Skip to content

Skip to table of contents

ਖ਼ਬਰਦਾਰ ਰਹੋ!

ਹੁਣ ਲੋਕ ਤਮੀਜ਼ ਨਾਲ ਪੇਸ਼ ਕਿਉਂ ਨਹੀਂ ਆਉਂਦੇ?​—ਬਾਈਬਲ ਕੀ ਕਹਿੰਦੀ ਹੈ?

ਹੁਣ ਲੋਕ ਤਮੀਜ਼ ਨਾਲ ਪੇਸ਼ ਕਿਉਂ ਨਹੀਂ ਆਉਂਦੇ?​—ਬਾਈਬਲ ਕੀ ਕਹਿੰਦੀ ਹੈ?

 ਬਹੁਤ ਹੀ ਘੱਟ ਲੋਕ ਤਮੀਜ਼ ਨਾਲ ਪੇਸ਼ ਆਉਂਦੇ ਹਨ। ਰੁੱਖੇ ਸੁਭਾਅ ਦੇ ਮਰੀਜ਼ ਡਾਕਟਰਾਂ ʼਤੇ ਚਿਲਾਉਂਦੇ ਹਨ, ਰੈਸਟੋਰੈਂਟ ਵਿਚ ਖਾਣਾ ਖਾਣ ਆਉਂਦੇ ਲੋਕ ਵੇਟਰਾਂ ਦੀ ਬੇਇੱਜ਼ਤੀ ਕਰਦੇ ਹਨ, ਹਵਾਈ ਜਹਾਜ਼ ਵਿਚ ਸਫ਼ਰ ਕਰਨ ਵਾਲੇ ਲੋਕ ਜਹਾਜ਼ ਦੇ ਸਟਾਫ਼ ਦਾ ਕਹਿਣਾ ਨਹੀਂ ਮੰਨਦੇ ਅਤੇ ਉਨ੍ਹਾਂ ʼਤੇ ਹਮਲੇ ਕਰਦੇ ਹਨ, ਬੱਚੇ ਸਕੂਲਾਂ ਵਿਚ ਅਧਿਆਪਕਾਂ ਦਾ ਮਖੌਲ ਉਡਾਉਂਦੇ ਹਨ, ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ ਅਤੇ ਉਨ੍ਹਾਂ ʼਤੇ ਹਮਲੇ ਕਰਦੇ ਹਨ। ਨਾਲੇ ਕੁਝ ਨੇਤਾ ਘੁਟਾਲੇ ਕਰਦੇ ਹਨ ਅਤੇ ਕੁਝ ਹੋਰ ਨੇਤਾ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕਿੰਨੇ ਸ਼ਰੀਫ਼ ਹਨ।

 ਬਾਈਬਲ ਤਮੀਜ਼ ਨਾਲ ਪੇਸ਼ ਆਉਣ ਬਾਰੇ ਭਰੋਸੇਯੋਗ ਸਲਾਹਾਂ ਦਿੰਦੀ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅੱਜ ਜ਼ਿਆਦਾਤਰ ਲੋਕ ਤਮੀਜ਼ ਨਾਲ ਪੇਸ਼ ਕਿਉਂ ਨਹੀਂ ਆਉਂਦੇ।

ਹੁਣ ਲੋਕ ਤਮੀਜ਼ ਨਾਲ ਪੇਸ਼ ਕਿਉਂ ਨਹੀਂ ਆਉਂਦੇ?

 ਤਮੀਜ਼ ਨਾਲ ਪੇਸ਼ ਆਉਣ ਦਾ ਮਤਲਬ ਹੈ ਚੰਗੀ ਤਰ੍ਹਾਂ ਪੇਸ਼ ਆਉਣਾ, ਉੱਚੇ-ਸੁੱਚੇ ਮਿਆਰਾਂ ʼਤੇ ਚੱਲਣਾ ਅਤੇ ਉਹ ਕਰਨਾ ਜੋ ਸਹੀ ਹੈ। ਪਰ ਦੇਖਿਆ ਗਿਆ ਹੈ ਕਿ ਦੁਨੀਆਂ ਭਰ ਵਿਚ ਬਹੁਤ ਹੀ ਘੱਟ ਲੋਕ ਇੱਦਾਂ ਪੇਸ਼ ਆਉਂਦੇ ਹਨ।

  •   ਅਮਰੀਕਾ ਵਿਚ ਹਾਲ ਹੀ ਵਿਚ ਕੀਤੇ ਗਏ ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਉੱਥੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਲੋਕਾਂ ਦੇ ਨੈਤਿਕ ਮਿਆਰਾਂ ਵਿਚ ਪਿਛਲੇ 22 ਸਾਲਾਂ ਦੌਰਾਨ ਬਹੁਤ ਜ਼ਿਆਦਾ ਗਿਰਾਵਟ ਆਈ ਹੈ।

