ਕੀ ਤੁਹਾਨੂੰ ਹਮੇਸ਼ਾ ਈਮਾਨਦਾਰ ਹੋਣਾ ਚਾਹੀਦਾ ਹੈ?
ਕੀ ਤੁਹਾਨੂੰ ਹਮੇਸ਼ਾ ਈਮਾਨਦਾਰ ਹੋਣਾ ਚਾਹੀਦਾ ਹੈ?
ਸਾਰੇ ਜਣੇ ਕਦੇ-ਨਾ-ਕਦੇ ਈਮਾਨਦਾਰੀ ਦਿਖਾਉਂਦੇ ਹਨ; ਕਈ ਜਣੇ ਜ਼ਿਆਦਾ ਕਰਕੇ ਈਮਾਨਦਾਰ ਰਹਿੰਦੇ ਹਨ। ਪਰ ਤੁਸੀਂ ਕਿੰਨਿਆਂ ਕੁ ਲੋਕਾਂ ਨੂੰ ਜਾਣਦੇ ਹੋ ਜਿਹੜੇ ਹਮੇਸ਼ਾ ਹੀ ਈਮਾਨਦਾਰ ਰਹਿਣ ਦੀ ਕੋਸ਼ਿਸ਼ ਕਰਦੇ ਹਨ?
ਅੱਜ-ਕੱਲ੍ਹ ਸੰਸਾਰ ਵਿਚ ਬੇਈਮਾਨੀ ਦਾ ਪਹਿਰਾ ਹੈ। ਪਰ ਈਮਾਨਦਾਰੀ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਕਾਫ਼ੀ ਲੋਕ ਜਾਣਦੇ ਹਨ। ਮਿਸਾਲ ਲਈ, ਬਹੁਤ ਲੋਕ ਬਾਈਬਲ ਵਿਚ ਦਿੱਤੇ ਦਸ ਹੁਕਮਾਂ ਵਿੱਚੋਂ ਅੱਠਵਾਂ ਹੁਕਮ ਜਾਣਦੇ ਹਨ: “ਤੂੰ ਚੋਰੀ ਨਾ ਕਰ।” (ਕੂਚ 20:15) ਪਰ ਕਈ ਲੋਕ ਇਹ ਮਹਿਸੂਸ ਕਰਦੇ ਹਨ ਕਿ ਹਾਲਾਤਾਂ ਕਰਕੇ ਚੋਰੀ ਕਰਨੀ ਜਾਂ ਕੋਈ ਹੋਰ ਬੇਈਮਾਨੀ ਕਰਨੀ ਜਾਇਜ਼ ਹੈ। ਆਓ ਆਪਾਂ ਚੋਰੀ ਕਰਨ ਦੇ ਤਿੰਨ ਕਾਰਨਾਂ ਉੱਤੇ ਗੌਰ ਕਰੀਏ ਜਿਨ੍ਹਾਂ ਨੂੰ ਆਮ ਤੌਰ ਤੇ ਲੋਕ ਕਬੂਲ ਕਰਦੇ ਹਨ।
ਕੀ ਗ਼ਰੀਬੀ ਕਰਕੇ ਚੋਰੀ ਕਰਨੀ ਠੀਕ ਹੈ?
ਇਕ ਰੋਮੀ ਸਿਆਸਤਦਾਨ ਨੇ ਇਕ ਵਾਰ ਕਿਹਾ: “ਗ਼ਰੀਬੀ ਜੁਰਮ ਦੀ ਜੜ੍ਹ ਹੈ।” ਗ਼ਰੀਬ ਬੰਦਾ ਸ਼ਾਇਦ ਸੋਚੇ ਕਿ ਉਸ ਲਈ ਚੋਰੀ ਕਰਨੀ ਠੀਕ ਹੈ। ਦੂਜੇ ਲੋਕ ਉਸ ਨਾਲ ਸ਼ਾਇਦ ਸਹਿਮਤ ਹੋਣ। ਪਰ ਇਸ ਬਾਰੇ ਯਿਸੂ ਦਾ ਕੀ ਵਿਚਾਰ ਸੀ? ਯਿਸੂ ਗ਼ਰੀਬਾਂ ਨਾਲ ਬਹੁਤ ਦਇਆ ਨਾਲ ਪੇਸ਼ ਆਉਂਦਾ ਸੀ। “ਉਸ ਨੂੰ ਉਨ੍ਹਾਂ ਉੱਤੇ ਤਰਸ” ਆਉਂਦਾ ਸੀ। (ਮੱਤੀ 9:36) ਪਰ ਯਿਸੂ ਨੇ ਕਿਸੇ ਵੀ ਹਾਲਤ ਵਿਚ ਚੋਰੀ ਕਰਨ ਨੂੰ ਕਦੇ ਠੀਕ ਨਹੀਂ ਸਮਝਿਆ। ਪਰ ਫਿਰ ਗ਼ਰੀਬ ਲੇਕਾਂ ਨੂੰ ਕੀ ਕਰਨਾ ਚਾਹੀਦਾ ਹੈ?
