ਤਾਲਮੇਲ ਵਾਲੀ ਕਿਤਾਬ
ਤਾਲਮੇਲ ਵਾਲੀ ਕਿਤਾਬ
“ਕੋਈ ਵੀ ਭਵਿੱਖਬਾਣੀ ਕਦੀ ਵੀ ਇਨਸਾਨ ਦੀ ਮਰਜ਼ੀ ਨਾਲ ਨਹੀਂ ਕੀਤੀ ਗਈ, ਸਗੋਂ ਇਨਸਾਨ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਪਰਮੇਸ਼ੁਰ ਵੱਲੋਂ ਬੋਲੇ ਸਨ।”—2 ਪਤਰਸ 1:21.
ਬਾਈਬਲ ਵੱਖਰੀ ਕਿਵੇਂ ਹੈ? ਪੁਰਾਣੇ ਸਮਿਆਂ ਵਿਚ ਇੱਕੋ ਸਮੇਂ ’ਤੇ ਲਿਖੇ ਰਿਕਾਰਡ ਅਕਸਰ ਇਕ-ਦੂਜੇ ਨਾਲ ਮੇਲ ਨਹੀਂ ਖਾਂਦੇ। ਨਾਲੇ ਵੱਖੋ-ਵੱਖਰੇ ਆਦਮੀਆਂ ਦੁਆਰਾ ਵੱਖੋ-ਵੱਖਰੀਆਂ ਥਾਵਾਂ ਅਤੇ ਵੱਖੋ-ਵੱਖਰੇ ਸਮਿਆਂ ’ਤੇ ਲਿਖੀਆਂ ਕਿਤਾਬਾਂ ਘੱਟ ਹੀ ਇਕ-ਦੂਸਰੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਪਰ ਬਾਈਬਲ ਦਾਅਵਾ ਕਰਦੀ ਹੈ ਕਿ ਉਸ ਵਿਚ ਪਾਈਆਂ ਜਾਂਦੀਆਂ 66 ਕਿਤਾਬਾਂ ਦਾ ਲੇਖਕ ਇੱਕੋ ਹੈ ਜਿਸ ਕਰਕੇ ਇਨ੍ਹਾਂ ਕਿਤਾਬਾਂ ਵਿਚ ਆਪਸੀ ਤਾਲਮੇਲ ਪਾਇਆ ਜਾਂਦਾ ਹੈ।—2 ਤਿਮੋਥਿਉਸ 3:16.
ਇਕ ਮਿਸਾਲ: 16ਵੀਂ ਸਦੀ ਈਸਵੀ ਪੂਰਵ ਦੇ ਇਕ ਚਰਵਾਹੇ ਮੂਸਾ ਨੇ ਬਾਈਬਲ ਦੀ ਪਹਿਲੀ ਕਿਤਾਬ ਵਿਚ ਲਿਖਿਆ ਸੀ ਕਿ ਇਨਸਾਨਾਂ ਨੂੰ ਬਚਾਉਣ ਲਈ ਇਕ “ਸੰਤਾਨ” ਆਵੇਗੀ। ਬਾਅਦ ਵਿਚ ਇਸ ਕਿਤਾਬ ਨੇ ਦੱਸਿਆ ਕਿ ਇਹ ਸੰਤਾਨ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਖ਼ਾਨਦਾਨ ਵਿੱਚੋਂ ਆਵੇਗੀ। (ਉਤਪਤ 3:15; 22:17, 18; 26:24; 28:14) ਤਕਰੀਬਨ 500 ਸਾਲ ਬਾਅਦ ਨਾਥਾਨ ਨਬੀ ਨੇ ਦੱਸਿਆ ਕਿ ਸੰਤਾਨ ਰਾਜਾ ਦਾਊਦ ਦੇ ਸ਼ਾਹੀ ਘਰਾਣੇ ਵਿੱਚੋਂ ਆਵੇਗੀ। (2 ਸਮੂਏਲ 7:12) ਇਸ ਤੋਂ 1,000 ਸਾਲ ਬਾਅਦ ਪੌਲੁਸ ਰਸੂਲ ਨੇ ਸਮਝਾਇਆ ਕਿ ਇਹ ਸੰਤਾਨ ਯਿਸੂ ਅਤੇ ਉਸ ਦੇ ਚੁਣੇ ਹੋਏ ਚੇਲਿਆਂ ਦਾ ਗਰੁੱਪ ਹੋਵੇਗਾ। (ਰੋਮੀਆਂ 1:1-4; ਗਲਾਤੀਆਂ 3:16, 29) ਫਿਰ ਪਹਿਲੀ ਸਦੀ ਈਸਵੀ ਦੇ ਅੰਤ ਵਿਚ ਬਾਈਬਲ ਦੀ ਅਖ਼ੀਰਲੀ ਕਿਤਾਬ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਇਸ ਸੰਤਾਨ ਦੇ ਮੈਂਬਰ ਧਰਤੀ ਉੱਤੇ ਯਿਸੂ ਬਾਰੇ ਗਵਾਹੀ ਦੇਣਗੇ, ਦੁਬਾਰਾ ਜੀਉਂਦੇ ਕਰ ਕੇ ਸਵਰਗ ਲੈ ਜਾਏ ਜਾਣਗੇ ਅਤੇ 1,000 ਸਾਲ ਲਈ ਉਸ ਨਾਲ ਰਾਜ ਕਰਨਗੇ। ਇਹ ਸੰਤਾਨ ਸ਼ੈਤਾਨ ਨੂੰ ਖ਼ਤਮ ਕਰ ਕੇ ਇਨਸਾਨਾਂ ਨੂੰ ਬਚਾਵੇਗੀ।—ਪ੍ਰਕਾਸ਼ ਦੀ ਕਿਤਾਬ 12:17; 20:6-10.