  •   28 ਦੇਸ਼ਾਂ ਵਿਚ 32,000 ਤੋਂ ਜ਼ਿਆਦਾ ਲੋਕਾਂ ਦੇ ਇਕ ਹੋਰ ਸਰਵੇਖਣ ਮੁਤਾਬਕ 65 ਪ੍ਰਤੀਸ਼ਤ ਲੋਕਾਂ ਨੇ ਕਿਹਾ ਹੈ ਕਿ ਅੱਜ ਬਹੁਤ ਹੀ ਘੱਟ ਲੋਕ ਤਮੀਜ਼ ਨਾਲ ਪੇਸ਼ ਆਉਂਦੇ ਹਨ।

 ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਅੱਜ ਲੋਕਾਂ ਦਾ ਸੁਭਾਅ ਇੱਦਾਂ ਦਾ ਕਿਉਂ ਹੈ।

  •   ‘ਇਹ ਜਾਣ ਲੈ ਕਿ ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਣਗੇ। ਕਿਉਂਕਿ ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ, ਨਾਸ਼ੁਕਰੇ, ਨਿਰਮੋਹੀ ਅਤੇ ਵਹਿਸ਼ੀ ਹੋਣਗੇ।’​—2 ਤਿਮੋਥਿਉਸ 3:1-3.

 ਇਹ ਭਵਿੱਖਬਾਣੀ ਕਿੱਦਾਂ ਪੂਰੀ ਹੋ ਰਹੀ ਹੈ, ਇਸ ਬਾਰੇ ਹੋਰ ਜਾਣਨ ਲਈ “ਕੀ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਅੱਜ ਲੋਕਾਂ ਦੀ ਸੋਚ ਤੇ ਕੰਮ ਕਿਹੋ ਜਿਹੇ ਹੋਣਗੇ?” (ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹੋ।

ਤਮੀਜ਼ ਨਾਲ ਪੇਸ਼ ਆਉਣ ਬਾਰੇ ਭਰੋਸੇਯੋਗ ਸਲਾਹਾਂ

 ਭਾਵੇਂ ਦੁਨੀਆਂ ਵਿਚ ਬਹੁਤ ਹੀ ਘੱਟ ਲੋਕ ਤਮੀਜ਼ ਨਾਲ ਪੇਸ਼ ਆਉਂਦੇ ਹਨ, ਪਰ ਲੱਖਾਂ ਹੀ ਲੋਕਾਂ ਨੇ ਦੇਖਿਆ ਹੈ ਕਿ ਬਾਈਬਲ ਵਿਚ ਦੂਜਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਬਾਰੇ ਬਹੁਤ ਹੀ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ। ਇਹ ਸਲਾਹਾਂ ‘ਭਰੋਸੇ ਦੇ ਲਾਇਕ ਹਨ ਅਤੇ ਹਮੇਸ਼ਾ ਰਹਿਣਗੀਆਂ।’ (ਜ਼ਬੂਰ 111:8) ਜ਼ਰਾ ਇਸ ਦੀਆਂ ਕੁਝ ਮਿਸਾਲਾਂ ʼਤੇ ਗੌਰ ਕਰੋ:

  •   ਬਾਈਬਲ ਕਹਿੰਦੀ ਹੈ: “ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”​—ਮੱਤੀ 7:12.

     ਮਤਲਬ: ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਡੇ ਨਾਲ ਪਿਆਰ ਅਤੇ ਇੱਜ਼ਤ ਨਾਲ ਪੇਸ਼ ਆਉਣ, ਇਸ ਲਈ ਸਾਨੂੰ ਵੀ ਦੂਜਿਆਂ ਨਾਲ ਇੱਦਾਂ ਹੀ ਪੇਸ਼ ਆਉਣਾ ਚਾਹੀਦਾ ਹੈ।

  •   ਬਾਈਬਲ ਕਹਿੰਦੀ ਹੈ: “ਹੁਣ ਜਦ ਤੁਸੀਂ ਛਲ-ਕਪਟ ਕਰਨਾ ਛੱਡ ਦਿੱਤਾ ਹੈ, ਤਾਂ ਤੁਸੀਂ ਸਾਰੇ ਇਕ-ਦੂਜੇ ਨਾਲ ਸੱਚ ਬੋਲੋ।”​—ਅਫ਼ਸੀਆਂ 4:25.

     ਮਤਲਬ: ਸਾਡੀ ਕਹਿਣੀ ਤੇ ਕਰਨੀ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਈਮਾਨਦਾਰ ਹਾਂ।

 ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ ਕਿਰਪਾ ਕਰਕੇ ਇਹ ਪੜ੍ਹੋ: