Skip to content

Skip to table of contents

ਪਾਠਕਾਂ ਦੇ ਸਵਾਲ . . .

ਬਾਈਬਲ ਵਿਚ ਕੁਝ ਲੋਕਾਂ ਦੇ ਨਾਂ ਕਿਉਂ ਨਹੀਂ ਦਿੱਤੇ ਗਏ?

ਬਾਈਬਲ ਵਿਚ ਕੁਝ ਲੋਕਾਂ ਦੇ ਨਾਂ ਕਿਉਂ ਨਹੀਂ ਦਿੱਤੇ ਗਏ?

ਬਾਈਬਲ ਵਿਚ ਰੂਥ ਨਾਂ ਦੀ ਕਿਤਾਬ ਵਿਚ ਇਕ ਆਦਮੀ ਦਾ ਨਾਂ ਦੇਣ ਦੀ ਬਜਾਇ ਉਸ ਨੂੰ ‘ਫਲਾਣਾ’ ਕਿਹਾ ਗਿਆ ਹੈ। ਇਸ ਆਦਮੀ ਨੇ ਮੂਸਾ ਦੇ ਕਾਨੂੰਨ ਅਨੁਸਾਰ ਆਪਣਾ ਫ਼ਰਜ਼ ਪੂਰਾ ਕਰਨ ਤੋਂ ਇਨਕਾਰ ਕੀਤਾ ਸੀ। (ਰੂਥ 4:1-12) ਕੀ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਬਾਈਬਲ ਵਿਚ ਕੁਝ ਲੋਕਾਂ ਦੇ ਨਾਂ ਇਸ ਕਰਕੇ ਨਹੀਂ ਦਿੱਤੇ ਗਏ ਕਿਉਂਕਿ ਉਹ ਬੁਰੇ ਸਨ ਜਾਂ ਖ਼ਾਸ ਨਹੀਂ ਸਨ?

ਨਹੀਂ। ਇਕ ਹੋਰ ਮਿਸਾਲ ਵੱਲ ਧਿਆਨ ਦਿਓ। ਆਪਣੇ ਚੇਲਿਆਂ ਨਾਲ ਆਖ਼ਰੀ ਪਸਾਹ ਦਾ ਭੋਜਨ ਖਾਣ ਦਾ ਬੰਦੋਬਸਤ ਕਰਨ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ “ਸ਼ਹਿਰ ਵਿਚ ਫਲਾਨੇ ਬੰਦੇ” ਕੋਲ ਜਾਣ ਅਤੇ ਉਸ ਦੇ ਘਰ ਵਿਚ ਭੋਜਨ ਤਿਆਰ ਕਰਨ। (ਮੱਤੀ 26:18) ਕੀ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਇਸ ਆਇਤ ਵਿਚ ‘ਫਲਾਨਾ ਬੰਦਾ’ ਬੁਰਾ ਸੀ ਜਾਂ ਕੋਈ ਖ਼ਾਸ ਬੰਦਾ ਨਹੀਂ ਸੀ ਜਿਸ ਕਰਕੇ ਉਸ ਦਾ ਨਾਂ ਨਹੀਂ ਦੱਸਿਆ ਗਿਆ? ਬਿਲਕੁਲ ਨਹੀਂ। ਬਿਨਾਂ ਸ਼ੱਕ ਇਹ ‘ਫਲਾਨਾ ਬੰਦਾ’ ਯਿਸੂ ਦਾ ਇਕ ਚੇਲਾ ਸੀ। ਪਰ ਇਸ ਬਿਰਤਾਂਤ ਵਿਚ ਉਸ ਦਾ ਨਾਂ ਦੇਣਾ ਜ਼ਰੂਰੀ ਨਹੀਂ ਸੀ, ਇਸ ਕਰਕੇ ਉਸ ਦਾ ਨਾਂ ਨਹੀਂ ਦੱਸਿਆ ਗਿਆ।

ਦਰਅਸਲ ਬਾਈਬਲ ਵਿਚ ਕਈ ਬੁਰੇ ਲੋਕਾਂ ਦੇ ਨਾਂ ਦਿੱਤੇ ਗਏ ਹਨ ਜਦਕਿ ਕਈ ਵਫ਼ਾਦਾਰ ਸੇਵਕਾਂ ਦੇ ਨਾਂ ਨਹੀਂ ਦੱਸੇ ਗਏ। ਮਿਸਾਲ ਲਈ, ਬਾਈਬਲ ਵਿਚ ਪਹਿਲੀ ਔਰਤ ਦਾ ਨਾਂ ਹੱਵਾਹ ਦੱਸਿਆ ਗਿਆ ਹੈ ਜਿਸ ਨਾਂ ਨੂੰ ਕਈ ਲੋਕੀ ਜਾਣਦੇ ਹਨ। ਉਸ ਦੇ ਸੁਆਰਥ ਅਤੇ ਉਸ ਦੀ ਅਣਆਗਿਆਕਾਰੀ ਕਰਕੇ ਆਦਮ ਨੇ ਵੀ ਪਾਪ ਕੀਤਾ ਜਿਸ ਦੇ ਬੁਰੇ ਨਤੀਜੇ ਸਾਨੂੰ ਸਾਰਿਆਂ ਨੂੰ ਭੁਗਤਣੇ ਪੈ ਰਹੇ ਹਨ। (ਰੋਮੀਆਂ 5:12) ਇਸ ਦੇ ਉਲਟ, ਬਾਈਬਲ ਵਿਚ ਨੂਹ ਦੀ ਪਤਨੀ ਦਾ ਨਾਂ ਨਹੀਂ ਦੱਸਿਆ ਗਿਆ। ਪਰ ਸਾਨੂੰ ਪਤਾ ਹੈ ਕਿ ਉਸ ਨੇ ਆਪਣੇ ਪਤੀ ਦਾ ਪੂਰਾ-ਪੂਰਾ ਸਾਥ ਦਿੱਤਾ ਅਤੇ ਉਹ ਉਸ ਦੇ ਅਧੀਨ ਰਹੀ। ਭਾਵੇਂ ਉਸ ਦਾ ਨਾਂ ਨਹੀਂ ਦੱਸਿਆ ਗਿਆ, ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਖ਼ਾਸ ਨਹੀਂ ਸੀ ਜਾਂ ਯਹੋਵਾਹ ਦੀ ਮਿਹਰ ਉਸ ਉੱਤੇ ਨਹੀਂ ਸੀ।

ਕਈ ਹੋਰ ਲੋਕਾਂ ਨੇ ਵੀ ਯਹੋਵਾਹ ਦੀ ਸੇਵਾ ਵਿਚ ਵੱਡੇ-ਵੱਡੇ ਕੰਮ ਕੀਤੇ, ਪਰ ਬਾਈਬਲ ਵਿਚ ਇਨ੍ਹਾਂ ਸਾਰਿਆਂ ਦੇ ਨਾਂ ਨਹੀਂ ਦੱਸੇ ਗਏ। ਜ਼ਰਾ ਉਸ ਛੋਟੀ ਇਜ਼ਰਾਈਲੀ ਲੜਕੀ ਬਾਰੇ ਸੋਚੋ ਜੋ ਸੀਰੀਆ ਦੇ ਸੈਨਾਪਤੀ ਨਅਮਾਨ ਦੇ ਘਰ ਵਿਚ ਨੌਕਰਾਣੀ ਸੀ। ਉਸ ਨੇ ਦਲੇਰੀ ਨਾਲ ਨਅਮਾਨ ਦੀ ਪਤਨੀ ਨੂੰ ਇਜ਼ਰਾਈਲ ਵਿਚ ਯਹੋਵਾਹ ਦੇ ਨਬੀ ਬਾਰੇ ਦੱਸਿਆ। ਇਸ ਦਾ ਨਤੀਜਾ ਇਹ ਸੀ ਕਿ ਯਹੋਵਾਹ ਨੇ ਚਮਤਕਾਰ ਕਰ ਕੇ ਨਅਮਾਨ ਨੂੰ ਕੋੜ੍ਹ ਦੀ ਬੀਮਾਰੀ ਤੋਂ ਠੀਕ ਕੀਤਾ। (2 ਰਾਜਿਆਂ 5:1-14) ਇਜ਼ਰਾਈਲੀ ਨਿਆਂਕਾਰ ਯਿਫ਼ਤਾਹ ਦੀ ਧੀ ਨੇ ਵੀ ਨਿਹਚਾ ਦੀ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਆਪਣੇ ਪਿਤਾ ਦਾ ਵਾਅਦਾ ਪੂਰਾ ਕਰਨ ਲਈ ਵਿਆਹ ਕਰਾਉਣ ਤੇ ਬੱਚੇ ਪੈਦਾ ਕਰਨ ਦੀ ਖ਼ਾਹਸ਼ ਖ਼ੁਸ਼ੀ-ਖ਼ੁਸ਼ੀ ਤਿਆਗੀ। (ਨਿਆਈਆਂ 11:30-40) ਇਸੇ ਤਰ੍ਹਾਂ ਜ਼ਬੂਰਾਂ ਦੇ 40 ਤੋਂ ਜ਼ਿਆਦਾ ਲਿਖਾਰੀਆਂ ਦੇ ਨਾਲ-ਨਾਲ ਉਨ੍ਹਾਂ ਨਬੀਆਂ ਦੇ ਨਾਂ ਨਹੀਂ ਦਿੱਤੇ ਗਏ ਜਿਨ੍ਹਾਂ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਵਿਚ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਸਨ।​—1 ਰਾਜਿਆਂ 20:37-43.

