ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਯੂਸੁਫ਼
“ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ?”
ਯੂਸੁਫ਼ ਸ਼ਾਮ ਵੇਲੇ ਆਪਣੇ ਬਾਗ਼ ਵਿਚ ਖੜ੍ਹਾ ਹੈ। ਸ਼ਾਇਦ ਉਸ ਦੀ ਨਜ਼ਰ ਖਜੂਰਾਂ ਅਤੇ ਹੋਰ ਫਲਾਂ ਦੇ ਦਰਖ਼ਤ ਤੇ ਪੌਦਿਆਂ ਨਾਲ ਭਰੇ ਤਲਾਬ ’ਤੇ ਗਈ। ਨਾਲੇ ਉਹ ਕੰਧ ਦੇ ਪਿਛਲੇ ਪਾਸੇ ਫ਼ਿਰਊਨ ਦੇ ਮਹਿਲ ਦੀ ਝਲਕ ਦੇਖ ਸਕਦਾ ਹੈ। ਕਲਪਨਾ ਕਰੋ ਕਿ ਉਸ ਨੂੰ ਆਪਣੇ ਘਰੋਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ; ਉਸ ਦਾ ਮੁੰਡਾ ਮਨੱਸ਼ਹ ਆਪਣੇ ਨੰਨ੍ਹੇ-ਮੁੰਨੇ ਭਰਾ ਇਫ਼ਰਾਈਮ ਨੂੰ ਹਸਾ ਰਿਹਾ ਹੈ। ਯੂਸੁਫ਼ ਆਪਣੇ ਮਨ ਦੀਆਂ ਅੱਖਾਂ ਨਾਲ ਦੇਖ ਸਕਦਾ ਸੀ ਕਿ ਉਸ ਦੀ ਪਤਨੀ ਮੁੰਡੇ ਦੀਆਂ ਹਰਕਤਾਂ ਦੇਖ ਕੇ ਹੌਲੀ-ਹੌਲੀ ਹੱਸ ਰਹੀ ਹੋਣੀ। ਉਹ ਮੁਸਕਰਾਇਆ। ਉਹ ਜਾਣਦਾ ਸੀ ਕਿ ਉਸ ਨੂੰ ਪਰਮੇਸ਼ੁਰ ਤੋਂ ਅਸੀਸਾਂ ਮਿਲੀਆਂ ਸਨ।
ਉਸ ਨੇ ਆਪਣੇ ਵੱਡੇ ਮੁੰਡੇ ਦਾ ਨਾਂ ਮਨੱਸ਼ਹ ਰੱਖਿਆ ਕਿਉਂਕਿ ਇਸ ਨਾਂ ਦਾ ਮਤਲਬ ਹੈ, ਭੁਲਾ ਦੇਣਾ। (ਉਤਪਤ 41:51) ਹਾਲ ਹੀ ਦੇ ਸਾਲਾਂ ਵਿਚ ਪਰਮੇਸ਼ੁਰ ਵੱਲੋਂ ਮਿਲੀਆਂ ਬਰਕਤਾਂ ਕਾਰਨ ਉਹ ਆਪਣੇ ਘਰ, ਪਿਤਾ ਤੇ ਭਰਾਵਾਂ ਨਾਲ ਜੁੜੀਆਂ ਯਾਦਾਂ ਦਾ ਗਮ ਕੁਝ ਹੱਦ ਤਕ ਭੁਲਾ ਸਕਿਆ। ਉਸ ਦੇ ਵੱਡੇ ਭਰਾਵਾਂ ਦੀ ਨਫ਼ਰਤ ਕਰਕੇ ਉਸ ਦੀ ਜ਼ਿੰਦਗੀ ਹੀ ਬਦਲ ਗਈ ਸੀ। ਉਨ੍ਹਾਂ ਨੇ ਉਸ ਨੂੰ ਮਾਰਿਆ-ਕੁੱਟਿਆ, ਜਾਨੋਂ ਮਾਰਨ ਦੀਆਂ ਸਾਜ਼ਸ਼ਾਂ ਘੜੀਆਂ ਅਤੇ ਫਿਰ ਉਸ ਨੂੰ ਗ਼ੁਲਾਮ ਵਜੋਂ ਵਪਾਰੀਆਂ ਨੂੰ ਵੇਚ ਦਿੱਤਾ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਵਿਚ ਇਕ ਤੋਂ ਬਾਅਦ ਇਕ ਮੋੜ ਆਏ ਜਿਨ੍ਹਾਂ ਨੇ ਉਸ ਦੀ ਜ਼ਿੰਦਗੀ ਵਿਚ ਹਲਚਲ ਮਚਾ ਦਿੱਤੀ। ਤਕਰੀਬਨ ਬਾਰਾਂ ਸਾਲਾਂ ਦੌਰਾਨ ਉਹ ਗ਼ੁਲਾਮ ਰਿਹਾ, ਉਸ ਨੂੰ ਕੈਦ ਕੀਤਾ ਗਿਆ ਅਤੇ ਕੁਝ ਸਮੇਂ ਲਈ ਉਸ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਵੀ ਬੰਨ੍ਹਿਆ ਗਿਆ। ਪਰ ਹੁਣ ਉਹ ਸ਼ਕਤੀਸ਼ਾਲੀ ਮਿਸਰੀ ਕੌਮ ਦਾ ਸ਼ਾਸਕ ਸੀ ਤੇ ਫ਼ਿਰਊਨ ਤੋਂ ਦੂਜੇ ਦਰਜੇ ’ਤੇ ਸੀ! *
ਸਾਲਾਂ ਦੌਰਾਨ ਯੂਸੁਫ਼ ਨੇ ਉਹ ਗੱਲਾਂ ਸੱਚ ਹੁੰਦੀਆਂ ਦੇਖੀਆਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ। ਠੀਕ ਜਿੱਦਾਂ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ, ਸੱਤ ਸਾਲ ਮਿਸਰ ਵਿਚ ਭਰਪੂਰ ਪੈਦਾਵਾਰ ਹੋਈ ਅਤੇ ਦੇਸ਼ ਦੇ ਵਾਧੂ ਅਨਾਜ ਨੂੰ ਇਕੱਠਾ ਕਰਕੇ ਰੱਖਣ ਦੀ ਨਿਗਰਾਨੀ ਯੂਸੁਫ਼ ਨੇ ਕੀਤੀ। ਇਸ ਸਮੇਂ ਦੌਰਾਨ ਉਸ ਨੂੰ ਆਪਣੀ ਪਤਨੀ ਆਸਨਥ ਤੋਂ ਦੋ ਮੁੰਡੇ ਹੋਏ। ਪਰ ਉਹ ਅਕਸਰ ਆਪਣੇ ਪਰਿਵਾਰ ਬਾਰੇ ਸੋਚਦਾ ਰਹਿੰਦਾ ਸੀ ਜੋ ਉਸ ਤੋਂ ਸੈਂਕੜੇ ਮੀਲ ਦੂਰ ਸੀ। ਉਹ ਖ਼ਾਸ ਕਰਕੇ ਆਪਣੇ ਛੋਟੇ ਭਰਾ ਬਿਨਯਾਮੀਨ ਅਤੇ ਆਪਣੇ ਪਿਆਰੇ ਪਿਤਾ ਯਾਕੂਬ ਨੂੰ ਯਾਦ ਕਰਦਾ ਸੀ। ਉਹ ਸ਼ਾਇਦ ਸੋਚਦਾ ਹੋਵੇ ਕਿ ਉਹ ਠੀਕ-ਠਾਕ ਸਨ ਜਾਂ ਨਹੀਂ। ਸ਼ਾਇਦ ਉਹ ਇਹ ਵੀ ਸੋਚਦਾ ਹੋਣਾ ਕਿ ਉਸ ਦੇ ਵੱਡੇ ਭਰਾਵਾਂ ਨੇ ਆਪਣਾ ਖਾੜਕੂ ਸੁਭਾਅ ਬਦਲ ਦਿੱਤਾ ਸੀ ਕਿ ਨਹੀਂ ਜਾਂ ਉਹ ਕਦੇ ਆਪਣੇ ਪਰਿਵਾਰ ਵਿਚ ਪਈਆਂ ਦਰਾੜਾਂ ਭਰ ਸਕੇਗਾ ਜਾਂ ਨਹੀਂ।
ਜੇ ਕਦੇ ਤੁਹਾਡੇ ਪਰਿਵਾਰ ਦੀ ਸ਼ਾਂਤੀ ਈਰਖਾ, ਛਲ ਜਾਂ ਨਫ਼ਰਤ ਕਾਰਨ ਭੰਗ ਹੋਈ ਹੈ, ਤਾਂ ਸ਼ਾਇਦ ਤੁਸੀਂ ਵੀ ਯੂਸੁਫ਼ ਵਾਂਗ ਮਹਿਸੂਸ ਕਰੋ। ਯੂਸੁਫ਼ ਨੇ ਜਿਸ ਤਰੀਕੇ ਨਾਲ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕੀਤੀਆਂ, ਉਸ ਤੋਂ ਅਸੀਂ ਉਸ ਦੀ ਨਿਹਚਾ ਬਾਰੇ ਕੀ ਸਿੱਖ ਸਕਦੇ ਹਾਂ?
“ਯੂਸੁਫ਼ ਕੋਲ ਜਾਓ”
ਕੰਮ ਵਿਚ ਰੁੱਝਾ ਹੋਣ ਕਰਕੇ ਯੂਸੁਫ਼ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਲ ਕਿੱਦਾਂ ਬੀਤ ਗਏ। ਠੀਕ ਜਿਵੇਂ ਯਹੋਵਾਹ ਨੇ ਫਿਰਊਨ ਨੂੰ ਸੁਪਨੇ ਵਿਚ ਕਿਹਾ ਸੀ ਕਿ ਚੰਗੀ ਫ਼ਸਲ ਦੀ ਪੈਦਾਵਾਰ ਦੇ ਸੱਤਵੇਂ ਸਾਲ ਤੋਂ ਬਾਅਦ ਇਕ ਭਿਆਨਕ ਬਦਲਾਅ ਹੋਵੇਗਾ ਅਤੇ ਉੱਦਾਂ ਹੀ ਹੋਇਆ। ਫ਼ਸਲਾਂ ਖ਼ਰਾਬ ਹੋਣ ਕਾਰਨ ਕਾਲ਼ ਪੈ ਗਿਆ। ਛੇਤੀ ਹੀ ਕਾਲ਼ ਆਲੇ-ਦੁਆਲੇ ਦੇ ਦੇਸ਼ਾਂ ਵਿਚ ਫੈਲ ਗਿਆ। ਪਰ ਬਾਈਬਲ ਦੇ ਅਨੁਸਾਰ “ਸਾਰੇ ਮਿਸਰ ਦੇਸ ਵਿੱਚ ਰੋਟੀ ਸੀ।” (ਉਤਪਤ 41:54) ਇਸ ਵਿਚ ਕੋਈ ਸ਼ੱਕ ਨਹੀਂ ਕਿ ਪਵਿੱਤਰ ਸ਼ਕਤੀ ਦੁਆਰਾ ਕੀਤੀ ਗਈ ਯੂਸੁਫ਼ ਦੀ ਭਵਿੱਖਬਾਣੀ ਅਤੇ ਉਸ ਦੇ ਚੰਗੇ ਪ੍ਰਬੰਧ ਕਰਕੇ ਸਾਰੇ ਮਿਸਰੀਆਂ ਨੂੰ ਫ਼ਾਇਦਾ ਹੋ ਰਿਹਾ ਸੀ।
ਮਿਸਰੀ ਸ਼ਾਇਦ ਆਪਣੇ ਆਪ ਨੂੰ ਉਸ ਦੇ ਕਰਜ਼ਦਾਰ ਸਮਝਦੇ ਸਨ ਅਤੇ ਪ੍ਰਬੰਧਕ ਵਜੋਂ ਉਸ ਦੇ ਹੁਨਰ ਦੀ ਸਿਫ਼ਤ ਕਰਦੇ ਸਨ। ਪਰ ਯੂਸੁਫ਼ ਨੇ ਆਪਣੀ ਵਡਿਆਈ ਕਰਾਉਣ ਦੀ ਬਜਾਇ ਇਸ ਦਾ ਸਿਹਰਾ ਯਹੋਵਾਹ ਨੂੰ ਦਿੱਤਾ। ਜੇ ਅਸੀਂ ਨਿਮਰਤਾ ਨਾਲ ਆਪਣੀ ਕਿਸੇ ਯੋਗਤਾ ਜਾਂ ਹੁਨਰ