ਪਰਮੇਸ਼ੁਰ ਉਨ੍ਹਾਂ ਉੱਤੇ ਰਹਿਮ ਕਰਦਾ ਹੈ ਜੋ ਸੱਚੇ ਦਿਲੋਂ ਉਸ ਦਾ ਕਹਿਣਾ ਮੰਨਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਅਤੇ ਉਹ ਲੋੜੀਂਦੀਆਂ ਚੀਜ਼ਾਂ ਹਾਸਲ ਕਰਨ ਦੇ ਉਨ੍ਹਾਂ ਦੇ ਜਤਨਾਂ ’ਤੇ ਬਰਕਤ ਪਾਵੇਗਾ। (ਜ਼ਬੂਰਾਂ ਦੀ ਪੋਥੀ 37:25) ਬਾਈਬਲ ਵਾਅਦਾ ਕਰਦੀ ਹੈ: “ਧਰਮੀ ਦੀ ਜਾਨ ਨੂੰ ਯਹੋਵਾਹ ਭੁੱਖਾ ਨਾ ਰਹਿਣ ਦੇਵੇਗਾ, ਪਰ ਦੁਸ਼ਟ ਦੀ ਲੋਚ ਉਹ ਦਫਾ ਕਰੇਗਾ।” (ਕਹਾਉਤਾਂ 10:3) ਕੀ ਗ਼ਰੀਬ ਬੰਦਾ ਇਸ ਵਾਅਦੇ ’ਤੇ ਯਕੀਨ ਕਰ ਸਕਦਾ ਹੈ? ਵੀਕਟੋਰੀਨ ਨੂੰ ਇਸ ਵਾਅਦੇ ਉੱਤੇ ਪੂਰਾ ਯਕੀਨ ਹੈ।
ਵੀਕਟੋਰੀਨ ਆਪਣੇ ਪੰਜਾਂ ਬੱਚਿਆਂ ਦੀ ਪਰਵਰਿਸ਼ ਕਰਦੀ ਹੈ, ਜਿਹੜੇ ਸਕੂਲ ਪੜ੍ਹਨ ਜਾਂਦੇ ਹਨ। ਵਿਧਵਾ ਹੋਣ ਕਰਕੇ ਉਸ ਲਈ ਘਰ ਦਾ ਗੁਜ਼ਾਰਾ ਤੋਰਨਾ ਆਸਾਨ ਨਹੀਂ ਹੈ। ਉਹ ਇਕ ਗ਼ਰੀਬ ਦੇਸ਼ ਵਿਚ ਰਹਿੰਦੀ ਹੈ ਤੇ ਸਰਕਾਰ ਵੱਲੋਂ ਉਸ ਨੂੰ ਥੋੜ੍ਹੀ ਹੀ ਮਦਦ ਮਿਲਦੀ ਹੈ। ਉਸ ਨੂੰ ਹਰ ਰੋਜ਼ ਚੋਰੀ ਕਰਨ ਦੇ ਕਾਫ਼ੀ ਮੌਕੇ ਮਿਲਦੇ ਹਨ, ਪਰ ਵੀਕਟੋਰੀਨ ਨੂੰ ਚੋਰੀ ਕਰਨ ਦਾ ਕੋਈ ਲਾਲਚ ਨਹੀਂ ਹੈ। ਇਸ ਦੀ ਬਜਾਇ ਉਹ ਆਪਣਾ ਗੁਜ਼ਾਰੇ ਵਾਸਤੇ ਫੁਟਪਾਥ ’ਤੇ ਬੈਠ ਕੇ ਈਮਾਨਦਾਰੀ ਨਾਲ ਛੋਟੀਆਂ-ਮੋਟੀਆਂ ਚੀਜ਼ਾਂ ਵੇਚਦੀ ਹੈ। ਉਹ ਈਮਾਨਦਾਰ ਕਿਉਂ ਰਹਿੰਦੀ ਹੈ?
“ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਯਕੀਨ ਹੈ ਕਿ ਰੱਬ ਸੱਚਾ ਹੈ ਅਤੇ ਉਹ ਮੇਰੇ ਨਾਲ ਈਮਾਨਦਾਰੀ ਨਾਲ ਪੇਸ਼ ਆਵੇਗਾ ਜੇ ਮੈਂ ਉਸ ਦੀ ਰੀਸ ਕਰਾਂਗੀ। ਦੂਜੀ ਗੱਲ, ਮੇਰੇ ਬੱਚੇ ਤਾਂ ਹੀ ਈਮਾਨਦਾਰੀ ਸਿੱਖਣਗੇ ਜੇ ਮੈਂ ਈਮਾਨਦਾਰ ਹੋਵਾਂਗੀ।”
ਇਨ੍ਹਾਂ ਅਸੂਲਾਂ ’ਤੇ ਚੱਲ ਕੇ ਉਸ ਨੂੰ ਕੀ ਫ਼ਾਇਦਾ ਹੋਇਆ ਹੈ? “ਸਾਡੇ ਕੋਲ ਰੋਟੀ, ਕੱਪੜਾ ਤੇ ਮਕਾਨ ਹੈ। ਪਰ ਫਿਰ ਵੀ ਕਦੇ-ਕਦੇ ਘਰ ਦਾ ਕੋਈ ਜੀਅ ਬੀਮਾਰ ਪੈ ਜਾਣ ਕਰਕੇ ਡਾਕਟਰ ਦੀ ਫ਼ੀਸ ਤੇ ਦਵਾਈਆਂ ਵਗੈਰਾ ਵਾਸਤੇ ਮੈਨੂੰ ਆਪਣੇ ਦੋਸਤਾਂ-ਮਿੱਤਰਾਂ ਤੋਂ ਮਦਦ ਮੰਗਣੀ ਪਈ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਮੇਰੀ ਲੋੜ ਮੁਤਾਬਕ ਮਦਦ ਕੀਤੀ ਹੈ। ਕਿਉਂ? ਕਿਉਂਕਿ ਉਹ ਜਾਣਦੇ ਹਨ ਕਿ ਮੈਂ ਝੂਠ ਬੋਲ ਕੇ ਉਨ੍ਹਾਂ ਤੋਂ ਲੋੜੋਂ ਵੱਧ ਕੁਝ ਲੈਣ ਦੀ ਕੋਸ਼ਿਸ਼ ਨਹੀਂ ਕਰਦੀ।
“ਬੱਚੇ ਵੀ ਈਮਾਨਦਾਰੀ ਸਿੱਖ ਰਹੇ ਹਨ। ਇਕ ਦਿਨ ਮੇਰੀ ਗੁਆਂਢਣ ਨੇ ਮੇਜ਼ ’ਤੇ ਕੁਝ ਪੈਸੇ ਪਏ ਦੇਖ ਕੇ ਮੈਨੂੰ ਪੁੱਛਿਆ ਕਿ ਕੀ ਮੈਨੂੰ ਕੋਈ ਫ਼ਿਕਰ ਨਹੀਂ ਕਿ ਬੱਚੇ ਪੈਸੇ ਚੋਰੀ ਕਰ ਲੈਣਗੇ। ਉਹ ਨੂੰ ਯਕੀਨ ਹੀ ਨਾ ਆਵੇ ਕਿ ਮੇਰੇ ਬੱਚੇ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਗੇ। ਮੈਨੂੰ ਦੱਸੇ ਬਿਨਾਂ ਉਸ ਨੇ ਬੱਚਿਆਂ ਨੂੰ ਅਜ਼ਮਾਉਣ ਦਾ ਫ਼ੈਸਲਾ ਕੀਤਾ। ਉਹ ਚੋਰੀ-ਛਿਪੇ 100-100 ਫ਼੍ਰੈਂਕ ਦੇ ਦੋ ਸਿੱਕੇ (ਲਗਭਗ 20 ਰੁਪਏ) ਸਾਡੇ ਘਰ ਰੱਖ ਗਈ ਜਿੱਥੇ ਇਹ ਸਿੱਕੇ ਬੱਚਿਆਂ ਨੂੰ ਆਸਾਨੀ ਨਾਲ ਨਜ਼ਰ ਆ ਸਕਦੇ ਸਨ। ਜਦੋਂ ਉਹ ਅਗਲੇ ਦਿਨ ਆਈ, ਤਾਂ ਉਹ ਬਹੁਤ ਹੈਰਾਨ ਹੋਈ ਕਿ ਪੈਸੇ ਹਾਲੇ ਵੀ ਉੱਥੇ ਹੀ ਪਏ ਸਨ। ਪੈਸੇ ਜਾਂ ਚੀਜ਼ਾਂ ਨਾਲੋਂ ਮੈਨੂੰ ਈਮਾਨਦਾਰ ਬੱਚੇ ਜ਼ਿਆਦਾ ਪਿਆਰੇ ਹਨ।”
“ਸਾਰੇ ਚੋਰੀ ਕਰਦੇ ਹਨ”
ਕੰਮ ਤੇ ਚੋਰੀ ਕਰਨੀ ਆਮ ਗੱਲ ਹੈ। ਇਸ ਕਰਕੇ ਕਈ ਲੋਕ ਸੋਚਦੇ ਹਨ, “ਸਾਰੇ ਚੋਰੀ ਕਰਦੇ ਹਨ, ਤਾਂ ਮੈਂ ਕਿਉਂ ਪਿੱਛੇ ਰਹਾਂ?” ਇਸ ਦੇ ਉਲਟ ਬਾਈਬਲ ਕਹਿੰਦੀ ਹੈ: “ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ।” (ਕੂਚ 23:2) ਵੀਕਟੁਆਹ ਨੇ ਇਹ ਸਲਾਹ ਲੜ ਬੰਨ੍ਹ ਲਈ ਹੈ। ਕੀ ਉਸ ਨੂੰ ਇਸ ਦਾ ਕੋਈ ਫ਼ਾਇਦਾ ਹੋਇਆ ਹੈ?
ਵੀਕਟੁਆਹ ਜਦੋਂ 19 ਸਾਲਾਂ ਦੀ ਸੀ, ਤਾਂ ਉਸ ਨੂੰ ਪਾਮ ਤੇਲ ਬਣਾਉਣ ਵਾਲੀ ਫੈਕਟਰੀ ਵਿਚ ਨੌਕਰੀ ਮਿਲ ਗਈ। ਜਲਦੀ ਹੀ ਉਸ ਦੇ ਧਿਆਨ ਵਿਚ ਆਇਆ ਕਿ ਉੱਥੇ ਨੌਕਰੀ ਕਰਦੀਆਂ 40 ਔਰਤਾਂ ਆਪਣੀਆਂ ਟੋਕਰੀਆਂ ਵਿਚ ਪਾਮ ਦੇ ਬੀਆਂ ਦਾ ਗੁੱਦਾ ਚੋਰੀ ਕਰ ਕੇ ਘਰ ਲੈ ਜਾਂਦੀਆਂ ਸਨ। ਉਹ ਸ਼ਨੀਵਾਰ-ਐਤਵਾਰ ਨੂੰ ਗੁੱਦਾ ਵੇਚ ਕੇ ਤਿੰਨ-ਚਾਰ ਦਿਨਾਂ ਦੀ ਦਿਹਾੜੀ ਜੋਗਾ ਪੈਸਾ ਕਮਾ ਲੈਂਦੀਆਂ ਸਨ। ਵੀਕਟੁਆਹ ਨੇ ਦੱਸਿਆ: “ਸਾਰੀਆਂ ਜਣੀਆਂ ਚੋਰੀ ਕਰ ਰਹੀਆਂ ਸਨ। ਉਹ ਚਾਹੁੰਦੀਆਂ ਸਨ ਕਿ ਮੈਂ ਵੀ ਉਨ੍ਹਾਂ ਨਾਲ ਰਲ ਜਾਵਾਂ, ਪਰ ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਹਮੇਸ਼ਾ ਈਮਾਨਦਾਰ ਰਹਿਣਾ ਚਾਹੁੰਦੀ ਹਾਂ। ਉਨ੍ਹਾਂ ਨੇ ਮੇਰਾ ਮਖੌਲ ਉਡਾਇਆ ਅਤੇ ਕਿਹਾ ਕਿ ਮੈਨੂੰ ਹੀ ਘਾਟਾ ਪਵੇਗਾ।
“ਇਕ ਦਿਨ ਅਸੀਂ ਘਰ ਜਾਣ ਵਾਲੀਆਂ ਹੀ ਸੀ ਜਦ ਅਚਾਨਕ ਮੈਨੇਜਰ ਸਾਮ੍ਹਣੇ ਆ ਖੜ੍ਹਾ ਹੋਇਆ। ਉਸ ਨੇ ਸਾਰਿਆਂ ਦੀਆਂ ਟੋਕਰੀਆਂ ਦੀ ਤਲਾਸ਼ੀ ਲਈ ਤੇ ਉਸ ਨੂੰ ਮੇਰੀ ਟੋਕਰੀ ਤੋਂ ਸਿਵਾਇ ਸਾਰਿਆਂ ਦੀਆਂ ਟੋਕਰੀਆਂ ਵਿੱਚੋਂ ਚੋਰੀ ਦਾ ਮਾਲ ਲੱਭਾ। ਕਈਆਂ ਨੂੰ ਉਸੇ ਵੇਲੇ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਕਈਆਂ ਨੂੰ ਦੋ ਹਫ਼ਤੇ ਬਿਨਾਂ ਤਨਖ਼ਾਹ ਕੰਮ ਕਰਨ ਲਈ ਕਿਹਾ ਗਿਆ। ਦੋ ਹਫ਼ਤਿਆਂ ਦੌਰਾਨ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਮੈਨੂੰ ਕੋਈ ਘਾਟਾ ਨਹੀਂ ਪਿਆ।”
ਕੀ ਤੁਹਾਡੇ ਕੋਲ ਲੱਭੀ ਚੀਜ਼ ਨੂੰ ਰੱਖਣ ਦਾ ਹੱਕ ਹੈ?
ਤੁਸੀਂ ਕੀ ਕਰਦੇ ਹੋ ਜਦੋਂ ਤੁਹਾਨੂੰ ਕਿਸੇ ਦੀ ਗੁਆਚੀ ਹੋਈ ਕੀਮਤੀ ਚੀਜ਼ ਲੱਭਦੀ ਹੈ? ਕਈ ਸੋਚਦੇ ਹਨ ਕਿ ਹੁਣ ਇਹ ਉਨ੍ਹਾਂ ਦੀ ਹੀ ਅਮਾਨਤ ਹੈ ਤੇ ਉਨ੍ਹਾਂ ਦੇ ਮਨ ਵਿਚ ਉਸ ਨੂੰ ਮੋੜਨ ਦਾ ਰਤਾ ਵੀ ਖ਼ਿਆਲ ਨਹੀਂ ਆਉਂਦਾ। ਉਹ ਮੰਨਦੇ ਹਨ ਕਿ ਚੀਜ਼ ਉਸੇ ਦੀ ਹੋ ਜਾਂਦੀ ਹੈ ਜਿਸ ਨੂੰ ਲੱਭੀ। ਉਨ੍ਹਾਂ ਨੂੰ ਲੱਗਦਾ ਹੈ ਕਿ ਲੱਭੀ ਚੀਜ਼ ਨੂੰ ਰੱਖਣਾ ਗ਼ਲਤ ਨਹੀਂ ਹੈ। ਉਹ ਸੋਚਦੇ ਹਨ ਕਿ ਜਿਸ ਨੇ ਚੀਜ਼ ਗੁਆਈ ਹੈ ਉਸ ਨੇ ਆਪਣਾ ਨੁਕਸਾਨ ਜ਼ਰੂਰ ਕਬੂਲ ਕਰ ਲਿਆ ਹੋਣਾ। ਦੂਸਰੇ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਗੁਆਚੀ ਚੀਜ਼ ਦੇ ਮਾਲਕ ਨੂੰ ਦਰ-ਦਰ ਲੱਭਦਾ ਫਿਰੇ।
ਇਸ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ? ਬਿਵਸਥਾ ਸਾਰ 22:1-3 ਵਿਚ ਦੱਸਿਆ ਗਿਆ ਹੈ ਕਿ ਜਿਸ ਨੂੰ ਚੀਜ਼ ਲੱਭਦੀ ਸੀ, ਉਹ ਚੀਜ਼ ਨੂੰ ਉਦੋਂ ਤਕ ਹੀ ਆਪਣੇ ਕੋਲ ਰੱਖ ਸਕਦਾ ਸੀ ‘ਜਦ ਤੀਕ ਉਸ ਚੀਜ਼ ਦਾ ਮਾਲਕ ਉਸ ਨੂੰ ਨਾ ਭਾਲੇ, ਫੇਰ ਉਹ ਉਸ ਨੂੰ ਮੋੜ ਦੇਵੇ।’ ਜੇ ਲੱਭਣ ਵਾਲਾ ਚੁੱਪ ਹੀ ਰਹੇ, ਤਾਂ ਉਸ ’ਤੇ ਚੋਰੀ ਦਾ ਇਲਜ਼ਾਮ ਲਗਾਇਆ ਜਾ ਸਕਦਾ ਸੀ। (ਕੂਚ 22:9) ਕੀ ਇਹ ਅਸੂਲ ਅੱਜ ਵੀ ਲਾਗੂ ਕੀਤਾ ਜਾ ਸਕਦਾ ਹੈ? ਕ੍ਰਿਸਟੀਨ ਨੂੰ ਯਕੀਨ ਹੈ ਕਿ ਇਸ ਅਸੂਲ ਉੱਤੇ ਚੱਲਿਆ ਜਾ ਸਕਦਾ ਹੈ।
ਕ੍ਰਿਸਟੀਨ ਇਕ ਪ੍ਰਾਈਵੇਟ ਸਕੂਲ ਦੀ ਡਾਇਰੈਕਟਰ ਹੈ। ਬੁੱਧਵਾਰ ਦੇ ਦਿਨ ਉਸ ਨੂੰ ਮਹੀਨੇ ਦੀ ਤਨਖ਼ਾਹ ਮਿਲੀ। ਪੱਛਮੀ ਅਫ਼ਰੀਕਾ ਵਿਚ ਜਿਸ ਤਰ੍ਹਾਂ ਲੋਕ ਆਮ ਤੌਰ ਤੇ ਕਰਦੇ ਹਨ, ਉਸ ਨੇ ਪੈਸਿਆਂ ਦਾ ਬੰਡਲ ਆਪਣੇ ਬੈਗ ਵਿਚ ਰੱਖ ਲਿਆ। ਫਿਰ ਉਹ ਮੋਟਰ-ਸਾਈਕਲ ਟੈਕਸੀ ਲੈ ਕੇ ਮੀਟਿੰਗ ਨੂੰ ਗਈ। ਉੱਥੇ ਪਹੁੰਚ ਕੇ ਉਸ ਨੇ ਡ੍ਰਾਈਵਰ ਨੂੰ ਪੈਸੇ ਦੇਣ ਲਈ ਆਪਣਾ ਬੈਗ ਫਰੋਲਿਆ। ਹਨੇਰੇ ਵਿਚ ਨੋਟਾਂ ਦਾ ਬੰਡਲ ਜ਼ਮੀਨ ’ਤੇ ਡਿੱਗ ਪਿਆ ਤੇ ਉਸ ਨੂੰ ਪਤਾ ਨਾ ਲੱਗਾ।
