ਪਰਮੇਸ਼ੁਰ ਨੂੰ ਜਾਣੋ
ਉਹ ਆਪਣੇ ਸੇਵਕਾਂ ਨੂੰ ਇਨਾਮ ਦਿੰਦਾ ਹੈ
“ਧੰਨਵਾਦ।” ਕਿਸੇ ਨੂੰ ਤੋਹਫ਼ਾ ਜਾਂ ਮਦਦ ਦੇਣ ਤੋਂ ਬਾਅਦ ਇਹ ਸ਼ਬਦ ਸੁਣ ਕੇ ਸਾਨੂੰ ਕਿੰਨਾ ਚੰਗਾ ਲੱਗਦਾ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਮਿਹਨਤ ਦੀ ਕਦਰ ਕੀਤੀ ਜਾਵੇ, ਖ਼ਾਸ ਕਰਕੇ ਸਾਡੇ ਪਰਿਵਾਰ ਵਾਲੇ ਜਾਂ ਦੋਸਤ-ਮਿੱਤਰ ਸਾਡੀ ਕਦਰ ਕਰਨ। ਬਿਨਾਂ ਸ਼ੱਕ ਸਭ ਤੋਂ ਜ਼ਿਆਦਾ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ। ਕੀ ਉਸ ਦੀ ਸੇਵਾ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਦੀ ਉਹ ਕਦਰ ਕਰਦਾ ਹੈ? ਆਓ ਅਸੀਂ ਦੇਖੀਏ ਕਿ ਪਰਮੇਸ਼ੁਰ ਅਬਦ-ਮਲਕ ਨਾਲ ਕਿਵੇਂ ਪੇਸ਼ ਆਇਆ ਜਿਸ ਨੇ ਉਸ ਦੇ ਇਕ ਨਬੀ ਨੂੰ ਬਚਾਉਣ ਲਈ ਆਪਣੀ ਜਾਨ ਦਾਅ ’ਤੇ ਲਾ ਦਿੱਤੀ।—ਯਿਰਮਿਯਾਹ 38:7-13 ਅਤੇ 39:16-18 ਪੜ੍ਹੋ।
ਅਬਦ-ਮਲਕ ਕੌਣ ਸੀ? ਲੱਗਦਾ ਹੈ ਕਿ ਉਹ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਦਰਬਾਰ ਵਿਚ ਇਕ ਅਫ਼ਸਰ ਸੀ। * ਅਬਦ-ਮਲਕ ਯਿਰਮਿਯਾਹ ਦੇ ਜ਼ਮਾਨੇ ਵਿਚ ਰਹਿੰਦਾ ਸੀ ਅਤੇ ਪਰਮੇਸ਼ੁਰ ਨੇ ਯਿਰਮਿਯਾਹ ਰਾਹੀਂ ਬੇਵਫ਼ਾ ਯਹੂਦਾਹ ਨੂੰ ਆਉਣ ਵਾਲੀ ਤਬਾਹੀ ਦੀ ਚੇਤਾਵਨੀ ਦੇਣ ਲਈ ਘੱਲਿਆ ਸੀ। ਭਾਵੇਂ ਅਬਦ-ਮਲਕ ਦੇ ਆਲੇ-ਦੁਆਲੇ ਅਜਿਹੇ ਰਾਜਕੁਮਾਰ ਸਨ ਜੋ ਪਰਮੇਸ਼ੁਰ ਤੋਂ ਨਹੀਂ ਡਰਦੇ ਸਨ, ਪਰ ਅਬਦ-ਮਲਕ ਪਰਮੇਸ਼ੁਰ ਤੋਂ ਡਰਦਾ ਸੀ ਅਤੇ ਯਿਰਮਿਯਾਹ ਦੀ ਵੀ ਬਹੁਤ ਇੱਜ਼ਤ ਕਰਦਾ ਸੀ। ਅਬਦ-ਮਲਕ ਦੇ ਚੰਗੇ ਗੁਣ ਉਦੋਂ ਅਜ਼ਮਾਏ ਗਏ ਜਦੋਂ ਬੁਰੇ ਰਾਜਕੁਮਾਰਾਂ ਨੇ ਯਿਰਮਿਯਾਹ ਉੱਤੇ ਬਗਾਵਤ ਦਾ ਝੂਠਾ ਇਲਜ਼ਾਮ ਲਾ ਕੇ ਉਸ ਨੂੰ ਮਰਨ ਲਈ ਇਕ ਚਿੱਕੜ ਵਾਲੇ ਟੋਏ ਵਿਚ ਸੁੱਟ ਦਿੱਤਾ। (ਯਿਰਮਿਯਾਹ 38:4-6) ਅਬਦ-ਮਲਕ ਕੀ ਕਰੇਗਾ?
ਅਬਦ-ਮਲਕ ਨੇ ਹਿੰਮਤ ਤੋਂ ਕੰਮ ਲਿਆ। ਉਹ ਇਸ ਗੱਲ ਤੋਂ ਡਰਿਆ ਨਹੀਂ ਕਿ ਰਾਜਕੁਮਾਰ ਉਸ ਤੋਂ ਬਦਲਾ ਲੈਣਗੇ। ਉਸ ਨੇ ਸਾਰਿਆਂ ਦੇ ਸਾਮ੍ਹਣੇ ਯਿਰਮਿਯਾਹ ਨਾਲ ਹੋਈ ਬੇਇਨਸਾਫ਼ੀ ਬਾਰੇ ਸਿਦਕੀਯਾਹ ਨਾਲ ਗੱਲ ਕੀਤੀ। ਸ਼ਾਇਦ ਰਾਜਕੁਮਾਰਾਂ ਵੱਲ ਇਸ਼ਾਰੇ ਕਰਦੇ ਹੋਏ ਉਸ ਨੇ ਰਾਜੇ ਨੂੰ ਦੱਸਿਆ: ‘ਇਨ੍ਹਾਂ ਮਨੁੱਖਾਂ ਨੇ ਯਿਰਮਿਯਾਹ ਨਾਲ ਬੁਰਾ ਕੀਤਾ ਹੈ।’ (ਯਿਰਮਿਯਾਹ 38:9) ਰਾਜਾ ਸਿਦਕੀਯਾਹ ਨੇ ਅਬਦ-ਮਲਕ ਦੀ ਗੱਲ ਸੁਣੀ ਅਤੇ ਉਸ ਦੇ ਹੁਕਮ ਅਨੁਸਾਰ ਯਿਰਮਿਯਾਹ ਨੂੰ ਬਚਾਉਣ ਲਈ ਅਬਦ-ਮਲਕ ਨਾਲ 30 ਬੰਦੇ ਭੇਜੇ।
ਅਬਦ-ਮਲਕ ਨੇ ਹੁਣ ਇਕ ਹੋਰ ਵਧੀਆ ਗੁਣ ਦਿਖਾਇਆ, ਉਹ ਸੀ ਦਇਆ। ‘ਉਸ ਨੇ ਆਪਣੇ ਨਾਲ ਪੁਰਾਣੇ ਚਿੱਥੜੇ ਅਤੇ ਹੰਢੇ ਹੋਏ ਲੀੜੇ ਲਏ ਅਤੇ ਓਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਕੋਲ ਲਮਕਾਇਆ।’ ਪਰ ਉਹ ਆਪਣੇ ਨਾਲ ਪੁਰਾਣੇ ਕੱਪੜੇ ਕਿਉਂ ਲੈ ਕੇ ਗਿਆ? ਤਾਂਕਿ ਚਿੱਕੜ ਵਿੱਚੋਂ ਖਿੱਚਦੇ ਸਮੇਂ ਯਿਰਮਿਯਾਹ ਦੀ ਚਮੜੀ ਛਿੱਲੀ ਨਾ ਜਾਵੇ। ਇਸ ਲਈ ਉਸ ਨੇ ਯਿਰਮਿਯਾਹ ਨੂੰ ਆਪਣੇ ਬਾਹਾਂ ਥੱਲੇ ਕੱਪੜੇ ਰੱਖਣ ਲਈ ਕਿਹਾ।—ਯਿਰਮਿਯਾਹ 38:11-13.
ਯਹੋਵਾਹ ਨੇ ਦੇਖਿਆ ਕਿ ਅਬਦ-ਮਲਕ ਨੇ ਕੀ ਕੀਤਾ। ਕੀ ਉਸ ਨੇ ਅਬਦ-ਮਲਕ ਦੇ ਕੰਮ ਦੀ ਕਦਰ ਕੀਤੀ? ਯਿਰਮਿਯਾਹ ਰਾਹੀਂ ਪਰਮੇਸ਼ੁਰ ਨੇ ਅਬਦ-ਮਲਕ ਨੂੰ ਦੱਸਿਆ ਕਿ ਯਹੂਦਾਹ ਦੀ ਤਬਾਹੀ ਬਹੁਤ ਜਲਦੀ ਆਉਣ ਵਾਲੀ ਸੀ। ਫਿਰ ਪਰਮੇਸ਼ੁਰ ਨੇ ਅਬਦ-ਮਲਕ ਨੂੰ ਗਾਰੰਟੀ ਦਿੱਤੀ ਕਿ ਉਸ ਦੀ ਜਾਨ ਬਚਾਈ ਜਾਵੇਗੀ। ਯਹੋਵਾਹ ਨੇ ਕਿਹਾ: ‘ਮੈਂ ਤੈਨੂੰ ਛੁਡਾਵਾਂਗਾ, ਅਤੇ ਤੂੰ ਓਹਨਾਂ ਮਨੁੱਖਾਂ ਦੇ ਹੱਥ ਵਿੱਚ ਨਾ ਦਿੱਤਾ ਜਾਵੇਂਗਾ ਜਿਨ੍ਹਾਂ ਦੇ ਅੱਗੋਂ ਤੂੰ ਭੈ ਖਾਂਦਾ ਹੈਂ। ਮੈਂ ਤੈਨੂੰ ਜ਼ਰੂਰ ਛੁਡਾਵਾਂਗਾ ਅਤੇ ਤੂੰ ਤਲਵਾਰ ਨਾਲ ਨਾ ਡਿੱਗੇਂਗਾ ਸੱਗੋਂ ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ।’ ਯਹੋਵਾਹ ਨੇ ਅਬਦ-ਮਲਕ ਨੂੰ ਬਚਾਉਣ ਦਾ ਵਾਅਦਾ ਕਿਉਂ ਕੀਤਾ ਸੀ? ਯਹੋਵਾਹ ਨੇ ਉਸ ਨੂੰ ਕਿਹਾ: “ਕਿਉਂ ਜੋ ਤੈਂ ਮੇਰੇ ਉੱਤੇ ਭਰੋਸਾ ਰੱਖਿਆ।” (ਯਿਰਮਿਯਾਹ 39:16-18) ਯਹੋਵਾਹ ਜਾਣਦਾ ਸੀ ਕਿ ਅਬਦ-ਮਲਕ ਨੇ ਸਿਰਫ਼ ਯਿਰਮਿਯਾਹ ਦੀ ਚਿੰਤਾ ਕਰਕੇ ਇਹ ਕਦਮ ਨਹੀਂ ਉਠਾਇਆ, ਸਗੋਂ ਉਹ ਪਰਮੇਸ਼ੁਰ ਉੱਤੇ ਵੀ ਭਰੋਸਾ ਤੇ ਨਿਹਚਾ ਕਰਦਾ ਸੀ।
ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀ ਸੇਵਾ ਦੀ ਕਦਰ ਕਰਦਾ ਹੈ। ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਜਦੋਂ ਅਸੀਂ ਪੂਰੀ ਨਿਹਚਾ ਨਾਲ ਉਸ ਦੀ ਭਗਤੀ ਵਿਚ ਕੋਈ ਵੀ ਛੋਟੇ ਤੋਂ ਛੋਟਾ ਕੰਮ ਕਰਦੇ ਹਾਂ, ਤਾਂ ਉਹ ਇਸ ਨੂੰ ਯਾਦ ਰੱਖਦਾ ਹੈ। (ਮਰਕੁਸ 12:41-44) ਕੀ ਤੁਸੀਂ ਅਜਿਹੇ ਪਰਮੇਸ਼ੁਰ ਦੇ ਕਰੀਬ ਨਹੀਂ ਜਾਣਾ ਚਾਹੁੰਦੇ ਜੋ ਤੁਹਾਡੀ ਸੇਵਾ ਦੀ ਕਦਰ ਕਰਦਾ ਹੈ? ਜੇ ਹਾਂ, ਤਾਂ ਤੁਸੀਂ ਪੂਰਾ ਯਕੀਨ ਰੱਖ ਸਕਦੇ ਹੋ ਕਿ ਪਰਮੇਸ਼ੁਰ ਇਸ ਹਵਾਲੇ ਉੱਤੇ ਪੂਰਾ ਉਤਰੇਗਾ: ਪਰਮੇਸ਼ੁਰ “ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।”—ਇਬਰਾਨੀਆਂ 11:6. (w12-E 05/01)
[ਫੁਟਨੋਟ]
^ ਪੈਰਾ 2 ਅਬਦ-ਮਲਕ ਨੂੰ “ਖੁਸਰਾ” ਕਿਹਾ ਜਾਂਦਾ ਸੀ। (ਯਿਰਮਿਯਾਹ 38:7) ਭਾਵੇਂ ਇਹ ਸ਼ਬਦ ਉਸ ਆਦਮੀ ਲਈ ਵਰਤਿਆ ਜਾਂਦਾ ਹੈ ਜਿਸ ਦਾ ਗੁਪਤ ਅੰਗ ਕੱਟਿਆ ਗਿਆ ਹੋਵੇ, ਪਰ ਇਹ ਸ਼ਬਦ ਉਨ੍ਹਾਂ ਲਈ ਵੀ ਵਰਤਿਆ ਜਾ ਸਕਦਾ ਸੀ ਜੋ ਰਾਜੇ ਦੇ ਦਰਬਾਰ ਵਿਚ ਖ਼ਾਸ ਸੇਵਾ ਕਰਦੇ ਸਨ।