ਨੂੰ ਪਰਮੇਸ਼ੁਰ ਦੀ ਸੇਵਾ ਵਿਚ ਲਾਉਂਦੇ ਹਾਂ, ਤਾਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਇਨ੍ਹਾਂ ਦਾ ਇਸਤੇਮਾਲ ਕਿੰਨੇ ਵਧੀਆ ਢੰਗ ਨਾਲ ਕਰ ਸਕਦਾ ਹੈ।ਫਿਰ ਕੁਝ ਸਮੇਂ ਬਾਅਦ ਮਿਸਰੀਆਂ ਨੂੰ ਵੀ ਕਾਲ਼ ਦੀ ਥੋੜ੍ਹੀ ਕੁ ਮਾਰ ਸਹਿਣੀ ਪਈ। ਉਦੋਂ ਉਨ੍ਹਾਂ ਨੇ ਫਿਰਊਨ ਅੱਗੇ ਦੁਹਾਈ ਦਿੱਤੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਯੂਸੁਫ਼ ਕੋਲ ਜਾਓ ਅਰ ਜੋ ਕੁਝ ਉਹ ਆਖੇ ਸੋ ਕਰੋ।” ਸੋ ਯੂਸੁਫ਼ ਨੇ ਅਨਾਜ ਦੇ ਭੰਡਾਰ ਖੋਲ੍ਹ ਦਿੱਤੇ ਅਤੇ ਲੋਕਾਂ ਨੂੰ ਜੋ ਚਾਹੀਦਾ ਸੀ, ਉਹ ਖ਼ਰੀਦ ਸਕਦੇ ਸਨ।
ਪਰ ਆਸੇ-ਪਾਸੇ ਦੇ ਦੇਸ਼ਾਂ ਕੋਲ ਅੰਨ ਨਹੀਂ ਸੀ। ਸੈਂਕੜੇ ਮੀਲ ਦੂਰ ਕਨਾਨ ਵਿਚ ਯੂਸੁਫ਼ ਦਾ ਪਰਿਵਾਰ ਵੀ ਕਾਲ਼ ਦੀ ਮਾਰ ਝੱਲ ਰਿਹਾ ਸੀ। ਬਜ਼ੁਰਗ ਯਾਕੂਬ ਨੇ ਜਦ ਇਹ ਸੁਣਿਆ ਕਿ ਮਿਸਰ ਵਿਚ ਅਨਾਜ ਸੀ, ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਉੱਥੇ ਜਾ ਕੇ ਅੰਨ ਖ਼ਰੀਦ ਕੇ ਲਿਆਉਣ ਲਈ ਕਿਹਾ।
ਯਾਕੂਬ ਨੇ ਆਪਣੇ ਦਸਾਂ ਪੁੱਤਰਾਂ ਨੂੰ ਭੇਜਿਆ, ਪਰ ਆਪਣੇ ਸਭ ਤੋਂ ਛੋਟੋ ਪੁੱਤਰ ਬਿਨਯਾਮੀਨ ਨੂੰ ਨਹੀਂ ਭੇਜਿਆ। ਉਸ ਨੂੰ ਉਹ ਸਮਾਂ ਚੰਗੀ ਤਰ੍ਹਾਂ ਯਾਦ ਸੀ ਜਦੋਂ ਉਸ ਨੇ ਆਪਣੇ ਪਿਆਰੇ ਪੁੱਤਰ ਯੂਸੁਫ਼ ਨੂੰ ਇਕੱਲਿਆਂ ਹੀ ਆਪਣੇ ਵੱਡੇ ਭਰਾਵਾਂ ਦਾ ਹਾਲ ਜਾਣਨ ਲਈ ਘੱਲਿਆ ਸੀ। ਇਹ ਆਖ਼ਰੀ ਵਾਰ ਸੀ ਜਦ ਯਾਕੂਬ ਨੇ ਯੂਸੁਫ਼ ਨੂੰ ਦੇਖਿਆ ਸੀ। ਉਸ ਤੋਂ ਬਾਅਦ ਉਸ ਦੇ ਵੱਡੇ ਪੁੱਤਰਾਂ ਨੇ ਯੂਸੁਫ਼ ਦਾ ਖ਼ੂਨ ਨਾਲ ਲੱਥ-ਪੱਥ ਤੇ ਫਟਿਆ ਹੋਇਆ ਚੋਗਾ ਲਿਆਂਦਾ। ਇਹ ਉਹੀ ਸੋਹਣਾ ਚੋਗਾ ਸੀ ਜੋ ਯਾਕੂਬ ਨੇ ਆਪਣੇ ਲਾਡਲੇ ਬੇਟੇ ਯੂਸੁਫ਼ ਨੂੰ ਪਿਆਰ ਨਾਲ ਦਿੱਤਾ ਸੀ। ਉਨ੍ਹਾਂ ਨੇ ਆਪਣੇ ਦੁਖੀ ਪਿਤਾ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਯੂਸੁਫ਼ ਨੂੰ ਕੋਈ ਜੰਗਲੀ ਜਾਨਵਰ ਖਾ ਗਿਆ ਸੀ।
‘ਯੂਸੁਫ਼ ਨੂੰ ਚੇਤੇ ਆਇਆ’
ਕਾਫ਼ੀ ਲੰਬਾ ਸਫ਼ਰ ਤੈਅ ਕਰ ਕੇ ਯਾਕੂਬ ਦੇ ਪੁੱਤਰ ਮਿਸਰ ਪਹੁੰਚੇ। ਜਦੋਂ ਉਨ੍ਹਾਂ ਨੇ ਅਨਾਜ ਖ਼ਰੀਦਣ ਬਾਰੇ ਪੁੱਛ-ਗਿੱਛ ਕੀਤੀ, ਤਾਂ ਉਨ੍ਹਾਂ ਨੂੰ ਸਾਫਨਥ ਪਾਨੇਆਹ ਨਾਂ ਦੇ ਵੱਡੇ ਅਧਿਕਾਰੀ ਕੋਲ ਭੇਜਿਆ ਗਿਆ। (ਉਤਪਤ 41:45) ਜਦ ਉਨ੍ਹਾਂ ਨੇ ਉਸ ਨੂੰ ਦੇਖਿਆ, ਤਾਂ ਕੀ ਉਨ੍ਹਾਂ ਨੇ ਪਛਾਣ ਲਿਆ ਕਿ ਉਹ ਯੂਸੁਫ਼ ਸੀ? ਬਿਲਕੁਲ ਨਹੀਂ। ਉਹ ਸਿਰਫ਼ ਇਹੀ ਜਾਣਦੇ ਸਨ ਕਿ ਉਹ ਇਕ ਉੱਚੇ ਦਰਜੇ ਦਾ ਮਿਸਰੀ ਰਾਜਾ ਸੀ ਜਿਹੜਾ ਉਨ੍ਹਾਂ ਦੀ ਮਦਦ ਕਰ ਸਕਦਾ ਸੀ। ਆਦਰ ਦਿਖਾਉਣ ਲਈ ਉਹ “ਧਰਤੀ ਵੱਲ ਮੂੰਹ ਕਰ ਕੇ ਉਸ ਦੇ ਅੱਗੇ ਝੁਕੇ।”
ਪਰ ਯੂਸੁਫ਼ ਬਾਰੇ ਕੀ? ਉਸ ਨੇ ਦੇਖਦੇ ਸਾਰ ਹੀ ਆਪਣੇ ਭਰਾਵਾਂ ਨੂੰ ਪਛਾਣ ਲਿਆ! ਇਹੀ ਨਹੀਂ, ਜਦੋਂ ਉਸ ਦੇ ਭਰਾ ਉਸ ਅੱਗੇ ਝੁਕੇ, ਤਾਂ ਉਸ ਦੀਆਂ ਪੁਰਾਣੀਆਂ ਯਾਦਾਂ ਇਕਦਮ ਤਾਜ਼ੀਆਂ ਹੋ ਗਈਆਂ। ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ‘ਯੂਸੁਫ਼ ਨੂੰ ਓਹ ਸੁਫਨੇ ਚੇਤੇ ਆਏ’ ਜੋ ਉਸ ਨੂੰ ਛੋਟੇ ਹੁੰਦਿਆਂ ਯਹੋਵਾਹ ਨੇ ਦਿਖਾਏ ਸੀ। ਸੁਪਨਿਆਂ ਵਿਚ ਦੱਸਿਆ ਗਿਆ ਸੀ ਕਿ ਇਕ ਸਮਾਂ ਇੱਦਾਂ ਦਾ ਆਵੇਗਾ ਜਦ ਉਸ ਦੇ ਵੱਡੇ ਭਰਾ ਉਸ ਦੇ ਸਾਮ੍ਹਣੇ ਝੁਕਣਗੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਹੁਣ ਉਹ ਝੁਕੇ ਹੋਏ ਸਨ! (ਉਤਪਤ 37:2, 5-9; 42:7, 9) ਯੂਸੁਫ਼ ਹੁਣ ਕੀ ਕਰੇਗਾ? ਕੀ ਉਹ ਉਨ੍ਹਾਂ ਨੂੰ ਗਲ਼ੇ ਲਾਵੇਗਾ ਜਾਂ ਉਨ੍ਹਾਂ ਤੋਂ ਬਦਲਾ ਲਵੇਗਾ?
ਯੂਸੁਫ਼ ਜਾਣਦਾ ਸੀ ਕਿ ਉਸ ਵੇਲੇ ਉਸ ਨੂੰ ਜੋਸ਼ ਵਿਚ ਆ ਕੇ ਕੋਈ ਕਦਮ ਨਹੀਂ ਸੀ ਚੁੱਕਣਾ ਚਾਹੀਦਾ। ਸਾਫ਼ ਤੌਰ ਤੇ ਯਹੋਵਾਹ ਇਹ ਘਟਨਾਵਾਂ ਹੋਣ ਦੇ ਰਿਹਾ ਸੀ ਕਿਉਂਕਿ ਇਸ ਨਾਲ ਉਸ ਦਾ ਮਕਸਦ ਪੂਰਾ ਹੋਣਾ ਸੀ। ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਯਾਕੂਬ ਦੇ ਬੱਚਿਆਂ ਨੂੰ ਇਕ ਵੱਡੀ ਕੌਮ ਬਣਾਵੇਗਾ। (ਉਤਪਤ 35:11, 12) ਜੇ ਯੂਸੁਫ਼ ਦੇ ਭਰਾ ਅਜੇ ਵੀ ਹਿੰਸਕ, ਸੁਆਰਥੀ ਤੇ ਬੇਈਮਾਨ ਹੁੰਦੇ, ਤਾਂ ਸ਼ਾਇਦ ਯਾਕੂਬ ਦੇ ਬੱਚਿਆਂ ਨੂੰ ਇਕ ਵੱਡੀ ਕੌਮ ਬਣਾਉਣ ਦਾ ਯਹੋਵਾਹ ਦਾ ਮਕਸਦ ਖ਼ਤਰੇ ਵਿਚ ਪੈ ਜਾਂਦਾ। ਇਸ ਤੋਂ ਇਲਾਵਾ, ਜੇ ਯੂਸੁਫ਼ ਬਿਨਾਂ ਸੋਚੇ-ਸਮਝੇ ਉਨ੍ਹਾਂ ਨਾਲ ਪੇਸ਼ ਆਉਂਦਾ, ਤਾਂ ਸ਼ਾਇਦ ਇਸ ਦਾ ਅੰਜਾਮ ਉਸ ਦੇ ਪਿਤਾ ਅਤੇ ਬਿਨਯਾਮੀਨ ਨੂੰ ਭੁਗਤਣਾ ਪੈ ਸਕਦਾ ਸੀ। ਪਰ ਕੀ ਉਹ ਜੀਉਂਦੇ ਵੀ ਸਨ ਜਾਂ ਨਹੀਂ? ਇਸ ਕਰਕੇ ਯੂਸੁਫ਼ ਨੇ ਆਪਣੇ ਬਾਰੇ ਨਾ ਦੱਸਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਆਪਣੇ ਭਰਾਵਾਂ ਨੂੰ ਪਰਖ ਸਕੇ ਕਿ ਉਹ ਹੁਣ ਕਿੱਦਾਂ ਦੇ ਇਨਸਾਨ ਸਨ। ਫਿਰ ਉਸ ਨੂੰ ਪਤਾ ਲੱਗ ਜਾਣਾ ਸੀ ਕਿ ਯਹੋਵਾਹ ਕਿਵੇਂ ਚਾਹੁੰਦਾ ਸੀ ਕਿ ਉਹ ਆਪਣੇ ਭਰਾਵਾਂ ਨਾਲ ਪੇਸ਼ ਆਵੇ।
ਸ਼ਾਇਦ ਤੁਸੀਂ ਇਹੋ ਜਿਹੇ ਹਾਲਾਤਾਂ ਦਾ ਕਦੇ ਸਾਮ੍ਹਣਾ ਨਾ ਕੀਤਾ ਹੋਵੇ। ਪਰ ਅੱਜ-ਕੱਲ੍ਹ ਪਰਿਵਾਰਾਂ ਵਿਚ ਲੜਾਈ-ਝਗੜੇ ਤੇ ਮਤਭੇਦ ਆਮ ਹਨ। ਜਦੋਂ ਅਸੀਂ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਅਸੀਂ ਸ਼ਾਇਦ ਆਪਣੇ ਪਾਪੀ ਦਿਲ ਦੀ ਸੁਣ ਕੇ ਬਿਨਾਂ ਸੋਚੇ-ਸਮਝੇ ਉਸ ਮੁਤਾਬਕ ਕੰਮ ਕਰੀਏ। ਪਰ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਯੂਸੁਫ਼ ਦੀ ਰੀਸ ਕਰੀਏ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਯਹੋਵਾਹ ਕਿੱਦਾਂ ਚਾਹੁੰਦਾ ਹੈ ਕਿ ਅਸੀਂ ਮਸਲਿਆਂ ਨੂੰ ਸੁਲਝਾਈਏ। (ਕਹਾਉਤਾਂ 14:12) ਯਾਦ ਰੱਖੋ, ਪਰਿਵਾਰ ਦੇ ਮੈਂਬਰਾਂ ਨਾਲ ਸ਼ਾਂਤੀ ਬਣਾਈ ਰੱਖਣੀ ਜ਼ਰੂਰੀ ਹੈ, ਪਰ ਇਸ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਨਾਲ ਸ਼ਾਂਤੀ ਬਣਾਈ ਰੱਖੀਏ।
“ਤੁਸੀਂ ਪਰਖੇ ਜਾਓਗੇ”
ਯੂਸੁਫ਼ ਨੇ ਆਪਣੇ ਭਰਾਵਾਂ ਦੀ ਇਕ ਤੋਂ ਬਾਅਦ ਇਕ ਪਰੀਖਿਆ ਲੈਣੀ ਸ਼ੁਰੂ ਕੀਤੀ ਤਾਂਕਿ ਉਹ ਜਾਣ ਸਕੇ ਕਿ ਉਸ ਦੇ ਭਰਾ ਹੁਣ ਕਿਹੋ ਜਿਹੇ ਇਨਸਾਨ ਸਨ। ਉਸ ਨੇ ਅਨੁਵਾਦਕ ਰਾਹੀਂ ਉਨ੍ਹਾਂ ਨਾਲ ਸਖ਼ਤੀ ਨਾਲ ਗੱਲ ਕੀਤੀ ਅਤੇ ਉਨ੍ਹਾਂ ’ਤੇ ਜਾਸੂਸੀ ਕਰਨ ਦਾ ਦੋਸ਼ ਲਾਇਆ। ਆਪਣੀ ਸਫ਼ਾਈ ਪੇਸ਼ ਕਰਦਿਆਂ ਉਨ੍ਹਾਂ ਨੇ ਉਸ ਨੂੰ ਆਪਣੇ ਪਰਿਵਾਰ ਬਾਰੇ ਦੱਸਿਆ ਜਿਸ ਤੋਂ ਯੂਸੁਫ਼ ਨੂੰ ਪਤਾ ਲੱਗ ਗਿਆ ਕਿ ਉਸ ਦਾ ਛੋਟਾ ਭਰਾ ਅਜੇ ਜੀਉਂਦਾ ਸੀ। ਇਹ ਸੁਣ ਕੇ ਉਸ ਨੂੰ ਚਾਅ ਚੜ੍ਹ ਗਿਆ, ਪਰ ਉਸ ਨੇ ਉਨ੍ਹਾਂ ਸਾਮ੍ਹਣੇ ਜ਼ਾਹਰ ਨਹੀਂ ਹੋਣ ਦਿੱਤਾ। ਹੁਣ ਯੂਸੁਫ਼ ਨੂੰ ਪਤਾ ਲੱਗ ਗਿਆ ਕਿ ਉਸ ਨੇ ਅੱਗੇ ਕੀ ਕਰਨਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਪਰਖੇ ਜਾਓਗੇ।” ਫਿਰ ਉਸ ਨੇ ਕਿਹਾ ਕਿ ਉਹ ਉਨ੍ਹਾਂ ਦੇ ਛੋਟੇ ਭਰਾ ਨੂੰ ਮਿਲਣਾ ਚਾਹੁੰਦਾ ਹੈ। ਇਸ ਸਮੇਂ ਦੌਰਾਨ ਉਸ ਨੇ ਉਨ੍ਹਾਂ ਨੂੰ ਘਰ ਜਾ ਕੇ ਆਪਣੇ ਛੋਟੇ ਭਰਾ ਨੂੰ ਲੈ ਕੇ ਆਉਣ ਲਈ ਕਿਹਾ, ਬਸ਼ਰਤੇ ਕਿ ਉਨ੍ਹਾਂ ਵਿੱਚੋਂ ਕੋਈ ਇਕ ਜਣਾ ਉਸ ਕੋਲ ਕੈਦੀ ਬਣ ਕੇ ਰਹੇ।
ਸਾਰੇ ਭਰਾ ਆਪਸ ਵਿਚ ਗੱਲ ਕਰਦੇ ਹੋਏ ਆਪਣੇ 20 ਸਾਲ ਪਹਿਲਾਂ ਕੀਤੇ ਗੁਨਾਹ ਲਈ ਆਪਣੇ ਆਪ ਨੂੰ ਕਸੂਰਵਾਰ ਠਹਿਰਾ ਰਹੇ ਸਨ। ਪਰ ਉਹ ਇਸ ਗੱਲ ਤੋਂ ਬੇਖ਼ਬਰ ਸਨ ਕਿ ਯੂਸੁਫ਼ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਸਮਝ ਰਿਹਾ ਸੀ। ਉਹ ਆਪਸ ਵਿਚ ਗੱਲਾਂ ਕਰਦੇ ਕਹਿ ਰਹੇ ਸਨ ਕਿ “ਅਸੀਂ ਆਪਣੇ ਭਰਾ ਯੂਸੁਫ਼ ਦੇ ਕਾਰਨ ਅਪਰਾਧੀ ਹਾਂ। ਅਸੀਂ ਉਸ ਸਮੇਂ ਉਸ ਦੇ ਤਰਲਿਆਂ ਦੀ ਪਰਵਾਹ ਨਾ ਕੀਤੀ। ਇਹ ਹੀ ਕਾਰਨ ਹੈ ਕਿ ਸਾਨੂੰ ਹੁਣ ਸਜ਼ਾ ਮਿਲ ਰਹੀ ਹੈ।” (ਉਤਪਤ 42:21, CL) ਯੂਸੁਫ਼ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉੱਥੋਂ ਚਲਾ ਗਿਆ ਤਾਂਕਿ ਉਹ ਉਸ ਦੇ ਹੰਝੂ ਨਾ ਦੇਖ ਸਕਣ। (ਉਤਪਤ 42:22-24) ਫਿਰ ਵੀ ਉਹ ਜਾਣਦਾ ਸੀ ਕਿ ਬੁਰੇ ਕੰਮਾਂ ਦੇ ਨਤੀਜਿਆਂ ਕਾਰਨ ਸਿਰਫ਼ ਦੋਸ਼ੀ ਮਹਿਸੂਸ ਕਰਨਾ ਹੀ ਕਾਫ਼ੀ ਨਹੀਂ, ਸਗੋਂ ਸੱਚੇ ਦਿਲੋਂ ਪਛਤਾਵਾ ਕਰਨ ਦੀ ਲੋੜ ਸੀ। ਇਸ ਲਈ ਉਸ ਨੇ ਉਨ੍ਹਾਂ ਨੂੰ ਪਰਖਣਾ ਜਾਰੀ ਰੱਖਿਆ।
ਉਸ ਨੇ ਸ਼ਿਮਓਨ ਨੂੰ ਕੈਦ ਕਰ ਕੇ ਬਾਕੀਆਂ ਨੂੰ ਘਰ ਭੇਜ ਦਿੱਤਾ। ਉਸ ਨੇ ਉਨ੍ਹਾਂ ਦੇ ਅਨਾਜ ਦੇ ਬੋਰਿਆਂ ਵਿਚ ਚਾਂਦੀ ਲੁਕਾ ਦਿੱਤੀ। ਜਦ ਉਹ ਘਰ ਪਹੁੰਚੇ, ਤਾਂ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਯਾਕੂਬ ਨੂੰ ਮਨਾਇਆ ਕਿ ਉਹ ਆਪਣੇ ਪਿਆਰੇ ਪੁੱਤਰ ਬਿਨਯਾਮੀਨ ਨੂੰ ਉਨ੍ਹਾਂ ਨਾਲ ਮਿਸਰ ਭੇਜ ਦੇਵੇ। ਜਦੋਂ ਉਹ ਮਿਸਰ ਪਹੁੰਚੇ, ਤਾਂ ਉਨ੍ਹਾਂ ਨੇ ਯੂਸੁਫ਼ ਦੇ ਘਰ ਦੇ ਮੁਖਤਿਆਰ ਨੂੰ ਉਸ ਚਾਂਦੀ ਬਾਰੇ ਦੱਸਿਆ ਜੋ ਉਨ੍ਹਾਂ ਨੂੰ ਬੋਰਿਆਂ ਵਿਚ ਮਿਲੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਾਰੀ ਚਾਂਦੀ ਵਾਪਸ ਕਰਨ ਲਈ ਤਿਆਰ ਸਨ। ਉਨ੍ਹਾਂ ਦੇ ਇਸ ਵਧੀਆ ਰਵੱਈਏ ਦੇ ਬਾਵਜੂਦ ਯੂਸੁਫ਼ ਉਨ੍ਹਾਂ ਦੇ ਬਦਲਣ ਦੇ ਹੋਰ ਸਬੂਤ ਦੇਖਣਾ ਚਾਹੁੰਦਾ ਸੀ। ਉਸ ਨੇ ਉਨ੍ਹਾਂ ਲਈ ਦਾਅਵਤ ਰੱਖੀ ਅਤੇ ਬਿਨਯਾਮੀਨ ਨੂੰ ਦੇਖ ਕੇ ਉਹ ਬੜੀ ਮੁਸ਼ਕਲ ਨਾਲ ਆਪਣੇ ਜਜ਼ਬਾਤਾਂ ਨੂੰ ਰੋਕ ਸਕਿਆ। ਫਿਰ ਉਸ ਨੇ ਉਨ੍ਹਾਂ ਨੂੰ ਅਨਾਜ ਦੇ ਕੇ ਘਰ ਵਾਪਸ ਭੇਜ ਦਿੱਤਾ, ਪਰ ਇਸ ਵਾਰ ਉਸ ਨੇ ਬਿਨਯਾਮੀਨ ਦੇ ਬੋਰੇ ਵਿਚ ਚਾਂਦੀ ਦਾ ਪਿਆਲਾ ਲੁਕਾ ਦਿੱਤਾ।
ਫਿਰ ਯੂਸੁਫ਼ ਨੇ ਅਗਲੀ ਚਾਲ ਚੱਲੀ। ਉਸ ਨੇ ਆਪਣੇ ਮੁਖਤਿਆਰ ਨੂੰ ਆਪਣੇ ਭਰਾਵਾਂ ਦੇ ਪਿੱਛੇ ਭੇਜਿਆ ਤੇ ਉਨ੍ਹਾਂ ’ਤੇ ਪਿਆਲਾ ਚੋਰੀ ਕਰਨ ਦਾ ਦੋਸ਼ ਲਾਇਆ। ਜਦੋਂ ਪਿਆਲਾ ਬਿਨਯਾਮੀਨ ਦੇ ਬੋਰੇ ਵਿੱਚੋਂ ਨਿਕਲਿਆ, ਤਾਂ ਉਹ ਉਨ੍ਹਾਂ ਸਾਰਿਆਂ ਨੂੰ ਗਿਰਫ਼ਤਾਰ ਕਰ ਕੇ ਯੂਸੁਫ਼ ਕੋਲ ਮੋੜ ਲਿਆਇਆ। ਹੁਣ ਯੂਸੁਫ਼ ਕੋਲ ਇਹ ਜਾਣਨ ਦਾ ਮੌਕਾ ਸੀ ਕਿ ਉਸ ਦੇ ਭਰਾ ਅਸਲ ਵਿਚ ਕਿਹੋ ਜਿਹੇ ਸਨ। ਯਹੂਦਾਹ ਨੇ ਆਪਣੇ ਭਰਾਵਾਂ ਵੱਲੋਂ ਗੱਲ ਕੀਤੀ। ਉਸ ਨੇ ਰਹਿਮ ਲਈ ਤਰਲੇ ਕੀਤੇ ਅਤੇ ਉਸ ਨੇ ਇੱਥੋਂ ਤਕ ਕਹਿ ਦਿੱਤਾ ਕਿ ਉਹ ਸਾਰੇ ਜਣੇ ਮਿਸਰ ਵਿਚ ਗ਼ੁਲਾਮ ਬਣਨ ਲਈ ਤਿਆਰ ਸਨ। ਯੂਸੁਫ਼ ਨੇ ਜਵਾਬ ਵਿਚ ਕਿਹਾ ਕਿ ਸਿਰਫ਼ ਬਿਨਯਾਮੀਨ ਮਿਸਰ ਵਿਚ ਗ਼ੁਲਾਮ ਬਣ ਕੇ ਰਹੇਗਾ ਤੇ ਬਾਕੀ ਸਾਰੇ ਜਣੇ ਵਾਪਸ ਜਾਣਗੇ।
ਇਹ ਸੁਣ ਕੇ ਯਹੂਦਾਹ ਹੋਰ ਵੀ ਭਾਵੁਕ ਹੋ ਕੇ ਕਹਿਣ ਲੱਗਾ: “ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਰ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ।” ਇਹ ਗੱਲ ਯੂਸੁਫ਼ ਦੇ ਦਿਲ ਨੂੰ ਜ਼ਰੂਰ ਛੂਹ ਗਈ ਹੋਣੀ ਕਿਉਂਕਿ ਉਹ ਰਾਖੇਲ ਦਾ ਵੱਡਾ ਮੁੰਡਾ ਸੀ ਜੋ ਬਿਨਯਾਮੀਨ ਨੂੰ ਜਨਮ ਦਿੰਦੇ ਵੇਲੇ ਮਰ ਗਈ ਸੀ। ਆਪਣੇ ਪਿਤਾ ਵਾਂਗ ਯੂਸੁਫ਼ ਵੀ ਰਾਖੇਲ ਨੂੰ ਬਹੁਤ ਪਿਆਰ ਕਰਦਾ ਸੀ। ਇਸੇ ਕਰਕੇ ਉਹ ਸ਼ਾਇਦ ਬਿਨਯਾਮੀਨ ਨੂੰ ਜ਼ਿਆਦਾ ਪਿਆਰ ਕਰਦਾ ਸੀ।
ਯਹੂਦਾਹ ਨੇ ਯੂਸੁਫ਼ ਅੱਗੇ ਦਲੀਲਾਂ ਦੇ-ਦੇ ਕੇ ਤਰਲੇ ਕੀਤੇ ਕਿ ਉਹ ਬਿਨਯਾਮੀਨ ਨੂੰ ਗ਼ੁਲਾਮ ਨਾ ਬਣਾਵੇ। ਇੱਥੋਂ ਤਕ ਕਿ ਉਹ ਖ਼ੁਦ ਉਸ ਦੀ ਥਾਂ ਗ਼ੁਲਾਮ ਬਣਨ ਲਈ ਤਿਆਰ ਸੀ। ਫਿਰ ਉਸ ਨੇ ਕਿਹਾ: “ਕਿਉਂਜੋ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਵਾਂ ਜੇਕਰ ਮੁੰਡਾ ਮੇਰੇ ਸੰਗ ਨਾ ਹੋਵੇ? ਕਿਤੇ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ ਉਤਪਤ 44:18-34) ਇਹ ਸਾਰਾ ਕੁਝ ਇਸ ਗੱਲ ਦਾ ਸਬੂਤ ਸੀ ਕਿ ਉਹ ਬਦਲ ਗਿਆ ਸੀ। ਉਸ ਨੇ ਨਾ ਸਿਰਫ਼ ਦਿਲੋਂ ਪਛਤਾਵਾ ਕੀਤਾ, ਸਗੋਂ ਉਸ ਨੇ ਹਮਦਰਦੀ, ਨਿਰਸੁਆਰਥ ਰਵੱਈਆ ਅਤੇ ਦਇਆ ਦਿਖਾਈ।
ਮੈਂ ਨਾ ਵੇਖਾਂ।” (ਹੁਣ ਯੂਸੁਫ਼ ਆਪਣੇ ਆਪ ਨੂੰ ਰੋਕ ਨਾ ਸਕਿਆ। ਉਸ ਨੇ ਆਪਣੇ ਸਾਰੇ ਨੌਕਰਾਂ ਨੂੰ ਬਾਹਰ ਜਾਣ ਲਈ ਕਿਹਾ। ਇਸ ਤੋਂ ਬਾਅਦ ਉਹ ਉੱਚੀ-ਉੱਚੀ ਰੋਇਆ ਕਿ ਉਸ ਦੀ ਆਵਾਜ਼ ਫ਼ਿਰਊਨ ਦੇ ਮਹਿਲ ਤਕ ਸੁਣਾਈ ਦਿੱਤੀ। ਫਿਰ ਉਸ ਨੇ ਆਪਣੇ ਭਰਾਵਾਂ ਨੂੰ ਆਪਣੀ ਪਛਾਣ ਕਰਾਈ ਕਿ “ਮੈਂ ਤੁਹਾਡਾ ਭਰਾ ਯੂਸੁਫ਼ ਹਾਂ।” ਇਹ ਸੁਣ ਕੇ ਉਹ ਸਾਰੇ ਜਣੇ ਹੱਕੇ-ਬੱਕੇ ਰਹਿ ਗਏ। ਉਸ ਨੇ ਉਨ੍ਹਾਂ ਨੂੰ ਗਲ਼ ਲਾਇਆ ਅਤੇ ਜੋ ਕੁਝ ਵੀ ਉਨ੍ਹਾਂ ਨੇ ਯੂਸੁਫ਼ ਨਾਲ ਕੀਤਾ ਸੀ, ਉਹ ਸਭ ਭੁਲਾ ਕੇ ਉਸ ਨੇ ਆਪਣੇ ਭਰਾਵਾਂ ਨੂੰ ਦਿਲੋਂ ਮਾਫ਼ ਕਰ ਦਿੱਤਾ। (ਉਤਪਤ 45:1-15) ਇਸ ਤਰ੍ਹਾਂ ਕਰਕੇ ਉਸ ਨੇ ਯਹੋਵਾਹ ਵਰਗਾ ਰਵੱਈਆ ਦਿਖਾਇਆ ਜੋ ਖੁੱਲ੍ਹੇ ਦਿਲ ਨਾਲ ਮਾਫ਼ ਕਰਦਾ ਹੈ। (ਜ਼ਬੂਰਾਂ ਦੀ ਪੋਥੀ 86:5) ਕੀ ਅਸੀਂ ਵੀ ਇਸ ਤਰ੍ਹਾਂ ਕਰਦੇ ਹਾਂ?
“ਤੂੰ ਅਜੇ ਜੀਉਂਦਾ ਹੈ”!
