰਹਿੰਦੇ ਹਨ।—1 ਕੁਰਿੰਥੀਆਂ 16:13.

ਇਸ ਰਸਾਲੇ ਦੇ ਪ੍ਰਕਾਸ਼ਕ, ਯਹੋਵਾਹ ਦੇ ਗਵਾਹ, ਤੁਹਾਡੀ ਮਦਦ ਕਰਨੀ ਚਾਹੁੰਦੇ ਹਨ ਤਾਂਕਿ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਸਕਣ ਅਤੇ ਤੁਹਾਡੇ ਸ਼ੱਕ ਦੂਰ ਹੋਣ। ਉਹ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਨਾਲ ਮਿਲੋ ਅਤੇ ਬਾਈਬਲ ਦੀਆਂ ਸਿੱਖਿਆਵਾਂ ਦੀ ਖ਼ੁਦ ਜਾਂਚ ਕਰੋ। ਇਸ ਤਰ੍ਹਾਂ ਪਰਮੇਸ਼ੁਰ ’ਤੇ ਤੁਹਾਡਾ ਵਿਸ਼ਵਾਸ ਪੱਕਾ ਕੀਤਾ ਜਾਵੇਗਾ। (w09 5/1)

ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਅੱਠਵਾਂ ਅਧਿਆਇ ਦੇਖੋ ਜਿਸ ਦਾ ਵਿਸ਼ਾ ਹੈ: “ਪਰਮੇਸ਼ੁਰ ਦਾ ਰਾਜ ਕੀ ਹੈ?” ਤੇ ਗਿਆਰਵਾਂ ਅਧਿਆਇ ਜਿਸ ਦਾ ਵਿਸ਼ਾ ਹੈ: “ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ? *

[ਫੁਟਨੋਟ]

^ ਪੈਰਾ 10 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 9 ਉੱਤੇ ਤਸਵੀਰ]

ਜਿਨ੍ਹਾਂ ਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ ਉਨ੍ਹਾਂ ਦੀ ਨਿਹਚਾ ਦੀ ਨੀਂਹ ਪੱਕੀ ਹੁੰਦੀ ਹੈ