Skip to content

Skip to table of contents

ਬਾਈਬਲ ਬਦਲਦੀ ਹੈ ਜ਼ਿੰਦਗੀਆਂ

“ਮੈਨੂੰ ਅਸਲੀ ਆਜ਼ਾਦੀ ਮਿਲ ਹੀ ਗਈ।”

“ਮੈਨੂੰ ਅਸਲੀ ਆਜ਼ਾਦੀ ਮਿਲ ਹੀ ਗਈ।”
  • ਜਨਮ: 1981

  • ਦੇਸ਼: ਅਮਰੀਕਾ

  • ਅਤੀਤ: ਉਜਾੜੂ ਪੁੱਤਰ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਜਨਮ ਮਾਊਂਡਜ਼ਵਿਲ ਵਿਚ ਹੋਇਆ ਸੀ। ਇਹ ਉੱਤਰ ਵੱਲ ਵੈਸਟ ਵਰਜੀਨੀਆ, ਅਮਰੀਕਾ ਵਿਚ ਓਹੀਓ ਨਦੀ ਦੇ ਨਾਲ ਲੱਗਦਾ ਸ਼ਾਂਤ ਕਸਬਾ ਹੈ। ਅਸੀਂ ਚਾਰ ਭੈਣ-ਭਰਾ ਹਾਂ ਯਾਨੀ ਤਿੰਨ ਮੁੰਡੇ ਤੇ ਇਕ ਕੁੜੀ ਅਤੇ ਮੈਂ ਦੂਜੇ ਨੰਬਰ ਤੇ ਹਾਂ। ਸਾਡੇ ਚਾਰਾਂ ਕਰਕੇ ਘਰ ਵਿਚ ਖੂਬ ਚਹਿਲ-ਪਹਿਲ ਸੀ। ਮੇਰੇ ਮਾਤਾ-ਪਿਤਾ ਮਿਹਨਤੀ ਤੇ ਈਮਾਨਦਾਰ ਸਨ ਜੋ ਦੂਜਿਆਂ ਨਾਲ ਪਿਆਰ ਕਰਦੇ ਸਨ। ਸਾਡੇ ਕੋਲ ਕਦੇ ਵੀ ਬਹੁਤੇ ਪੈਸੇ ਨਹੀਂ ਸਨ, ਪਰ ਸਾਡੇ ਕੋਲ ਹਮੇਸ਼ਾ ਉਹ ਹਰ ਚੀਜ਼ ਸੀ ਜਿਸ ਦੀ ਸਾਨੂੰ ਲੋੜ ਸੀ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਮੇਰੇ ਮਾਤਾ-ਪਿਤਾ ਨੇ ਸਾਡੇ ਦਿਲਾਂ ਵਿਚ ਛੋਟੀ ਉਮਰ ਤੋਂ ਹੀ ਬਾਈਬਲ ਦੇ ਅਸੂਲ ਬਿਠਾਉਣ ਲਈ ਬਹੁਤ ਮਿਹਨਤ ਕੀਤੀ।

ਪਰ ਜਵਾਨੀ ਦੀ ਉਮਰ ਤਕ ਪਹੁੰਚਦਿਆਂ ਮੇਰਾ ਦਿਲ ਉਸ ਸਿੱਖਿਆ ਤੋਂ ਹੋਰ ਪਾਸੇ ਜਾਣ ਲੱਗ ਪਿਆ। ਮੈਨੂੰ ਸ਼ੱਕ ਹੋਣ ਲੱਗਾ ਕਿ ਬਾਈਬਲ ਮੁਤਾਬਕ ਜ਼ਿੰਦਗੀ ਜੀਣ ਨਾਲ ਮੈਂ ਖ਼ੁਸ਼ ਰਹਾਂਗਾ ਕਿ ਨਹੀਂ। ਮੈਂ ਸੋਚਣ ਲੱਗਾ ਕਿ ਪੂਰੀ ਆਜ਼ਾਦੀ ਮਿਲਣ ਨਾਲ ਹੀ ਮੈਂ ਅਸਲ ਵਿਚ ਖ਼ੁਸ਼ ਰਹਿ ਸਕਦਾ ਹਾਂ। ਥੋੜ੍ਹੇ ਚਿਰ ਬਾਅਦ ਮੈਂ ਮਸੀਹੀ ਮੀਟਿੰਗਾਂ ਤੇ ਜਾਣਾ ਛੱਡ ਦਿੱਤਾ। ਮੇਰਾ ਭਰਾ ਤੇ ਭੈਣ ਵੀ ਮੇਰੇ ਵਾਂਗ ਕੁਰਾਹੇ ਪੈ ਗਏ। ਸਾਡੇ ਮਾਤਾ-ਪਿਤਾ ਨੇ ਸਾਡੀ ਮਦਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਅਸੀਂ ਉਨ੍ਹਾਂ ਦੀ ਇਕ ਨਾ ਸੁਣੀ।

ਮੈਨੂੰ ਇਸ ਗੱਲ ਦਾ ਭੋਰਾ ਵੀ ਅਹਿਸਾਸ ਨਹੀਂ ਸੀ ਕਿ ਜੋ ਆਜ਼ਾਦੀ ਮੈਂ ਚਾਹੁੰਦਾ ਸੀ, ਉਹ ਮੈਨੂੰ ਬੁਰੀਆਂ ਆਦਤਾਂ ਦਾ ਗ਼ੁਲਾਮ ਬਣਾ ਦੇਵੇਗੀ। ਇਕ ਦਿਨ ਜਦੋਂ ਮੈਂ ਸਕੂਲੋਂ ਘਰ ਆ ਰਿਹਾ ਸੀ, ਤਾਂ ਇਕ ਦੋਸਤ ਨੇ ਮੈਨੂੰ ਸਿਗਰਟ ਪੀਣ ਲਈ ਕਿਹਾ ਤੇ ਮੈਂ ਪੀ ਲਈ। ਉਸ ਦਿਨ ਤੋਂ ਬਾਅਦ ਮੈਨੂੰ ਹੋਰ ਬੁਰੀਆਂ ਆਦਤਾਂ ਪੈ ਗਈਆਂ। ਸਮੇਂ ਦੇ ਬੀਤਣ ਨਾਲ ਮੈਂ ਨਸ਼ੇ ਕਰਨ ਲੱਗਾ, ਸ਼ਰਾਬ ਪੀਣ ਲੱਗ ਪਿਆ ਤੇ ਬਦਚਲਣ ਜ਼ਿੰਦਗੀ ਜੀਣ ਲੱਗਾ। ਅਗਲੇ ਕਈ ਸਾਲਾਂ ਤਕ ਮੈਂ ਜ਼ਿਆਦਾ ਨਸ਼ੀਲੇ ਨਸ਼ੇ ਕਰਨ ਲੱਗਾ ਜਿਨ੍ਹਾਂ ਵਿੱਚੋਂ ਕਈਆਂ ਦਾ ਮੈਂ ਗ਼ੁਲਾਮ ਬਣ ਗਿਆ। ਮੈਂ ਨਸ਼ਿਆਂ ਦੀ ਦਲਦਲ ਵਿਚ ਧਸਦਾ ਗਿਆ ਅਤੇ ਆਪਣੇ ਗੁਜ਼ਾਰੇ ਲਈ ਨਸ਼ੇ ਵੇਚਣ ਦਾ ਧੰਦਾ ਕਰਨ ਲੱਗ ਪਿਆ।

ਮੈਂ ਆਪਣੀ ਜ਼ਮੀਰ ਦੀ ਨਾ ਸੁਣਨ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਇਸ ਨੇ ਮੈਨੂੰ ਵਾਰ-ਵਾਰ ਚੇਤੇ ਕਰਾਇਆ ਕਿ ਮੇਰੇ ਜੀਉਣ ਦਾ ਤੌਰ-ਤਰੀਕਾ ਗ਼ਲਤ ਸੀ। ਫਿਰ ਵੀ ਮੈਨੂੰ ਲੱਗਾ ਕਿ ਹੁਣ ਬਹੁਤ ਦੇਰ ਹੋ ਚੁੱਕੀ ਸੀ ਤੇ ਪਿੱਛੇ ਮੁੜਨਾ ਮੁਸ਼ਕਲ ਸੀ। ਪਾਰਟੀਆਂ ਅਤੇ ਕੰਸਰਟਾਂ ਵਿਚ ਲੋਕਾਂ ਨਾਲ ਘਿਰਿਆ ਹੋਣ ਦੇ ਬਾਵਜੂਦ ਅਕਸਰ ਮੈਨੂੰ ਲੱਗਦਾ ਸੀ ਕਿ ਮੈਂ ਇਕੱਲਾ ਹਾਂ ਤੇ ਨਿਰਾਸ਼ ਹੋ ਜਾਂਦਾ ਸੀ। ਕਦੇ-ਕਦੇ ਮੈਂ ਸੋਚਦਾ ਸੀ ਕਿ ਮੇਰੇ ਮਾਤਾ-ਪਿਤਾ ਤਾਂ ਬਹੁਤ ਭਲੇ ਲੋਕ ਹਨ ਤੇ ਪਤਾ ਨਹੀਂ ਮੈਂ ਕਿਵੇਂ ਕੁਰਾਹੇ ਪੈ ਗਿਆ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:

ਹਾਲਾਂਕਿ ਮੈਂ ਉਮੀਦ ਛੱਡ ਦਿੱਤੀ ਸੀ ਕਿ ਮੈਂ ਬਦਲ ਸਕਦਾ ਹਾਂ, ਪਰ ਦੂਜਿਆਂ ਨੇ ਨਹੀਂ ਛੱਡੀ। ਸਾਲ 2000 ਵਿਚ ਮੇਰੇ ਮਾਤਾ-ਪਿਤਾ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨ ਵਿਚ ਆਉਣ ਦਾ ਸੱਦਾ ਦਿੱਤਾ। ਮੈਂ ਨਾ ਚਾਹੁੰਦਿਆਂ ਹੋਇਆ ਵੀ ਚਲਾ ਗਿਆ। ਮੈਂ ਹੈਰਾਨ ਰਹਿ ਗਿਆ ਕਿ ਮੇਰੇ ਕੁਰਾਹੇ ਪਏ ਭੈਣ-ਭਰਾ ਵੀ ਉੱਥੇ ਆਏ ਸਨ।

ਸੰਮੇਲਨ ਵਿਚ ਮੈਨੂੰ ਯਾਦ ਆਇਆ ਕਿ ਤਕਰੀਬਨ ਇਕ ਸਾਲ ਪਹਿਲਾਂ ਮੈਂ ਇਸੇ ਜਗ੍ਹਾ ਰਾਕ ਕੰਸਰਟ ਵਾਸਤੇ ਆਇਆ ਸੀ। ਜੋ ਫ਼ਰਕ ਮੈਂ ਉੱਥੇ ਦੇਖਿਆ, ਉਸ ਨੇ ਮੈਨੂੰ ਧੁਰ ਅੰਦਰ ਤਕ ਹਲੂਣ ਦਿੱਤਾ। ਕੰਸਰਟ ਵੇਲੇ ਇਹ ਜਗ੍ਹਾ ਕੂੜੇ-ਕਰਕਟ ਤੇ ਸਿਗਰਟ ਦੇ ਧੂੰਏਂ ਨਾਲ ਭਰੀ ਪਈ ਸੀ। ਕੰਸਰਟ ਵਿਚ ਆਏ ਜ਼ਿਆਦਾਤਰ ਲੋਕ ਰੁੱਖੇ ਸਨ ਤੇ ਸੰਗੀਤ ਦੇ ਬੋਲ ਨਿਰਾਸ਼ ਕਰਨ ਵਾਲੇ ਸਨ। ਪਰ ਸੰਮੇਲਨ ਵਿਚ ਮੈਂ ਦਿਲੋਂ ਖ਼ੁਸ਼ ਲੋਕਾਂ ਨਾਲ ਘਿਰਿਆ ਹੋਇਆ ਸੀ ਜਿਨ੍ਹਾਂ ਨੇ ਮੇਰਾ ਿਨੱਘਾ ਸੁਆਗਤ ਕੀਤਾ, ਭਾਵੇਂ ਮੈਂ ਉਨ੍ਹਾਂ ਨੂੰ ਕਈ ਸਾਲਾਂ ਤੋਂ ਦੇਖਿਆ ਨਹੀਂ ਸੀ। ਹੁਣ ਇਹ ਜਗ੍ਹਾ ਸਾਫ਼-ਸੁਥਰੀ ਸੀ ਤੇ ਇੱਥੇ ਦਿੱਤੇ ਗਏ ਸੰਦੇਸ਼ ਤੋਂ ਸੁਨਹਿਰੇ ਭਵਿੱਖ ਦੀ ਉਮੀਦ ਮਿਲਦੀ ਸੀ। ਬਾਈਬਲ ਦੀ ਸੱਚਾਈ ਦੇ ਇੰਨੇ ਚੰਗੇ ਅਸਰ ਨੂੰ ਦੇਖ ਕੇ ਮੈਂ ਸੋਚਣ ਲੱਗਾ ਕਿ ਮੈਂ ਸੱਚਾਈ ਨੂੰ ਕਿਵੇਂ ਛੱਡ ਬੈਠਾ!—ਯਸਾਯਾਹ 48:17, 18.

“ਬਾਈਬਲ ਤੋਂ ਮਿਲੀ ਤਾਕਤ ਨਾਲ ਮੈਂ ਨਸ਼ੇ ਕਰਨੇ ਤੇ ਵੇਚਣੇ ਛੱਡ ਦਿੱਤੇ ਅਤੇ ਸਮਾਜ ਵਿਚ ਚੰਗਾ ਇਨਸਾਨ ਬਣ ਗਿਆ”

ਸੰਮੇਲਨ ਤੋਂ ਫ਼ੌਰਨ ਬਾਅਦ ਮੈਂ ਮਸੀਹੀ ਮੰਡਲੀ ਵਿਚ ਵਾਪਸ ਮੁੜਨ ਦਾ ਫ਼ੈਸਲਾ ਕੀਤਾ। ਮੇਰੇ ਭੈਣ-ਭਰਾ ਨੇ ਸੰਮੇਲਨ ਵਿਚ ਜੋ ਕੁਝ ਦੇਖਿਆ-ਸੁਣਿਆ, ਉਸ ਦਾ ਉਨ੍ਹਾਂ ਦੇ ਦਿਲਾਂ ’ਤੇ ਵੀ ਬਹੁਤ ਗਹਿਰਾ ਅਸਰ ਪਿਆ ਜਿਸ ਕਰਕੇ ਉਨ੍ਹਾਂ ਨੇ ਵੀ ਮੰਡਲੀ ਵਿਚ ਵਾਪਸ ਆਉਣ ਦਾ ਫ਼ੈਸਲਾ ਕੀਤਾ। ਅਸੀਂ ਤਿੰਨੇ ਬਾਈਬਲ ਸਟੱਡੀ ਕਰਨ ਲੱਗ ਪਏ।

ਮੇਰੇ ਦਿਲ ਨੂੰ ਖ਼ਾਸਕਰ ਬਾਈਬਲ ਦੀ ਜਿਹੜੀ ਆਇਤ ਨੇ ਛੋਹਿਆ, ਉਹ ਸੀ ਯਾਕੂਬ 4:8 ਜੋ ਕਹਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਪਰਮੇਸ਼ੁਰ ਦੇ ਨੇੜੇ ਜਾਣਾ ਚਾਹੁੰਦਾ ਹਾਂ, ਤਾਂ ਮੈਨੂੰ ਆਪਣੀ ਜ਼ਿੰਦਗੀ ਸਾਫ਼-ਸੁਥਰੀ ਕਰਨੀ ਪਵੇਗੀ। ਹੋਰ ਤਬਦੀਲੀਆਂ ਕਰਨ ਦੇ ਨਾਲ-ਨਾਲ ਮੈਨੂੰ ਤਮਾਖੂ ਪੀਣਾ, ਨਸ਼ੇ ਕਰਨੇ ਅਤੇ ਜ਼ਿਆਦਾ ਸ਼ਰਾਬ ਪੀਣੀ ਛੱਡਣੀ ਪੈਣੀ ਸੀ।—2 ਕੁਰਿੰਥੀਆਂ 7:1.

ਮੈਂ ਆਪਣੇ ਪੁਰਾਣੇ ਦੋਸਤ ਛੱਡ ਦਿੱਤੇ ਤੇ ਯਹੋਵਾਹ ਦੇ ਭਗਤਾਂ ਵਿੱਚੋਂ ਨਵੇਂ ਦੋਸਤ ਬਣਾ ਲਏ। ਖ਼ਾਸਕਰ ਇਕ ਮਸੀਹੀ ਬਜ਼ੁਰਗ ਨੇ ਮੇਰੀ ਬਹੁਤ ਮਦਦ ਕੀਤੀ ਜੋ ਮੈਨੂੰ ਬਾਈਬਲ ਸਟੱਡੀ ਕਰਾਉਂਦਾ ਸੀ। ਉਹ ਮੈਨੂੰ ਲਗਾਤਾਰ ਫ਼ੋਨ ਕਰਦਾ ਸੀ ਤੇ ਮੇਰਾ ਹਾਲ-ਚਾਲ ਪੁੱਛਣ ਆਉਂਦਾ ਸੀ। ਅੱਜ ਵੀ ਉਹ ਮੇਰਾ ਸਭ ਤੋਂ ਕਰੀਬੀ ਦੋਸਤ ਹੈ।

