Skip to content

Skip to table of contents

ਯਹੋਵਾਹ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦਿੰਦਾ ਹੈ

ਯਹੋਵਾਹ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦਿੰਦਾ ਹੈ

ਪਰਮੇਸ਼ੁਰ ਨੂੰ ਜਾਣੋ

ਯਹੋਵਾਹ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦਿੰਦਾ ਹੈ

ਬਿਵਸਥਾ ਸਾਰ 30:11-20

“ਮੈਨੂੰ ਬਿਨਾਂ ਵਜ੍ਹਾ ਇਹ ਡਰ ਰਹਿੰਦਾ ਸੀ ਕਿ ਮੈਂ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹਾਂਗੀ।” ਬਚਪਨ ਵਿਚ ਮਾੜੇ ਤਜਰਬਿਆਂ ਕਰਕੇ ਇਹ ਮਸੀਹੀ ਔਰਤ ਸੋਚਦੀ ਸੀ ਕਿ ਉਹ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਸਫ਼ਲ ਹੋਵੇਗੀ। ਸਾਡੇ ਬਾਰੇ ਕੀ? ਕੀ ਅਸੀਂ ਆਪਣੇ ਹਾਲਾਤਾਂ ਦੇ ਸ਼ਿਕਾਰ ਹਾਂ? ਨਹੀਂ। ਯਹੋਵਾਹ ਪਰਮੇਸ਼ੁਰ ਨੇ ਸਾਨੂੰ ਆਪਣੀ ਮਰਜ਼ੀ ਕਰਨ ਦੀ ਆਜ਼ਾਦੀ ਬਖ਼ਸ਼ੀ ਹੈ ਤਾਂਕਿ ਅਸੀਂ ਜ਼ਿੰਦਗੀ ਵਿਚ ਆਪਣੇ ਫ਼ੈਸਲੇ ਆਪ ਕਰ ਸਕੀਏ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਹੀ ਫ਼ੈਸਲੇ ਕਰੀਏ ਤੇ ਉਸ ਦਾ ਬਚਨ ਯਾਨੀ ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ। ਆਓ ਆਪਾਂ ਬਿਵਸਥਾ ਸਾਰ ਦੇ 30ਵੇਂ ਅਧਿਆਇ ਵਿਚ ਪਾਏ ਜਾਂਦੇ ਮੂਸਾ ਦੇ ਸ਼ਬਦਾਂ ’ਤੇ ਗੌਰ ਕਰੀਏ।

ਕੀ ਪਰਮੇਸ਼ੁਰ ਦੀ ਮਰਜ਼ੀ ਜਾਣਨੀ ਤੇ ਕਰਨੀ ਔਖੀ ਹੈ? * ਮੂਸਾ ਨੇ ਕਿਹਾ: “ਏਹ ਹੁਕਮ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤੁਹਾਡੇ ਲਈ ਬਹੁਤਾ ਔਖਾ ਤਾਂ ਨਹੀਂ, ਨਾ ਹੀ ਤੁਹਾਥੋਂ ਦੂਰ ਹੈ।” (ਆਇਤ 11) ਯਹੋਵਾਹ ਅਜਿਹਾ ਕੁਝ ਕਰਨ ਲਈ ਨਹੀਂ ਕਹਿੰਦਾ ਜੋ ਅਸੀਂ ਕਰ ਨਹੀਂ ਸਕਦੇ ਤੇ ਨਾ ਹੀ ਉਹ ਸਾਡੇ ਤੋਂ ਜ਼ਿਆਦਾ ਕੁਝ ਮੰਗਦਾ ਹੈ। ਨਾਲੇ ਸਾਨੂੰ ਪਰਮੇਸ਼ੁਰ ਦੀਆਂ ਮੰਗਾਂ ਜਾਣਨ ਲਈ ਨਾ “ਅਕਾਸ਼ ਉੱਤੇ” ਚੜ੍ਹਨ ਤੇ ਨਾ ਹੀ “ਸਮੁੰਦਰ ਪਾਰ” ਕਰਨ ਦੀ ਲੋੜ ਹੈ। (ਆਇਤਾਂ 12, 13) ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਸਾਨੂੰ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ।—ਮੀਕਾਹ 6:8.

ਪਰ ਯਹੋਵਾਹ ਸਾਨੂੰ ਉਸ ਦਾ ਕਹਿਣਾ ਮੰਨਣ ਲਈ ਮਜਬੂਰ ਨਹੀਂ ਕਰਦਾ। ਮੂਸਾ ਨੇ ਕਿਹਾ: “ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਿਆਈ, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ।” (ਆਇਤ 15) ਅਸੀਂ ਜ਼ਿੰਦਗੀ ਜਾਂ ਮੌਤ, ਭਲਿਆਈ ਜਾਂ ਬੁਰਾਈ ਖ਼ੁਦ ਚੁਣ ਸਕਦੇ ਹਾਂ। ਅਸੀਂ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਬਰਕਤਾਂ ਪਾ ਸਕਦੇ ਹਾਂ ਜਾਂ ਉਸ ਦੇ ਖ਼ਿਲਾਫ਼ ਜਾ ਕੇ ਮਾੜੇ ਨਤੀਜੇ ਭੁਗਤ ਸਕਦੇ ਹਾਂ। ਫ਼ੈਸਲਾ ਸਾਡੇ ਹੱਥ ਵਿਚ ਹੈ।—ਆਇਤਾਂ 16-18; ਗਲਾਤੀਆਂ 6:7, 8.