ਕੁਝ ਮਿੰਟਾਂ ਬਾਅਦ 19-ਸਾਲਾ ਬਲੇਜ਼ ਨਾਂ ਦਾ ਮੁੰਡਾ ਜੋ ਉਸ ਇਲਾਕੇ ਵਿਚ ਅਜਨਬੀ ਸੀ ਉਸੇ ਥਾਂ ਪਹੁੰਚਿਆ। ਉਸ ਨੇ ਵੀ ਉਸੇ ਮੀਟਿੰਗ ਵਿਚ ਆਪਣੇ ਦੋਸਤ ਨੂੰ ਮਿਲਣ ਦਾ ਪ੍ਰੋਗ੍ਰਾਮ ਬਣਾਇਆ ਜਿਸ ਵਿਚ ਕ੍ਰਿਸਟੀਨ ਗਈ ਸੀ। ਉਸ ਨੇ ਸੜਕ ਤੇ ਨੋਟਾਂ ਦਾ ਬੰਡਲ ਦੇਖਿਆ ਤੇ ਚੁੱਕ ਕੇ ਆਪਣੀ ਜੇਬ ਵਿਚ ਪਾ ਲਿਆ। ਮੀਟਿੰਗ ਖ਼ਤਮ ਹੋਣ ਤੇ ਉਸ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਉਸ ਨੂੰ ਬਾਹਰ ਸੜਕ ਤੋਂ ਕੁਝ ਲੱਭਿਆ ਸੀ ਤੇ ਜੇ ਕਿਸੇ ਦਾ ਕੁਝ ਗੁਆਚਾ ਹੋਵੇ, ਤਾਂ ਉਹ ਉਸ ਨੂੰ ਫ਼ੋਨ ਕਰ ਕੇ ਦੱਸ ਸਕਦਾ ਹੈ ਕਿ ਉਸ ਦਾ ਕੀ ਗੁਆਚਾ ਹੈ।
ਜਦੋਂ ਕ੍ਰਿਸਟੀਨ ਘਰ ਪਹੁੰਚੀ, ਤਾਂ ਉਸ ਨੂੰ ਬਹੁਤ ਧੱਕਾ ਲੱਗਾ ਕਿ ਉਸ ਦੀ ਮਹੀਨੇ ਦੀ ਪੂਰੀ ਤਨਖ਼ਾਹ ਗੁਆਚ ਗਈ ਸੀ। ਇਕ ਹਫ਼ਤੇ ਬਾਅਦ ਜਦੋਂ ਉਸ ਨੇ ਆਪਣੀ ਸਹੇਲੀ ਜੋਸਫ਼ੀਨ ਨੂੰ ਆਪਣੇ ਨੁਕਸਾਨ ਬਾਰੇ ਦੱਸਿਆ, ਤਾਂ ਜੋਸਫ਼ੀਨ ਨੇ ਉਸ ਨੂੰ ਦੱਸਿਆ ਕਿ ਮੀਟਿੰਗ ਵਿਚ ਆਏ ਇਕ ਮੁੰਡੇ ਨੂੰ ਕੁਝ ਲੱਭਾ ਸੀ। ਕ੍ਰਿਸਟੀਨ ਨੇ ਬਲੇਜ਼ ਨੂੰ ਫ਼ੋਨ ਕੀਤਾ ਤੇ ਦੱਸਿਆ ਕਿ ਬੰਡਲ ਵਿਚ ਕਿੰਨੇ-ਕਿੰਨੇ ਦੇ ਨੋਟ ਸਨ। ਉਸ ਨੂੰ ਹੱਦੋਂ ਵਧ ਖ਼ੁਸ਼ੀ ਹੋਈ ਜਦੋਂ ਬਲੇਜ਼ ਨੇ ਉਸ ਦੇ ਪੈਸੇ ਮੋੜ ਦਿੱਤੇ। ਪਰ ਬਲੇਜ਼ ਬਾਰੇ ਕੀ ਕਿਹਾ ਜਾ ਸਕਦਾ ਹੈ? ਉਸ ਨੇ ਪੂਰਾ ਹਫ਼ਤਾ ਪੈਸੇ ਸੰਭਾਲ ਕੇ ਰੱਖੇ, ਪਰ ਮੋੜ ਦੇਣ ਤੇ ਉਸ ਨੇ ਕਿਹਾ, “ਮੈਨੂੰ ਕਿਸੇ ਦੇ ਪੈਸੇ ਆਪਣੇ ਕੋਲ ਰੱਖਣ ਨਾਲੋਂ ਮੋੜ ਦੇਣ ਵਿਚ ਜ਼ਿਆਦਾ ਖ਼ੁਸ਼ੀ ਹੋਈ।”
ਹਮੇਸ਼ਾ ਈਮਾਨਦਾਰ ਰਹਿਣ ਦਾ ਕਿਉਂ ਜਤਨ ਕਰਨਾ ਚਾਹੀਦਾ ਹੈ
ਵੀਕਟੋਰੀਨ, ਵੀਕਟੁਆਹ ਤੇ ਬਲੇਜ਼ ਵੱਖਰੇ-ਵੱਖਰੇ ਇਲਾਕਿਆਂ ਵਿਚ ਰਹਿੰਦੇ ਹਨ ਤੇ ਇਕ-ਦੂਜੇ ਨੂੰ ਨਹੀਂ ਜਾਣਦੇ। ਪਰ ਉਨ੍ਹਾਂ ਵਿਚ ਇਕ ਗੱਲ ਸਾਂਝੀ ਹੈ। ਉਹ ਤਿੰਨੋਂ ਜਣੇ ਯਹੋਵਾਹ ਦੇ ਗਵਾਹ ਹਨ ਅਤੇ ਈਮਾਨਦਾਰੀ ਬਾਰੇ ਬਾਈਬਲ ਦੀ ਸਲਾਹ ’ਤੇ ਚੱਲਦੇ ਹਨ। ਉਹ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਦੀ ਉਡੀਕ ਕਰ ਰਹੇ ਹਨ। “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” ਉਦੋਂ ਸਾਰੇ ਜਣੇ ਧਰਮੀ ਅਤੇ ਈਮਾਨਦਾਰ ਹੋਣਗੇ।—2 ਪਤਰਸ 3:13.
