Skip to content

Skip to table of contents

ਵੱਡੇ-ਵੱਡੇ ਭੁਚਾਲ਼ਾਂ ਬਾਰੇ ਬਾਈਬਲ ਵਿਚ ਕੀ ਭਵਿੱਖਬਾਣੀ ਕੀਤੀ ਗਈ ਸੀ?

ਵੱਡੇ-ਵੱਡੇ ਭੁਚਾਲ਼ਾਂ ਬਾਰੇ ਬਾਈਬਲ ਵਿਚ ਕੀ ਭਵਿੱਖਬਾਣੀ ਕੀਤੀ ਗਈ ਸੀ?

 ਹਰ ਸਾਲ ਬਹੁਤ ਸਾਰੇ ਭੁਚਾਲ਼ ਆਉਂਦੇ ਹਨ। ਜ਼ਿਆਦਾਤਰ ਭੁਚਾਲ਼ ਛੋਟੇ ਹੁੰਦੇ ਹਨ, ਪਰ ਵੱਡੇ-ਵੱਡੇ ਭੁਚਾਲ਼ਾਂ ਨਾਲ ਬਹੁਤ ਤਬਾਹੀ ਹੋ ਸਕਦੀ ਹੈ ਅਤੇ ਜਾਨਾਂ ਜਾ ਸਕਦੀਆਂ ਹਨ। ਸਮੇਂ ਦੇ ਬੀਤਣ ਨਾਲ, ਇਨ੍ਹਾਂ ਭੁਚਾਲ਼ਾਂ ਕਰਕੇ ਸੁਨਾਮੀ ਲਹਿਰਾਂ ਆਉਂਦੀਆਂ ਹਨ ਜਿਸ ਨਾਲ ਸਮੁੰਦਰ ਦੇ ਨੇੜਲੇ ਇਲਾਕਿਆਂ ਨੂੰ ਬਹੁਤ ਸਾਰਾ ਨੁਕਸਾਨ ਹੁੰਦਾ ਹੈ। ਨਾਲੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਕੀ ਬਾਈਬਲ ਵਿਚ ਇਨ੍ਹਾਂ ਵੱਡੇ-ਵੱਡੇ ਭੁਚਾਲ਼ਾਂ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ?

ਇਸ ਲੇਖ ਵਿਚ ਦੱਸਿਆ ਜਾਵੇਗਾ

 ਕੀ ਬਾਈਬਲ ਵਿਚ ਭੁਚਾਲ਼ਾਂ ਬਾਰੇ ਭਵਿੱਖਬਾਣੀ ਕੀਤੀ ਗਈ ਸੀ?

 ਯਿਸੂ ਦੁਆਰਾ ਭੁਚਾਲ਼ਾਂ ਸੰਬੰਧੀ ਕੀਤੀ ਭਵਿੱਖਬਾਣੀ ਬਾਈਬਲ ਵਿਚ ਦਰਜ ਹੈ। ਅਸੀਂ ਬਾਈਬਲ ਦੀਆਂ ਤਿੰਨ ਕਿਤਾਬਾਂ ਵਿਚ ਉਸ ਦੇ ਸ਼ਬਦ ਪੜ੍ਹ ਸਕਦੇ ਹਾਂ:

 “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਕਾਲ਼ ਪੈਣਗੇ ਤੇ ਭੁਚਾਲ਼ ਆਉਣਗੇ।”​—ਮੱਤੀ 24:7.

 “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ, ਥਾਂ-ਥਾਂ ਭੁਚਾਲ਼ ਆਉਣਗੇ ਤੇ ਕਾਲ਼ ਪੈਣਗੇ।”​—ਮਰਕੁਸ 13:8.

 “ਵੱਡੇ-ਵੱਡੇ ਭੁਚਾਲ਼ ਆਉਣਗੇ, ਥਾਂ-ਥਾਂ ਕਾਲ਼ ਪੈਣਗੇ ਤੇ ਮਹਾਂਮਾਰੀਆਂ ਫੈਲਣਗੀਆਂ।”​—ਲੂਕਾ 21:11.

 ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ “ਥਾਂ-ਥਾਂ ਭੁਚਾਲ਼ ਆਉਣਗੇ।” ਪਰ ਉਸ ਨੇ ਇਹ ਵੀ ਕਿਹਾ ਸੀ ਕਿ ਉਸੇ ਸਮੇਂ ਦੌਰਾਨ ਹੀ ਲੜਾਈਆਂ ਹੋਣਗੀਆਂ, ਕਾਲ਼ ਪੈਣਗੇ ਅਤੇ ਮਹਾਂਮਾਰੀਆਂ ਫੈਲਣਗੀਆਂ। ਅੱਜ ਇਹ ਸਾਰਾ ਕੁਝ ਇਕੱਠਾ ਹੋ ਰਿਹਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਅਸੀਂ “ਯੁਗ ਦੇ ਆਖ਼ਰੀ ਸਮੇਂ” ਜਾਂ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ। (ਮੱਤੀ 24:3; 2 ਤਿਮੋਥਿਉਸ 3:1) ਬਾਈਬਲ ਦੀਆਂ ਘਟਨਾਵਾਂ ਤੇ ਤਾਰੀਖ਼ਾਂ ਅਨੁਸਾਰ “ਆਖ਼ਰੀ ਦਿਨ” 1914 ਵਿਚ ਸ਼ੁਰੂ ਹੋਏ ਸਨ ਤੇ ਅਜੇ ਇਹ ਖ਼ਤਮ ਨਹੀਂ ਹੋਏ ਹਨ।

 ਕੀ ਅੱਜ ਦੇ ਜ਼ਮਾਨੇ ਵਿਚ ਆਉਂਦੇ ਭੁਚਾਲ਼ਾਂ ਨਾਲ ਬਾਈਬਲ ਦੀ ਭਵਿੱਖਬਾਣੀ ਪੂਰੀ ਹੁੰਦੀ ਹੈ?

 ਹਾਂਜੀ। ਯਿਸੂ ਦੁਆਰਾ ਭੁਚਾਲ਼ਾਂ ਅਤੇ ਹੋਰ ਘਟਨਾਵਾਂ ਬਾਰੇ ਕੀਤੀ ਭਵਿੱਖਬਾਣੀ ਅੱਜ ਅਸੀਂ ਆਪਣੀ ਅੱਖੀਂ ਪੂਰੀ ਹੁੰਦੀ ਦੇਖ ਰਹੇ ਹਾਂ। ਸਾਲ 1914 ਤੋਂ ਲੈ ਕੇ ਹੁਣ ਤਕ ਇਕ ਹਜ਼ਾਰ ਨੌਂ ਸੌ ਪੰਜਾਹ ਤੋਂ ਜ਼ਿਆਦਾ ਵੱਡੇ ਭੁਚਾਲ਼ ਆਏ ਹਨ ਜਿਨ੍ਹਾਂ ਕਰਕੇ 20 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। a ਇਸ ਸਦੀ ਦੀਆਂ ਕੁਝ ਮਿਸਾਲਾਂ ʼਤੇ ਗੌਰ ਕਰੋ।

 2004​—ਹਿੰਦ ਮਹਾਂਸਾਗਰ। ਭੁਚਾਲ਼ ਦੀ ਤੀਬਰਤਾ 9.1 ਸੀ ਜਿਸ ਕਰਕੇ ਸੁਨਾਮੀ ਆ ਗਈ। ਇਹ ਸੁਨਾਮੀ ਕਾਫ਼ੀ ਦੇਸ਼ਾਂ ਵਿਚ ਆਈ ਜਿਸ ਕਰਕੇ 2,25,000 ਲੋਕ ਮਾਰੇ ਗਏ।

 2008​—ਚੀਨ। ਭੁਚਾਲ਼ ਦੀ ਤੀਬਰਤਾ 7.9 ਸੀ ਜਿਸ ਨੇ ਪਿੰਡਾਂ ਦੇ ਪਿੰਡ ਅਤੇ ਕਸਬੇ ਤਹਿਸ-ਨਹਿਸ ਕਰ ਦਿੱਤੇ। ਅੰਦਾਜ਼ਾ ਲਗਾਇਆ ਗਿਆ ਹੈ ਕਿ 90,000 ਲੋਕਾਂ ਦੀ ਜਾਨ ਚਲੀ ਗਈ ਅਤੇ ਤਕਰੀਬਨ 3,75,000 ਲੋਕ ਜ਼ਖ਼ਮੀ ਹੋਏ ਅਤੇ ਲੱਖਾਂ ਹੀ ਲੋਕ ਬੇਘਰ ਹੋ ਗਏ।

 2010​—ਹੈਤੀ। ਭੁਚਾਲ਼ ਦੀ ਤੀਬਰਤਾ 7.0 ਸੀ। ਇਸ ਤੋਂ ਬਾਅਦ ਕਈ ਛੋਟੇ-ਛੋਟੇ ਭੁਚਾਲ਼ ਆਏ। ਇਸ ਨਾਲ 3,00,000 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਲੱਖਾਂ ਹੀ ਲੋਕ ਬੇਘਰ ਹੋ ਗਏ।