ਸ਼ਾਇਦ ਇਸ ਤੋਂ ਵੀ ਵਧੀਆ ਮਿਸਾਲ ਵਫ਼ਾਦਾਰ ਦੂਤਾਂ ਦੀ ਹੈ। ਲੱਖਾਂ-ਕਰੋੜਾਂ ਦੂਤਾਂ ਵਿੱਚੋਂ ਬਾਈਬਲ ਵਿਚ ਸਿਰਫ਼ ਦੋ ਦੂਤਾਂ ਦੇ ਨਾਂ ਦਿੱਤੇ ਗਏ ਹਨ: ਜਬਰਾਏਲ ਅਤੇ ਮੀਕਾਏਲ। (ਦਾਨੀਏਲ 7:10; ਲੂਕਾ 1:19; ਯਹੂਦਾਹ 9) ਬਾਕੀ ਕਿਸੇ ਦਾ ਵੀ ਨਾਂ ਨਹੀਂ ਦਿੱਤਾ ਗਿਆ। ਮਿਸਾਲ ਲਈ, ਸਮਸੂਨ ਦੇ ਪਿਤਾ ਮਾਨੋਆਹ ਨੇ ਇਕ ਦੂਤ ਨੂੰ ਪੁੱਛਿਆ: “ਆਪਣਾ ਨਾਉਂ ਦੱਸ ਭਈ ਜਿਸ ਵੇਲੇ ਤੇਰਾ ਆਖਿਆ ਪੂਰਾ ਹੋਵੇ ਤਾਂ ਅਸੀਂ ਤੇਰਾ ਆਦਰ ਭਾਉ ਕਰੀਏ।” ਦੂਤ ਨੇ ਕੀ ਜਵਾਬ ਦਿੱਤਾ? ਉਸ ਨੇ ਕਿਹਾ: “ਤੂੰ ਮੇਰਾ ਨਾਉਂ ਕਿਉਂ ਪੁੱਛਣਾ ਹੈਂ?” ਨਿਮਰ ਹੋਣ ਕਰਕੇ ਦੂਤ ਨੇ ਉਹ ਆਦਰ ਲੈਣ ਤੋਂ ਇਨਕਾਰ ਕੀਤਾ ਜੋ ਸਿਰਫ਼ ਪਰਮੇਸ਼ੁਰ ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ।​—ਨਿਆਈਆਂ 13:17, 18.

ਬਾਈਬਲ ਸਾਨੂੰ ਹਰ ਵਾਰੀ ਇਹ ਨਹੀਂ ਦੱਸਦੀ ਕਿ ਕੁਝ ਲੋਕਾਂ ਦੇ ਨਾਂ ਕਿਉਂ ਦਿੱਤੇ ਗਏ ਅਤੇ ਕੁਝ ਦੇ ਕਿਉਂ ਨਹੀਂ। ਪਰ ਅਸੀਂ ਉਨ੍ਹਾਂ ਵਫ਼ਾਦਾਰ ਸੇਵਕਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਜਿਨ੍ਹਾਂ ਨੇ ਬਿਨਾਂ ਸੁਆਰਥ ਤੋਂ ਯਹੋਵਾਹ ਦੀ ਸੇਵਾ ਕੀਤੀ। (w13-E 08/01)