ਜਦ ਤਕ ਪਰਮੇਸ਼ੁਰ ਦਾ ਇਹ ਵਾਅਦਾ ਪੂਰਾ ਨਹੀਂ ਹੁੰਦਾ, ਵੀਕਟੋਰੀਨ ਨੂੰ ਉਮੀਦ ਨਹੀਂ ਹੈ ਕਿ ਉਸ ਦੇ ਹਾਲਾਤ ਸੁਧਰਨਗੇ। ਪਰ ਫਿਰ ਵੀ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਨਵਾਨ ਹੈ ਅਤੇ ਪੈਸਾ ਉਸ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਨਵਾਨ ਨਹੀਂ ਬਣਾ ਸਕਦਾ। ਉਸ ਦੇ ਬੱਚੇ ਬੀਬੇ ਤੇ ਈਮਾਨਦਾਰ ਹਨ। ਹਰ ਐਤਵਾਰ ਜਦੋਂ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਗੁਆਂਢੀਆਂ ਨਾਲ ਪਰਮੇਸ਼ੁਰ ਦੀ ਭਲਿਆਈ ਬਾਰੇ ਗੱਲਾਂ ਕਰਦੇ ਹਨ। ਬੱਚੇ ਲੋਕਾਂ ਨੂੰ ਸਮਝਾਉਂਦੇ ਹਨ ਕਿ ਪਰਮੇਸ਼ੁਰ “ਉਨ੍ਹਾਂ ਸਭਨਾਂ [ਨੂੰ] ਜਿਹੜੇ ਸਚਿਆਈ ਨਾਲ ਪੁਕਾਰਦੇ ਹਨ” ਸੰਤੁਸ਼ਟ ਕਰੇਗਾ ਤੇ “ਆਪਣੇ ਸਾਰੇ ਪ੍ਰੇਮੀਆਂ ਦੀ” ਪਾਲਣਾ ਕਰੇਗਾ।—ਜ਼ਬੂਰਾਂ ਦੀ ਪੋਥੀ 145:7, 18, 20.
ਕੁਝ ਸਮੇਂ ਬਾਅਦ ਵੀਕਟੁਆਹ ਨੇ ਪਾਮ ਤੇਲ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਨਾ ਛੱਡ ਦਿੱਤਾ। ਉਹ ਬਾਜ਼ਾਰ ਵਿਚ ਗਾਰੀ (ਕਸਾਵਾ ਤੋਂ ਬਣਿਆ ਇਕ ਤਰ੍ਹਾਂ ਦਾ ਆਟਾ) ਵੇਚਣ ਲੱਗ ਪਈ। ਉਸ ਦੀ ਈਮਾਨਦਾਰੀ ਕਰਕੇ ਉਸ ਦੇ ਬਹੁਤ ਸਾਰੇ ਗਾਹਕ ਬਣ ਗਏ। ਇਸ ਕਰਕੇ ਉਹ ਜਲਦੀ ਹੀ ਬਾਜ਼ਾਰ ਵਿਚ ਚੀਜ਼ਾਂ ਵੇਚਣ ਦੇ ਸਮੇਂ ਨੂੰ ਘਟਾ ਸਕੀ। ਉਹ ਦੂਸਰਿਆਂ ਨਾਲ ਉਸ ਸੰਸਾਰ ਬਾਰੇ ਗੱਲਾਂ ਕਰਨ ਲਈ ਜ਼ਿਆਦਾ ਸਮਾਂ ਕੱਢਣ ਲੱਗ ਪਈ ਜਿਸ ਵਿਚ ਕਦੇ ਕੋਈ ਬੇਈਮਾਨੀ ਨਹੀਂ ਕਰੇਗਾ। ਬਾਅਦ ਵਿਚ ਉਸ ਨੇ ਵਿਆਹ ਕਰਾ ਲਿਆ ਤੇ ਹੁਣ ਉਹ ਤੇ ਉਸ ਦਾ ਪਤੀ ਪ੍ਰਚਾਰ ਦੇ ਕੰਮ ਵਿਚ ਆਪਣਾ ਪੂਰਾ ਸਮਾਂ ਲਾਉਂਦੇ ਹਨ।
ਕ੍ਰਿਸਟੀਨ ਦੇ ਪੈਸੇ ਕਿੰਗਡਮ ਹਾਲ ਦੇ ਬਾਹਰ ਗੁਆਚੇ ਸਨ। ਬਲੇਜ਼ ਨੂੰ ਮੀਟਿੰਗ ਵਿਚ ਥੋੜ੍ਹੇ ਜਣੇ ਹੀ ਜਾਣਦੇ ਸਨ, ਪਰ ਉਹ ਜਾਣਦਾ ਸੀ ਕਿ ਉਹ ਸਾਰੇ ਉਸ ਦੇ ਮਸੀਹੀ ਭੈਣ-ਭਰਾ ਸਨ ਜੋ ਹਮੇਸ਼ਾ ਈਮਾਨਦਾਰੀ ਤੋਂ ਕੰਮ ਲੈਣ ਦੀ ਕੋਸ਼ਿਸ਼ ਕਰਦੇ ਹਨ।