ਜਦ ਫ਼ਿਰਊਨ ਨੂੰ ਯੂਸੁਫ਼ ਦੇ ਘਰ ਪੈ ਰਹੇ ਰੌਲੇ ਦੀ ਵਜ੍ਹਾ ਪਤਾ ਲੱਗੀ, ਤਾਂ ਉਸ ਨੇ ਯੂਸੁਫ਼ ਨੂੰ ਕਿਹਾ ਕਿ ਉਹ ਆਪਣੇ ਪਿਤਾ ਅਤੇ ਸਾਰੇ ਪਰਿਵਾਰ ਨੂੰ ਮਿਸਰ ਬੁਲਾ ਲਵੇ। ਫਿਰ ਇਸ ਤੋਂ ਥੋੜ੍ਹੀ ਦੇਰ ਬਾਅਦ ਯੂਸੁਫ਼ ਆਪਣੇ ਪਿਆਰੇ ਪਿਤਾ ਨੂੰ ਮਿਲਿਆ। ਯਾਕੂਬ ਰੋਇਆ ਅਤੇ ਉਸ ਨੇ ਕਿਹਾ: “ਹੁਣ ਮੈਨੂੰ ਮਰਨ ਦੇਹ ਕਿਉਂਜੋ ਮੈਂ ਤੇਰਾ ਮੂੰਹ ਵੇਖ ਲਿਆ ਹੈ ਕਿ ਤੂੰ ਅਜੇ ਜੀਉਂਦਾ ਹੈ।”
ਯਾਕੂਬ 17 ਸਾਲ ਮਿਸਰ ਵਿਚ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ 12 ਪੁੱਤਰਾਂ ਬਾਰੇ ਭਵਿੱਖਬਾਣੀ ਕੀਤੀ ਕਿ ਉਨ੍ਹਾਂ ਨੂੰ ਕਿਹੜੀਆਂ ਅਸੀਸਾਂ ਮਿਲਣਗੀਆਂ। ਯਾਕੂਬ ਨੇ ਆਪਣੇ 11ਵੇਂ ਮੁੰਡੇ ਯੂਸੁਫ਼ ਨੂੰ ਦੁਗਣਾ ਹਿੱਸਾ ਦਿੱਤਾ ਜੋ ਪਰਿਵਾਰ ਦੇ ਜੇਠੇ ਮੁੰਡੇ ਨੂੰ ਮਿਲਦਾ ਹੁੰਦਾ ਸੀ। ਇਜ਼ਰਾਈਲ ਦੇ ਦੋ ਗੋਤ ਉਸ ਤੋਂ ਨਿਕਲਣੇ ਸਨ। ਚੌਥੇ ਮੁੰਡੇ ਯਹੂਦਾ ਬਾਰੇ ਕੀ ਜਿਸ ਨੇ ਆਪਣੇ ਬਾਕੀ ਭਰਾਵਾਂ ਨਾਲੋਂ ਕਿਤੇ ਜ਼ਿਆਦਾ ਪਛਤਾਵਾ ਕੀਤਾ ਸੀ? ਉਸ ਨੂੰ ਵੱਡੀ ਬਰਕਤ ਮਿਲੀ: ਮਸੀਹ ਨੇ ਉਸ ਦੇ ਗੋਤ ਵਿੱਚੋਂ ਆਉਣਾ ਸੀ!
ਜਦੋਂ ਯਾਕੂਬ 147 ਸਾਲਾਂ ਦਾ ਹੋ ਕੇ ਮਰ ਗਿਆ, ਤਾਂ ਯੂਸੁਫ਼ ਦੇ ਭਰਾ ਡਰ ਗਏ ਕਿ ਉਹ ਸ਼ਾਇਦ ਆਪਣੇ ਰੁਤਬੇ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਤੋਂ ਬਦਲਾ ਲਵੇ। ਪਰ ਯੂਸੁਫ਼ ਨੇ ਬੜੇ ਪਿਆਰ ਨਾਲ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਸੀ। ਉਹ ਕਾਫ਼ੀ ਪਹਿਲਾਂ ਤੋਂ ਹੀ ਸੋਚ ਰਿਹਾ ਸੀ ਕਿ ਯਹੋਵਾਹ ਹੀ ਉਨ੍ਹਾਂ ਨੂੰ ਮਿਸਰ ਲੈ ਕੇ ਆਇਆ ਸੀ। ਨਾਲੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਜੋ ਹੋ ਚੁੱਕਾ ਸੀ, ਉਸ ਬਾਰੇ ਉਹ ਆਪਣੇ ਆਪ ਨੂੰ ਦੋਸ਼ੀ ਨਾ ਸਮਝਣ। ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ?” (ਉਤਪਤ 15:13; 45:7, 8; 50:15-21) ਯੂਸੁਫ਼ ਯਹੋਵਾਹ ਨੂੰ ਹੀ ਮਹਾਨ ਨਿਆਂਕਾਰ ਸਮਝਦਾ ਸੀ। ਤਾਂ ਫਿਰ, ਯੂਸੁਫ਼ ਕੌਣ ਸੀ ਜੋ ਉਨ੍ਹਾਂ ਨੂੰ ਸਜ਼ਾ ਦਿੰਦਾ ਜਿਨ੍ਹਾਂ ਨੂੰ ਯਹੋਵਾਹ ਮਾਫ਼ ਕਰ ਚੁੱਕਾ ਸੀ?
ਕੀ ਤੁਹਾਨੂੰ ਕਦੇ ਕਿਸੇ ਨੂੰ ਮਾਫ਼ ਕਰਨਾ ਔਖਾ ਲੱਗਦਾ ਹੈ? ਇਹ ਖ਼ਾਸ ਕਰਕੇ ਉਦੋਂ ਔਖਾ ਹੋ ਸਕਦਾ ਹੈ ਜਦ ਕਿਸੇ ਨੇ ਜਾਣ-ਬੁੱਝ ਕੇ ਸਾਨੂੰ ਨੁਕਸਾਨ ਪਹੁੰਚਾਇਆ ਹੋਵੇ। ਪਰ ਜੇ ਅਸੀਂ ਸੱਚੇ ਦਿਲੋਂ ਪਛਤਾਵਾ ਕਰਨ ਵਾਲਿਆਂ ਨੂੰ ਖੁੱਲ੍ਹੇ ਦਿਲ ਨਾਲ ਮਾਫ਼ ਕਰਾਂਗੇ, ਤਾਂ ਅਸੀਂ ਆਪਣੇ ਤੇ ਦੂਸਰਿਆਂ ਦੇ ਜ਼ਖ਼ਮਾਂ ਨੂੰ ਭਰ ਸਕਾਂਗੇ। ਇੱਦਾਂ ਕਰ ਕੇ ਅਸੀਂ ਯੂਸੁਫ਼ ਦੀ ਨਿਹਚਾ ਅਤੇ ਉਸ ਦੇ ਅੱਤ ਦਿਆਲੂ ਪਿਤਾ ਯਹੋਵਾਹ ਦੀ ਰੀਸ ਕਰਾਂਗੇ। ▪ (w15-E 05/01)
^ ਪੈਰਾ 4 ਪਹਿਰਾਬੁਰਜ, ਸਤੰਬਰ-ਅਕਤੂਬਰ 2014 ਵਿਚ “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਨਾਂ ਦਾ ਲੇਖ ਦੇਖੋ।