 2011​—ਜਪਾਨ। ਭੁਚਾਲ਼ ਦੀ ਤੀਬਰਤਾ 9.0 ਸੀ। ਇਸ ਕਰਕੇ ਸੁਨਾਮੀ ਆਈ ਜਿਸ ਨਾਲ 18,500 ਲੋਕਾਂ ਦੀ ਜਾਨ ਚਲੀ ਗਈ ਅਤੇ ਲੱਖਾਂ ਹੀ ਲੋਕਾਂ ਨੂੰ ਹੋਰ ਥਾਵਾਂ ʼਤੇ ਜਾਣਾ ਪਿਆ। ਫੁਕੁਸ਼ੀਮਾ ਨਾਂ ਦਾ ਪਾਵਰ ਪਲਾਂਟ ਨੁਕਸਾਨਿਆ ਗਿਆ ਜਿਸ ਨਾਲ ਵੱਡਾ ਪਰਮਾਣੂ ਹਾਦਸਾ ਹੋਇਆ। ਦਸ ਸਾਲਾਂ ਬਾਅਦ ਵੀ ਪਾਵਰ ਪਲਾਂਟ ਦੇ ਨੇੜੇ ਰਹਿਣ ਵਾਲੇ ਲਗਭਗ 40,000 ਲੋਕ ਆਪਣੇ ਘਰ ਵਾਪਸ ਨਹੀਂ ਆ ਸਕੇ ਕਿਉਂਕਿ ਉੱਥੇ ਅਜੇ ਵੀ ਰੇਡੀਏਸ਼ਨ ਦਾ ਖ਼ਤਰਾ ਸੀ।

 ਬਾਈਬਲ ਵਿਚ ਭੁਚਾਲ਼ਾਂ ਬਾਰੇ ਕੀਤੀ ਭਵਿੱਖਬਾਣੀ ਸਾਡੇ ਲਈ ਕੀ ਮਾਅਨੇ ਰੱਖਦੀ ਹੈ?

 ਬਾਈਬਲ ਵਿਚ ਭੁਚਾਲ਼ਾਂ ਬਾਰੇ ਕੀਤੀ ਭਵਿੱਖਬਾਣੀ ਸਾਨੂੰ ਆਉਣ ਵਾਲੇ ਸਮੇਂ ਲਈ ਖ਼ਬਰਦਾਰ ਕਰਦੀ ਹੈ। ਯਿਸੂ ਨੇ ਕਿਹਾ: “ਜਦ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ, ਤਾਂ ਸਮਝ ਜਾਣਾ ਕਿ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।”​—ਲੂਕਾ 21:31.

 ਬਾਈਬਲ ਦੱਸਦੀ ਹੈ ਕਿ ਰੱਬ ਦਾ ਰਾਜ ਇਕ ਅਸਲੀ ਸਰਕਾਰ ਹੈ ਜੋ ਸਵਰਗ ਤੋਂ ਰਾਜ ਕਰੇਗੀ ਤੇ ਜਿਸ ਦਾ ਰਾਜਾ ਯਿਸੂ ਮਸੀਹ ਹੈ। ਇਸੇ ਰਾਜ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ।​—ਮੱਤੀ 6:10.

 ਜਦੋਂ ਰੱਬ ਦਾ ਰਾਜ ਧਰਤੀ ʼਤੇ ਹਕੂਮਤ ਕਰੇਗਾ, ਤਾਂ ਰੱਬ ਭੁਚਾਲ਼ ਵਰਗੀਆਂ ਕੁਦਰਤੀ ਆਫ਼ਤਾਂ ਨਾਲ ਲੋਕਾਂ ਨੂੰ ਨੁਕਸਾਨ ਨਹੀਂ ਹੋਣ ਦੇਵੇਗਾ। (ਯਸਾਯਾਹ 32:18) ਨਾਲੇ ਉਹ ਉਨ੍ਹਾਂ ਜ਼ਖ਼ਮਾਂ ਨੂੰ ਭਰੇਗਾ ਜੋ ਅੱਜ ਭੁਚਾਲ਼ਾਂ ਕਰਕੇ ਲੋਕਾਂ ਦੇ ਸਰੀਰਾਂ ਤੇ ਮਨਾਂ ʼਤੇ ਲੱਗੇ ਹਨ। (ਯਸਾਯਾਹ 65:17; ਪ੍ਰਕਾਸ਼ ਦੀ ਕਿਤਾਬ 21:3, 4) ਹੋਰ ਜਾਣਕਾਰੀ ਲੈਣ ਲਈ “ਪਰਮੇਸ਼ੁਰ ਦਾ ਰਾਜ ਕੀ ਕੁਝ ਕਰੇਗਾ?” ਨਾਂ ਦਾ ਲੇਖ ਦੇਖੋ।

a ਭੁਚਾਲ਼ਾਂ ਬਾਰੇ ਇਹ ਅੰਕੜੇ ਯੂਨਾਇਟਿਡ ਸਟੇਟਸ ਜਿਓਫਿਜ਼ੀਕਲ ਡਾਟਾ ਸੈਂਟਰ ਤੋਂ ਲਏ ਗਏ ਹਨ।