ਤੁਸੀਂ ਕਿੰਨੇ ਲੋਕਾਂ ਨੂੰ ਜਾਣਦੇ ਹੋ ਜੋ ਹਮੇਸ਼ਾ ਈਮਾਨਦਾਰ ਬਣਨ ਦੀ ਕੋਸ਼ਿਸ਼ ਕਰਦੇ ਹਨ? ਇਸ ਤਰ੍ਹਾਂ ਦੇ 50, 100 ਜਾਂ 200 ਲੋਕਾਂ ਨਾਲ ਸੰਗਤ ਕਰਨ ਦੀ ਕਲਪਨਾ ਕਰੋ। ਆਪਣੇ ਕਿੰਗਡਮ ਹਾਲਾਂ ਵਿਚ ਯਹੋਵਾਹ ਦੇ ਗਵਾਹਾਂ ਦਾ ਇਹੀ ਵਧੀਆ ਤਜਰਬਾ ਹੈ। ਕਿਉਂ ਨਾ ਉੱਥੇ ਜਾ ਕੇ ਤੁਸੀਂ ਉਨ੍ਹਾਂ ਨੂੰ ਮਿਲੋ? (w10-E 03/01)
[ਸਫ਼ਾ 30 ਉੱਤੇ ਸੁਰਖੀ]
“ਪੈਸੇ ਜਾਂ ਚੀਜ਼ਾਂ ਨਾਲੋਂ ਮੈਨੂੰ ਈਮਾਨਦਾਰ ਬੱਚੇ ਜ਼ਿਆਦਾ ਪਿਆਰੇ ਹਨ।”—ਵੀਕਟੋਰੀਨ
[ਸਫ਼ਾ 31 ਉੱਤੇ ਡੱਬੀ]
ਕੀ ਕਹਾਉਤਾਂ 6:30 ਅਨੁਸਾਰ ਚੋਰੀ ਕਰਨੀ ਠੀਕ ਹੈ?
ਕਹਾਉਤਾਂ 6:30 ਵਿਚ ਲਿਖਿਆ ਹੈ: “ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ, ਉਹ ਨੂੰ ਲੋਕ ਬੁਰਾ ਨਹੀਂ ਜਾਣਦੇ।” ਕੀ ਇਹ ਆਇਤ ਚੋਰੀ ਕਰਨ ਦੀ ਇਜਾਜ਼ਤ ਦਿੰਦੀ ਹੈ? ਬਿਲਕੁਲ ਨਹੀਂ। ਅਗਲੀਆਂ-ਪਿਛਲੀਆਂ ਆਇਤਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਪਰਮੇਸ਼ੁਰ ਚੋਰ ਨੂੰ ਉਸ ਦੇ ਗੁਨਾਹ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ। ਅਗਲੀ ਆਇਤ ਕਹਿੰਦੀ ਹੈ: “ਪਰ ਜੇ ਫੜਿਆ ਜਾਵੇ ਤਾਂ ਉਹ ਨੂੰ ਸੱਤ ਗੁਣਾ ਭਰਨਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ।” (ਕਹਾਉਤਾਂ 6:31) ਭਾਵੇਂ ਕਿ ਭੁੱਖਾ ਚੋਰ ਉੱਨਾ ਗੁਨੇਹਗਾਰ ਨਾ ਸਮਝਿਆ ਜਾਵੇ ਜਿੰਨਾ ਲੋਭੀ ਚੋਰ ਜਾਂ ਉਹ ਜੋ ਆਪਣੇ ਸ਼ਿਕਾਰ ਨੂੰ ਹਾਨੀ ਪਹੁੰਚਾਉਣ ’ਤੇ ਤੁਲਿਆ ਹੋਇਆ ਸੀ, ਫਿਰ ਵੀ ਉਸ ਨੂੰ ਜ਼ਿੰਮੇਵਾਰ ਠਹਿਰਾ ਕੇ ਹਰਜਾਨਾ ‘ਭਰਨ’ ਲਈ ਕਿਹਾ ਜਾਂਦਾ ਸੀ। ਜੇ ਅਸੀਂ ਪਰਮੇਸ਼ੁਰ ਦੀ ਮਿਹਰ ਚਾਹੁੰਦੇ ਹਾਂ, ਤਾਂ ਸਾਨੂੰ ਕਿਸੇ ਵੀ ਹਾਲਤ ਵਿਚ ਚੋਰੀ ਨਹੀਂ ਕਰਨੀ ਚਾਹੀਦੀ।