ਸਾਲ 2001 ਦੀ ਬਸੰਤ ਰੁੱਤੇ ਮੈਂ ਤੇ ਮੇਰੇ ਭੈਣ-ਭਰਾ ਨੇ ਬਪਤਿਸਮਾ ਲੈ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਮੇਰੇ ਮਾਤਾ-ਪਿਤਾ ਤੇ ਛੋਟਾ ਵਫ਼ਾਦਾਰ ਭਰਾ ਕਿੰਨੇ ਖ਼ੁਸ਼ ਸਨ ਕਿ ਸਾਰਾ ਪਰਿਵਾਰ ਰਲ਼ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ।

ਅੱਜ ਮੇਰੀ ਜ਼ਿੰਦਗੀ:

ਮੈਂ ਸੋਚਦਾ ਹੁੰਦਾ ਸੀ ਕਿ ਬਾਈਬਲ ਦੇ ਅਸੂਲ ਬਹੁਤ ਸਖ਼ਤ ਹਨ, ਪਰ ਹੁਣ ਮੈਂ ਸਮਝਦਾ ਹਾਂ ਕਿ ਉਹ ਸਾਡੀ ਰੱਖਿਆ ਲਈ ਜ਼ਰੂਰੀ ਹਨ। ਬਾਈਬਲ ਤੋਂ ਮਿਲੀ ਤਾਕਤ ਨਾਲ ਮੈਂ ਨਸ਼ੇ ਕਰਨੇ ਤੇ ਵੇਚਣੇ ਛੱਡ ਦਿੱਤੇ ਅਤੇ ਸਮਾਜ ਵਿਚ ਚੰਗਾ ਇਨਸਾਨ ਬਣ ਗਿਆ।

ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਮੈਂ ਯਹੋਵਾਹ ਦੇ ਭਗਤਾਂ ਦੇ ਭਾਈਚਾਰੇ ਦਾ ਹਿੱਸਾ ਬਣ ਗਿਆ ਹਾਂ। ਇਹ ਲੋਕ ਇਕ-ਦੂਜੇ ਨਾਲ ਸੱਚਾ ਪਿਆਰ ਕਰਨ ਦੇ ਨਾਲ-ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ। (ਯੂਹੰਨਾ 13:34, 35) ਉਸ ਭਾਈਚਾਰੇ ਤੋਂ ਮੈਨੂੰ ਇਕ ਬਹੁਤ ਹੀ ਖ਼ਾਸ ਬਰਕਤ ਮਿਲੀ ਹੈ। ਉਹ ਹੈ ਮੇਰੀ ਪਤਨੀ ਏਡਰੀਐਨ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਤੇ ਅਨਮੋਲ ਸਮਝਦਾ ਹਾਂ। ਅਸੀਂ ਇਕੱਠੇ ਆਪਣੇ ਸਿਰਜਣਹਾਰ ਦੀ ਸੇਵਾ ਕਰ ਕੇ ਬਹੁਤ ਖ਼ੁਸ਼ ਹਾਂ।

ਹੁਣ ਆਪਣੇ ਲਈ ਜੀਣ ਦੀ ਬਜਾਇ ਮੈਂ ਪੂਰਾ ਸਮਾਂ ਵਲੰਟੀਅਰ ਵਜੋਂ ਲੋਕਾਂ ਨੂੰ ਸਿਖਾਉਂਦਾ ਹਾਂ ਕਿ ਉਹ ਵੀ ਪਰਮੇਸ਼ੁਰ ਦੇ ਬਚਨ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਨ। ਇਹ ਕੰਮ ਕਰਨ ਨਾਲ ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਮੈਂ ਪੱਕੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਬਾਈਬਲ ਨੇ ਮੇਰੀ ਜ਼ਿੰਦਗੀ ਬਦਲੀ ਹੈ। ਆਖ਼ਰ ਮੈਨੂੰ ਅਸਲੀ ਆਜ਼ਾਦੀ ਮਿਲ ਹੀ ਗਈ। (w13-E 01/01)