ਬਾਈਬਲ ਦੇ ਟਿੱਪਣੀਕਾਰ ਕੀ ਕਹਿੰਦੇ ਹਨ: ਬਾਈਬਲ ਦੀਆਂ 66 ਕਿਤਾਬਾਂ ਦੀ ਚੰਗੀ ਤਰ੍ਹਾਂ ਛਾਣ-ਬੀਣ ਕਰਨ ਤੋਂ ਬਾਅਦ ਲੂਈ ਗੋਸਨ ਨੇ ਲਿਖਿਆ ਕਿ ਉਹ ਹੈਰਾਨ ਸੀ: “ਇਸ ਕਿਤਾਬ ਵਿਚ ਤਾਲਮੇਲ ਪਾਇਆ ਜਾਂਦਾ ਹੈ ਭਾਵੇਂ ਕਿ ਇਸ ਨੂੰ ਇੰਨੇ ਸਾਰੇ ਲਿਖਾਰੀਆਂ ਨੇ 1,500 ਸਾਲਾਂ ਦੌਰਾਨ ਲਿਖਿਆ, . . . ਉਨ੍ਹਾਂ ਦਾ ਇੱਕੋ ਟੀਚਾ ਸੀ ਤੇ ਉਹ ਇਸ ਟੀਚੇ ਵੱਲ ਵਧਦੇ ਗਏ ਭਾਵੇਂ ਕਿ ਉਹ ਇਹ ਗੱਲ ਚੰਗੀ ਤਰ੍ਹਾਂ ਸਮਝੇ ਨਹੀਂ ਕਿ ਪਰਮੇਸ਼ੁਰ ਦਾ ਪੁੱਤਰ ਦੁਨੀਆਂ ਨੂੰ ਕਿਵੇਂ ਬਚਾਵੇਗਾ।”—ਥੀਓਪਨਿਉਸਟੀ—ਦ ਪਲੈਨਰੀ ਇੰਸਪੀਰੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ।
ਤੁਹਾਡਾ ਕੀ ਖ਼ਿਆਲ ਹੈ? ਜਿਸ ਕਿਤਾਬ ਨੂੰ ਲਿਖਣ ਲਈ 1,500 ਤੋਂ ਜ਼ਿਆਦਾ ਸਾਲ ਲੱਗੇ ਅਤੇ ਜਿਸ ਨੂੰ 40 ਵੱਖਰੇ ਆਦਮੀਆਂ ਨੇ ਲਿਖਿਆ, ਕੀ ਉਸ ਵਿਚਲੀਆਂ ਗੱਲਾਂ ਵਿਚ ਪੂਰੀ ਤਰ੍ਹਾਂ ਤਾਲਮੇਲ ਹੋ ਸਕਦਾ ਹੈ? ਜਾਂ ਕੀ ਇਸ ਮਾਮਲੇ ਵਿਚ ਬਾਈਬਲ ਅਨੋਖੀ ਹੈ? (w12-E 06/01)
[ਸਫ਼ਾ 7 ਉੱਤੇ ਸੁਰਖੀ]
“ਜਦੋਂ ਇਨ੍ਹਾਂ ਲਿਖਤਾਂ ਨੂੰ ਇਕੱਠਾ ਜੋੜਿਆ ਜਾਂਦਾ ਹੈ, ਤਾਂ ਇਹ ਇਕ ਕਿਤਾਬ ਬਣ ਜਾਂਦੀ ਹੈ . . . ਦੁਨੀਆਂ ਦੇ ਸਾਹਿੱਤ ਵਿਚ ਇੱਦਾਂ ਦਾ ਕੋਈ ਸਾਹਿੱਤ ਨਹੀਂ ਜੋ ਇਸ ਦੀ ਬਰਾਬਰੀ ਕਰ ਸਕੇ।”—ਦ ਪ੍ਰਾਬਲਮ ਆਫ਼ ਦ ਓਲਡ ਟੈਸਟਾਮੈਂਟ, ਜੇਮਜ਼ ਔਰ