ਕੀ ਪਰਮੇਸ਼ੁਰ ਨੂੰ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਕਿਹੜਾ ਫ਼ੈਸਲਾ ਕਰਦੇ ਹਾਂ? ਵਾਕਈ ਫ਼ਰਕ ਪੈਂਦਾ ਹੈ! ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਮੂਸਾ ਨੇ ਕਿਹਾ: “ਜੀਵਨ ਨੂੰ ਚੁਣੋ।” (ਆਇਤ 19) ਅਸੀਂ ਜੀਵਨ ਕਿੱਦਾਂ ਚੁਣਦੇ ਹਾਂ? ਮੂਸਾ ਨੇ ਸਮਝਾਇਆ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ।” (ਆਇਤ 20) ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਦਾ ਕਹਿਣਾ ਮੰਨਾਂਗੇ ਅਤੇ ਉਸ ਦੇ ਰਾਹਾਂ ’ਤੇ ਚੱਲਦੇ ਰਹਾਂਗੇ, ਭਾਵੇਂ ਸਾਡੇ ਨਾਲ ਜੋ ਮਰਜ਼ੀ ਬੀਤੇ। ਇਸ ਤਰ੍ਹਾਂ ਅਸੀਂ ਜੀਵਨ ਨੂੰ ਚੁਣਾਂਗੇ ਅਤੇ ਨਾ ਸਿਰਫ਼ ਹੁਣ ਸਾਡੀ ਜ਼ਿੰਦਗੀ ਵਧੀਆ ਹੋਵੇਗੀ, ਪਰ ਪਰਮੇਸ਼ੁਰ ਦੀ ਆਉਣ ਵਾਲੀ ਨਵੀਂ ਦੁਨੀਆਂ ਵਿਚ ਸਾਡੀ ਸਦਾ ਲਈ ਰਹਿਣ ਦੀ ਉਮੀਦ ਹੋਵੇਗੀ।—2 ਪਤਰਸ 3:11-13; 1 ਯੂਹੰਨਾ 5:3.

ਮੂਸਾ ਦੇ ਸ਼ਬਦ ਸਾਨੂੰ ਇਕ ਸੱਚਾਈ ਬਾਰੇ ਯਕੀਨ ਦਿਲਾਉਂਦੇ ਹਨ। ਇਸ ਦੁਸ਼ਟ ਦੁਨੀਆਂ ਵਿਚ ਭਾਵੇਂ ਜੋ ਮਰਜ਼ੀ ਸਾਡੇ ਨਾਲ ਬੀਤਿਆ ਹੋਵੇ, ਪਰ ਅਸੀਂ ਆਪਣੇ ਹਾਲਾਤਾਂ ਦੇ ਸ਼ਿਕਾਰ ਨਹੀਂ ਹਾਂ ਤੇ ਨਾ ਹੀ ਇਹ ਜ਼ਰੂਰੀ ਹੈ ਕਿ ਅਸੀਂ ਅਸਫ਼ਲ ਹੀ ਹੋਵਾਂਗੇ। ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਜੀ ਹਾਂ, ਤੁਸੀਂ ਯਹੋਵਾਹ ਨੂੰ ਪਿਆਰ ਕਰਨ, ਉਸ ਦਾ ਕਹਿਣਾ ਮੰਨਣ ਤੇ ਉਸ ਦੇ ਵਫ਼ਾਦਾਰ ਰਹਿਣ ਦਾ ਫ਼ੈਸਲਾ ਕਰ ਸਕਦੇ ਹੋ। ਜੇ ਅਸੀਂ ਅਜਿਹਾ ਫ਼ੈਸਲਾ ਕਰਾਂਗੇ, ਤਾਂ ਯਹੋਵਾਹ ਸਾਨੂੰ ਢੇਰ ਸਾਰੀਆਂ ਬਰਕਤਾਂ ਦੇਵੇਗਾ।

ਸ਼ੁਰੂ ਵਿਚ ਜ਼ਿਕਰ ਕੀਤੀ ਗਈ ਔਰਤ ਨੂੰ ਇਸ ਸੱਚਾਈ ਤੋਂ ਬਹੁਤ ਤਸੱਲੀ ਮਿਲੀ ਕਿ ਅਸੀਂ ਖ਼ੁਦ ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਸਕਦੇ ਹਾਂ। ਉਸ ਨੇ ਕਿਹਾ: “ਮੈਂ ਦਿਲੋਂ ਯਹੋਵਾਹ ਨੂੰ ਪਿਆਰ ਕਰਦੀ ਹਾਂ। ਮੈਂ ਕਦੇ-ਕਦੇ ਇਹ ਭੁੱਲ ਜਾਂਦੀ ਹਾਂ ਕਿ ਯਹੋਵਾਹ ਨੂੰ ਪਿਆਰ ਕਰਨਾ ਸਭ ਤੋਂ ਜ਼ਰੂਰੀ ਹੈ। ਸੋ ਉਸ ਦੇ ਵਫ਼ਾਦਾਰ ਰਹਿਣਾ ਮੇਰੀ ਪਹੁੰਚ ਤੋਂ ਬਾਹਰ ਨਹੀਂ।” ਯਹੋਵਾਹ ਦੀ ਮਦਦ ਨਾਲ ਤੁਸੀਂ ਵੀ ਵਫ਼ਾਦਾਰ ਰਹਿ ਸਕਦੇ ਹੋ। (w09-E 11/01)

[ਫੁਟਨੋਟ]